
ਅਮਰੀਕਾ, 6 ਜਨਵਰੀ – ਅਮਰੀਕਾ ’ਚ ਐਤਵਾਰ ਨੂੰ ਖ਼ਤਰਨਾਂਕ ਬਰਫ਼ੀਲੇ ਤੁਫ਼ਾਨ ਕਾਰਨ ਕਈ ਰਾਜਾਂ ’ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅਮਰੀਕਾ ’ਚ ਪਿਛਲੇ 10 ਸਾਲਾਂ ਦਾ ਸਭ ਤੋਂ ਖ਼ਤਰਨਾਕ ਬਰਫ਼ੀਲਾ ਤੁਫ਼ਾਲ ਹੋ ਸਕਦਾ ਹੈ। ਹਲਾਤਾਂ ਨੂੰ ਦੇਖਦੇ ਹੋਏ ਅਮਰੀਕਾ ਦੇ 7 ਰਾਜਾਂ ਕੇਂਟਕੀ, ਵਰਜੀਨੀਆ, ਵੈਸਟ ਵਰਜੀਲੀਆਂ, ਕੰਸਾਸ, ਅਰਕਾਂਸਸ ਅਤੇ ਮਿਸੌਰੀ ’ਚ ਐਮਰਜੈਂਸੀ ਲਗਾ ਦਿਤੀ ਗਈ ਹੈ।
ਜਾਣਕਾਰੀ ਮੁਤਾਬਕ ਅਮਰੀਕੀ ਮੌਸਮ ਵਿਭਾਗ (ਐਨਡਬਲਯੂਐਸ) ਦਾ ਕਹਿਣਾ ਹੈ ਕਿ ਇਸ ਤੁਫ਼ਾਨ ਨਾਲ ਅਮਰੀਕਾ ਦੇ 6 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਪ੍ਰਭਾਵਤ ਹੋਵੇਗਾ। ਬਰਫ਼, ਹਵਾ ਅਤੇ ਡਿੱਗਦੇ ਤਾਪਮਾਨ ਨੇ ਐਤਵਾਰ ਨੂੰ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਯਾਤਰਾ ਦੀਆਂ ਸਥਿਤੀਆਂ ਨੂੰ ਖ਼ਤਰਨਾਕ ਬਣਾ ਦਿਤਾ, ਕਿਉਂਕਿ ਸਰਦੀਆਂ ਦੇ ਤੂਫ਼ਾਨ ਕਾਰਨ ਕੁਝ ਖੇਤਰਾਂ ਵਿਚ ਦਹਾਕੇ ਦੀ ਸਭ ਤੋਂ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਕੰਸਾਸ ਅਤੇ ਇੰਡੀਆਨਾ ਦੇ ਕੁਝ ਹਿੱਸਿਆਂ ਵਿਚ ਬਰਫ਼ ਨੇ ਮੁੱਖ ਸੜਕਾਂ ਨੂੰ ਢੱਕ ਲਿਆ ਹੈ ਅਤੇ ਰਾਜ ਨੈਸ਼ਨਲ ਗਾਰਡ ਨੂੰ ਵਾਹਨ ਚਾਲਕਾਂ ਦੀ ਸਹਾਇਤਾ ਲਈ ਸਰਗਰਮ ਕੀਤਾ ਗਿਆ।
ਐਨਡਬਲਯੂਐਸ ਨੇ ਸੋਮਵਾਰ ਨੂੰ ਕੰਸਾਸ ਅਤੇ ਮਿਸੂਰੀ ਤੋਂ ਨਿਊ ਜਰਸੀ ਤਕ ਸਰਦੀਆਂ ਦੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ। ਮੌਸਮ ਸੇਵਾ ਨੇ ਕਿਹਾ ਕਿ ਖੇਤਰ ਦੀਆਂ ਉਨ੍ਹਾਂ ਥਾਵਾਂ ’ਚ ਜਿਥੇ ਸਭ ਤੋਂ ਵੱਧ ਬਰਫ਼ਬਾਰੀ ਹੁੰਦੀ ਹੈ, ਉੱਥੇ ਇਕ ਦਹਾਕੇ ਦੀ ਸਭ ਤੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ। ਮਿਸੂਰੀ ਅਤੇ ਅਰਕਨਸਾਸ ਦੇ ਰਾਜਪਾਲਾਂ ਨੇ ਰਾਜਾਂ ’ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਐਨਡਬਲਯੂਐਸ ਨੇ ਕਿਹਾ ਹੈ ਕਿ ਦੇਸ਼ ਦੇ ਕੇਂਦਰ ਤੋਂ ਸ਼ੁਰੂ ਹੋਇਆ ਇਹ ਬਰਫ਼ੀਲਾ ਤੂਫ਼ਾਨ ਅਗਲੇ ਕੁਝ ਦਿਨਾਂ ’ਚ ਪੂਰਬ ਵਲ ਵਧੇਗਾ। ਅਜਿਹੇ ’ਚ ਦੇਸ਼ ਦੇ 30 ਸੂਬਿਆਂ ’ਚ ਇਸ ਬਰਫ਼ੀਲੇ ਤੂਫ਼ਾਨ ਦਾ ਖਤਰਾ ਹੈ ਅਤੇ ਇਸ ਦੇ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਡਰਾਈਵਿੰਗ ਨਾ ਕਰਨ ਦੀ ਚਿਤਾਵਨੀ ਦਿਤੀ ਗਈ ਹੈ। ਇਸ ਤੋਂ ਪਹਿਲਾਂ ਵਰਜੀਨੀਆ, ਕੰਸਾਸ, ਕੈਂਟਕੀ, ਮੈਰੀਲੈਂਡ ਅਤੇ ਸੈਂਟਰਲ ਇਲੀਨੋਇਸ ਵਿਚ ਵੀ ਐਮਰਜੈਂਸੀ ਐਲਾਨੀ ਗਈ ਸੀ।