
ਨਵੀਂ ਦਿੱਲੀ, 6 ਜਨਵਰੀ – ਜੇ ਤੁਸੀਂ ਠੰਡੀ ਹਵਾ ’ਚ ਆਪਣਾ ਸਿਰ ਤੇ ਕੰਨ ਢਕੇ ਬਗ਼ੈਰ ਬਾਹਰ ਨਿਕਲ ਜਾਂਦੇ ਹੋ, ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ। ਕੋਲਡ ਸਟ੍ਰੋਕ ਕਾਰਨ ਦਿਮਾਗ਼ ਦੀਆਂ ਖ਼ੂਨ ਦੀਆਂ ਨਾੜੀਆਂ ਪ੍ਰਭਾਵਿਤ ਹੋ ਰਹੀਆਂ ਹਨ। ਹਸਪਤਾਲਾਂ ਵਿਚ ਅਧਰੰਗ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਜਾਂਚ ਦੌਰਾਨ ਨਸਾਂ ਫਟੀਆਂ ਮਿਲ ਰਹੀਆਂ ਹਨ ਤੇ ਖ਼ੂਨ ਦੇ ਥੱਕੇ ਜੰਮੇ ਮਿਲ ਰਹੇ ਹਨ। ਇਹ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੋ ਰਿਹਾ ਹੈ, ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ, ਸ਼ੂਗਰ ਜਾਂ ਥਾਇਰਾਇਡ ਹੈ। ਨਿਊਰੋ ਸਰਜਰੀ ਦੇ ਡਾਕਟਰ ਨੇ ਮੌਜੂਦਾ ਸਰਦੀ ਦੇ ਮੌਸਮ ਨੂੰ ਲੈ ਕੇ ਸੁਚੇਤ ਰਹਿਣ ਲਈ ਕਿਹਾ ਹੈ।
ਚੌਕਸੀ ਲਈ ਜ਼ਰੂਰੀ ਗੱਲਾਂ
– ਸਵੈਟਰ ਅਤੇ ਜੈਕਟਾਂ ਤੋਂ ਇਲਾਵਾ ਊਨੀ ਟੋਪੀ ਜ਼ਰੂਰ ਪਹਿਨੋ।
– ਜੇਕਰ ਬਰਫੀਲੀ ਹਵਾ ਚੱਲ ਰਹੀ ਹੋਵੇ ਤਾਂ ਬੇਲੋੜਾ ਬਾਹਰ ਨਾ ਰਹੋ।
– ਬੀਪੀ ਤੇ ਸ਼ੂਗਰ ਦੇ ਮਰੀਜ਼ ਹੋ ਤਾਂ ਨਿਯਮਿਤ ਤੌਰ ‘ਤੇ ਦਵਾਈਆਂ ਲੈਂਦੇ ਰਹੋ।
– ਜੇ ਤੁਸੀਂ ਸਵੇਰੇ ਸੈਰ ਕਰਨ ਜਾਂਦੇ ਹੋ ਤਾਂ ਸਮੇਂ ‘ਚ ਕੁਝ ਤਬਦੀਲੀ ਕਰੋ।
– ਟੈਂਕੀ ਵਿਚ ਰਾਤ ਵਾਲੇ ਠੰਢੇ ਪਾਣੀ ਨਾਲ ਨਾ ਨਹਾਓ।
– ਜੇ ਤੁਸੀਂ ਸਾਈਕਲ ‘ਤੇ ਕਿਤੇ ਜਾ ਰਹੇ ਹੋ ਤਾਂ ਉਸ ਸਮੇਂ ਆਪਣੇ ਕੰਨ ਢਕ ਕੇ ਰੱਖੋ।
– ਪੌਸ਼ਟਿਕ ਭੋਜਨ ਖਾਓ।
– ਸਰਦੀਆਂ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ, ਦਾਲਾਂ ਦੀਆਂ ਰੋਟੀਆਂ, ਬਾਜਰੇ ਜਾਂ ਮੱਕੀ ਦੇ ਆਟੇ ਤੇ ਸਲਾਦ ਦਾ ਭਰਪੂਰ ਸੇਵਨ ਕਰੋ।
– ਰਾਤ ਦੇ ਖਾਣੇ ਤੋਂ ਬਾਅਦ ਸ਼ਾਕਾਹਾਰੀ ਸੂਪ, ਕੋਸਾ ਦੁੱਧ ਲਾਭਦਾਇਕ ਹੋਵੇਗਾ।
– ਜੇ ਤੁਸੀਂ ਆਰਥਿਕ ਤੌਰ ‘ਤੇ ਸਮਰੱਥ ਹੋ ਤਾਂ ਇਨ੍ਹਾਂ ਦਿਨਾਂ ‘ਚ ਤੁਸੀਂ ਬਦਾਮਾਂ ਦਾ ਨਿਯਮਿਚ ਸੇਵਨ ਕਰ ਸਕਦੇ ਹੋ।