ਪ੍ਰਦਰਸ਼ਨਕਾਰੀ ਕਿਸਾਨ ਅੱਜ 3 ਵਜੇ ਦੇ ਕਰੀਬ ਉੱਚ ਪੱਧਰੀ ਕਮੇਟੀ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ, 6 ਜਨਵਰੀ – ਪੰਜਾਬ ਤੇ ਹਰਿਆਣਾ ਵਿਚਾਲੇ ਖਨੌਰੀ ਬਾਰਡਰ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇਕ ਵਫ਼ਦ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਉੱਚ ਅਧਿਕਾਰਤ ਪ੍ਰਾਪਤ ਕਮੇਟੀ ਨਾਲ ਮੁਲਾਕਾਤ ਕਰੇਗਾ। ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ 70 ਸਾਲਾ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਹਨ ਜੋ ਪਿਛਲੇ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਚਿੰਤਾਵਾਂ ਕਰ ਕੇ ਪੰਜਾਬ ਸਰਕਾ ਚੌਕਸ ਹੈ ਅਤੇ ਸਿਖ਼ਰਲੀ ਅਦਾਲਤ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜਸਟਿਸ (ਸੇਵਾਮੁਕਤ) ਨਵਾਬ ਸਿੰਘ ਨਾਲ ਮਿਲਣ ਲਈ ਰਾਜ਼ੀ ਕਰਨ ’ਚ ਸਫ਼ਲ ਰਹੇ ਹਨ ਜੋ ਕਮੇਟੀ ਦੇ ਪ੍ਰਧਾਨ ਹਨ। ਸਿੱਬਲ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਮਨਾਉਣ ਵਿੱਚ ਸਫ਼ਲ ਹੋ ਗਏ ਹਾਂ। ਕ੍ਰਿਪਾ ਮਾਮਲੇ ਨੂੰ ਕਿਸੇ ਹੋਰ ਦਿਨ ਲਈ ਮੁਲਤਵੀ ਕੀਤਾ ਜਾਵੇ। ਸਾਨੂੰ ਕੁਝ ਸਫਲਤਾ ਦੀ ਆਸ ਹੈ। ਇਸ ’ਤੇ ਬੈਂਚ ਨੇ ਕਿਹਾ, ‘‘ਆਸ ਹੈ ਕਿ ਸਾਰਿਆਂ ਨੂੰ ਸਦਬੁੱਧੀ ਆਵੇਗੀ।’’ ਸਿਖਰਲੀ ਅਦਾਲਤ ਨੇ ਸਿੱਬਲ ਨੂੰ ਵਿਚਾਰ-ਚਰਚਾ ਨੂੰ ਲੈ ਕੇ ਸੰਖੇਪ ਨੋਟ ਤਿਆਰ ਕਰਨ ਨੂੰ ਕਿਹਾ ਅਤੇ ਸੁਣਵਾਈ 10 ਜਨਵਰੀ ਲਈ ਮੁਲਤਵੀ ਕਰ ਦਿੱਤੀ।

ਸਾਂਝਾ ਕਰੋ

ਪੜ੍ਹੋ