
ਨਵੀਂ ਦਿੱਲੀ, 21 ਦਸੰਬਰ – ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਲਾਈਫ਼ ਸਟਾਈਲ ਬ੍ਰਾਂਡ ਸੈਂਟੋਰਸ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਰੌਬਿਨ ਉਥੱਪਾ ਦੇ ਖ਼ਿਲਾਫ਼ ਕਥਿਤ ਈਪੀਐਫ਼ਓ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਕੰਪਨੀ ਕਥਿਤ ਤੌਰ ਉਤੇ ਕਰਮਚਾਰੀਆਂ ਦੀ ਤਨਖ਼ਾਹ ਵਿਚੋਂ ਕੱਟੇ ਗਏ 23 ਲੱਖ ਰੁਪਏ ਉਨ੍ਹਾਂ ਦੇ ਪੀਐਫ਼ ਅਕਾਊਂਟ ਵਿਚ ਜਮ੍ਹਾਂ ਕਰਨ ਵਿਚ ਅਸਫ਼ਲ ਰਹੀ ਹੈ। ਫ਼ਿਲਹਾਲ ਇਸ ਮਾਮਲੇ ਨੂੰ ਲੈ ਕੇ ਉਥੱਪਾ ਦਾ ਕੋਈ ਬਿਆਨ ਨਹੀਂ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਥੱਪਾ ਖ਼ਿਲਾਫ਼ ਇਹ ਮਾਮਲਾ 4 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਉਥੱਪਾ ਭਾਰਤੀ ਟੀਮ ਦੇ ਇੱਕ ਮਹੱਤਵਪੂਰਨ ਮੈਂਬਰ ਰਹੇ ਹਨ ਅਤੇ 2022 ਵਿਚ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਲੈ ਲਿਆ ਸੀ। ਉਥੱਪਾ ਨੇ ਭਾਰਤ ਲਈ 46 ਵਨਡੇ ਅਤੇ 13 ਟੀ-20 ਮੈਚ ਖੇਡੇ ਹਨ। ਉਥੱਪਾ 2007 ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ। ਇਸ ਤੋਂ ਇਲਾਵਾ ਉਥੱਪਾ ਆਈਪੀਐਲ ਟੀਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ।