ਫ਼ਲਸਤੀਨ ਤੇ ਯੂਕਰੇਨ ਸਾਮਰਾਜੀ ਜੰਗ ਦੇ ਅਖਾੜੇ ਬਣੇ/ਮੋਹਨ ਸਿੰਘ (ਡਾ.)

ਇਜ਼ਰਾਈਲ, ਅਮਰੀਕਾ ਦੀ ਸ਼ਹਿ ਨਾਲ ਫ਼ਲਸਤੀਨ ਦੇ ਹਮਾਸ, ਯਮਨ ਦੇ ਹਿਜ਼ਬੁੱਲਾ ਅਤੇ ਇਰਾਨ ਉਪਰ ਹਮਲਿਆਂ ਨਾਲ ਕਤਲੇਆਮ ਕਰ ਰਿਹਾ ਹੈ। 7 ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਨਾਲ 41 ਹਜ਼ਾਰ ਨਾਲੋਂ ਵੱਧ ਲੋਕ ਮਾਰੇ ਗਏ ਹਨ ਅਤੇ 95 ਹਜ਼ਾਰ ਨਾਲੋਂ ਵੱਧ ਜ਼ਖ਼ਮੀ ਹੋ ਚੁੱਕੇ ਹਨ। ਗਾਜ਼ਾ ਨੂੰ ਮਿਜ਼ਾਈਲੀ ਹਮਲਿਆਂ ਨਾਲ ਬਰੂਦ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਮਰੀਕਾ ਦੀ ਨਿਸ਼ੰਗ ਮਦਦ ਨਾਲ ਇਹ ਇਕਪਾਸੜ ਕਤਲੇਆਮ ਹੋ ਰਿਹਾ ਹੈ। ਇਜ਼ਰਾਈਲ ਫ਼ਲਸਤੀਨੀ ਕੌਮ ਦਾ ਤੁਖ਼ਮ ਮਿਟਾਉਣ ਲਈ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਕਤਲ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਦੀ ਰਿਪੋਰਟ ਅਨੁਸਾਰ, ਗਾਜ਼ਾ ਦੀ ਆਰਥਿਕਤਾ ਬਰਬਾਦ ਹੋ ਚੁੱਕੀ ਹੈ ਅਤੇ ਇਸ ਨੂੰ ਮੁੜ ਪਟੜੀ ’ਤੇ ਲਿਆਉਣ ਗਾਜ਼ਾ ਦੀ ਕੁੱਲ ਘਰੇਲੂ ਪੈਦਾਵਾਰ ਦੀ ਔਸਤ ਦਰ ਅਨੁਸਾਰ 350 ਸਾਲ ਦਾ ਸਮਾਂ ਲੱਗੇਗਾ। ਗਾਜ਼ਾ ਦੇ ਨਿਰਮਾਣ ਖੇਤਰ ਦੀ ਉਤਪਾਦਨ ਸਮਰਥਾ 96 ਫ਼ੀਸਦ ਘਟ ਗਈ ਹੈ; ਖੇਤੀ ਖੇਤਰ 93, ਨਿਰਮਾਣ ਉਦਯੋਗ 92 ਤੇ ਸੇਵਾ ਖੇਤਰ 76 ਫ਼ੀਸਦ ਘਟਿਆ ਹੈ। 2024 ਦੀ ਪਹਿਲੀ ਤਿਮਾਹੀ ਵਿੱਚ ਬੇਰੁਜ਼ਗਾਰੀ ਦਰ 81.7 ਫ਼ੀਸਦ ਹੈ। ਗਾਜ਼ਾ ਦੀ ਕੁੱਲ ਘਰੇਲੂ ਪੈਦਾਵਾਰ ਦਾ 35.8 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਸੀ। ਯੂਐੱਨਓ ਦੇ ਜੰਗਬੰਦੀ ਵਾਲੇ ਮਤਿਆਂ ਦੇ ਬਾਵਜੂਦ ਇਜ਼ਰਾਈਲ ਜੰਗਬੰਦੀ ਨਹੀਂ ਕਰ ਰਿਹਾ। ਅਮਰੀਕਾ ਇਜ਼ਰਾਈਲ ਦੀ ਹੁਣ ਤੱਕ 148 ਅਰਬ ਡਾਲਰ ਦੀ ਮਦਦ ਕਰ ਚੁੱਕਾ ਹੈ ਅਤੇ ਭਾਰਤ ਦੀ ਭਾਜਪਾ ਹਕੂਮਤ ਵੀ ਇਜ਼ਰਾਈਲ ਦੀ ਮਦਦ ਲਈ ਭਾਰਤ ਅੰਦਰੋਂ ਸੈਨਿਕ ਭਰਤੀ ਕਰ ਕੇ ਭੇਜ ਰਹੀ ਹੈ।

ਸਮਾਜਵਾਦੀ ਕੈਂਪ ਖ਼ਤਮ ਹੋਣ ਤੋਂ ਬਾਅਦ, ਇਸ ਵਕਤ ਫ਼ਲਸਤੀਨੀਆਂ ਦੇ ਕਤਲੇਆਮ ਸਮੇਂ ਉਸ ਦੀ ਨਿਰਸੁਆਰਥ ਮਦਦ ਵਾਲਾ ਕੋਈ ਦੇਸ਼ ਨਹੀਂ। ਸੋਵੀਅਤ ਯੂਨੀਅਨ ਅਤੇ ਅਮਰੀਕੀ ਸਾਮਰਾਜ ਵਿਚਕਾਰ ਠੰਢੀ ਜੰਗ ਖ਼ਤਮ ਹੋਣ ਸਮੇਂ ਕਿਆਫ਼ੇ ਲਾਏ ਜਾ ਰਹੇ ਸਨ ਕਿ ਦੋ ਪ੍ਰਬੰਧਾਂ ਦੀ ਬੁਨਿਆਦੀ ਵਿਰੋਧਤਾਈ ਖ਼ਤਮ ਹੋਣ ਨਾਲ ਸੰਸਾਰ ਅੰਦਰ ਜੰਗਾਂ ਤੋਂ ਨਿਜਾਤ ਮਿਲ ਜਾਵੇਗੀ ਅਤੇ ਸੰਸਾਰ ਵਪਾਰ ਸੰਸਥਾ ਬਣਨ ਨਾਲ ਸੰਸਾਰ ਅੰਦਰ ਵਪਾਰਕ ਜੰਗਾਂ ਉਤੇ ਵਿਰਾਮ ਲੱਗ ਜਾਵੇਗਾ ਪਰ ਅਜਿਹਾ ਹੋ ਨਹੀਂ ਸਕਿਆ ਅਤੇ ਸਾਮਰਾਜੀ ਪ੍ਰਬੰਧ ਜੰਗਾਂ ਦੇ ਨਵੇਂ ਗੇੜ ਵਿੱਚ ਪੈ ਗਿਆ ਹੈ। ਹੁਣ ਸਾਮਰਾਜੀ ਜੰਗ ਦੇ ਕੇਂਦਰ ਮੱਧ ਪੂਰਬੀ ਏਸ਼ੀਆ ਅਤੇ ਯੂਕਰੇਨ ਜੰਗ ਬਣ ਗਏ ਹਨ। ਦੱਖਣੀ ਚੀਨੀ ਸਾਗਰ ਅੰਦਰ ਤਾਇਵਾਨ ਵੀ ਅਮਰੀਕੀ ਸਾਮਰਾਜਵਾਦ ਅਤੇ ਚੀਨ ਵਿਚਕਾਰ ਤਣਾਅ ਵਾਲਾ ਖੇਤਰ ਬਣਿਆ ਹੋਇਆ ਹੈ। ਮੌਜੂਦਾ ਦੌਰ ਅੰਦਰ ਸਾਮਰਾਜਵਾਦ ਹੁਣ ਆਰਥਿਕ ਸੰਕਟ ਹੀ ਨਹੀਂ ਸਗੋਂ ਢਾਂਚਾਗਤ ਸੰਕਟ ਵਿੱਚ ਵੀ ਫਸ ਗਿਆ ਹੈ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕੀ ਸਾਮਰਾਜ ਅਧੀਨ ਬਣਾਈਆਂ ਕੌਮਾਂਤਰੀ ਸੰਸਥਾ ਯੂਐੱਨਓ ਦਮ ਤੋੜ ਰਹੀ ਹੈ। ਇਜ਼ਰਾਈਲ ਨੇ ਹਮਾਸ ਦੇ ਦੋ ਆਹਲਾ ਕਮਾਂਡਰਾਂ ਇਸਮਾਈਲ ਹਨੀਆ ਅਤੇ ਯਾਹੀਆ ਸਿਨਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਹਮਾਸ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਪਰ ਹਮਾਸ ਗੁਰੀਲੇ ਚੁਣੌਤੀਆਂ ਕਬੂਲ ਕਰ ਕੇ ਦ੍ਰਿੜਤਾ ਤੇ ਹਿੰਮਤ ਨਾਲ ਲੜ ਰਹੇ ਹਨ।

ਇਜ਼ਰਾਈਲ ਨੂੰ ਅਮਰੀਕਾ ਦੀ ਪੂਰੀ ਸ਼ਹਿ ਹੈ ਅਤੇ ਉਨ੍ਹਾਂ ਦੀ ਯੂਐੱਨਓ ਵੱਲੋਂ ਜੰਗਬੰਦੀ ਕਰਨ ਦੇ ਕਿਸੇ ਵੀ ਮਤੇ ਨੂੰ ਕੋਰੀ ਨਾਂਹ ਹੈ। ਉਹ ਯੂਐੱਨਓ ਦੇ ਭਾਰੀ ਬਹੁਮਤ ਦੇ ਬਾਵਜੂਦ ਕਿਸੇ ਵੀ ਮਤੇ ਨੂੰ ਮੰਨਣ ਤੋਂ ਇਨਕਾਰੀ ਹੈ ਅਤੇ ਦੁਨੀਆ ਦੀਆਂ ਸਾਮਰਾਜੀ ਪ੍ਰਬੰਧ ਨੂੰ ਨਿਯਮਿਤ ਕਰਨ ਵਾਲੀਆਂ ਸੰਸਥਾਵਾਂ- ਸੰਸਾਰ ਵਪਾਰ ਸੰਸਥਾ, ਯੂਐੱਨਓ, ਵਾਤਾਵਰਨ ਬਚਾਓ ਪੈਰਿਸ ਸੰਧੀ, ਕੌਮਾਂਤਰੀ ਨਿਆਂ ਵਾਲੀ ਸੰਸਥਾ ਆਈਸੀਜੇ ਆਦਿ ਦਮ ਤੋੜ ਚੁੱਕੀਆਂ ਹਨ। ਉੱਧਰ, ਕੌਮਾਂਤਰੀ ਕੋਰਟ ਦੇ ਚੀਨ ਦੇ ਦੱਖਣੀ ਚੀਨ ਸਾਗਰ ਵਾਲੇ ਦਾਅਵੇ ਖਾਰਜ ਕਰਨ ਦੇ ਬਾਵਜੂਦ ਉਹ (ਚੀਨ) ਕੌਮਾਂਤਰੀ ਕੋਰਟ ਦੇ ਫ਼ੈਸਲੇ ਮੰਨਣ ਤੋਂ ਇਨਕਾਰੀ ਹੈ। ਸੰਸਾਰ ਅੰਦਰ ਇਕ ਪਾਸੇ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਸਾਮਰਾਜੀ ਨਾਟੋ ਗਰੁੱਪ ਅਤੇ ਦੂਜੇ ਪਾਸੇ ਰੂਸ ਤੇ ਚੀਨ ਦੀ ਅਗਵਾਈ ਵਿੱਚ ਦੱਖਣੀ ਦੇਸ਼ਾਂ ਦਾ ਗਰੁੱਪ ਬਰਿਕਸ ਹੋਂਦ ਵਿੱਚ ਆ ਚੁੱਕਾ ਹੈ ਤੇ ਇਹ ਗਰੁੱਪ ਸੰਸਾਰ ਬੈਂਕ ਦੇ ਬਦਲ ਵਜੋਂ ਬਰਿਕਸ ਬੈਂਕ ਬਣਾ ਕੇ ਪੱਛਮੀ ਦੇਸ਼ਾਂ ਵਿਸ਼ੇਸ਼ ਕਰ ਕੇ ਅਮਰੀਕਾ ਦੇ ਡਾਲਰ ਨੂੰ ਚੁਣੌਤੀ ਦੇ ਰਿਹਾ ਹੈ। ਇਨ੍ਹਾਂ ਗਰੁੱਪਾਂ ਵਿਚੋਂ ਅਮਰੀਕੀ ਸਾਮਰਾਜੀ ਗਰੁੱਪ ਅੱਜ ਕੱਲ੍ਹ ਵਧੇਰੇ ਹਮਲਾਵਰ ਦਿਖਾਈ ਦਿੰਦਾ ਹੈ। ਅਮਰੀਕਾ ਆਪਣੀ ਸਲਤਨਤ ਦਾ ਵਿਸਥਾਰ ਕਰਨ ਲਈ ਸਾਬਕਾ ਸੋਵੀਅਤ ਯੂਨੀਅਨ ਦੇ ਅਹਿਮ ਦੇਸ਼ ਯੂਕਰੇਨ ਨੂੰ ਨਾਟੋ ਗਰੁੱਪ ਵਿੱਚ ਮਿਲਾਉਣਾ ਚਾਹੁੰਦਾ ਹੈ। ਅਜਿਹਾ ਕਰ ਕੇ ਅਮਰੀਕਾ ਸਮਾਜਵਾਦ ਤੋਂ ਤਬਦੀਲ ਹੋਏ ਸਾਮਰਾਜੀ ਰੂਸ ਨੂੰ ਘੇਰਨਾ ਚਾਹੁੰਦਾ ਹੈ। ਅਮਰੀਕੀ ਮਹਾਂ ਸਾਮਰਾਜੀ ਸ਼ਕਤੀ ਕਦੇ ਵੀ ਸੰਸਾਰ ਅੰਦਰ ਸ਼ਾਂਤੀ ਕਾਇਮ ਕਰਨ ਦਾ ਇਰਾਦਾ ਨਹੀਂ ਰੱਖਦੀ ਬਲਕਿ ਉਹ ਹਮੇਸ਼ਾ ਆਪਣੀ ਸਾਮਰਾਜੀ ਸਲਤਨਤ ਦੇ ਵਿਸਥਾਰ ਲਈ ਮੋਹਰੀ ਰਹਿੰਦੀ ਹੈ। ਮੌਜੂਦਾ ਸਮੇਂ ਇਹ ਅਮਰੀਕੀ ਸਾਮਰਾਜ ਹੀ ਹੈ ਜੋ ਯੂਕਰੇਨ ਨੂੰ ਨਾਟੋ ਗਰੁੱਪ ਅੰਦਰ ਸ਼ਾਮਿਲ ਕਰ ਕੇ ਸੰਸਾਰ ਨੂੰ ਤੀਜੀ ਵੱਡੀ ਜੰਗ ਵਿੱਚ ਧੱਕਣ ਦਾ ਜਿ਼ੰਮੇਵਾਰ ਹੈ। ਅਮਰੀਕਾ ਨੇ ਨਾਟੋ ਦਾ ਵਿਸਥਾਰ ਕਰਦਿਆਂ ਫਿਨਲੈਂਡ ਅਤੇ ਨਾਰਵੇ ਨੂੰ ਨਾਟੋ ਮੁਲਕਾਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਦੌਰਾਨ ਇਕ ਪਾਸੇ ਰੂਸ-ਚੀਨ ਅਤੇ ਦੂਜੇ ਪਾਸੇ ਅਮਰੀਕਾ-ਯੂਰੋਪੀਅਨ ਯੂਨੀਅਨ-ਜਾਪਾਨ ਖੇਮਿਆਂ ਵਿਚਕਾਰ ਵਿਰੋਧਤਾ ਤੇਜ਼ ਹੋ ਗਈ ਹੈ। ਵਾਤਾਵਰਨ ਬਚਾਉਣ ਲਈ ਪੈਰਿਸ ਵਾਰਤਾ ਫੇਲ੍ਹ ਹੋ ਚੁੱਕੀ ਹੈ ਅਤੇ ਸਮਸਾਰ ਵਪਾਰ ਸੰਸਥਾ ਦੀਆਂ ਬੈਠਕਾਂ ਬਿਨਾਂ ਸਿੱਟਾ ਖ਼ਤਮ ਹੋ ਰਹੀਆ ਹਨ। ਯੂਕਰੇਨ-ਰੂਸ ਜੰਗ ਲਮਕਣ ਕਾਰਨ ਦੁਨੀਆ ਦੇ ਸਾਰੇ ਮੁਲਕ ਇਸ ਜੰਗ ਵਿਚ ਬੁਰੀ ਤਰ੍ਹਾਂ ਉਲਝ ਗਏ ਹਨ। ਇਸ ਨੇ ਦੁਨੀਆ ਭਰ ਅੰਦਰ ਵੱਡੀਆਂ ਸਾਮਰਾਜੀ ਤਾਕਤਾਂ ਦਰਮਿਆਨ ਕਤਾਰਬੰਦੀ ਤੇਜ਼ ਕਰ ਦਿੱਤੀ ਹੈ। ਰੂਸ ਉਪਰ ਆਰਥਿਕ ਪਾਬੰਦੀਆਂ ਅਤੇ ਰੂਸ ਦੇ ਮੋੜਵੇਂ ਜਵਾਬ ਵਿਚ ਯੂਰੋਪੀਅਨ ਦੇਸ਼ਾਂ ਨੂੰ ਗੈਸ-ਪੈਟਰੋਲ ਅਤੇ ਅਨਾਜ ਦੀ ਸਪਲਾਈ ’ਤੇ ਕਟੌਤੀ ਨਾਲ ਯੂਰੋਪੀਅਨ ਦੇਸ਼ਾਂ ਦਾ ਸੰਕਟ ਵਧ ਗਿਆ ਹੈ। ਇਸ ਨਾਲ ਬਰਲਿਨ ਦੀਵਾਰ ਢਹਿਣ ਤੋਂ ਬਾਅਦ ਯੂਰੋਪ ਦੀ ਸਭ ਤੋਂ ਵੱਡੀ ਜਰਮਨੀ ਦੀ ਆਰਥਿਕਤਾ ਮੰਦੀ ਦੀ ਕਗਾਰ ਉੱਤੇ ਪਹੁੰਚ ਗਈ ਹੈ। ਅਮਰੀਕਾ ਵੱਲੋਂ ਮਹਿੰਗਾਈ ਕੰਟਰੋਲ ਕਰਨ ਲਈ ਵਧਾਈਆਂ ਵਿਆਜ ਦਰਾਂ ਕਾਰਨ ਦੁਨੀਆ ਭਰ ਦੀ ਆਰਥਿਕਤਾ ਦਾ ਵਹਾਅ ਅਮਰੀਕਾ ਵੱਲ ਉਲਾਰ ਹੋ ਰਿਹਾ ਹੈ ਅਤੇ ਵਿਦੇਸ਼ੀ ਸੰਸਥਾਈ ਪੂੰਜੀਪਤੀਆਂ ਨੇ ਭਾਰਤ ਵਿਚੋਂ ਪੈਸਾ ਕੱਢਣ ਕਾਰਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਜੰਗ, ਹਿੰਦ ਪ੍ਰਸ਼ਾਂਤ ਮਹਾਸਾਗਰ ਅਤੇ ਤਾਇਵਾਨ ਵਿਚ ਸਾਮਰਾਜੀ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਨੇ ਸੰਸਾਰ ਹਾਲਾਤ ਹੋਰ ਭਿਆਨਕ ਬਣਾ ਦਿੱਤੇ ਹਨ। ਸੰਸਾਰ ਦੀ ਸਭ ਤੋਂ ਵੱਡੀ, ਅਮਰੀਕੀ ਆਰਥਕਿਤਾ ਦੀ ਪਹਿਲੀ ਤਿਮਾਹੀ ਦੀ ਕੁੱਲ ਘਰੇਲੂ ਪੈਦਾਵਾਰ ਸੁੰਗੜ ਗਈ ਸੀ ਅਤੇ ਮਹਿੰਗਾਈ ਪਿਛਲੇ 40 ਸਾਲਾਂ ਵਿੱਚ ਸਭ ਤੋਂ ਵੱਧ 15 ਫ਼ੀਸਦ ਤੱਕ ਪਹੁੰਚ ਗਈ ਹੈ। ਮਹਿੰਗਾਈ ਕੰਟਰੋਲ ਕਰਨ ਲਈ ਅਮਰੀਕਾ ਨੂੰ ਵਿਆਜ ਦਰਾਂ ਵਧਾਉਣੀਆਂ ਪੈ ਰਹੀਆਂ ਹਨ ਜਿਸ ਨਾਲ ਪੂੰਜੀ ਨਿਵੇਸ਼ ਹੋਰ ਘਟ ਰਿਹਾ ਹੈ।

ਜਾਪਾਨ ਕਾਫੀ ਸਮੇਂ ਤੋਂ ਆਰਥਕਿ ਮੰਦਵਾੜੇ ਦਾ ਸ਼ਿਕਾਰ ਹੈ। ਪੈਟਰੋਲ, ਡੀਜ਼ਲ, ਗੈਸ ਅਤੇ ਬਿਜਲੀ ਮਹਿੰਗੀ ਹੋਣ ਨਾਲ ਦੁਨੀਆ ਦੇ ਪਛੜੇ ਦੇਸ਼ਾਂ ਅੰਦਰ ਮਹਿੰਗਾਈ ਵਧ ਰਹੀ ਹੈ। ਇਉਂ ਦੁਨੀਆ ਭਰ ਦੇ ਲੋਕਾਂ ਨੂੰ ਆਰਥਿਕ ਮੰਦੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਵਿਕਾਸ ਕਾਰਨ ਪੂੰਜੀਵਾਦੀ ਸਾਮਰਾਜੀ ਪ੍ਰਬੰਧ ਦਿਨੋ-ਦਿਨ ਏਕੀਕ੍ਰਿਤ ਬਣ ਰਿਹਾ ਹੈ। ਇਸ ਪ੍ਰਬੰਧ ਦੇ ਇਕ ਦੇਸ਼ ਦਾ ਘਟਨਾਕ੍ਰਮ ਸਮੁੱਚੇ ਪੂੰਜੀਵਾਦੀ ਜਗਤ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਕੱਲ੍ਹ ਯੂਕਰੇਨ ਭਾਵੇਂ ਦੁਨੀਆ ਦਾ ਨਿੱਕਾ ਜਿਹਾ ਮੁਲਕ ਹੈ ਪਰ ਉੱਥੇ ਲੱਗੀ ਜੰਗ ਸਾਰੀ ਦੁਨੀਆ ’ਤੇ ਅਸਰ ਪਾ ਰਹੀ ਹੈ ਅਤੇ ਸੰਕਟ ਵਿਚ ਫਸੇ ਸੰਸਾਰ ਨੂੰ ਇਕ ਹੋਰ ਵੱਡੇ ਆਰਥਿਕ ਸੰਕਟ ਵੱਲ ਧੱਕ ਰਹੀ ਹੈ। ਯੂਐੱਨਓ, ਐੱਫਏਓ (ਖੁਰਾਕ ਤੇ ਖੇਤੀ ਸੰਸਥਾ) ਅਤੇ ਹੋਰ ਸੰਸਾਰ ਸੰਸਥਾਵਾਂ ਅਣਕਿਆਸੇ ਹਾਲਾਤ ਨਾਲ ਨਜਿੱਠਣ ਦੀਆਂ ਚਿਤਾਵਨੀਆਂ ਦੇ ਰਹੀਆਂ ਹਨ; ਇਹ ਆਉਣ ਵਾਲੀਆਂ ਸੁਨਾਮੀਆਂ, ਹੜ੍ਹ, ਸੋਕੇ, ਬੇਮੌਸਮੇ ਮੀਂਹਾਂ ਕਾਰਨ ਖੁਰਾਕ ਸੰਕਟ ਖ਼ਦਸ਼ਿਆਂ ਦੇ ਸੰਕੇਤ ਹਨ। ਕੌਮਾਂਤਰੀ ਊਰਜਾ ਏਜੰਸੀ ਦਾ ਅਨੁਮਾਨ ਹੈ ਕਿ ਊਰਜਾ ਦੇ ਮੁੱਲ ਵਧੇਰੇ ਹੋਣ ਕਾਰਨ ਏਸ਼ੀਆ ਅਫਰੀਕਾ ਦੇ ਨੌਂ ਕਰੋੜ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ। ਮਹਿੰਗੀ ਊਰਜਾ ਤੇ ਖੁਰਾਕ ਪਦਾਰਥਾਂ ਦੀ ਘਾਟ ਨਜਿੱਠਣ ਲਈ ਅਰਬਾਂ ਰੁਪਏ ਦੀ ਜ਼ਰੂਰਤ ਹੈ ਪਰ ਇਸ ਰਕਮ ਦੀ ਪੂਰਤੀ ਲਈ ਕੋਈ ਦੇਸ਼ ਤਿਆਰ ਨਹੀਂ। ਇਕ ਪਾਸੇ ਸਾਮਰਾਜੀ ਦੇਸ਼ਾਂ ਅਤੇ ਦੂਜੇ ਪਾਸੇ ਵਿਕਾਸਸ਼ੀਲ ਦੇਸ਼ਾਂ ਵਿਚਕਾਰ ਆਪਸੀ ਵਿਰੋਧ ਹੋਰ ਵਧ ਰਹੇ ਹਨ। ਇਉਂ ਇਸ ਪੂੰਜੀਵਾਦੀ ਸਾਮਰਾਜੀ ਪ੍ਰਬੰਧ ਅੰਦਰ ਮਿਹਨਤਕਸ਼ ਲੋਕਾਂ ਦਾ ਭਵਿੱਖ ਸੁਰੱਖਿਅਤ ਨਹੀਂ। ਉਨ੍ਹਾਂ ਨੂੰ ਇਸ ਪ੍ਰਬੰਧ ਨੂੰ ਬਦਲਣ ਲਈ ਅੱਗੇ ਆਉਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਰਾਮ ਮੰਦਰ ਦੇ ਨਿਰਮਾਣ ‘ਤੇ ਕਿੰਨੇ ਕਰੋੜ

ਅਯੁੱਧਿਆ : ਕਰੀਬ ਅੱਠ ਸੌ ਮੀਟਰ ਦੀ ਚਾਰ-ਦੀਵਾਰੀ ਸਮੇਤ Ayodhya...