ਨਵੀਂ ਦਿੱਲੀ, 6 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਇੱਥੇ ਭਾਰਤ ਮੰਡਪਮ ’ਚ ਗ੍ਰਾਮੀਣ ਭਾਰਤ ਮਹੋਤਸਵ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਪਿਛਲੇ ਦਸ ਸਾਲਾਂ ’ਚ ਕਈ ਫਸਲਾਂ ਲਈ ਐੱਮ ਐੱਸ ਪੀ ’ਚ ਲਗਾਤਾਰ ਵਾਧਾ ਕੀਤਾ ਹੈ। ਪ੍ਰਧਾਨ ਮੰਤਰੀ ਸਨਮਾਨ ਨਿਧੀ ਰਾਹੀਂ ਕਿਸਾਨਾਂ ਨੂੰ ਲਗਭਗ ਤਿੰਨ ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪਿਛਲੇ 10 ਸਾਲਾਂ ’ਚ ਖੇਤੀ ਕਰਜ਼ਿਆਂ ਦੀ ਰਾਸ਼ੀ ਵਿੱਚ 3.5 ਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਦੇਸ਼ ’ਚ 9,000 ਤੋਂ ਵੱਧ ਕਿਸਾਨ ਉਤਪਾਦਕ ਸੰਸਥਾਵਾਂ (ਐੱਫ ਪੀ ਓਜ਼) ਵੀ ਵਿੱਤੀ ਸਹਾਇਤਾ ਪ੍ਰਾਪਤ ਕਰ ਰਹੀਆਂ ਹਨ। ਹੁਣ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਵੀ ਕਿਸਾਨ ਕਰੈਡਿਟ ਕਾਰਡ ਦਿੱਤੇ ਜਾ ਰਹੇ ਹਨ।
