
ਨਵੀਂ ਦਿੱਲੀ, 27 ਦਸੰਬਰ – ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ਵਾਲੇ ਉੱਘੇ ਸਿਆਸਤਦਾਨ ਮਨਮੋਹਨ ਸਿੰਘ ਨਹੀਂ ਰਹੇ। 26 ਦਸੰਬਰ ਦੀ ਰਾਤ ਨੂੰ 92 ਸਾਲਾ ਮਨਮੋਹਨ ਸਿੰਘ ਨੇ ਏਮਜ਼ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ ਸ਼ਨਿਚਰਵਾਰ ਨੂੰ ਹੋਵੇਗਾ। ਇਸ ਖਬਰ ਨਾਲ ਪੂਰਾ ਦੇਸ਼ ਸੋਗ ‘ਚ ਡੁੱਬਿਆ ਹੋਇਆ ਹੈ। ਬਾਲੀਵੁੱਡ ਹਸਤੀਆਂ ਨੇ ਵੀ ਰਾਜਨੇਤਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੌਰਾਨ ਸਿਕੰਦਰ ਦੇ ਨਿਰਮਾਤਾ ਨੇ ਵੱਡਾ ਐਲਾਨ ਕਰਦੇ ਹੋਏ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਅੱਜ ਸਲਮਾਨ ਖਾਨ ਦਾ 59ਵਾਂ ਜਨਮਦਿਨ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਸਿਕੰਦਰ ਦੇ ਨਿਰਮਾਤਾ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵੱਡਾ ਤੋਹਫਾ ਦੇਣ ਜਾ ਰਹੇ ਸਨ ਪਰ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਉਨ੍ਹਾਂ ਵੱਡਾ ਫੈਸਲਾ ਲਿਆ ਹੈ। ਦਰਅਸਲ 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਸਿਕੰਦਰ ਦਾ ਟੀਜ਼ਰ ਟਾਲ ਦਿੱਤਾ ਗਿਆ ਹੈ। ਹੁਣ ਇਸ ਨੂੰ ਨਵੀਂ ਤਰੀਕ ‘ਤੇ ਰਿਲੀਜ਼ ਕੀਤਾ ਜਾਵੇਗਾ।
ਸਿਕੰਦਰ ਦਾ ਟੀਜ਼ਰ ਰਿਲੀਜ਼ ਮੁਲਤਵੀ
ਸਿਕੰਦਰ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਦੇ ਇੰਸਟਾਗ੍ਰਾਮ ਹੈਂਡਲ ‘ਤੇ ਟੀਜ਼ਰ ਰਿਲੀਜ਼ ਨਾ ਹੋਣ ਦੀ ਘੋਸ਼ਣਾ ਕਰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ‘ਚ ਨਿਰਮਾਤਾ ਨੇ ਲਿਖਿਆ, “ਸਾਡੇ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਦੇਹਾਂਤ ਦੇ ਮੱਦੇਨਜ਼ਰ, ਸਾਨੂੰ ਇਹ ਐਲਾਨ ਕਰਦੇ ਹੋਏ ਅਫਸੋਸ ਹੈ ਕਿ ਸਿਕੰਦਰ ਦੇ ਟੀਜ਼ਰ ਦੀ ਰਿਲੀਜ਼ ਨੂੰ 28 ਦਸੰਬਰ ਰਾਤ 11:07 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਸੋਗ ਦੀ ਇਸ ਘੜੀ ‘ਚ ਸਾਡੀ ਹਮਦਰਦੀ ਦੇਸ਼ ਦੇ ਨਾਲ ਹੈ। ਸਮਝਣ ਲਈ ਧੰਨਵਾਦ।
ਸਿਕੰਦਰ ਦੀ ਪਹਿਲੀ ਝਲਕ
26 ਦਸੰਬਰ ਨੂੰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਸੀ। ਹੱਥ ਵਿਚ ਹਥਿਆਰ ਲੈ ਕੇ ਸੱਲੂ ਮੀਆਂ ਦਾ ਨਜ਼ਾਰਾ ਮਨ ਨੂੰ ਟੁੰਬਣ ਵਾਲਾ ਸੀ। ਕੋਟ-ਪੈਂਟ ਪਹਿਨs ਸਲਮਾਨ ਦਾ ਦਬਦਬਾ ਦਿਖਾਈ ਦਿੱਤਾ। ਇਸ ਪੋਸਟਰ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਟੀਜ਼ਰ 27 ਦਸੰਬਰ ਨੂੰ ਅਦਾਕਾਰ ਦੇ ਜਨਮਦਿਨ ‘ਤੇ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ, ਹੁਣ ਅਜਿਹਾ ਨਹੀਂ ਹੋਣ ਵਾਲਾ ਹੈ।