
ਨਵੀਂ ਦਿੱਲੀ, 6 ਜਨਵਰੀ – ਭਾਰਤ ਸਰਕਾਰ ਨੇ ਰਾਸ਼ਟਰੀ ਖੇਡ ਪੁਰਸਕਾਰ ਦਾ ਐਲਾਨ ਕੀਤਾ ਹੈ। 54 ਸਾਲਾਂ ਤੋਂ ਅਰਜੁਨ ਐਵਾਰਡ ਹਾਸਲ ਕਰਨ ਲਈ ਯਤਨਸ਼ੀਲ ਸਾਬਕਾ ਐਥਲੀਟ ਸੁੱਚਾ ਸਿੰਘ ਦੀ ਮਿਹਨਤ ਇਸ ਵਾਰ ਰੰਗ ਲਿਆਈ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ 2025 ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿਚ ਸਾਰੇ ਜੇਤੂਆਂ ਨੂੰ ਇਹ ਪੁਰਸਕਾਰ ਦੇਣਗੇ।
ਜਿਸ ’ਚ 4 ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਦਿਤਾ ਜਾਵੇਗਾ, ਜਦਕਿ 34 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਜਿਸ ’ਚ ਭਾਰਤੀ ਹਾਕੀ ਟੀਮ ਦੇ 5 ਖਿਡਾਰੀਆਂ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਸਾਬਕਾ ਅਥਲੈਟਿਕਸ ਸੁੱਚਾ ਸਿੰਘ ਨੂੰ ਵੀ ਲਾਈਫ ਟਾਈਮ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਸੁੱਚਾ ਸਿੰਘ ਨੇ ਕਿਹਾ ਕਿ ਉਹ ਇਸ ਐਵਾਰਡ ਲਈ 1980 ਤੋਂ ਕੋਸ਼ਿਸ਼ ਕਰ ਰਹੇ ਸਨ ਅਤੇ 54 ਸਾਲਾਂ ਬਾਅਦ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 54 ਸਾਲਾਂ ਬਾਅਦ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਖ਼ੁਸ਼ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ 1980 ਤੋਂ ਇਸ ਪੁਰਸਕਾਰ ਲਈ ਕੋਸ਼ਿਸ਼ ਕਰ ਰਹੇ ਸਨ। ਜਿਸ ਤੋਂ ਬਾਅਦ 2018 ਵਿਚ ਅਰਜੁਨ ਐਵਾਰਡ ਲਈ ਫ਼ਾਰਮ ਦੁਬਾਰਾ ਭਰੇ ਗਏ। ਇਸ ਦੌਰਾਨ ਕਾਫ਼ੀ ਸਮੇਂ ਬਾਅਦ 2025 ’ਚ ਅਰਜੁਨ ਐਵਾਰਡ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 1965 ਵਿਚ ਫ਼ੌਜ ਵਿਚ ਭਰਤੀ ਹੋਇਆ ਸੁੱਚਾ ਸਿੰਘ ਭਾਰਤ ਲਈ ਪਹਿਲੀ ਜੰਗ ਵਿਚ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਸਾਬਕਾ ਅਥਲੀਟ ਨੇ ਚਾਂਦੀ ਤੇ ਸੋਨੇ ਦੇ ਤਮਗ਼ੇ ਵੀ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਸੁੱਚਾ ਸਿੰਘ ਨੇ ਕਿਹਾ ਕਿ ਉਸ ਸਮੇਂ ਖਿਡਾਰੀਆਂ ਨੂੰ ਸਮੇਂ-ਸਮੇਂ ’ਤੇ ਦਿਤੇ ਜਾਣ ਵਾਲੇ ਸਪਲੀਮੈਂਟਾਂ ਦੀ ਵੱਡੀ ਘਾਟ ਸੀ। ਰਾਸ਼ਟਰੀ ਪੱਧਰ ਦੇ ਕੈਂਪਾਂ ਵਿਚ ਭੋਜਨ ਦੀ ਕਮੀ ਸਭ ਤੋਂ ਵੱਧ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਉਸ ਸਮੇਂ ਦੌਰਾਨ ਖਿਡਾਰੀਆਂ ਨੂੰ ਬਹੁਤੀਆਂ ਸਹੂਲਤਾਂ ਨਹੀਂ ਸਨ। ਇਹ ਟਰੈਕ 1982 ਵਿਚ ਸ੍ਰੀ ਨੀਭ ਦੇ ਸਮੇਂ ਵਿਚ ਬਣਾਇਆ ਗਿਆ ਸੀ, ਜਿਸ ਕਾਰਨ ਖਿਡਾਰੀਆਂ ਦੇ ਪ੍ਰਦਰਸ਼ਨ ਵਿਚ ਕਾਫੀ ਅੰਤਰ ਸੀ।
ਸੁੱਚਾ ਸਿੰਘ ਨੇ ਕੋਚ ਭਾਗਵਤ, ਸੰਧੂ ਸਮੇਤ ਆਪਣੇ ਦੋਸਤਾਂ ਦਾ ਧਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਹਰ ਵਾਰ ਹੌਸਲਾ ਦਿਤਾ, ਜਿਸ ਕਾਰਨ ਅੱਜ ਖੇਡ ਮੰਤਰਾਲੇ ਨੇ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ। ਸੁੱਚਾ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਅਰਜੁਨ ਐਵਾਰਡ ਪ੍ਰਾਪਤ ਕਰ ਕੇ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਅਰਜੁਨ ਐਵਾਰਡ ਲਈ 10 ਵਾਰ ਫ਼ਾਰਮ ਭਰੇ, ਪਰ ਰੱਦ ਹੁੰਦੇ ਰਹੇ। 10 ਸਾਲਾਂ ਬਾਅਦ ਅੱਜ ਉਨ੍ਹਾਂ ਦੇ ਪਤੀ ਸੁੱਚਾ ਸਿੰਘ ਦੇ ਨਾਂ ਦਾ ਅਰਜੁਨ ਐਵਾਰਡ ਲਈ ਐਲਾਨ ਕੀਤਾ ਗਿਆ। ਜਦੋਂ ਕਿ ਸੁੱਚਾ ਸਿੰਘ ਦੀ ਖੇਡ ਬਾਰੇ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਖੇਡ ਨਹੀਂ ਦੇਖਦੀ ਸੀ ਕਿਉਂਕਿ ਉਨ੍ਹਾਂ ਦਾ ਵਿਆਹ ਬਹੁਤ ਦੇਰ ਨਾਲ ਹੋਇਆ ਸੀ। ਪਤਨੀ ਨੇ ਕਿਹਾ ਕਿ ਪਤੀ ਨੇ ਭਾਰਤ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰਾਂ ਵਲੋਂ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ।
ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਸੁੱਚਾ ਸਿੰਘ ਦੇ ਨਾਂ ਦਾ ਐਲਾਨ ਨਾ ਕੀਤਾ ਗਿਆ ਹੁੰਦਾ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਅਗਲੀ ਵਾਰ ਐਵਾਰਡ ਲਈ ਅਪਲਾਈ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਸਾਬਕਾ ਦੌੜਾਕ ਸਿੰਘ ਨੇ 2017 ਵਿਚ ਬੈਂਕਾਕ ਵਿਚ ਹੋਈਆਂ ਛੇਵੀਆਂ ਏਸ਼ੀਆਈ ਖੇਡਾਂ ਵਿਚ ਵੀ 400 ਮੀਟਰ ਦੌੜ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। 975 ਵਿਚ, ਉਸ ਨੇ ਦੱਖਣੀ ਕੋਰੀਆ ਵਿਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ 4×400 ਮੀਟਰ ਰਿਲੇਅ ਦੌੜ ਵਿਚ ਸੋਨ ਤਮਗ਼ਾ ਜਿੱਤਿਆ। ਸੁੱਚਾ ਸਿੰਘ ਨੇ ਦਸਿਆ ਕਿ ਉਸ ਨੇ ਇਸ ਐਵਾਰਡ ਲਈ ਸਭ ਤੋਂ ਪਹਿਲਾਂ 1980 ਵਿਚ ਅਪਲਾਈ ਕੀਤਾ ਤੇ 1990 ਤਕ ਇਸ ਲਈ ਅਪਲਾਈ ਕਰਦਾ ਰਿਹਾ, ਫਿਰ ਸਾਰੀ ਉਮੀਦ ਗੁਆ ਕੇ ਇਸ ਨੂੰ ਬੰਦ ਕਰ ਦਿਤਾ।