
ਨਵੀਂ ਦਿੱਲੀ, 30 ਦਸੰਬਰ – ਕਾਂਗਰਸ ਦੇ ਬੇਲਾਗਾਵੀ ਸੈਸ਼ਨ ਦੌਰਾਨ ਪੋਸਟਰ ‘ਤੇ ਦਿਖਾਏ ਗਏ ਭਾਰਤ ਦੇ ਨਕਸ਼ੇ ਨੂੰ ਲੈ ਕੇ ਦੇਸ਼ ਭਰ ‘ਚ ਸਿਆਸਤ ਗਰਮਾ ਗਈ ਹੈ। ਭਾਜਪਾ ਦਾ ਦੋਸ਼ ਹੈ ਕਿ ਪੋਸਟਰ ‘ਚ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਦੇ ਹੋਰਡਿੰਗਸ ਵਿੱਚ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ।
ਅਮਿਤ ਮਾਲਵੀਆ ਨੇ ਕਿਹਾ, “ਕਾਂਗਰਸ ਦੇ ਪ੍ਰੋਗਰਾਮ ਵਿੱਚ ਇਹ ਗ਼ਲਤੀ ਨਹੀਂ ਹੋ ਸਕਦੀ। ਇਹ ਇੱਕ ਬਿਆਨ ਹੈ। ਇਹ ਉਨ੍ਹਾਂ ਦੀ ਤੁਸ਼ਟੀਕਰਨ ਦੀ ਰਾਜਨੀਤੀ ਦਾ ਹਿੱਸਾ ਹੈ, ਜੋ ਮੰਨਦੇ ਹਨ ਕਿ ਭਾਰਤੀ ਮੁਸਲਮਾਨ ਭਾਰਤ ਨਾਲੋਂ ਪਾਕਿਸਤਾਨ ਦੇ ਜ਼ਿਆਦਾ ਵਫ਼ਾਦਾਰ ਹਨ।” ਅਮਿਤ ਮਾਲਵੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੂਜੀ ਮੁਸਲਿਮ ਲੀਗ ਹੈ ਤੇ ਭਾਰਤ ਨੂੰ ਦੁਬਾਰਾ ਤੋੜਨਾ ਚਾਹੁੰਦੀ ਹੈ।
ਕਰਨਾਟਕ ਦੇ ਬੇਲਾਗਾਵੀ ਸੰਮੇਲਨ ਦੇ ਬੈਨਰਾਂ ਵਿੱਚ ਛਪੇ ਭਾਰਤ ਦੇ ਨਕਸ਼ੇ ਵਿੱਚੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਅਤੇ ਅਕਸਾਈ ਚਿਨ ਦੇ ਖੇਤਰ ਗ਼ਾਇਬ ਹਨ। ਮਹਾਤਮਾ ਗਾਂਧੀ ਦੀ 1924 ਵਿੱਚ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ 100ਵੀਂ ਵਰ੍ਹੇਗੰਢ ਦੇ ਮੌਕੇ ‘ਤੇ, ਕਾਂਗਰਸ ਪਾਰਟੀ ਨੇ ਕਰਨਾਟਕ ਦੇ ਬੇਲਾਗਾਵੀ ਵਿੱਚ CWC ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ। 100 ਸਾਲ ਪਹਿਲਾਂ ਮਹਾਤਮਾ ਗਾਂਧੀ ਨੇ ਬੇਲਾਗਾਵੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ।