ਖ਼ਤਰੇ ‘ਚ ਜਸਟਿਨ ਟਰੂਡੋ ਦੀ ਕੁਰਸੀ ! ‘ਆਪਣਿਆਂ’ ਨੇ ਹੀ ਦਿੱਤਾ ਧੋਖਾ

ਨਵੀਂ ਦਿੱਲੀ, 21 ਦਸੰਬਰ – ਕੈਨੇਡਾ ‘ਚ ਅਗਲੇ ਸਾਲ ਅਕਤੂਬਰ ‘ਚ ਫੈਡਰਲ ਚੋਣਾਂ ਹੋਣੀਆਂ ਹਨ ਪਰ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਸਾਬਕਾ ਸਹਿਯੋਗੀ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਟਰੂਡੋ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਕੈਨੇਡਾ ‘ਚ ਲਗਾਤਾਰ ਘਟ ਰਹੀ ਹੈ। ਓਪੀਨੀਅਨ ਪੋਲ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਕਰਾਰੀ ਹਾਰ ਦੀ ਭਵਿੱਖਬਾਣੀ ਕਰਦੇ ਹਨ। ਹੁਣ ਬੇਭਰੋਸਗੀ ਮਤੇ ਦਾ ਐਲਾਨ ਜਸਟਿਨ ਟਰੂਡੋ ਲਈ ਦੋਹਰੇ ਝਟਕੇ ਵਾਂਗ ਹੈ।

ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਕੋਲ ਬਸ ਕੁਝ ਹੀ ਵਿਕਲਪ ਬਚੇ ਹਨ:

ਟਰੂਡੋ ਦਾ ਪਹਿਲਾ ਵਿਕਲਪ ਅਸਤੀਫੇ ਦਾ ਹੈ। ਜੇਕਰ ਉਹ ਅਹੁਦਾ ਛੱਡ ਦਿੰਦੇ ਹਨ ਤਾਂ ਲਿਬਰਲ ਪਾਰਟੀ ਅੰਤਰਿਮ ਪ੍ਰਧਾਨ ਮੰਤਰੀ ਨੂੰ ਵਾਗਡੋਰ ਸੌਂਪ ਸਕਦੀ ਹੈ। ਇਸ ਤੋਂ ਬਾਅਦ ਪਾਰਟੀ ਆਗੂਆਂ ਦੀ ਮੀਟਿੰਗ ‘ਚ ਸਰਬਸੰਮਤੀ ਨਾਲ ਨਵੇਂ ਚਿਹਰੇ ਦੀ ਚੋਣ ਕੀਤੀ ਜਾ ਸਕਦੀ ਹੈ। ਕਿਉਂਕਿ ਟਰੂਡੋ ਦੀ ਅਗਵਾਈ ਹੇਠ ਚੋਣ ਲੜਨਾ ਪਾਰਟੀ ਲਈ ਮਾੜੇ ਨਤੀਜਿਆਂ ਵਾਲਾ ਫੈਸਲਾ ਸਾਬਤ ਹੋ ਸਕਦਾ ਹੈ। ਜਸਟਿਨ ਟਰੂਡੋ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਅਸਤੀਫਾ ਨਹੀਂ ਦੇਣਗੇ। ਅਜਿਹੀ ਸਥਿਤੀ ‘ਚ ਉਨ੍ਹਾਂ ਨੂੰ ਜਬਰਨ ਅਹੁਦੇ ਤੋਂ ਹਟਾਉਣ ਦਾ ਦੂਜਾ ਵਿਕਲਪ ਹੈ। ਹਾਲਾਂਕਿ, ਲਿਬਰਲ ਪਾਰਟੀ ‘ਚ ਟਰੂਡੋ ਨੂੰ ਹਟਾਉਣ ਲਈ ਕੋਈ ਅਧਿਕਾਰਤ ਨਿਯਮ-ਕਾਇਦੇ ਨਹੀਂ ਹਨ। ਪਰ ਉਨ੍ਹਾਂ ਦੇ ਕੈਬਨਿਟ ਮੈਂਬਰ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਹਿ ਸਕਦੇ ਹਨ।

ਇਨ੍ਹਾਂ ਦੋ ਵਿਕਲਪਾਂ ਤੋਂ ਇਲਾਵਾ ਤੀਜਾ ਵਿਕਲਪ ਸਰਕਾਰ ਡਿੱਗ ਜਾਣ ਦਾ ਹੈ। ਕੈਨੇਡਾ ਦੇ ਹਾਊਸ ਆਫ ਕਾਮਨਜ਼ ‘ਚ ਬਜਟ ਅਤੇ ਹੋਰ ਖਰਚਿਆਂ ਲਈ ਸਦਨ ਦਾ ਵਿਸ਼ਵਾਸ ਹਾਸਲ ਕਰਨਾ ਹੁੰਦਾ ਹੈ। ਅਜਿਹੇ ‘ਚ ਜੇਕਰ ਇੱਥੇ ਵੋਟਾਂ ਪਈਆਂ ਤਾਂ ਸਰਕਾਰ ਡਿੱਗ ਸਕਦੀ ਹੈ। ਕੈਨੇਡਾ ‘ਚ ਸੱਤਾ ਦੀ ਸੁਪਰੀਮ ਪਾਵਰ ਗਵਰਨਰ ਜਨਰਲ ਦੇ ਹੱਥਾਂ ‘ਚ ਹੁੰਦੀ ਹੈ। ਉਸਨੂੰ ਕਿੰਗ ਚਾਰਲਸ ਦਾ ਪ੍ਰਤੀਨਿਧੀ ਮੰਨਿਆ ਜਾਂਦਾ ਹੈ। ਗਵਰਨਰ ਜਨਰਲ ਮੈਰੀ ਸਿਮੌਨ ਵੀ ਟਰੂਡੋ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਸਕਦੀ ਹੈ। ਹਾਲਾਂਕਿ, ਜੇਕਰ ਟਰੂਡੋ ਸਦਨ ‘ਚ ਬਹੁਮਤ ਸਾਬਤ ਕਰਨ ‘ਚ ਕਾਮਯਾਬ ਹੋ ਜਾਂਦੇ ਹਨ, ਤਾਂ ਮੈਰੀ ਸਿਮੌਨ ਦੇ ਅਜਿਹਾ ਕਰਨ ਦੀ ਸੰਭਾਵਨਾ ਨਾ ਬਰਾਬਰ ਹੈ। ਜਸਟਿਨ ਟਰੂਡੋ ਦੀ ਸਰਕਾਰ ਪਹਿਲਾਂ ਹੀ ਘੱਟ ਗਿਣਤੀ ‘ਚ ਹੈ। ਇਸ ਤੋਂ ਪਹਿਲਾਂ ਇਸ ਨੂੰ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਨ ਹਾਸਲ ਸੀ। ਪਰ ਹੁਣ ਜੇਕਰ ਟਰੂਡੋ ਚਾਹੁਣ ਤਾਂ ਉਹ ਦੂਜੀਆਂ ਪਾਰਟੀਆਂ ਤੋਂ ਸਮਰਥਨ ਹਾਸਲ ਕਰ ਸਕਦੇ ਹਨ। ਕੈਨੇਡਾ ‘ਚ ਇਕ ਮਹੀਨੇ ਦੀਆਂ ਸਰਦੀਆਂ ਦੀ ਛੁੱਟੀ ਤੋਂ ਬਾਅਦ 27 ਜਨਵਰੀ ਨੂੰ ਸੰਸਦ ਦਾ ਸੈਸ਼ਨ ਸ਼ੁਰੂ ਹੋਵੇਗਾ।

ਲਿਬਰਲ ਪਾਰਟੀ ਦੇ 153 ਮੈਂਬਰ

ਕੈਨੇਡਾ ਦੇ ਹੇਠਲੇ ਸਦਨ ‘ਚ ਕੁੱਲ 338 ਮੈਂਬਰ ਹਨ। ਇਸ ਵਿਚ ਲਿਬਰਲ ਪਾਰਟੀ ਕੋਲ ਅੱਧੇ ਤੋਂ ਵੀ ਘੱਟ ਯਾਨੀ ਸਿਰਫ਼ 153 ਮੈਂਬਰ ਹਨ। ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕਰਨ ਵਾਲੀ ਐਨਡੀਪੀ ਦੇ 25 ਮੈਂਬਰ ਹਨ। ਹਾਲ ਹੀ ‘ਚ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟਰੂਡੋ ਦੀ ਆਪਣੀ ਪਾਰਟੀ ਦੇ 60 ਮੈਂਬਰ ਉਨ੍ਹਾਂ ਦੇ ਖਿਲਾਫ ਖੜ੍ਹੇ ਹੋ ਗਏ ਹਨ। ਅਜਿਹੇ ‘ਚ ਘੱਟ ਗਿਣਤੀ ਟਰੂਡੋ ਸਰਕਾਰ ਲਈ ਸੰਸਦ ਦਾ ਸੈਸ਼ਨ ਕਾਫੀ ਮੁਸ਼ਕਿਲ ਹੋ ਸਕਦਾ ਹੈ।

ਜਿਨ੍ਹਾਂ ਲਈ ਲੜੇ, ਉਨ੍ਹਾਂ ਤੋਂ ਹੀ ਮਿਲਿਆ ਧੋਖਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਖ-ਵੱਖ ਮੌਕਿਆਂ ‘ਤੇ ਭਾਰਤ ਖਿਲਾਫ ਜ਼ਹਿਰ ਉਗਲਦੇ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੈਨੇਡਾ ‘ਚ ਉਨ੍ਹਾਂ ਦੀ ਸਰਕਾਰ ਨੂੰ ਖਾਲਿਸਤਾਨ ਪੱਖੀ ਆਗੂਆਂ ਦਾ ਸਮਰਥਨ ਹਾਸਲ ਸੀ। ਜਿਹੜੇ ਖਾਲਿਸਤਾਨ ਸਮਰਥਕਾਂ ਲਈ ਟਰੂਡੋ ਦਿਨ-ਰਾਤ ਭਾਰਤ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ, ਹੁਣ ਉਨ੍ਹਾਂ ਵਿਚੋਂ ਇਕ ਜਗਮੀਤ ਸਿੰਘ ਦੀ ਪਾਰਟੀ ਬੇਭਰੋਸਗੀ ਮਤਾ ਲਿਆਉਣ ਵਾਲੀ ਹੈ। ਕੈਨੇਡਾ ਨੇ ਭਾਰਤ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਪਰ ਭਾਰਤ ਸਰਕਾਰ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੈਨੇਡਾ ਨੇ ਆਪਣੇ ਦੋਸ਼ਾਂ ਦੇ ਸਮਰਥਨ ‘ਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਇਕ ਸਵਾਲ ਦੇ ਲਿਖਤੀ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਸੀ ਕਿ ਅਜਿਹੇ ਨੈਰੇਟਿਵ ਦੁਵੱਲੇ ਸਬੰਧਾਂ ਲਈ ਨੁਕਸਾਨਦੇਹ ਹੋ ਸਕਦੇ ਹਨ।

ਸਾਂਝਾ ਕਰੋ

ਪੜ੍ਹੋ