
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ’ਚ ਆਪਣੇ ਈਦ ਦੇ ਭਾਸ਼ਣ ਮੌਕੇ ਏਕੇ ਤੇ ਤਰੱਕੀ ਦਾ ਸੁਨੇਹਾ ਦਿੰਦਿਆਂ ਬਾਕੀ ਰਾਜਾਂ ’ਚ ਉਪਜ ਰਹੇ ਫ਼ਿਰਕੂ ਤਣਾਅ ਨਾਲੋਂ ਵੱਖਰੀ ਉਦਾਹਰਨ ਪੇਸ਼ ਕੀਤੀ ਹੈ। ਸ਼ਹਿਰ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਖ਼ਾਨ ਨੂੰ ਉਨ੍ਹਾਂ ਦੇ ਨਿਆਂਪੂਰਨ ਰੁਖ਼ ਲਈ ਅਸੀਸ ਦਿੱਤੀ ਸੀ, ਮਾਨ ਨੇ ਸਦਭਾਵਨਾ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਮੁਜ਼ਾਹਰਾ ਕੀਤਾ। ਮੁੱਖ ਮੰਤਰੀ ਦਾ ਐਲਾਨ ਕਿ “ਪੰਜਾਬ ਵਿੱਚ ਨਫ਼ਰਤ ਦੇ ਬੀਜ ਨਹੀਂ ਪੁੰਗਰਨ ਦਿੱਤੇ ਜਾਣਗੇ”, ਉਸ ਵੰਡਪਾਊ ਰਾਜਨੀਤੀ ਦਾ ਸਪੱਸ਼ਟ ਖੰਡਨ ਸੀ ਜਿਸ ਨੇ ਅਤੀਤ ’ਚ ਸੂਬੇ ਦੇ ਅਮਨ ਚੈਨ ਨੂੰ ਖ਼ਰਾਬ ਕੀਤਾ।
ਇੱਕ ਪਾਸੇ ਪੰਜਾਬ ਸ਼ਾਂਤੀ ਨੂੰ ਹੁਲਾਰਾ ਦੇਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਗੁਆਂਢੀ ਰਾਜ ਹਰਿਆਣਾ ਨੇ ਈਦ ਨੂੰ ਸੀਮਤ ਛੁੱਟੀ ਦਾ ਦਰਜਾ ਦੇ ਕੇ ਖ਼ੁਦ ਨੂੰ ਨਵੇਂ ਵਿਵਾਦ ਵਿੱਚ ਉਲਝਾ ਲਿਆ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੂਰੀ ਗਜ਼ਟਿਡ ਛੁੱਟੀ ਦੇਣ ਤੋਂ ਪਹਿਲਾਂ ਕੀਤੇ ਇਨਕਾਰ ਦੀ ਆਲੋਚਨਾ ਹੋਈ ਤਾਂ ਬਿਲਕੁਲ ਆਖ਼ਿਰੀ ਮੌਕੇ ਇਸ ਫ਼ੈਸਲੇ ਨੂੰ ਪਲਟ ਦਿੱਤਾ ਗਿਆ। ਕਾਂਗਰਸੀ ਆਗੂਆਂ ਵੱਲੋਂ ਪਾਏ ਸਿਆਸੀ ਰੌਲੇ-ਰੱਪੇ ਕਾਰਨ ਇੱਕ ਵਾਰ ਫਿਰ ਦਿਸਿਆ ਕਿ ਕਿਵੇਂ ਧਾਰਮਿਕ ਤਿਉਹਾਰਾਂ ’ਤੇ ਅਕਸਰ ਪੱਖਪਾਤੀ ਦਾਅ ਖੇਡੇ ਜਾਂਦੇ ਹਨ।
ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸੜਕਾਂ ’ਤੇ ਨਮਾਜ਼ ਅਦਾ ਕਰਨ ’ਤੇ ਲੱਗੀਆਂ ਰੋਕਾਂ ਨੇ ਤਣਾਅ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਯੋਗੀ ਆਦਿੱਤਿਆਨਾਥ ਸਰਕਾਰ ਦੇ ਹੁਕਮ ਤੋਂ ਬਾਅਦ ਰੋਸ ਮੁਜ਼ਾਹਰੇ ਹੋਏ ਤੇ ਇੱਕ ਫ਼ਿਰਕੇ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਉਣ ਦੇ ਦੋਸ਼ ਲੱਗੇ। ਸੱਤਾਧਾਰੀ ਭਾਜਪਾ ਇਸ ਤਰ੍ਹਾਂ ਦੀਆਂ ਰੋਕਾਂ ਨੂੰ ਕਾਨੂੰਨ ਵਿਵਸਥਾ ਸੁਚਾਰੂ ਰੱਖਣ ਲਈ ਚੁੱਕੇ ਕਦਮ ਦੱਸਦੀ ਹੈ ਜਿਸ ਦਾ ਸਮਾਜਵਾਦੀ ਪਾਰਟੀ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਅਖਿਲੇਸ਼ ਯਾਦਵ ਨੇ ਇਸ ਨੂੰ ‘ਅਣਐਲਾਨੀ ਐਮਰਜੈਂਸੀ’ ਗਰਦਾਨਿਆ ਹਾਲਾਂਕਿ ਉੱਤਰ ਪ੍ਰਦੇਸ਼ ਵਿੱਚ ਵਾਪਰੀ ਇਹ ਕੋਈ ਅਲੋਕਾਰੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਤਿਉਹਾਰਾਂ ਮੌਕੇ ਫ਼ਿਰਕੂ ਤਣਾਅ ਭੜਕਦਾ ਰਿਹਾ ਹੈ। ਧਾਰਮਿਕ ਥਾਵਾਂ ਦੀ ਸ਼ਨਾਖ਼ਤ ’ਤੇ ਸੂਬੇ ਵਿੱਚ ਪਹਿਲਾਂ ਹੀ ਸਿਆਸਤ ਭਖੀ ਹੋਈ ਹੈ ਅਤੇ ਟਕਰਾਅ ਮੌਤਾਂ ਦਾ ਕਾਰਨ ਵੀ ਬਣਿਆ ਹੈ।