ਸਕੇਪ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ ਕਵੀ ਦਰਬਾਰ ਕਰਵਾਇਆ

ਮਹੀਨਾਵਾਰ ਕਵੀ ਦਰਬਾਰ ਵਿੱਚ ਕਰਨ ਅਜੈਬ ਸਿੰਘ ਸੰਘਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਕਵੀ ਸੋਹਨ ਸਹਿਜਲ, ਪ੍ਰਧਾਨ ਕਮਲੇਸ਼ ਸੰਧੂ ਅਤੇ ਹੋਰ।

ਫਗਵਾੜਾ, 30 ਦਸੰਬਰ (  ਏ.ਡੀ.ਪੀ. ਨਿਊਜ਼ )  ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਹੇਠ ਮਹੀਨਾਵਾਰ ਕਵੀ ਦਰਬਾਰ ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਪ੍ਰਸਿੱਧ ਪਰਵਾਸੀ ਸਾਹਿਤਕਾਰ ਕਰਨ ਅਜੈਬ ਸਿੰਘ ਸੰਘਾ,ਪ੍ਰਧਾਨ ਕਮਲੇਸ਼ ਸੰਧੂ,ਸੀਨੀਅਰ ਮਿਸ਼ਨਰੀ ਕਵੀ ਸੋਹਨ ਸਹਿਜਲ,ਗੀਤਕਾਰ ਲਾਲੀ ਕਰਤਾਰਪੁਰੀ, ਗ਼ਜ਼ਲਕਾਰ ਜਰਨੈਲ ਸਿੰਘ ਸਾਖੀ ਨੇ ਪ੍ਰਧਾਨਗੀ ਮੰਡਲ ਵਜੋਂ ਸ਼ਿਰਕਤ ਕੀਤੀ।ਕਵੀ ਦਰਬਾਰ ਦਾ ਆਗਾਜ਼ ਮੀਨੂ ਬਾਵਾ ਨੇ  ਆਪਣੀ ਕਵਿਤਾ ‘ਮੇਰੇ ਤਾਇਆ ਜੀ’ ਨਾਲ਼ ਕਰ ਕੇ ਹਾਜ਼ਰੀਨ ਨੂੰ ਬਚਪਨ ਦੇ ਨਾਲ਼ ਭੁੱਲੇ ਵਿਸਰੇ ਨਿੱਘੇ ਰਿਸ਼ਤੇ ਯਾਦ ਕਰਵਾ ਕੇ ਕੀਤੀ। ਇਸ ਮਗਰੋਂ ਉਹਨਾਂ ਲਾਲੀ ਕਰਤਾਰਪੁਰੀ ਦਾ ਲਿਖਿਆ ਗੀਤ “ਬਾਬਲ ਤੇਰੀ ਸ਼ਾਨ ਵਧਾਵਾਂਗੀ” ਗਾ ਕੇ ਸਰੋਤਿਆਂ ਨਾਲ਼ ਭਾਵੁਕ ਸਾਂਝ ਪਾਈ।ਦਵਿੰਦਰ ਸਿੰਘ ਜੱਸਲ ਨੇ ਗੀਤ “ਤੈਨੂੰ ਕਾਹਦਾ ਮਾਣ” ਸੁਰੀਲੇ ਅੰਦਾਜ਼ ਵਿੱਚ ਸੁਣਾ ਕੇ ਗੰਭੀਰ ਮਾਹੌਲ ਬਣਾਉਣ ਉਪਰੰਤ  ਹਾਸ ਵਿਅੰਗ “ਬੇਗ਼ਮ ਮੇਰੀ” ਸੁਣਾ ਕੇ ਖ਼ੂਬ ਹਾਸੇ ਵੰਡੇ। ਰਵਿੰਦਰ ਸਿੰਘ ਰਾਏ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਸਮਾਜ ਵਿਚਲੇ ਅਸਲੀ ਰਾਵਣ ਮੁਕਾਉਣ,ਔਰਤਾਂ ਦੀ ਰਾਖੀ,ਬਜ਼ੁਰਗ ਮਾਪਿਆਂ ਦੀ ਅਣਦੇਖੀ, ਫ਼ਿਰਕਾਪ੍ਰਸਤੀ ਆਦਿ ਵਿਸ਼ਿਆਂ ਨੂੰ ਛੋਹਿਆ। ਪ੍ਰੀਤ ਕੌਰ ਪ੍ਰੀਤੀ ਨੇ ਖੁੱਲ੍ਹੀ ਕਵਿਤਾ ਦੇ ਮਾਧਿਅਮ ਰਾਹੀਂ ਦੇਸ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਸਾਂਝਾ ਕੀਤਾ। ਬਲਬੀਰ ਕੌਰ ਬੱਬੂ ਸੈਣੀ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਅਜੋਕੇ ਖ਼ੁਦਗਰਜ਼,ਖੁਦਪ੍ਰਸਤ ਮਨੁੱਖਾਂ ਦਾ ਸੱਚ ਬਿਆਨ ਕਰਨ ਤੋਂ ਬਾਅਦ ਆਪਣੀ ਰਚਨਾ ਰਾਹੀਂ ਸੁੱਖਾਂ ਭਰੇ ਨਵੇਂ ਸਾਲ ਲਈ ਅਰਦਾਸ ਵੀ ਕੀਤੀ। ਜਰਨੈਲ ਸਿੰਘ ਸਾਖੀ, ਜਸਵਿੰਦਰ ਫਗਵਾੜਾ,ਦਲਜੀਤ ਮਹਿਮੀ ਕਰਤਾਰਪੁਰ, ਉਰਮਲਜੀਤ ਸਿੰਘ ਵਾਲੀਆ,ਲਾਲੀ ਕਰਤਾਰਪੁਰੀ,ਸੋਹਣ ਸਹਿਜਲ ਨੇ ਤਰੰਨੁਮ ਵਿੱਚ ਖ਼ੂਬਸੂਰਤ ਗ਼ਜ਼ਲਾਂ ਸੁਣਾ ਕੇ ਹਾਜ਼ਰੀ ਲਗਵਾਈ। ਇਸ ਮੌਕੇ ਪ੍ਰਿੰ.ਗੁਰਮੀਤ ਸਿੰਘ ਪਲਾਹੀ,ਕਰਨ ਅਜੈਬ ਸਿੰਘ ਸੰਘਾ,ਸਿਮਰਤ ਕੌਰ,ਨਗੀਨਾ ਸਿੰਘ ਬਲੱਗਣ,ਗੁਰਨਾਮ ਬਾਵਾ, ਸਾਹਿਬਾ ਜੀਟਨ ਕੌਰ,ਹਰਜਿੰਦਰ ਨਿਆਣਾ,ਕਮਲੇਸ਼ ਸੰਧੂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨਾਲ਼ ਸਾਂਝ ਪਾਈ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਅਤੇ ਕਰਨ ਅਜੈਬ ਸਿੰਘ ਸੰਘਾ ਨੇ ਦੇਸ਼ ਦੇ ਸਮਾਜਿਕ, ਆਰਥਿਕ,ਰਾਜਨੀਤਿਕ ਮੁੱਦਿਆਂ ਨੂੰ ਬਿਆਨਦੇ ਵਿਸ਼ਿਆਂ ‘ਤੇ ਖ਼ੂਬਸੂਰਤ ਰਚਨਾਵਾਂ ਪੇਸ਼ ਕਰਨ ਲਈ ਸਭ ਕਵੀ ਸਹਿਬਾਨ ਦੀ ਪ੍ਰਸੰਸਾ ਕੀਤੀ ਅਤੇ ਪਰਵਾਸ ਖ਼ਾਸ ਕਰ ਕੇ ਪੰਜਾਬ ਦੀ ਜੁਆਨੀ ਦੇ ਪਰਵਾਸ ,ਪਰਵਾਸ ਦੌਰਾਨ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਨੌਜਵਾਨਾਂ ਦੇ ਪਰਵਾਸ ਉਪਰੰਤ ਬਜ਼ੁਰਗ ਮਾਪਿਆਂ ਦੀ ਤਰਸਯੋਗ ਹਾਲਤ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦਾ ਸੁਨੇਹਾ ਦਿੱਤਾ।ਸਟੇਜ ਸੰਚਾਲਨ ਕਮਲੇਸ਼ ਸੰਧੂ ਨੇ ਕੀਤਾ। ਸਮਾਗਮ ਦੀ ਪ੍ਰਬੰਧਕੀ ਜ਼ਿੰਮੇਵਾਰੀ ਪ੍ਰਿੰ. ਗੁਰਮੀਤ ਸਿੰਘ ਪਲਾਹੀ,ਗੁਰਨਾਮ ਬਾਵਾ,ਮਨਦੀਪ ਸਿੰਘ,ਪਰਵਿੰਦਰ ਜੀਤ ਸਿੰਘ ਨੇ ਨਿਭਾਈ। ਕੁੱਲ ਮਿਲਾ ਕੇ ਸਕੇਪ ਸਾਹਿਤਕ ਸੰਸਥਾ ਫਗਵਾੜਾ ਦਾ 2024 ਦਾ ਆਖ਼ਰੀ ਕਵੀ ਦਰਬਾਰ ਸ਼ਾਨਦਾਰ ਤੇ ਯਾਦਗਾਰ ਹੋ ਨਿਬੜਿਆ।

ਸਾਂਝਾ ਕਰੋ

ਪੜ੍ਹੋ