ਵਾਤਾਵਰਣ ਦੇ ਵਿਨਾਸ਼ ਤੋਂ ਪੈਦਾ ਹੋਇਆ ਅਖੌਤੀ ਵਿਕਾਸ/ਗੁਰਚਰਨ ਸਿੰਘ ਨੂਰਪੁਰ

ਇੱਕ ਵਿਅਕਤੀ ਨੇ ਦੂਰ ਦੁਰਾਡੇ ਜੰਗਲੀ ਤੇ ਮਾਰੂਥਲੀ ਸਫਰ ਦੀ ਯਾਤਰਾ ‘ਤੇ ਜਾਣਾ ਸੀ। ਉਹ ਸਫਰ ਲਈ ਲੋੜੀਂਦਾ ਸਾਰਾ ਸਮਾਨ ਇਕੱਠਾ ਕਰ ਰਿਹਾ ਸੀ। ਉਸ ਸੋਚਿਆ ਕਿ ਸਫਰ ਦੌਰਾਨ ਇਹ ਨਾ ਹੋਵੇ ਕਿ ਉਹ ਕਿਤੇ ਰਸਤੇ ਵਿੱਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇੱਕ ਕੰਪਾਸ ਹੋਵੇ। ਉਹ ਇੱਕ ਦੁਕਾਨਦਾਰ ਤੋਂ ਕੰਪਾਸ ਖਰੀਦਣ ਗਿਆ। ਉਹਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲਿ੍ਹਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ “ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿੱਚ ਇਹ ਸ਼ੀਸ਼ਾ ਕਿਸ ਵਾਸਤੇ ਹੈ?” ਦੁਕਾਨਦਾਰ ਨੇ ਜਵਾਬ ਦਿੱਤਾ, “ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।

ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ ਚੋਂ ਗੁਜਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਹਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ। ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਮੁਸ਼ਕਲ ਸਮੱਸਿਆ ਵਿੱਚ ਘਿਰ ਰਹੀ ਹੈ। ਵਿਗਿਆਨ ਕਿਸੇ ਇੱਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਇਹਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਬਲਕਿ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿੱਚ ਵਿਗਿਆਨ ਨਹੀਂ। ਸਾਡੀ ਸੋਚ ਵਿਚਾਰ ਕਰਨ ਦੀ ਆਦਤ ਵਿੱਚ ਵਿਗਿਆਨ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖਤਿਆਰ ਕਰਦੀਆਂ ਰਹਿਣਗੀਆਂ।

ਜੀਵਨ ਵਿੱਚ ਸ਼ੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਇਹ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ ਜਿਉਂਦੇ ਰਹਿਣ ਲਈ ਜੀਵਨ ਵਿੱਚ ਸ਼ੰਘਰਸ਼ ਹੈ ਇਸ ਸ਼ੰਘਰਸ਼ ਵਿੱਚ ਜੋ ਜੀਵ ਜਾਤੀਆਂ ਜੇਤੂ ਹੁੰਦੀਆਂ ਹਨ ਕੁਦਰਤ ਉਹਨਾਂ ਨੂੰ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਉਂਦੇ ਰਹਿਣ ਲਈ ਸ਼ੰਘਰਸ਼ ਬਿਲਕੁਲ ਗੈਰਵਿਗਿਆਨਕ ਹੈ। ਦੁਨੀਆਂ ਦੀ ਵੱਡੀ ਆਬਾਦੀ ਜੀਵਨ ਦੀਆਂ ਜਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀਆਂ ਗਿਣਤੀ ਲੋਕ ਕਈ ਤਰਾਂ੍ਹ ਦੀਆਂ ਮੁਸ਼ਕਲਾਂ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਠੀਕ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿੱਚ ਇਹ ਸੰਕਟ ਹੋਰ ਗਹਿਰਾ ਹੋਣ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਗਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ।

ਦੁਨੀਆਂ ਦਾ ਇੱਕ ਵੱਡਾ ਹਿੱਸਾ ਵੱਖ ਵੱਖ ਤਰਾਂ੍ਹ ਦੀਆਂ ਸਰੀਕਰ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬਚਪਨ ਵਿੱਚ ਹੀ ਬੱਚੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆਂ ਭਰ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਬੱਚੇ ਨਸ਼ਿਆਂ ਦੇ ਨਰਕ ਵਿੱਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆਂ ਦਾ ਕਿਸੇ ਨਾ ਕਿਸੇ ਖਿੱਤੇ ਵਿੱਚ ਜੰਗ ਯੁੱਧ ਚਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਹਜਾਰ ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਗਿਣਤੀ ਵਿੱਚ ਯੁੱਧ ਲੜੇ। ਅਖੌਤੀ ਸਭਿਅਕ ਮਨੁੱਖ ਅੱਜ ਅਜਿਹੇ ਜੰਗੀ ਸਾਜੋ ਸਮਾਨ ਦਾ ਮਾਲਕ ਹੈ ਜਿਸ ਨਾਲ ਕੁਝ ਹੀ ਮਿੰਟਾਂ ਵਿੱਚ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਜਾਵੇਗਾ ਤੇ ਮੁੜ ਹਜਾਰਾਂ ਸਾਲਾਂ ਤੱਕ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ।

ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜੋ ਸਮਾਨ ‘ਤੇ ਅਰਬਾਂ ਰੁਪਏ ਖਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿੱਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ ਪਰ ਘਰ ਦਾ ਮਾਲਕ ਬੰਦੂਕਾਂ ਖਰੀਦਦਾ ਫਿਰੇ ਇਹ ਕਿੱਥੋਂ ਦੀ ਸਿਆਣਪ ਹੈ? ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗਾ ਬਣਾਉ ਦਾ ਵਿਕਾਸ ਸੀ। ਜੀਵਨ ਨੂੰ ਚੰਗਾ ਬਣਾਉਣ ਦੀ ਯਾਤਰਾ ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ ਖੋਜਦਾ ਆਪ ਗਵਾਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ ਪਰ ਅਫਸੋਸ ਇਸ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਜਾਂਦਾ। ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡਾ ਸੰਕਟਾਂ ਦੇ ਰਚਨਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿੱਚ ਹਾਂ ਜਿਵੇਂ ਪੁਰਾਣੇ ਸਮੇਂ ਵਿੱਚ ਜੇਕਰ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਹੀਂ ਹੁੰਦਾ ਸੀ ਤਾਂ ਉਹ ਇੱਕ ਪੱਕੀ ਪੱਟੀ ਇਸ ਤੇ ਬੰਨ ਲੈਂਦਾ ਸੀ।

ਫੋੜੇ ਨੂੰ ਆਤਮਸਾਤ ਕਰ ਲੈਂਦਾ ਸੀ। ਸਮਝ ਲੈਂਦਾ ਸੀ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਦੁਆਰਾ ਸਿਰਜਤ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿੱਚ ਰਹਿਣ ਦੇ ਅਸੀਂ ਹੁਣ ਆਦੀ ਬਣਾ ਦਿੱਤੇ ਗਏ ਹਾਂ। ਆਓ ਥੋੜੀ ਜਿਹੀ ਗੱਲ ਆਪਣੇ ਘਰ ਦੀ ਪੰਜਾਬ ਦੀ ਕਰੀਏ, ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵੱਸੋਂ ਦਾ ਇੱਕ ਵੱਡਾ ਹਿੱਸਾ ਨਹਿਰਾਂ ਦਾ ਅਤਿ ਜਹਿਰੀਲਾ ਪਾਣੀ ਪੀਣ ਨਾਲ ਵੱਡੀ ਪੱਧਰ ਦੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਲੋਕਾਂ ਦੀਆਂ ਜਮੀਨਾਂ ਘਰ ਬਿਮਾਰੀਆਂ ਦੇ ਖਰਚੇ ਕਰਕੇ ਵਿਕ ਰਹੇ ਹਨ। ਮਾਸੂਮ ਬੱਚੇ ਵੀ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਰਹੇ। ਮਾਲਵੇ ਦੇ ਕਈ ਪਿੰਡ ਹਨ ਜਿੱਥੇ ਸਾਲ ਹਰ ਪਿੰਡ ਵਿੱਚ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਹਨ ਜੋ ਇਸ ਸੰਤਾਪ ਨੂੰ ਭੋਗ ਰਹੇ ਹਨ ਬਹੁਤ ਥੋੜੇ ਮੁੱਠੀ ਭਰ ਲੋਕ ਹਨ ਜੋ ਇਸ ਸਭ ਕੁਝ ਦੇ ਖਿਲਾਫ ਬੋਲਦੇ ਹਨ।

ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝਦੇ ਲੋਕ ਜਿਹਨਾਂ ਦੇ ਮਾਸੂਮ ਬੱਚੇ ਵੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ। ਜਮੀਨਾਂ ਜਾਇਦਾਦਾਂ ਇਲਾਜ ਲਈ ਵਿਕ ਰਹੀਆਂ ਹਨ। ਵੱਡੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਇਹ ਵਰਤਾਰਾ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਇਹ ਅਖੌਤੀ ਵਿਕਾਸ ਹੈ ਜੋ ਲੋਕਾਂ ਦੇ ਕਤਲ ਦਾ ਜ਼ਰੀਆ ਬਣ ਰਿਹਾ ਹੈ? ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਇਸ ਦਾ ਫੈਸਲਾ ਕਰੀਏ। ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਇਹ ਤੁਹਾਡਾ ਅਖੌਤੀ ਵਿਕਾਸ ਹਜਾਰਾਂ ਲੋਕਾਂ ਦੇ ਕਤਲ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਵਿਕਾਸ ਸਾਨੂੰ ਹਰਗਿਜ ਮਨਜੂਰ ਨਹੀਂ। ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ ‘ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗਾਮ ਦਿੱਤਾ। ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੇ ਅੱਖੀਂ ਵੇਖ ਰਹੇ ਹਾਂ। ਜਿਵੇਂ ਸਮੁੰਦਰ ਪਾਣੀ, ਬੱਦਲਾਂ, ਪਹਾੜਾਂ ਵਿੱਚ ਜੰਮਦੀ ਬਰਫ, ਬਰਸਦੇ ਬੱਦਲ ਅਤੇ ਨਦੀਆਂ ਦਾ ਇੱਕ ਜਲ ਚੱਕਰ ਹੈ ਕੁਦਰਤ ਨੂੰ ਜਾਨਣ ਸਮਝਣ ਵਾਲੇ ਜਾਣਦੇ ਹਨ ਧਰਤੀ ਉਪਰਲੇ ਜੀਵਨ ਦਾ ਵੀ ਇਸੇ ਤਰ੍ਹਾਂ ਜੀਵਨ ਚੱਕਰ ਹੈ। ਜੀਵਨ ਦੀਆਂ ਕੜੀਆਂ ਇੱਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ।

ਜਦੋਂ ਇਸ ਧਰਤੀ ਤੇ ਕੋਈ ਜੀਵ ਜਾਤੀ ਦਾ ਖਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੁੰਦਾ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖਾਤਮਾ ਹੋ ਗਿਆ ਹੈ। ਜੀਵਨ ਦੇ ਕਾਤਲ ਅਖੌਤੀ ਵਿਕਾਸ ਨੇ ਜਿੱਥੇ ਫਸਲਾਂ ਦੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ ਉੱਥੇ ਇਸ ਨਾਲ ਧਰਤੀ ‘ਤੇ ਵੱਡੀ ਗਿਣਤੀ ਵਿੱਚ ਜਲ ਥਲੀ ਜੀਵ ਸਨ ਜਿਹਨਾਂ ਦੀਆਂ ਨਸਲਾਂ ਦਾ ਅਸੀਂ ਖਾਤਮਾ ਕਰ ਦਿੱਤਾ। ਪਿਛਲੇ ਕੁਝ ਦਹਾਕਿਆਂ ਵਿੱਚ ਕਈ ਤਰਾਂ੍ਹ ਦੀਆਂ ਚਿੜੀਆਂ, ਮੋਰ, ਪਪੀਹਾ, ਕੰਠਫੋੜਾ, ਚੁਗਲ, ਗਰੁੜ, ਹਰਿਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਜਾਂ, ਚਿੱਟੀ ਇੱਲ, ਬਾਜਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਕਈ ਪੰਛੀ ਹਨ ਜਿਹਨਾਂ ਦਾ ਨਸਲਾਂ ਪੰਜਾਬ ਦੀ ਧਰਤੀ ਤੋਂ ਲਗਾਤਾਰ ਅਲੋਪ ਹੋ ਰਹੀਆਂ ਹਨ।

ਕਲਕਲ ਵਗਦੇ ਜਿਹੜੇ ਦਰਿਆਵਾਂ ਵਿੱਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬਖਤਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ ਹੁਣ ਦਰਿਆ ਵਿਰਾਨ ਹੋ ਗਏ ਹਨ। ਪਿਛਲੇ ਦਿਨ ਹਰੀਕੇ ਨੇੜੇ ਸਤਿਲੁਜ ਦਰਿਆ ਦੇ ਕੰਢੇ ਤੇ ਜਾਣ ਦਾ ਮੌਕਾ ਮਿਲਿਆ ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ ‘ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ ਉਹਨਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਹਨਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ ਪਾਸ ਬਸੇਰਾ ਰੱਖਣ ਵਾਲੇ ਅਨੇਕਾਂ ਜੀਵ ਜਾਤੀਆਂ ਦੇ ਕਤਲ ਕਰਕੇ ਅਸੀਂ ਅਖੌਤੀ ਵਿਕਾਸ ਦੀ ਸਿਰਜਣ ਕੀਤੀ ਹੈ। ਸਾਡੀ ਹਾਲਤ ਬੜੀ ਅਜੀਬੋ ਗਰੀਬ ਬਣ ਗਈ ਹੈ:
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜ ਕਲ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆਂ ਭਰ ਵਿੱਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆਂ ਵਿੱਚ ਹੀ ਵਾਤਾਵਰਣ ਦਾ ਮੁੱਦਾ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਜਿਵੇਂ ਪਿਛਲੇ ਕੁਝ ਸਾਲਾਂ ਵਿੱਚ ਬੇਲਿਹਾਜ ਕੇ ਕਤਲੇਆਮ ਕੀਤਾ ਉਸ ਤੋਂ ਲਗਦਾ ਹੈ ਕਿ ਅਸੀਂ ਜਿਵੇਂ ਆਪਣੀ ਅਕਲ ਦੇ ਬੂਹੇ ਬੰਦ ਕਰ ਲਏ ਹਨ। ਧਰਤੀ ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿੱਚ ਏਸੀਆਂ ਫਰਿਜਾਂ ਕੋਲਡ ਡਰਿੰਕਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿੱਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਨੂੰ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ।

ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿੱਚ ਨਿਕਲਦਾ ਹੈ ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਡੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਨ ਅੱਜ ਦਾ ਮਨੁੱਖ ਜਿਸ ਟਾਹਣ ‘ਤੇ ਮਨੁੱਖ ਬੈਠਾ ਉਸ ਨੂੰ ਵੱਡਣ ਲੱਗਾ ਹੋਇਆ ਹੈ। ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਇਹ ਗੈਰਕੁਦਰਤੀ ਅਤੇ ਗੈਰਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇਸ ਸ਼ਾਇਰ ਲਿਖਦਾ ਹੈ ਵਿਕਾਸ ਦੇ ਦੌਰ ਕੇ ਆਲਮ ਹੀ ਨਿਰਾਲੇ ਹੈ, ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈ। ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇੱਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ ਵਾਤਾਵਰਣ ਦੇ ਸੰਕਟ ਨੂੰ ਜਾਣੀਏ ਸਮਝੀਏ ਅਤੇ ਇਸ ਖਿਲਾਫ ਆਵਾਜ਼ ਬੁਲੰਦ ਕਰੀਏ।

ਗੁਰਚਰਨ ਸਿੰਘ ਨੂਰਪੁਰ

ਜੀਰਾ

ਮੋ: 98555051099

ਸਾਂਝਾ ਕਰੋ

ਪੜ੍ਹੋ