
ਸ਼ਬਦ ਗੁਰੂ ਤੋਂ ਅੰਮ੍ਰਿਤ ਤੱਕ ਦੀ ਯਾਤਰਾ ਤੇ ਅੱਜ!
ਬਾਬਾ ਨਾਨਕ ਜੀ ਨੇ ਸਾਨੂੰ ਸ਼ਬਦ ਤੇ ਰਬਾਬ ਦੇ ਨਾਲ ਜੋੜ ਕੇ ਜੀਵਨ ਜਾਚ ਸਿਖਾਈ ਸੀ। ਉਹਨਾਂ ਨੇ ਉਦਾਸੀਆਂ ਕੀਤੀਆਂ, ਹਰ ਧਰਮ, ਜਾਤ ਤੇ ਮਜ਼ਹਬ ਦੇ ਲੋਕਾਂ ਨੂੰ ਨੂੰ ਮਿਲੇ। ਉਹਨਾਂ ਥਾਂ ਥਾਂ ਉੱਤੇ ਜਾ ਕੇ ਭਗਤ ਬਾਣੀ ਨੂੰ ਇਕੱਠਾ ਕਰਕੇ ਸਾਂਭਿਆ। ਜਿਸਨੂੰ ਗੁਰੂ ਅਰਜਨ ਜੀ ਨੇ ਸੰਪਾਦਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਲੋਕਾਂ ਨੂੰ ਸੰਗਤ, ਪੰਗਤ ਤੇ ਲੰਗਰ ਦੀ ਮਰਿਆਦਾ ਦਿੱਤੀ। ਗੁਰੂ ਨਾਨਕ ਜੀ ਨੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਦੇਣ ਨਾਲੋਂ ਆਪਣੀ ਸਵੈ ਰੱਖਿਆ ਲਈ ਕਿਰਪਾਨ ਬਖਸ਼ਿਸ਼ ਕੀਤੀ। ਉਹਨਾਂ ਨੇ ਖਾਲਸਾ ਪੰਥ ਸਾਜਿਆ ਤੇ ਲੋਕਾਂ ਦੀ ਮਰ ਗਈ ਚੇਤਨਾ ਨੂੰ ਜਗਾਇਆ। ਇਸ ਸਮੇਂ ਅਸੀਂ ਫੇਰ ਉਸੇ ਖੂਹ ਵਿੱਚ ਡਿੱਗ ਗਏ ਹਾਂ। ਕਿਸੇ ਅਗੰਮੀ ਸ਼ਖ਼ਸੀਅਤ ਦੀ ਉਡੀਕ ਵਿੱਚ ਹਾਂ। ਜੋਂ ਨਹੀਂ ਆਉਣੀ। ਸਾਨੂੰ ਖ਼ੁਦ ਨੂੰ ਜਾਗਣਾ ਪਵੇਗਾ ਪਰ ਅਸੀਂ ਜਾਗਰਣ ਤੇ ਵੰਨ ਸੁਵੰਨੇ ਲੰਗਰ ਲਗਾਉਣ ਦੇ ਮੁਕਾਬਲਿਆਂ ਵਿੱਚ ਸਰਗਰਮ ਹੋ ਗਏ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਸੁਖਾਂ ਪੂਰੀਆਂ ਕਰਨ ਲਈ, ਉਸਦੇ ਨਾਮ ਤੇ ਰੋਟੀਆਂ ਸੇਕਣ ਲਈ ਵਰਤਣ ਦੇ ਆਦੀ ਹੋ ਗਏ ਹਾਂ।
ਅਸੀਂ ਗੁਰੂ ਨਾਨਕ ਜੀ ਦੇ ਫ਼ਲਸਫੇ ਤੇ ਉਹਨਾਂ ਦੀ ਵਿਚਾਰਧਾਰਾ ਉਤੇ ਪਹਿਰਾ ਦੇਣ ਦੀ ਬਜਾਏ ਉਸ ਤੋਂ ਕੋਹਾਂ ਦੂਰ ਚਲੇ ਗਏ ਹਾਂ। ਅਸੀਂ ਸ਼ਹੀਦ ਸਿੰਘਾਂ ਦੀਆਂ ਸ਼ਹਾਦਤਾਂ ਵਾਲੀਆਂ ਥਾਵਾਂ ਨੂੰ ਮੇਲਿਆਂ ਵਿੱਚ ਬਦਲ ਲਿਆ ਹੈ। ਅਸੀਂ ਤਾਂ ਹਨੇਰਾ ਪੈਦਾ ਕਰਨ ਵਾਲੇ ਬਣ ਗਏ ਹਾਂ। ਸਾਡੇ ਅੰਦਰਲੀ ਅੱਗ ਬੁੱਝ ਗਈ ਹੈ। ਅਸੀਂ ਮਾਰੂਥਲ ਵਿੱਚ ਡੁੱਬ ਰਹੇ ਹਾਂ। ਸਾਡੇ ਸਿਰੋਂ ਪਾਣੀ ਲੰਘ ਗਿਆ ਹੈ। ਸ਼ਬਦਾਂ ਦੀ ਸ਼ਕਤੀ ਨੂੰ ਭੁੱਲ ਗਏ ਹਾਂ। ਸ਼ਬਦ ਦੀ ਯਾਤਰਾ ਕਰਦਿਆਂ, ਸ਼ਬਦਾਂ ਦੇ ਆਰ-ਪਾਰ ਜਾਣਾ ਪੈਂਦਾ ਹੈ। ਸ਼ਬਦ ਕੇਵਲ ਯਾਤਰਾ ਹੀ ਨਹੀਂ ਕਰਦੇ, ਇਹ ਤਾਂ ਬਣਦੇ, ਘੜੇ ਜਾਂਦੇ, ਸਾਂਚੇ ਤੇ ਤਰਾਸ਼ੇ ਜਾਂਦੇ, ਜਨਮ ਦੇ, ਮਰਦੇ, ਸੁੰਗੜਦੇ, ਫੈਲਦੇ, ਗੁਆਚਦੇ ਹੋਏ ਸਮੇਂ ਦੇ ਨਾਲ ਨਾਲ ਯਾਤਰਾ ਕਰਦੇ ਹਨ।
ਮਨੁੱਖ ਦਾ ਸ਼ਬਦ ਦੇ ਨਾਲ ਰਿਸ਼ਤਾ ਜਨਮ ਤੋਂ ਪਹਿਲਾਂ ਹੀ ਗਰਭ ਵਿੱਚ ਪੈ ਜਾਂਦਾ ਹੈ। ਇਸੇ ਕਰਕੇ ਅਸੀਂ ਬਹੁਤ ਕੁੱਝ ਨਾਲ ਹੀ ਲੈ ਕੇ ਜੰਮਦੇ ਹਾਂ, ਜੰਮਦਿਆਂ ਦੇ ਮੂੰਹ ਤਿੱਖੇ ਇਸੇ ਕਰਕੇ ਹੁੰਦੇ ਹਨ, ਕਿ ਉਨਾਂ ਦੇ ਮੂੰਹ ਤਿੱਖੇ ਕਰਨ ਲਈ ਸਾਡੇ ਪੁਰਖਿਆਂ ਨੇ ਜਿੱਥੇ ਸਾਨੂੰ ਲੋਰੀਆਂ ਦਿੱਤੀਆਂ ਹਨ, ਬਹਾਦਰੀ ਤੇ ਕੁਰਬਾਨੀ ਦੀਆਂ ਕਥਾਵਾਂ ਸੁਣਾਈਆਂ ਹਨ, ਉੱਥੇ ਉਨਾਂ ਸਾਨੂੰ ਆਪਣੇ ਤੇ ਬੇਗਾਨਿਆਂ ਦਾਅਹਿਸਾਸ ਹੀ ਨਹੀਂ ਕਰਵਾਇਆ, ਸਗੋਂ ਸੁਚੇਤ ਰਹਿਣ ਦਾ ਪਾਠ ਵੀ ਪੜ੍ਹਾਇਆ ਹੈ। ਅਸੀਂ ਪੜਾਏ ਗਏ ਪਾਠਾਂ ਨੂੰ ਅਮਲ ਵਿੱਚ ਲਿਆਉਣ ਦੀ ਬਜਾਏ, ਖੁਦ ਪਾਠ ਕਰਨ ਲੱਗ ਪਏ ਤੇ ਅਸੀਂ ਪਾਠੀ ਹੋ ਗਏ। ਪਾਠ ਕਰਨ ਤੇ ਪਾਠੀ ਹੋਣ ਵਿੱਚ ਢੇਰ ਅੰਤਰ ਹੈ, ਪਰ ਸਾਡੀ ਬਦਕਿਸਮਤੀ ਇਹ ਹੋ ਗਈ ਕਿ ਅਸੀਂ ਪਾਠੀਆਂ ਨੂੰ ਹੀ ਗੁਰੂ ਦੇ ਵਜ਼ੀਰ ਸਮਝਣ ਲੱਗ ਪਏ ਹਾਂ। ਹੁਣ ਤਾਂ ਕੋਈ ਪਾਠੀ ਸਿੰਘ ਬਨਣ ਲਈ ਤਿਆਰ ਨਹੀਂ। ਇਸ ਕਰਕੇ ਅਸੀਂ ਸ਼ਬਦ ਗੁਰੂ ਦੇ ਨਾਲੋਂ ਟੁੱਟ ਕੇ ਪਾਠੀਆਂ, ਕੀਰਤਨੀਆਂ ਤੇ ਪੁਜਾਰੀਆਂ ਦੇ ਕਦਮਾਂ ਵਿੱਚ ਸਿਰ ਰੱਖ ਕੇ ਆਪਣੇ ਚੰਗੇ ਭਵਿੱਖ ਦੀਆਂ ਅਰਦਾਸਾਂ ਕਰਦੇ ਹਾਂ ਤੇ ਉਨਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਾਂ। ਪਾਠੀਆ ਦੇ ਕਮੇਟੀ ਕੀ ਕੀ ਕਰਦੀ ਹੈ ਕਿਵੇਂ ਉਹਨਾਂ ਦਾ ਸੋਸ਼ਣ ਕਰਦੀ ਹੈ ਇਸ ਤੇ ਕਥਾ ਫੇਰ ਕਰਾਗੇ. ਖੈਰ ।
ਅਸੀਂ ਅਰਦਾਸਾਂ ਤਾਂ ਗੁਰੂ ਅੱਗੇ ਕਰਦੇ ਹਾਂ, ਪਰ ਸਾਡਾ ਸਿਰ ਉਹਨਾਂ ਪੁਜਾਰੀਆਂ ਦੇ ਕਦਮਾਂ ਥੱਲੇ ਹੁੰਦਾ ਹੈ, ਜਿਹੜੇ ਆਪਣੇ ਆਪ ਨੂੰ ਸ਼ਬਦ ਗੁਰੂ ਨਾਲੋਂ ਵੀ ਵੱਡਾ ਸਮਝ ਦੇ ਹਨ ਪਰ ਵੱਡੇ ਹੁੰਦੇ ਨਹੀਂ। ਵੱਡੇ ਹੋਣ ਲਈ ਧੁੱਪੇ ਬੈਠ ਕੇ ਦਾਹੜੀ ਚਿੱਟੀ ਕਰਨਾ ਵੀ ਨਹੀਂ ਹੁੰਦਾ ਤੇ ਨਾ ਹੀ ਕਿਸੇ ਵੱਡੇ ਆਹੁਦੇ ਤੇ ਪੁੱਜ ਜਾਣਾ ਹੁੰਦਾ ਹੈ। ਪਰ ਅਸੀਂ ਉਨਾਂ ਨੂੰ ਹੀ ਵੱਡੇ ਸਮਝਣ ਲੱਗ ਪੈਂਦੇ ਹਾਂ, ਜਿੰਨਾਂ ਦੇ ਬਸਤਰ ਚਿੱਟੇ ਹੁੰਦੇ ਹਨ ਤੇ ਦਿਲ……..। ਸ਼ਬਦ ਦੀ ਯਾਤਰਾ ਦਾ ਇੱਕ ਲੰਬਾ ਤੇ ਸੰਘਰਸ਼ਮਈ ਇਤਿਹਾਸ ਹੈ। ਇਹ ਇਤਿਹਾਸ ਨੂੰ ਵਾਚਦਿਆਂ ਅਸੀਂ ਕਦੇ ਵੀ ਸ਼ਬਦਾਂ ਦੀ ਗਹਿਰਾਈ ਤੇ ਅਸਮਾਨ ਵਰਗੀ ਉਚਾਈ ਨਹੀਂ ਮਾਪ ਸਕਦੇ। ਉਂਝ ਅਸੀਂ ਸ਼ਬਦਾਂ ਦੇ ਵਣਜਾਰੇ ਅਖਵਾਉਣ ਦਾ ਢੌਂਗ ਰਚਦੇ ਹਾਂ। ਸ਼ਬਦਾਂ ਦਾ ਢੋਂਗ ਉਹੀ ਰਚਦੇ ਹਨ ਜਿੰਨਾਂ ਨੂੰ ਸ਼ਬਦਾਂ ਨਾਲ ਖੇਡਣਾ ਆਉਂਦਾ ਹੈ। ਸ਼ਬਦਾਂ ਨਾਲ ਖੇਡਣ ਲਈ ਸ਼ਬਦਾਂ ਦੀ ਭਾਸ਼ਾ ਨੂੰ ਸਮਝਣਾ ਬੜਾ ਔਖਾ ਮਾਰਗ ਹੈ ਪਰ ਅਸੀਂ ਔਖੇ ਮਾਰਗਾਂ ਦੇ ਮੁਸਾਫਿਰ ਨਹੀਂ, ਇਸ ਕਰਕੇ ਅਸੀਂ ਬਾਤਾਂ ਸੁਨਣੀਆਂ ਤੇ ਪੜਨੀਆਂ ਭੁੱਲ ਗਏ ਹਾਂ।
ਸ਼ਬਦ ਗੁਰੂ ਨੂੰ ਭੁੱਲਣ ਕਰਕੇ ਅਸੀਂ ਜ਼ਿੰਦਗੀ ਦੇ ਅਜਿਹੇ ਭਵ-ਸਾਗਰ ਵਿੱਚ ਫੱਸ ਗਏ ਹਾਂ, ਕਿ ਸਾਡੀ ਹਾਲਤ ਝਾਲ ਦੇ ਪਾਣੀਆਂ ਵਰਗੀ ਹੋ ਗਈ ਹੈ, ਜਿਹੜਾ ਆਪਣੀ ਹੀ ਪਰਿਕਰਮਾ ਕਰਦਾ ਰਹਿੰਦਾ ਤੇ ਸੋਚਦਾ ਹੈ, ਉਸ ਨੇ ਬਹੁਤ ਲੰਬਾ ਸਫ਼ਰ ਤਹਿ ਕਰ ਲਿਆ ਹੈ। ਸਫਰ ਤੈਅ ਕਰਨ ਲਈ ਪੈਰਾਂ ਨਾਲ ਨਹੀਂ ਸੋਚ, ਸਮਝ ਤੇ ਮੰਜਿਲ ਦਾ ਨਿਸ਼ਾਨਾ ਮਿੱਥ ਕੇ ਤੁਰਿਆ ਜਾਂਦਾ ਹੈ। ਉਂਝ ਅਸੀਂ ਹਰ ਵੇਲੇ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ ‘ਤੇ ਤੁਰੇ ਤਾਂ ਰਹਿੰਦੇ ਹਾਂ, ਪਰ ਅਸੀਂ ਕਿਸੇ ਮੰਜ਼ਿਲ ਉਤੇ ਨਹੀਂ ਪੁੱਜਦੇ। ਇਸੇ ਕਰਕੇ ਘੁੰਮਣਘੇਰੀ ਵਿੱਚ ਗੁਆਚ ਜਾਂਦੇ ਹਾਂ। ਗੁਆਚਦੇ ਉਹੀ ਹੁੰਦੇ ਹਨ, ਜਿੰਨ੍ਹਾਂ ਨੇ ਮੁੜ ਕੇ ਕੁੱਝ ਲੱਭ ਕੇ ਲਿਆਉਣਾ ਨਹੀਂ ਹੁੰਦਾ ਹੈ। ਦੁੱਧ ਤੇ ਪਾਣੀ ਦਾ ਨਿਤਾਰਾ ਉਹੀ ਕਰ ਸਕਦਾ ਹੈ, ਜਿਸ ਕੋਲ ਪਰਖਣ ਦੀ ਕਸਵੋਟੀ ਹੋਵੇ ਪਰ ਅਸੀਂ ਪਰਖਣੀਆਂ ਲਾ ਲਾ ਕੇ ਉਨ੍ਹਾਂ ਲੋਕਾਂ ਦਾ ਲਹੂ ਹੀ ਨਿਚੋੜਦੇ ਹਾਂ, ਜਿੰਨ੍ਹਾਂ ਦੇ ਅੰਦਰ ਲਹੂ ਹੁੰਦਾ ਨਹੀਂ। ਅਸੀਂ ਕਦੇ ਵੀ ਉਨ੍ਹਾਂ ਦੇ ਇਹ ਪਰਖਣੀਆਂ ਨਹੀਂ ਲਾਉਂਦੇ ਜਿਹੜੇ ਲੋਕਾਂ ਦਾ ਲਹੂ ਪੀਂਦੇ ਹਨ।
ਪਰ ਆਪਣੇ ਆਪ ਨੂੰ ਸ਼ਾਕਾਹਾਰੀ ਕਹਿੰਦੇ ਹਨ। ਚਿੱਟੇ ਬਸਤਰ ਤੇ ਚਿੱਟੀ ਦਾਹੜੀ ਦੇ ਨਾਲ ਆਪਣੇ ਅੰਦਰਲੇ ਕਾਲਖ ਨੂੰ ਲਕੋਇਆ ਨਹੀਂ ਜਾ ਸਕਦਾ। ਤੁਹਾਡੇ ਅੰਦਰਲੀ ਕਾਲਖ ਤੁਹਾਡੀ ਅੱਖਾਂ ਦੇ ਰਾਂਹੀ ਸਾਰੀ ਹੀ ਚੁਗਲੀ ਕਰ ਦਿੰਦੀ ਹੈ, ਪਰ ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਹਾਡੇ ਦਿਲ ਦੀਆਂ ਗੱਲਾਂ ਦੂਸਰੇ ਨੂੰ ਕਿਵੇਂ ਪਤਾ ਲੱਗ ਗਈਆਂ ਹਨ, ਤੁਸੀ ਆਪਣਿਆਂ ‘ਤੇ ਸ਼ੱਕ ਕਰਦੇ ਹੋ ਤੇ ਬੇਗਾਨਿਆਂ ਉੱਤੇ ਵਿਸ਼ਵਾਸ ਕਰਨ ਲੱਗਦੇ ਹੋ। ਇਸੇ ਕਰਕੇ ਅਸੀਂ ਆਪਣਿਆਂ ਦੇ ਹੱਥੋਂ ਕਤਲ ਹੁੰਦੇ ਹਾਂ, ਤਾਂ ਕਤਲ ਕਰਦੇ ਹਾਂ। ਸਾਡੇ ਕਾਤਲ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਅੰਦਰੋ ਹੀ ਪੈਦਾ ਹੁੰਦੇ ਹਨ। ਇਹ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਅਸੀਂ ਹਰ ਇੱਕ ਤੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ਼ ਇੱਕ ਦਿਨ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਬੜੀ ਘਾਲਣਾ ਘਲਣੀ ਪੈਂਦੀ ਹੈ। ਪਰ ਅਸੀਂ ਘਾਲਣਾ ਨਹੀਂ ਘਾਲਦੇ, ਘੌਲੀ ਜ਼ਰੂਰ ਬਣ ਜਾਂਦੇ ਹਾਂ। ਸ਼ਬਦਾਂ ਦੀ ਯਾਤਰਾ ਜਦੋਂ ਬੰਦਿਸ਼ ਬਣਦੀ ਹੈ ਤਾਂ ਤਲਵਾਰ ਲਹੂ ਮੰਗਦੀ। ਜਦੋਂ ਤਲਵਾਰ ਲਹੂ ਮੰਗਦੀ ਹੈ ਸੋਚ ਜਨਮ ਲੈਂਦੀ, ਸੋਚ ਜਿਹੜੀ ਵਿਚਾਰਧਾਰਾ ਬਣਦੀ ਹੈ। ਤਾਂ ਫਿਰ ਸਿਰ ਉਠਦੇ ਹਨ, ਬਗੈਰ ਸਿਰਾਂ ਵਾਲੇ ਸਿਰ ਹੁੰਦਿਆਂ ਵੀ ਦੌੜਦੇ ਹਨ।
ਜਦੋਂ ਬਗੈਰ ਸਿਰ ਦੇ ਕੋਈ ਦੌੜਦਾ ਹੈ ਤਾਂ ਆਪਣੀ ਮੌਤ ਖੁਦ ਮਰਦਾ ਹੈ। ਤਲਵਾਰ ਦੇ ਅੱਗੇ ਜਦੋਂ ਉਠ ਕੇ ਕੋਈ ਆਪਣਾ ਸੀਸ ਭੇਂਟ ਕਰਦਾ ਹੈ ਤੇ ਉਹ ਬੇਗਾਨਾ ਵੀ ਆਪਣਾ ਹੋ ਜਾਂਦਾ ਹੈ। ਇਹ ਬੇਗਾਨਗੀ ਉਦੋਂ ਤੱਕ ਹੀ ਰਹਿੰਦੀ ਹੈ, ਜਦੋਂ ਤੱਕ ਕੋਈ ਇੱਕ ਦੂਜੇ ਨਾਲ ਜੁੜਦਾ ਨਹੀਂ। ਤਾੜੀ ਇੱਕ ਹੱਥ ਨਾਲ ਨਹੀਂ ਦੋਹਾਂ ਨਾਲ ਵੱਜਦੀ ਹੈ। ਦੋਹਾਂ ਨੂੰ ਜੋੜ ਕੇ ਹੀ ਨਵਾਂ ਕੁੱਝ ਸਿਰਜਿਆ ਜਾਂਦਾ ਹੈ। ਪਰ ਅਸੀਂ ਕੁਦਰਤ ਦੀ ਇਸ ਸਿਰਜਣਾ ਦੇ ਖਿਲਾਫ਼ ਸਮਲਿੰਗੀ ਹੋ ਗਏ। ਹੁਣ ਤੇ ਬੇਬੀ ਟਿਊਬ ਤੱਕ ਪੁਜਗੇ ਹਾਂ । ਹੁਣ ਥਾਂ ਥਾਂ ਉੱਤੇ ਬੇਬੀ ਟਿਊਬ ਰਾਹੀਂ ਬੱਚੇ ਪੈਦਾ ਕੀਤੇ ਜਾ ਰਹੇ ਹਨ। ਜੁੜਦਿਆਂ ਅਤੇ ਤੁਰਦਿਆਂ ਦਾ ਹੀ ਕਾਫਲਾ ਬਣਦਾ ਹੈ। ਭੀੜ ਦੀ ਕੋਈ ਸੋਚ ਨਹੀਂ ਹੁੰਦੀ। ਕਾਫਲੇ ਤੇ ਦਰਿਆ ਦਾ ਕੋਈ ਵਹਿਣ ਨਹੀਂ ਹੁੰਦਾ। ਉਹ ਤਾਂ ਆਪਣੇ ਰਸਤੇ ਖੁਦ ਸਿਰਜਦਾ ਹੈ, ਰਸਤੇ ਬਣਾਉਂਦਾ ਹੋਇਆ ਮੰਜਿਲ ਤੱਕ ਪੁੱਜਦਾ ਹੈ। ਮੰਜ਼ਿਲ ਤੱਕ ਪੁੱਜਣ ਲਈ ਸਫਰ ਦੀ ਨਹੀਂ ਸਬਰ ਦੀ ਲੋੜ ਪੈਂਦੀ ਹੈ, ਸਿਰ ਕਟਾਉਣਾ ਪੈਂਦਾ ਹੈ, ਚਰਖੜਿਆਂ ਤੇ ਚੜਨਾ ਤੇ ਰੂੰ ਸੜਨਾ ਤੇ ਦੇਗ ਵਿੱਚ ਉਬਾਲੇ ਖਾ ਕੇ ਬੰਦ ਬੰਦ ਕਟਾਉਣਾ ਪੈਂਦਾ ਹੈ। ਬੰਦ ਬੰਦ ਉਹੀ ਕਟਵਾ ਸਕਦਾ, ਜਿਹੜਾ ਸ਼ਬਦ ਗੁਰੂ ਦਾ ਮੁਰੀਦ ਹੋਵੇ, ਆਸ਼ਕ ਹੋਵੇ।
ਝਨਾਂ ਕੱਚੇ ਘੜੇ ਨਹੀਂ ਤਰ ਸਕਦੇ। ਇਸੇ ਕਰਕੇ ਕੱਚੇ ਘੜੇ ਬੇਦਾਵਾ ਦੇ ਕੇ ਗੁਰੂ ਸ਼ਬਦ ਤੋਂ ਮੁੱਖ ਮੋੜ ਕੇ ਭੱਜਦੇ ਹਨ। ਭੱਜਣ ਵਾਲੇ ਹਮੇਸ਼ਾ ਦਗ਼ਾ ਦੇਂਦੇ ਹਨ। ਸ਼ਬਦ ਗੁਰੂ ਤੋਂ ਅੰਮ੍ਰਿਤ ਤੱਕ ਦਾ ਸਫ਼ਰ ਏਡਾ ਸੌਖਾ ਨਹੀਂ। ਜਿੰਨਾ ਸੌਖਾ ਅਸੀਂ ਬਣਾ ਦਿੱਤਾ ਹੈ। ਇਸੇ ਕਰਕੇ ਹੀ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਘਰ ਨਾਲ ਤਾਂ ਜੁੜਦੇ ਹਾਂ ਪਰ ਸ਼ਬਦ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬਗੈਰ ਸਿਰਾਂ ਦੇ ਗਲਾਂ ਵਿੱਚ ਸਵਾ ਮੀਟਰ ਕੱਪੜਾ ਪਾ ਕੇ ਅਸੀਂ ਆਪਣੇ ਇਤਿਹਾਸ ਦੀ ਤੌਹੀਨ ਕਰਦੇ ਹੋਏ ਆਖਦੇ ਹਾਂ, ਹਜ਼ਾਰਾਂ ਪ੍ਰੇਮੀ ਗੁਰੂ ਵਾਲੇ ਬਣੇ। ਪਰ ਅਸੀਂ ਭੁੱਲ ਜਾਂਦੇ ਹਾਂ, ਗੁਰੂ ਵਾਲੇ ਬਣਨ ਤੋਂ ਪਹਿਲਾਂ ਸੀਸ ਤਲੀ ਤੇ ਧਰਨਾ ਪੈਂਦਾ ਹੈ। ਮੈਦਾਨੇ ਜੰਗ ਵਿੱਚ ਲੜਣਾ ਪੈਦਾ ਹੈ। ਆਪੇ ਗੁਰੂ ਤੇ ਚੇਲਾ ਉਹ ਬਣ ਸਕਦਾ ਹੈ, ਜਿਸ ਦੇ ਅੰਦਰੋਂ ‘ਮੈਂ’ ਮੁਕ ਜਾਵੇ-ਤੂੰ ਹੀ ਤੂੰ ਤੱਕ ਉਹੀ ਪੁੱਜ ਸਕਦਾ ਹੈ, ਜਿਹੜਾ ਇਸ ਖੰਡ ਵਿਚੋਂ ਨਿਕਲ ਕੇ ਬ੍ਰਹਿਮੰਡ ਤੱਕ ਪੁੱਜ ਜਾਵੇ ਪਰ ਅਸੀਂ ਤਾਂ ਗੁਰੂ ਵਾਲੇ ਹੋ ਕੇ ਅਜੇ ਉਨ੍ਹਾਂ ਦਲਦਲਾਂ ਵਿੱਚ ਫਸੇ ਹੋਏ ਹਾਂ। ਜਿੰਨ੍ਹਾਂ ਵਿੱਚੋਂ ਕੱਢਣ ਲਈ ਸ਼ਬਦ ਗੁਰੂ ਨੇ ਇੱਕ ਲੰਮਾ ਸਫ਼ਰ ਕੀਤਾ।
ਉਹ ਸਫ਼ਰ ਪੂਰਾ ਕਰਕੇ ਤੁਰ ਹਨ, ਅਸੀਂ ਉਥੇ ਹੀ ਖੜ੍ਹੇ ਹਾਂ ਤੇ ਸਗੋਂ ਕੁਝ ਕਦਮ ਪਿੱਛੇ ਚਲੇਗਾ ਹਾਂ। ਅਸੀਂ ਤਾਂ ਅਜੇ ਵੀ ਜਾਤਾਂ-ਕੁਜਾਤਾਂ, ਊਚ-ਨੀਚ, ਚਿੱਕੜ ‘ਚ ਆਪ ਲਿਬੜ ਰਹੇ ਹਾਂ ਤੇ ਹੋਰਨਾਂ ਨੂੰ ਲਬੇੜ ਰਹੇ ਹਾਂ। ਹੁਣ ਸ਼ਬਦ ਗੁਰੂ ਇੱਕ ਝੰਡੇ ਥੱਲੇ ਨਹੀਂ ਸਗੋਂ, ਵੱਖ ਵੱਖ ਜਾਤਾਂ ਦੇ ਝੰਡਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸੀਂ ਸ਼ਬਦ ਗੁਰੂ ਦਾ ਸਿਧਾਂਤ ਅੰਮ੍ਰਿਤ ਦੀ ਦਾਤ ਦੇ ਅਰਥ ਹੀ ਭੁੱਲ ਗਏ ਹਾਂ। ਇਸੇ ਕਰਕੇ ਅਸੀਂ ਇਸ ਹਸਦੀ ਵਸਦੀ ਦੁਨੀਆਂ ਵਿੱਚ ਰੁਲ ਗਏ। ਰੁਲੀ ਹੋਈ ਚੀਜ਼ ਲੱਭਦੀ ਨਹੀਂ। ਅਸੀਂ ਬਾਹਰੋਂ ਲੱਭਣ ਤੁਰੇ ਧਰਤੀ, ਅੰਬਰ ਤੱਕ ਖਾਕ ਮਾਰਿਆ ਹੈ। ਪਰ ਅਸੀਂ ਕਦੇ ਆਪਣੇ ਅੰਦਰ ਦੀ ਯਾਤਰਾ ਨਹੀਂ ਕੀਤੀ। ਅੰਦਰ ਦੀ ਯਾਤਰਾ ਉਹੀ ਕਰਦੇ ਹਨ, ਜਿੰਨਾਂ ਨੂੰ ਆਪਣੇ ਅੰਦਰ ਉਤਰਨਾ ਆਉਂਦਾ ਹੈ। ਅਸੀਂ ਆਪਣੇ ਅੰਦਰ ਉਤਰਨ ਦੀ ਬਜਾਏ ਬਾਹਰ ਵੱਲ ਉਤਰਦੇ ਹਾਂ। ਇਸੇ ਕਰਕੇ ਅਸੀਂ ਭਟਕਦੇ ਫਿਰਦੇ ਹਾਂ, ਅਸੀਂ ਕਦੇ ਉੱਤਰ, ਕਦੇ ਦੱਖਣ ਵੱਲ ਤੁਰਦੇ ਹਾਂ ਤੇ ਫਿਰ ਕਦੇ ਪੂਰਬ ਤੇ ਪੱਛਮ ਵੱਲ। ਇਸੇ ਕਰਕੇ ਸਾਡੇ ਅੰਦਰ ਸ਼ੋਰ ਵੱਧ ਗਿਆ ਹੈ।
ਅਸੀਂ ਅਸ਼ਾਂਤ ਹੋ ਗਏ ਹਾਂ। ਅਸ਼ਾਂਤੀ ਸਾਨੂੰ ਇੱਕ ਥਾਂ ਟਿਕਣ ਨਹੀਂ ਦਿੰਦੀ। ਸ਼ਬਦ ਗੁਰੂ ਜਦੋਂ ਅੰਮ੍ਰਿਤ ਬਣਦਾ ਹੈ ਤਾਂ ਉਹ ਕੁਰਬਾਨੀ ਮੰਗਦਾ ਹੈ। ਅਸੀਂ ਸ਼ਬਦਾਂ ਦੇ ਰਾਂਹੀ ਕੁਰਬਾਨ ਹੋਣ ਦੀਆਂ ਗੱਲਾਂ ਤਾਂ ਕਰਦੇ ਹਾਂ। ਪਰ ਜਦੋਂ ਕੁਰਬਾਨੀ ਦੇਣ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਪਿੱਠ ਮੋੜ ਕੇ ਭੱਜਦੇ ਹਾਂ। ਅਸੀਂ ‘ਅੰਮ੍ਰਿਤ’ ਦੀ ਸ਼ਕਤੀ ਤੇ ਭਗਤੀ ਨੂੰ ਭੁੱਲ ਗਏ ਹਾਂ, ਇਸੇ ਕਰਕੇ ਅਸੀਂ ਰੋਹ ਤੇ ਵਿਦਰੋਹ ਨਹੀਂ ਕਰਦੇ ਅਸੀਂ ਆਪਣੀ ਸ਼ਕਤੀ ਖਤਮ ਕਰਨ ਲਈ ਭਗਤੀ ਕਰਨ ਲੱਗ ਪਏ ਹਾਂ। ਸਾਡੇ ਅੰਦਰੋਂ ਸ਼ਕਤੀ ਮਰ ਗਈ ਹੈ ਜਾਂ ਫਿਰ ਇਸ ਨੂੰ ਮਾਰਨ ਲਈ ਸਾਨੂੰ ਭਗਤੀ ਦੇ ਲੜ ਲਾਕੇ ਮੌਤ ਤੋਂ ਬਚਣ ਦੇ ਮਾਰਗ ਤੋਰਿਆ ਹੈ।
ਸਾਨੂੰ ਇਹ ਕਦੋਂ ਸਮਝ ਆਵੇਗੀ? ਜਦੋਂ ਵਾੜ ਹੀ ਖੇਤ ਨੂੰ ਖਾ ਜਾਵੇਗੀ-ਬਾਗਾਂ ਤੇ ਖੇਤਾਂ ਦੇ ਰਾਖਿਆਂ ਨੂੰ ਉਨ੍ਹਾਂ ਦੇ ਅੰਦਰਲੀ ਸ਼ਕਤੀ ਦੇ ਅਰਥ ਕੌਣ ਦੱਸੇਗਾ? ਹੁਣ ਤਾਂ ਆਪਣਾ ਆਪ ਜਗਾਉਣ ਦੀ ਲੋੜ ਹੈ. ਤਾਂ ਹੀ ਤਲਵਾਰ ਨੂੰ ਕਿਰਪਾਨ ਬਣਾ ਸਕਦੇ ਹਾਂ ਪਰ ਅਸੀਂ ਤੇ ਤਲਵਾਰਾਂ ਇਉਂ ਚੁੱਕੀ ਫਿਰਦੇ ਹਾਂ ਜਿਵੇ ਮੈਦਾਨ ਹੋਵੇ ਪਰ ਕਿਰਪਾਨ ਕਿਸੇ ਕੋਲ ਨਹੀਂ ਜੋ ਗੁਰੂ ਜੀ ਸ਼ਬਦ ਗੁਰੂ ਦੇ ਰਾਹੀਂ ਦਿਤੀ ਸੀ। ਅਸੀਂ ਕਦੋਂ ਸਮਝਾਗੇ ਇਹ ਫਰਕ.? ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੁੱਲ ਗਏ ਹਾਂ ਤੇ ਗੁਰਦੁਆਰੇ ਵੱਡੇ ਤੇ ਪੱਕੇ ਕਰ ਲੈ ਹਨ। ਅਸੀਂ ਇਹਨਾਂ ਗੁਰਦੁਆਰਿਆਂ ਦੀਆਂ ਗੋਲਕਾਂ ਉਤੇ ਕਬਜ਼ਾ ਕਰਨ ਲਈ ਹਰ ਹਰਬੇ ਵਰਤ ਦੇ ਹਾਂ। ਹੁਣ ਗੋਲਕਾਂ ਦੀਆਂ ਲੜਾਈਆਂ ਦਾ ਸਿਖ਼ਰ ਹੈ। ਇਸ ਸਿਖ਼ਰ ਦੁਪਹਿਰੇ ਹਨੇਰਾ ਹੋ ਗਿਆ ਹੈ। ਇਹ ਹਨੇਰਾ ਦਿਨੋਂ ਦਿਨ ਗੂੜ੍ਹਾ ਹੁੰਦਾ ਜਾ ਰਿਹਾ ਹੈ।
ਬੁੱਧ ਸਿੰਘ ਨੀਲੋਂ
9464370823