
ਲੰਡਨ (ਯੂ ਕੇ), 30 ਦਸੰਬਰ – ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਇੰਗਲੈਂਡ ਦੇ ਇਤਿਹਾਸਕ ਸ਼ਹਿਰਾਂ ਵਿੱਚੋਂ ਇੱਕ ਹਿਚਿਨ ਸ਼ਹਿਰ ਵਿਖੇ ਪੰਜਾਬੀ ਕਾਨਫਰੰਸ ਯੂਕੇ 2025 ਦੇ ਸੰਬੰਧ ਵਿੱਚ ਡਾ ਪਰਗਟ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਦਾ ਸੰਚਾਲਨ ਕੰਵਰ ਸਿੰਘ ਬਰਾੜ ਨੇ ਕੀਤਾ। ਕੰਵਰ ਸਿੰਘ ਬਰਾੜ ਨੇ ਆਏ ਪ੍ਰਬੰਧਕੀ ਸੇਵਾਦਾਰਾਂ ਦਾ ਸਵਾਗਤ ਕਰਦਿਆਂ ਲੈਸਟਰ ਵਿਖੇ ਪਿਛਲੇ ਸਾਲ ਕਰਵਾਈ ਗਈ ਪੰਜਾਬੀ ਕਾਨਫਰੰਸ 2024 ਸੰਬੰਧੀ ਜਾਣਜਾਰੀ ਸਾਂਝੀ ਕੀਤੀ। ਜਿਸ ਦੇ ਬਾਅਦ ਭਵਿੱਖ ਵਿੱਚ ਕਰਵਾਈ ਜਾਣ ਵਾਲੀ ਕਾਨਫਰੰਸ ਬਾਰੇ ਵਿਸਥਾਰ ਪੂਰਵਕ ਦੱਸਿਆ। ਡਾ ਅਵਤਾਰ ਸਿੰਘ ਨੇ ਪਿਛਲੀ ਕਾਨਫਰੰਸ ਦੇ ਪ੍ਰਬੰਧ, ਨਿਸ਼ਾਨੇ ਅਤੇ ਭਵਿੱਖ ਬਾਰੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਾ ਹੋਵੇਗਾ ਜਿਸ ਨਾਲ ਅਸੀਂ ਪੰਜਾਬੀ ਬੋਲੀ ਦਾ ਪ੍ਰਸਾਰ ਅਤੇ ਪ੍ਰਚਾਰ ਸੁਚਾਰੂ ਢੰਗ ਨਾਲ ਕਰ ਸਕੀਏ। ਬਲਵਿੰਦਰ ਸਿੰਘ ਚਾਹਲ ਨੇ ਵਿਸਿ਼ਆਂ ਸੰਬੰਧੀ ਜਾਣਕਾਰੀ ਜਾਣਕਾਰੀ ਸਾਂਝੀ ਕੀਤੀ।
ਜਿਹਨਾਂ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਆਰਟੀਫਿਸ਼ਲ ਇੰਟੈਲੀਜੈਂਸ ਤੇ ਪੰਜਾਬੀ ਬੋਲੀ ਦਾ ਇਤਿਹਾਸ ਆਦਿ ਮੁੱਖ ਹਨ। ਹਰਵਿੰਦਰ ਸਿੰਘ ਨੇ ਸਿੱਖ ਐਜੂਕੇਸ਼ਨ ਵੱਲੋਂ ਅਧਿਆਪਕਾਂ ਦੀ ਸਿਖਲਾਈ ਸੰਬੰਧੀ ਲਾਏ ਸੈਸ਼ਨ ਬਾਰੇ ਜਾਣਕਾਰੀ ਦਿੱਤੀ। ਜਿਸ ਨੂੰ ਤੇਜਿੰਦਰ ਕੌਰ ਨੇ ਵਿਸਥਾਰ ਨਾਲ ਪੇਸ਼ ਕੀਤਾ। ਉਹਨਾਂ ਇੰਗਲੈਂਡ ਵਿੱਚ ਜੰਮੇ ਪਲੇ ਨੌਜਵਾਨਾਂ ਲਈ ਪੰਜਾਬੀ ਭਾਸ਼ਾ ਨੂੰ ਮੁੱਖ ਰੱਖ ਕੇ ਕੁਝ ਯੂਨੀਵਰਸਿਟੀਆਂ ਦੇ ਪੱਧਰ ਦੇ ਮੁਕਾਬਲੇ ਕਰਵਾਉਣ ਦੀ ਪਿਰਤ ਪਾਉਣ ਲਈ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਿਸ ਨੂੰ ਅਗਲੇ ਇੱਕ ਦੋ ਸਾਲ ਵਿੱਚ ਕਾਨਫਰੰਸ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਡਾ ਬਲਦੇਵ ਸਿੰਘ ਕੰਦੋਲਾ ਨੇ ਆਪਣੇ ਵਿਚਾਰਾਂ ਵਿੱਚ ਕਾਨਫਰੰਸ ਦੀ ਕਾਰਵਾਈ ਅਤੇ ਇਸ ਵਿੱਚ ਕੀਤੀ ਜਾਣ ਵਾਲੀ ਵਿਚਾਰ ਚਰਚਾ ‘ਤੇ ਖੋਜ ਅਤੇ ਅਮਲ ਕਰਨ ਉੱਪਰ ਜ਼ੋਰ ਦਿੱਤਾ।
ਮੁਖਤਿਆਰ ਸਿੰਘ ਅਤੇ ਅਮਰਜੀਤ ਸਿੰਘ ਨੇ ਲੈਸਟਰ ਵੱਲੋਂ ਹਰ ਤਰ੍ਹਾਂ ਦੇ ਲੋੜੀਂਦੇ ਸਹਿਯੋਗ ਬਾਰੇ ਹਾਮੀ ਭਰਦਿਆਂ , ਕਾਨਫਰੰਸ ਦੇ ਪ੍ਰਬੰਧ , ਸਥਾਨ, ਪਾਰਕਿੰਗ ਅਤੇ ਲੰਗਰ ਪਾਣੀ ਅਤੇ ਹੋਰ ਸਹੂਲਤਾਂ ਦਾ ਪੂਰਾ ਖਿਆਲ ਰੱਖਣ ਦਾ ਅਹਿਦ ਕੀਤਾ। ਡਾ ਪਰਗਟ ਸਿੰਘ ਨੇ ਸਮੁੱਚੀ ਟੀਮ ਦੀ ਕਾਰਗੁਜ਼ਾਰੀ ਉੱਪਰ ਭਰੋਸਾ ਜਤਾਉਂਦਿਆਂ ਸਭ ਦਾ ਧੰਨਵਾਦ ਕੀਤਾ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਵੀ ਕੀਤਾ। ਇਸ ਸਮੇਂ ਬਾਵਾ ਸਿੰਘ, ਬਲਬੀਰ ਸਿੰਘ, ਸੁਖਜੀਵਨ ਸਿੰਘ, ਜਗਦੀਪ ਸਿੰਘ, ਹਰਮਿੰਦਰ ਸਿੰਘ ਜਗਦੇਵ ਵੀ ਹਾਜ਼ਰ ਸਨ। ਪ੍ਰਬੰਧਕੀ ਮੀਟਿੰਗ ਤੋਂ ਬਾਅਦ ਹਿਚਿਨ ਦੀ ਸੰਗਤ ਨਾਲ ਇਸ ਕਾਨਫਰੰਸ ਸੰਬੰਧੀ ਵਿਚਾਰ ਚਰਚਾਵਾਂ ਹੋਈਆਂ ਤੇ ਉਹਨਾਂ ਨੇ ਆਉਂਦੇ ਸਾਲ ਦੀ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਵਾਅਦਾ ਕੀਤਾ।