ਘਾਲਾ-ਮਾਲਾ

ਮਹਾਰਾਸ਼ਟਰ ਅਸੰਬਲੀ ਚੋਣਾਂ ਦੇ ਵੋਟਰ ਡੈਟੇ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਪਾਈਆਂ ਗਈਆਂ ਵੋਟਾਂ ਤੇ ਗਿਣੀਆਂ ਗਈਆਂ ਵੋਟਾਂ ਵਿਚਾਲੇ ਕਾਫੀ ਫਰਕ ਹੈ। ਭਾਰਤੀ ਚੋਣ ਕਮਿਸ਼ਨ ਮੁਤਾਬਕ ਕੁਲ 64,088,195 ਵੋਟਾਂ ਸਨ ਤੇ 66.05 ਫੀਸਦੀ (30,649,318 ਮਹਿਲਾ, 33,437,057 ਮਰਦ ਤੇ 1828 ਹੋਰ) ਪਈਆਂ। ਹਾਲਾਂਕਿ ਗਿਣੀਆਂ ਗਈਆਂ ਵੋਟਾਂ ਦਾ ਜੋੜ 64.592.508 ਹੈ, ਜੋ ਕੁਲ ਪਈਆਂ ਵੋਟਾਂ ਨਾਲੋਂ 504.313 ਵੱਧ ਹੈ। ਇਹ ਫਰਕ ਸੂਬੇ ਵਿੱਚ ਗਿਣੀਆਂ ਗਈਆਂ ਵਾਧੂ ਵੋਟਾਂ ਨੂੰ ਦਰਸਾਉਦਾ ਹੈ। ਅੱਠ ਅਸੰਬਲੀ ਹਲਕਿਆਂ ਵਿੱਚ ਗਿਣੀਆਂ ਗਈਆਂ ਵੋਟਾਂ ਦੀ ਗਿਣਤੀ ਪਈਆਂ ਵੋਟਾਂ ਨਾਲੋਂ ਘੱਟ ਸੀ, ਬਾਕੀ 280 ਹਲਕਿਆਂ ਵਿੱਚ ਗਿਣੀਆਂ ਗਈਆਂ ਵੋਟਾਂ ਪਈਆਂ ਵੋਟਾਂ ਨਾਲੋਂ ਵੱਧ ਸਨ। ਸਭ ਤੋਂ ਵੱਡੀ ਤਰੁਟੀ ਅਸ਼ਟੀ ਹਲਕੇ ਵਿੱਚ ਦੇਖੀ ਗਈ, ਜਿੱਥੇ ਪਈਆਂ ਵੋਟਾਂ ਨਾਲੋਂ 4538 ਵੋਟਾਂ ਵੱਧ ਗਿਣੀਆਂ ਗਈਆਂ। ਉਸਮਾਨਾਬਾਦ ਹਲਕੇ ਵਿੱਚ ਇਹ ਫਰਕ 4155 ਵੋਟਾਂ ਦਾ ਰਿਹਾ।

ਮਾਵਲ ਹਲਕੇ ਵਿੱਚ ਕੁਲ 3, 86,172 ਵੋਟਾਂ ਸਨ ਤੇ ਪੋਲਿੰਗ 72.59 ਫੀਸਦੀ ਹੋਈ। ਇਸ ਦਾ ਮਤਲਬ ਹੈ ਕਿ 2,80,319 ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਤ ਕੁਲ ਵੋਟਾਂ ਦੀ ਗਿਣਤੀ 2.79.081 ਸੀ, ਜੋ ਪਈਆਂ ਵੋਟਾਂ ਨਾਲੋਂ 1238 ਘੱਟ ਹਨ। ਇਹ ਗੜਬੜੀਆਂ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੇ ਡੈਟੇ ਤੇ ਫਾਰਮ 17-ਸੀ ਦੇ ਸੰਬੰਧ ਵਿੱਚ ਉਠਾਈ ਚਿੰਤਾ ਦੀ ਯਾਦ ਦਿਵਾਉਦੀਆਂ ਹਨ। ਦਰਅਸਲ ਫਾਰਮ 17-ਸੀ ਹਰ ਪੋਲਿੰਗ ਕੇਂਦਰ ’ਤੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਨੂੰ ਰਿਕਾਰਡ ਕਰਦਾ ਹੈ। ਉਸ ਸਮੇਂ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਨੇ ਸ਼ੁਰੂਆਤੀ ਤੇ ਅੰਤਮ ਵੋਟਿੰਗ ਅੰਕੜਿਆਂ ਵਿਚਾਲੇ 5-6 ਫੀਸਦੀ ਫਰਕ ਦਾ ਹਵਾਲਾ ਦਿੰਦਿਆਂ ਹਰ ਵੋਟਿੰਗ ਪੜਾਅ ਦੇ 48 ਘੰਟਿਆਂ ਦੇ ਵਿੱਚ-ਵਿੱਚ ਕੇਂਦਰ-ਵਾਰ ਵੋਟਿੰਗ ਡੈਟਾ ਜਾਰੀ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੀਆਂ ਇਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰੱਦ ਕਰ ਦਿੱਤੀ ਕਿ ਇਸ ਤਰ੍ਹਾਂ ਦੇ ਖੁਲਾਸੇ ਨਾਲ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਤੇ ਡੈਟੇ ਦੀ ਦੁਰਵਰਤੋਂ ਹੋ ਸਕਦੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਫਾਰਮ 17-ਸੀ ਡੈਟਾ ਉਮੀਦਵਾਰਾਂ ਦੇ ਏਜੰਟਾਂ ਨੂੰ ਦਿੱਤਾ ਜਾਂਦਾ ਹੈ, ਪਰ ਇਹ ਜਨਤਕ ਪ੍ਰਸਾਰ ਲਈ ਨਹੀਂ। ਉਜ 10 ਸਾਲ ਪਹਿਲਾਂ ਫਾਰਮ 17-ਸੀ ਦਾ ਡੈਟਾ ਜਨਤਕ ਕੀਤਾ ਜਾਂਦਾ ਸੀ। ਇਸ ’ਤੇ ਕੋਈ ਰੋਕ ਨਹੀਂ ਸੀ। ਚੋਣ ਕਮਿਸ਼ਨ ਆਪਣੇ ਪਿਛਲੇ ਰਿਕਾਰਡ ਨੂੰ ਦੇਖਣ ਲਈ ਤਿਆਰ ਨਹੀਂ। ਮਹਾਰਾਸ਼ਟਰ ਅਸੰਬਲੀ ਚੋਣ ਨੇ ਚੋਣ ਪ੍ਰਕਿਰਿਆ ਵਿੱਚ ਡੈਟੇ ਦੀ ਪਾਰਦਰਸ਼ਤਾ ਦਾ ਸਵਾਲ ਨਵੇਂ ਸਿਰਿਓਂ ਉਠਾ ਦਿੱਤਾ ਹੈ। ਫਾਰਮ 17-ਸੀ ਰਾਹੀਂ ਨਾ ਮਿਲਣ ਵਾਲੇ ਡੈਟੇ ਤੇ ਉਸ ਦੀ ਤਸਦੀਕ ਦੀ ਘਾਟ ਨਾਲ ਸਾਰੀ ਪ੍ਰਕਿਰਿਆ ਚੁਣੌਤੀਪੂਰਨ ਬਣ ਗਈ ਹੈ। ਇਸ ਦੇ ਇਲਾਵਾ ਤਰੁਟੀਆਂ ਚੋਣ ਨਤੀਜਿਆਂ ’ਤੇ ਸੰਭਾਵਤ ਪ੍ਰਭਾਵ ਬਾਰੇ ਸਵਾਲ ਉਠਾਉਦੀਆਂ ਹਨ, ਖਾਸਕਰ ਜਿੱਥੇ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਹਾਰ-ਜਿੱਤ ਹੋਈ ਹੈ। ਹਾਲਾਂਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ ਪਰਚੀਆਂ ਦੇ ਅਪ੍ਰੇਸ਼ਨ ਦੌਰਾਨ ਕਲਰਕ ਦੀਆਂ ਗਲਤੀਆਂ, ਡੈਟਾ ਐਂਟਰੀ ਜਾਂ ਤਕਨੀਕੀ ਖਰਾਬੀ ਸਣੇ ਵੱਖ-ਵੱਖ ਕਾਰਨਾਂ ਕਰਕੇ ਤਰੁਟੀਆਂ ਰਹਿ ਸਕਦੀਆਂ ਹਨ, ਪਰ ਪਾਰਦਰਸ਼ਤਾ ਲਈ ਮਜ਼ਬੂਤ ਆਡੀਟਿੰਗ ਕਿਉ ਨਹੀਂ ਕਰਾਈ ਜਾਂਦੀ। ਦੁਨੀਆ ਦੇ ‘ਸਭ ਤੋਂ ਵਧੀਆ ਵੋਟਿੰਗ ਸਿਸਟਮ’ ਪ੍ਰਤੀ ਸ਼ੰਕਿਆਂ ਨੂੰ ਦੂਰ ਨਾ ਕਰਕੇ ਲੋਕਤੰਤਰ ਨਾਲ ਖਿਲਵਾੜ ਕਿਉ ਕੀਤਾ ਜਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਬਾਲ ਵਿਆਹ ਕਾਨੂੰਨੀ ਅਪਰਾਧ ਹੈ – ਸਿਵਿਲ

*ਸਮੇਂ ਸਮੇਂ ਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ – ਡੀ...