ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਉਤਸ਼ਾਹਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ਕਰਨ ’ਚ ਮਦਦ ਮਿਲੇਗੀ। ਜੈਸ਼ੰਕਰ ਅਪਣੇ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਤੇ ਐਤਵਾਰ ਨੂੰ ਆਸਟ੍ਰੇਲੀਆ ਪਹੁੰਚੇ, ਜਿੱਥੋਂ ਉਹ ਸਿੰਗਾਪੁਰ ਜਾਣਗੇ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਮੈਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਰਸਮੀ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।

ਇਹ ਕੁਈਨਜ਼ਲੈਂਡ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਨੂੰ ਉਤਸ਼ਾਹਤ ਕਰਨ, ਵਿਦਿਅਕ ਸਬੰਧਾਂ ਨੂੰ ਉਤਸ਼ਾਹਤ ਕਰਨ ਅਤੇ ਪ੍ਰਵਾਸੀ ਭਾਈਚਾਰੇ ਦੀ ਸੇਵਾ ’ਚ ਯੋਗਦਾਨ ਪਾਏਗਾ। ਜੈਨੇਟ ਯੰਗ, ਕੁਈਨਜ਼ਲੈਂਡ ਦੇ ਗਵਰਨਰ ਅਤੇ ਮੰਤਰੀ ਰੌਸ ਬੇਟਸ ਅਤੇ ਫਿਓਨਾ ਸਿੰਪਸਨ ਦਾ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਲਈ ਧੰਨਵਾਦ। ਆਸਟਰੇਲੀਆ ’ਚ ਭਾਰਤ ਦਾ ਇਹ ਚੌਥਾ ਕੌਂਸਲੇਟ ਜਨਰਲ ਹੈ। ਬ੍ਰਿਸਬੇਨ ਤੋਂ ਇਲਾਵਾ ਸਿਡਨੀ, ਮੈਲਬੌਰਨ ਅਤੇ ਪਰਥ ’ਚ ਵੀ ਭਾਰਤ ਦੇ ਕੌਂਸਲੇਟ ਜਨਰਲ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਬ੍ਰਿਸਬੇਨ ਦੇ ‘ਰੋਮਾ ਸਟ੍ਰੀਟ ਪਾਰਕਲੈਂਡ’ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿਤੀ । ਜੈਸ਼ੰਕਰ ਨੇ ਲਿਖਿਆ, ‘‘ਮਹਾਤਮਾ ਗਾਂਧੀ ਦਾ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੁਨੀਆਂ ਭਰ ’ਚ ਗੂੰਜਦਾ ਹੈ।’’ ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਕੁਈਨਜ਼ਲੈਂਡ ਦੇ ਗਵਰਨਰ ਨਾਲ ਵੀ ਮੁਲਾਕਾਤ ਕੀਤੀ।ਉਨ੍ਹਾਂ ਪੋਸਟ ਕੀਤਾ, ‘‘ਅੱਜ ਬ੍ਰਿਸਬੇਨ ’ਚ ਕੁਈਨਜ਼ਲੈਂਡ ਦੀ ਗਵਰਨਰ ਡਾ. ਜੈਨੇਟ ਯੰਗ ਨੂੰ ਮਿਲ ਕੇ ਖੁਸ਼ੀ ਹੋਈ। ਕੁਈਨਜ਼ਲੈਂਡ ਨਾਲ ਆਰਥਕ , ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਅਤੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਸਾਂਝਾ ਕਰੋ

ਪੜ੍ਹੋ