ਨਸਲਵਾਦੀ, ਵੱਖਵਾਦੀ, ਅਪਮਾਨਜਨਕ, ਔਰਤ ਵਿਰੋਧੀ ਬੋਲਾਂ-ਕਬੋਲਾਂ ਦੀ, ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ ਵਿੱਚ, ਵੱਡੀ ਗਿਣਤੀ ਅਮਰੀਕਨਾਂ ਨੇ ਪ੍ਰਵਾਹ ਨਹੀਂ ਕੀਤੀ। ਕੁਬੋਲ ਬੋਲਣ ਵਾਲੇ ਭਾਰਤੀ ਨੇਤਾ ਨਰੇਂਦਰ ਮੋਦੀ ਵਰਗੇ, ਡੋਨਲਡ ਟਰੰਪ ਨੂੰ ਦੇਸ਼ ਦੀਆਂ ਚੋਣਾਂ ‘ਚ ਵੱਡੀ ਜਿੱਤ ਦੁਆ ਦਿੱਤੀ।
ਰਿਪਬਲਿਕ ਪਾਰਟੀ ਦੇ ਸ਼ਕਤੀਸ਼ਾਲੀ ਨੇਤਾ ਟਰੰਪ ਨੇ, ਡੈਮੋਕਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੂੰ 226 ਇਲੈਕਟੋਰਲ ਵੋਟਾਂ ਦੇ ਮੁਕਾਬਲੇ 295 ਇਲੈਕਟੋਰਲ ਵੋਟਾਂ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਹੈ। ਅਮਰੀਕਨ ਪਿਛਲੇ ਸਮੇਂ ਤੋਂ ਦੇਸ਼ ਦੀ ਮੁਦਰਾ ਸਫ਼ੀਤੀ, ਪ੍ਰਵਾਸ ਅਤੇ ਵੱਧ ਰਹੇ ਅਪਰਾਧ ਵਰਗੇ ਮੁੱਦਿਆਂ ਨੂੰ ਲੈ ਕੇ ਬਹੁਤ ਚਿੰਤਤ ਸਨ। ਚੋਣ ਜਿੱਤਣ ਉਪਰੰਤ ‘ਟਰੰਪ’ ਨੇ ਕਿਹਾ, “ਇਹ ਅਮਰੀਕਾ ਵਾਸੀਆਂ ਲਈ ਸੁਨਿਹਰੀ ਯੁੱਗ ਦੀ ਸ਼ੁਰੂਆਤ ਹੈ।” ਕੀ ਇਹ ਸਚਮੁੱਚ ਇਵੇਂ ਹੋਵੇਗਾ?
ਇੱਕ ਗੱਲ ਹੋਰ ਵੇਖਣ-ਪਰਖਣ ਵਾਲੀ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਕੋਈ ਔਰਤ ਰਾਸ਼ਟਰਪਤੀ ਬਨਣ ਦੀ ਇਤਿਹਾਸਕ ਪ੍ਰਕਿਰਿਆ ਅਮਰੀਕਨਾਂ ਨੇ ਪੂਰੀ ਨਹੀਂ ਹੋਣ ਦਿੱਤੀ, ਜਿਸਦੀ ਆਸ ਚੋਣਾਂ ਦੌਰਾਨ ਬੱਝਦੀ ਸੀ, ਜਦੋਂ ਬਹੁਤੇ ਚੋਣ ਸਰਵੇਖਣਾਂ ‘ਚ ਜਾਪਦਾ ਸੀ ਕਿ ਕਮਲਾ ਹੈਰਿਸ ਦਾ ਪੱਲੜਾ ਭਾਰੀ ਹੈ। ਟਰੰਪ ਨੇ ਤਿੰਨ ਵੇਰ ਅਮਰੀਕਨ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜੀ, ਇੱਕ ਵੇਰ ਹਾਰੇ ਅਤੇ ਦੋ ਵੇਰ ਉਹਨਾ ਆਪਣੇ ਵਿਰੋਧੀ ਡੈਮੋਕਰੇਟਿਕ ਔਰਤ ਉਮੀਦਵਾਰਾਂ ਨੂੰ ਮਾਤ ਦਿੱਤੀ। ਪਹਿਲੀ ਵੇਰ ਉਹਨਾ ਨੇ ਡੈਮੋਕਰੇਟਿਕ ਉਮੀਦਵਾਰ ਹਿਲੈਰੀ ਕਲਿੰਟਨ ਨੂੰ ਸਾਲ 2016 ਵਿੱਚ ਹਰਾਇਆ ਸੀ।
ਇਸ ਚੋਣ ‘ਚ ਰਿਪਬਲਿਕਨ ਪਾਰਟੀ ਦੀ ਇੱਕ ਵਿਆਪਕ ਅਤੇ ਜ਼ਬਰਦਸਤ ਜਿੱਤ ਹੋਈ ਹੈ। ਉਹਨਾ ਸੱਤ ਸਵਿੰਗ ਸਟੇਟਾਂ ਵਿੱਚ ਵੀ ਟਰੰਪ ਬਾਜੀ ਮਾਰ ਗਿਆ, ਜਿਹੜੇ ਰਿਪਬਲਿਕਾਂ ਨੂੰ ਪਹਿਲਾਂ ਜਿਤਾਉਂਦੇ ਰਹੇ ਹਨ। ਐਰੀਜ਼ੋਨਾ, ਪੈਨਸਿਲਵੇਨੀਆ, ਨੇਵਾਡਾ ,ਉੱਤਰੀ ਕੈਰੋਲੀਨਾ , ਜਾਰਜੀਆ , ਮਿਸ਼ੀਗਨ ਅਤੇ ਵਿਸਕਾਨਸਿਨ ਵਰਗੀਆਂ ਰਿਪਬਲਿਕਾਂ ਦੀਆਂ ਪੱਕੀਆਂ ਸਟੇਟਾਂ ਵੀ ਡੈਮੋਕਰੇਟਾਂ ਨੇ ਖੋਹ ਲਈਆਂ। ਰੂੜੀਵਾਦੀ ਅਮਰੀਕਨ ਸਮੁੱਚੇ ਤੌਰ ‘ਤੇ ਟਰੰਪ ਦੇ ਹੱਕ ‘ਚ ਭੁਗਤੇ। ਬਹੁਗਿਣਤੀ ਪੁਰਸ਼ ਵੋਟਰ ਟਰੰਪ ਦੇ ਹੱਕ ‘ਚ ਭੁਗਤੇ। ਹਾਲਾਂਕਿ ਉਹਨਾ ਨੇ ਚੋਣ ਮੁਹਿੰਮ ਦੌਰਾਨ ਅਸ਼ਲੀਲ, ਬੇਹੂਦਾ, ਅਸਭਿਆ ਭਾਸ਼ਾ ਦੀ ਵਰਤੋਂ ਕੀਤੀ।
ਫਿਰ ਵੀ ਉਹਨਾ ਨੂੰ 18-19 ਸਾਲ ਦੇ ਵੋਟਰਾਂ ਨੇ ਪਸੰਦ ਕੀਤਾ। ਕੰਮਕਾਜੀ ਲੋਕ ਟਰੰਪ ਦੇ ਹੱਕ ‘ਚ ਭੁਗਤੇ। ਘੱਟ ਪੜ੍ਹੇ ਲਿਖੇ ਅਮਰੀਕਨ ਨੂੰ ਟਰੰਪ ਪਸੰਦ ਆਏ। ਅਮਰੀਕਾ ਵਸਦੇ ਮੈਕਸੀਕਨ, ਕਿਊਬਾ ਮੂਲ ਦੇ ਵਾਸੀ ਮੁੱਖ ਰੂਪ ਵਿੱਚ ਲਿੰਗ ਅਤੇ ਰੰਗ ਦੇ ਕਾਰਨ ਕਮਲਾ ਹੈਰਿਸ ਦੇ ਵਿਰੁੱਧ ਭੁਗਤੇ। ਅਮਰੀਕਾ ਦੇ ਚੁਣੇ ਗਏ ਆਪਣੇ ਗੂੜ੍ਹੇ ਮਿੱਤਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਧਾਈ ਦਿੱਤੀ। ਸ਼ਾਇਦ ਆਪਣੇ ਵਰਗੇ ਟਰੰਪ ਦੀ ਜਿੱਤ, ਉਹਨਾ ਨੂੰ ਆਪਣੀ ਜਿੱਤ ਵਰਗੀ ਲੱਗੀ ਹੋਵੇ।
ਟਰੰਪ 78 ਸਾਲਾ ਅਮਰੀਕਾ ਦੇ ਪਹਿਲੇ ਇਹੋ ਜਿਹੇ ਰਾਸ਼ਟਰਪਤੀ ਹਨ ਜਿਹਨਾ ਨੂੰ 30 ਮਈ 2024 ਨੂੰ ਇੱਕ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ। ਨਿਊਯਾਰਕ ਦੀ ਜਿਊਰੀ ਨੇ ਉਹਨਾ ਨੂੰ ਬਾਲਗ ਫ਼ਿਲਮ ਸਟਾਰ ਸਟੈਫਨੀ ਰੋਹਲ, ਜਿਸਨੂੰ ਸਟੋਰਮੀ ਡੈਨੀਅਲ ਵੀ ਕਿਹਾ ਜਾਂਦਾ ਹੈ, ਨੂੰ ਪੈਸੇ ਦੀ ਅਦਾਇਗੀ ਤੇ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਬਣਾਉਣ ਤੇ 34 ਸੰਗੀਨ ਦੋਸ਼ਾਂ ‘ਤੇ ਦੋਸ਼ੀ ਠਹਿਰਾਇਆ ਗਿਆ ਸੀ।
ਉਹਨਾ ਨੂੰ ਜੀਨ ਕੋਰੇਲ ਦੇ ਜਿਨਸੀ ਸੋਸ਼ਣ ਤੇ ਬਦਨਾਮ ਕਰਨ ਵਾਲੇ ਮੁਕੱਦਮੇ ਅਤੇ ਨਿਊਯਾਰਕ ‘ਚ ਵਪਾਰਕ ਧੋਖਾਧੜੀ ਦੇ ਦੋਸ਼ ਲਗਾਉਣ ਵਾਲੇ ਦੋ ਸਿਵਲ ਮੁਕੱਦਮਿਆਂ ਵਿੱਚ ਦੋਸ਼ੀ ਪਾਇਆ ਗਿਆ। ਯਾਦ ਰਹੇ ਟਰੰਪ ਅਮਰੀਕਾ ਦੇ ਵੱਡੇ ਕਾਰੋਬਾਰੀ ਰਹੇ ਹਨ। ਜੋ ਪਿਛਲੀ ਵੇਰ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ਤੋਂ ਚੋਣ ਹਾਰ ਗਏ ਸਨ।
ਜਿਵੇਂ ਭਾਰਤ ‘ਚ ਹਿੰਦੂ, ਹਿੰਦੋਸਤਾਨ ਦੇ ਮੁੱਦੇ ‘ਤੇ ਮੋਦੀ ਨੇ ਇਸ ਵੇਰ ਚੋਣ ਲੜੀ, ਇਸੇ ਤਰ੍ਹਾਂ ਟਰੰਪ ਨੇ ਈਸਾਈ ਤੇ ਅਮਰੀਕਾ ਮੁੱਦੇ ਨੂੰ ਉਭਾਰਿਆ। ਅਮਰੀਕਾ ਦੇ ਸਫ਼ੈਦ ਰੰਗ ਦੇ ਈਸਾਈ ਅਤੇ ਲਾਤੀਨੀ ਮੂਲ ( ਅਮਰੀਕਾ ਵਿੱਚ 60 ਫ਼ੀਸਦੀ ਸਫ਼ੈਦ ਮੂਲ ਦੇ ਵਾਸੀ ਹਨ) ਦੇ ਪੁਰਾਣੇ ਅਮਰੀਕਨਾਂ ਨੂੰ ਚੋਣ ਮੁਹਿੰਮ ਦੌਰਾਨ ਉਹਨਾ ਅਹਿਸਾਸ ਕਰਵਾਇਆ ਕਿ ਨਵੇਂ ਪ੍ਰਵਾਸੀ, ਪੁਰਾਣੇ ਪ੍ਰਵਾਸੀਆਂ ਲਈ ਮੂਲ ਖ਼ਤਰਾ ਹਨ। ਉਹਨਾ ਨੇ ਅਮਰੀਕਾ ‘ਚ ਵਧ ਰਹੀ ਮਹਿੰਗਾਈ ਅਤੇ ਮੁਦਰਾ ਸਫ਼ੀਤੀ ‘ਚ ਵਾਧੇ ਨੂੰ ਇੱਕ ਹਥਿਆਰ ਵਜੋਂ ਵਰਤਿਆ।
ਟਰੰਪ ਨੇ ਅਮਰੀਕਾ ਵਿੱਚ ਬਹੁਤੇ ਦੇਸ਼ਾਂ ਦੀ ਤਰ੍ਹਾਂ ਵਧਦੀ ਆਬਾਦੀ, ਸ਼ਹਿਰੀਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਵਧੇ ਅਪਰਾਧਾਂ ਦਾ ਮੁੱਦਾ ਚੁੱਕਿਆ। ਅਪਰਾਧ ਤਾਂ ਇੱਕ ਇਹੋ ਜਿਹੇ ਹਥਿਆਰ ਹੈ, ਜੋ ਸੱਤਾ ‘ਤੇ ਬੈਠੇ ਹਾਕਮਾਂ ਨੂੰ ਕੰਮਜ਼ੋਰ ਕਰਦਾ ਹੈ। ਟਰੰਪ ਨੇ ਇਹਨਾ ਮੁੱਦਿਆਂ ਦਾ ਫ਼ਾਇਦਾ ਉਠਾਇਆ। ਅਤੇ ਬਹੁਤੇ ਅਮਰੀਕਨਾਂ ਦੇ ਜਜ਼ਬਾਤ ਨਾਲ ਖੇਡ ਕੇ ਉਹਨਾ ਨੂੰ ਜਜ਼ਬਾਤੀ ਬਣਾਕੇ ਵੋਟਾਂ ਵਟੋਰੀਆਂ। ਅਮਰੀਕਨਾਂ ਨੂੰ ਟਰੰਪ ਨੇ ਆਪਣੇ ਭਾਸ਼ਨਾਂ ਨਾਲ ਇਸ ਤਰ੍ਹਾਂ ਮੋਹ ਲਿਆ ਕਿ ਉਹਨਾ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਉਸ ਵਿਅਕਤੀ ਨੂੰ ਚੁਣ ਰਹੇ ਹਨ, ਜੋ ਮੁਕੱਦਮਿਆਂ ‘ਚ ਹਾਰਕੇ ਸਜ਼ਾ ਦਾ ਇੰਤਜਾਰ ਕਰ ਰਿਹਾ ਹੈ।
ਅਰਥ ਵਿਵਸਥਾ ਦੇ ਮਾਮਲੇ ‘ਤੇ ਖੁਲ੍ਹੇ ਵਪਾਰ ਦੀ ਨੀਤੀ ਦੇ ਹੱਕ ‘ਚ ਹੋਣ ਕਾਰਨ ਟਰੰਪ ਦੀ ਜਿੱਤ ਤੇ ਆਰਥਿਕ ਖਿਡਾਰੀ ‘ਵਿੱਗ ਆਇਲ’, ਵਿੱਗ ਫਾਰਮਾ’ ਅਤੇ ‘ਵਿੱਗ ਟੇਕ’ ਨੇ ਖੁਸ਼ੀ ਪ੍ਰਗਟ ਕੀਤੀ ਹੈ। ਕਾਰੋਬਾਰੀ ਐਲਨ ਮਸਕ ਵੀ ਉਸਦੇ ਹੱਕ ‘ਚ ਭੁਗਤਿਆ।
ਦੂਜੇ ਪਾਸੇ ਕਮਲਾ ਹੈਰਿਸ ਨੇ ਆਪਣੀ ਚੋਣ ਮੁਹਿੰਮ ‘ਚ ਔਰਤਾਂ ਦੇ ਗਰਭਪਾਤ, ਔਰਤਾਂ ਦੇ ਹੱਕਾਂ, ਸੰਵਿਧਾਨ ਦੀ ਪਵਿੱਤਰਤਾ, ਨਸਲੀ ਸਮਾਨਤਾ ਜਿਹੇ ਮੁੱਖ ਮੁੱਦਿਆਂ ਨੂੰ ਉਭਾਰਿਆ ਪਰ ਉਹ ਵੋਟਰਾਂ ਉਤੇ ਚੰਗਾ ਪ੍ਰਭਾਵ ਨਾ ਸਿਰਜ ਸਕੀ। ਅਫ਼ਸੋਸ ਦੀ ਗੱਲ ਤਾਂ ਇਹ ਬਣੀ ਕਿ ਉਹ ਉਸ ਟਰੰਪ ਤੋਂ ਚੋਣ ਹਾਰ ਗਈ, ਜਿਸਦੇ ਦੇ ਮਨ ‘ਚ ਉਹਨਾ ਲਈ ਬਹੁਤ ਘੱਟ ਇੱਜਤ ਹੈ।
ਬਿਨ੍ਹਾਂ ਸ਼ੱਕ ਅਮਰੀਕਾ ਇੱਕ ਅਮੀਰ ਦੇਸ਼ ਹੈ। ਉਹ ਦੁਨੀਆ ਭਰ ‘ਚ ਇੱਕ ‘ਥਾਣੇਦਾਰ’ ਦੀ ਭੂਮਿਕਾ ਨਿਭਾਉਂਦਾ ਜਾਪਦਾ ਹੈ। ਅਮਰੀਕਾ ਨੂੰ ਚੀਨ ਵੱਡੀ ਟੱਕਰ ਦੇ ਰਿਹਾ ਹੈ। ਟਰੰਪ ਦੀਆਂ ਚੀਨ ਪ੍ਰਤੀ ਸਖ਼ਤ ਟਿੱਪਣੀਆਂ ਨੇ ਅਮਰੀਕਾ ਦੇ ਵੱਡੇ ਕਾਰੋਬਾਰੀਆਂ ਨੂੰ ਪ੍ਰਸੰਨ ਕੀਤਾ। ਉਹਨਾ ਨੇ ਟਰੰਪ ਨੂੰ ਆਪਣਾ ਨੁਮਾਇੰਦਾ ਮੰਨਿਆ ਅਤੇ ਹਰ ਹਰਬਾ ਵਰਤਕੇ ਉਸਦੀ ਮਦਦ ਕੀਤੀ। ਜਿਵੇਂ ਅਡਾਨੀਆਂ/ਅੰਬਾਨੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਦਦ ਚੋਣਾਂ ‘ਚ ਕੀਤੀ ਸੀ।
ਅਮਰੀਕਾ ‘ਚ ਟਰੰਪ ਦੀ ਚੋਣ ਮੁਹਿੰਮ ਬਹੁਤੀਆਂ ਹਾਲਤਾਂ ‘ਚ ਭਾਰਤੀ ਨੇਤਾ ਨਰੇਂਦਰ ਮੋਦੀ ਦੀ ਚੋਣ ਮੁਹਿੰਮ ਵਰਗੀ ਦਿੱਸੀ। ਨਰੇਂਦਰ ਮੋਦੀ ਜਿਸ ਵਲੋਂ ‘ਹਿੰਦੂ ਰਾਸ਼ਟਰ’ ਦੇ ਸੰਕਲਪ ਨੂੰ ਉਭਾਰਿਆ ਜਾਂਦਾ ਹੈ, ਹਿੰਦੂ ਧਾਰਮਿਕ ਸਥਾਨਾਂ ਲਈ ਸਰਕਾਰੀ ਸਰਪ੍ਰਸਤੀ ਦਿੱਤੀ ਜਾਂਦੀ ਹੈ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨ ਕੇ, ਉਹਨਾਂ ਦੇ ਵਿਰੋਧ ‘ਚ ਪ੍ਰਚਾਰ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਦਾ ਪ੍ਰਚਾਰ ਟਰੰਪ ਨੇ ਅਮਰੀਕਾ ‘ਚ ਈਸਾਈ ਧਰਮ ਅਤੇ ਸਫੈਦ ਅਮਰੀਕਨਾਂ ਨੂੰ ਇਕ ਪਲੇਟਫਾਰਮ ਤੇ ਲਿਆਉਣ ਦਾ ਸੱਦਾ ਦਿੰਦਿਆਂ ਕੀਤਾ ਅਤੇ ਉਹਨਾਂ ਦੀ ਨੁਮਾਇੰਦਗੀ ਕਰਨ ਦਾ ਦਮ ਭਰਿਆ। ਉਹਨਾ ਮੈਕਸੀਕੋ ਦੀਆਂ ਸਰਹੱਦਾਂ ਪ੍ਰਵਾਸੀਆਂ ਲਈ ਬੰਦ ਕਰਨ ਦਾ ਜ਼ੋਰਦਾਰ ਪ੍ਰਚਾਰ ਕੀਤਾ ।
ਰੂਸ-ਯੂਕਰੇਨ ਜੰਗ ਬੰਦ ਕਰਨ ਦਾ ਸੰਦੇਸ਼ ਦਿੱਤਾ। ਦੁਨੀਆਂ ਦੇ ਕੁੱਝ ਤਾਕਤਵਰ ਦੇਸ਼ਾਂ ‘ਚ ਲੋਕਤੰਤਰ ਦੀਆਂ ਧੱਜੀਆਂ ਉਡਾਕੇ, ਵੱਡੇ ਧੁਰੰਤਰ ਰਾਜਸੀ ਨੇਤਾ ਜਿਵੇਂ ਗੱਦੀ ਪ੍ਰਾਪਤ ਕਰਦੇ ਹਨ, ਜਾਂ ਗੱਦੀ ਸੁਰੱਖਿਅਤ ਕਰਦੇ ਹਨ, ਉਹ ਲੋਕਤੰਤਰ ਕਦਰਾਂ-ਕੀਮਤਾਂ ਉਤੇ ਧੱਬਾ ਹਨ। ਰੂਸ ਦਾ ਰਾਸ਼ਟਰਪਤੀ ਪੁਤਿਨ ਜੋ ਤਾਨਾਸ਼ਾਹ ਬਣਿਆ, ਆਪਣੇ ਹਿੱਤਾਂ ਦਾ ਪੂਰਤੀ ਲਈ ਆਪਣੇ ਦੇਸ਼ ਦੇ ਸੰਵਿਧਾਨ ਨੂੰ ਲੋਕਤੰਤਰ ਦਾ ਮੁਖੌਟਾ ਪਾ ਕੇ ਖੱਖੜੀਆਂ-ਖੱਖੜੀਆਂ ਕਰੀ ਬੈਠਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਉਸਦਾ ਲਾਣਾ ਭਾਰਤ ‘ਚ ਸੰਵਿਧਾਨ ਨਾਲ ਖੇਡਦਾ ਹੈ, ਵਿਰੋਧੀਆਂ ਨੂੰ ਬਦਨਾਮ ਕਰਦਾ ਹੈ, ਉਹਨਾਂ ਨੂੰ ਪ੍ਰੇਸ਼ਾਨ ਕਰਦਾ ਹੈ, ਰਾਸ਼ਟਰਵਾਦ ਦੇ ਨਾਂਅ ਤੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਇਹੋ ਕਾਰਾ ਟਰੰਪ ਵਲੋਂ ਅਮਰੀਕਾ ‘ਚ ਕਰਨ ਦੀ ਯੋਜਨਾ ਸਪਸ਼ਟ ਦਿਖਦੀ ਹੈ।
ਮੋਦੀ ਨੇ ਭਾਰਤ ‘ਚ ਰਾਸ਼ਟਰਵਾਦੀ ਨੀਤੀਆਂ ਨੂੰ ਲੈਕੇ ਜਿਵੇਂ ਖੁਲ੍ਹਾ ਖੇਡਿਆ, ਟਰੰਪ ਨੇ ਅਮਰੀਕਾ ‘ਚ ਇਹੋ ਦਿਸ਼ਾ ਅਪਨਾਈ ਹੈ। ਤਾਂ ਹੋ ਸਕਦਾ ਹੈ ਕਿ ਅਮਰੀਕੀ ਚੋਣਾਂ ਵਿੱਚ ਉਹਨਾਂ ਵਲੋਂ ਸਫਲਤਾ ਪੂਰਵਕ ਵਰਤੀ ਗਈ ਭੈੜੀ, ਅਸ਼ਲੀਲ, ਅਸੱਭਿਅਕ ਭਾਸ਼ਾ ਅਤੇ ਵੱਖਵਾਦੀ ਬਿਆਨਬਾਜੀ ਦੁਨੀਆਂ ਦੇ ਹੋਰ ਦੇਸ਼ਾਂ ਦ ਲੋਕਾਂ ਨੂੰ ਵੀ ਉਤਸ਼ਾਹਿਤ ਕਰੇ। ਇਹ ਅੰਤਰਰਾਸ਼ਟਰੀ ਚਿੰਤਾ ਦਾ ਵਿਸ਼ਾ ਹੈ। ਟਰੰਪ ਦਾ ਇਹ ਮਾਡਲ ਜੇਕਰ ਹੋਰ ਦੇਸ਼ਾਂ ਵਿਚ ਵੀ ਫੈਲਦਾ ਹੈ ਤਾਂ ਇਹ ਲੋਕਤੰਤਰ ਲਈ ਵੱਡਾ ਝਟਕਾ ਹੋਏਗਾ।
-ਗੁਰਮੀਤ ਸਿੰਘ ਪਲਾਹੀ
-9815802070