ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਦੁਨੀਆ ਦੇ ਬੁੱਧੀਜੀਵੀਆਂ ਨੇ ਜਨਤਕ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ। ਇੰਗਲੈਂਡ ਵਿਚ 1608 ਨੂੰ ਨਾਰਵਿਚ ਲਾਇਬ੍ਰੇਰੀ ਤੇ ਅਮਰੀਕਾ ਦੇ ਬੋਸਟਨ ਵਿਚ 1636 ਨੂੰ ਜਨਤਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਸੀ। ਇੰਗਲੈਂਡ ਵਿਚ 19ਵੀਂ ਸਦੀ ਦੇ ਅੱਧ ਵਿਚ ਵੱਡੀ ਪੱਧਰ ‘ਤੇ ਜਨਤਕ ਲਾਇਬ੍ਰੇਰੀਆਂ ਸਥਾਪਿਤ ਕਰਨ ਦੀ ਲਹਿਰ ਸ਼ੁਰੂ ਹੋਈ, ਜਦੋਂ ਯੂਰਪ ਵਿਚ ਇਨਕਲਾਬ ਆਇਆ। ਅਮਰੀਕਾ ਵਿਚ ਐਂਡਰੀਊ ਕਾਰਨੇਗੀ ਫਾਊਂਡੇਸ਼ਨ ਨੇ ਜਨਤਕ ਲਾਇਬ੍ਰੇਰੀਆਂ ਕਾਇਮ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਇਸ ਸੰਸਥਾ ਨੇ 1900 ਤੋਂ 1917 ਤੱਕ 1700 ਦੇ ਕਰੀਬ ਜਨਤਕ ਲਾਇਬ੍ਰੇਰੀਆਂ ਕਾਇਮ ਕੀਤੀਆਂ। ਇਸ ਸਮੇਂ ਅਮਰੀਕਾ ਵਿਚ 1,31,848 ਲਾਇਬ੍ਰੇਰੀਆਂ ਹਨ, ਜਿਨ੍ਹਾਂ ਵਿਚੋਂ 17278 ਪਬਲਿਕ ਲਾਇਬ੍ਰੇਰੀਆਂ ਹਨ। 3697 ਅਕਾਦਮਿਕ ਲਾਇਬ੍ਰੇਰੀਆਂ ਹਨ, ਜਦੋਂ ਕਿ ਸਕੂਲਾਂ ਵਿਚ 1,05,451 ਲਾਇਬ੍ਰੇਰੀਆਂ ਹਨ ਜਿਨ੍ਹਾਂ ਵਿਚੋਂ 82,300 ਪਬਲਿਕ ਸਕੂਲਾਂ ਵਿਚ ਤੇ 22,991 ਪ੍ਰਾਈਵੇਟਾਂ ਸਕੂਲਾਂ ਵਿਚ ਅਤੇ 160 ਸਹਾਇਤਾ ਪ੍ਰਾਪਤ ਸਕੂਲਾਂ ਵਿਚ ਹਨ।
ਅਮਰੀਕਾ ਵਿਚ 12ਵੀਂ ਜਮਾਤ ਤੱਕ ਸਕੂਲਾਂ ਵਿਚ ਪੜ੍ਹਾਈ ਮੁਫ਼ਤ ਹੈ, ਇਨ੍ਹਾਂ ਨੂੰ ਪਬਲਿਕ ਸਕੂਲ ਕਿਹਾ ਜਾਂਦਾ ਹੈ। ਘਰਾਂ ਵਿਚ ਬੱਸਾਂ ਬੱਚਿਆਂ ਨੂੰ ਲੈਣ ਆਉਂਦੀਆ ਹਨ ਤੇ ਉਨ੍ਹਾਂ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ। ਜਿੱਥੋਂ ਤੀਕ ਇਨ੍ਹਾਂ ਦੀ ਮਹਾਨਤਾ ਦਾ ਸੰਬੰਧ ਹੈ, ਅਮਰੀਕਾ ਵਿਚ ਹਰ ਸਾਲ ‘ਕੌਮੀ ਲਾਇਬ੍ਰੇਰੀਆਂ ਹਫ਼ਤਾ’ ਮਨਾਇਆ ਜਾਂਦਾ ਹੈ। ਅਮਰੀਕੀ ਲਾਇਬ੍ਰੇਰੀ ਐਸੋਸੀਏਸ਼ਨ ਹਰ ਸਾਲ ਅਮਰੀਕੀ ਲਾਇਬ੍ਰੇਰੀ ਦੀ ਸਥਿਤੀ ਬਾਰੇ ਰਿਪੋਰਟ ਜਾਰੀ ਕਰਦੀ ਹੈ। ਐਸੋਸੀਏਸ਼ਨ ਦੀ ਪ੍ਰਧਾਨ ਐਮਿਲੀ ਡਰਾਬਿਨਸਕੀ ਨੇ 2023 ਦੀ ਰਿਪੋਰਟ ਜਾਰੀ ਕਰਦਿਆਂ ਲਾਇਬ੍ਰੇਰੀਅਨਾਂ ਨੂੰ ਯਾਦ ਕਰਵਾਇਆ ਕਿ ਲਾਇਬ੍ਰੇਰੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ।
ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸੰਸਾਰ ਨੂੰ ਚੰਗਾ ਬਣਾਉਣ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਲੋਕਾਂ ਦੀ ਬਹੁਤ ਵੱਡੀ ਗਿਣਤੀ ਲਾਇਬ੍ਰੇਰੀਆਂ ਨੂੰ ਪਿਆਰ ਕਰਦੀ ਹੈ। ਇਸ ਲਈ ਸਾਨੂੰ ਪਾਠਕਾਂ ਦੀ ਦਿਲਚਸਪੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ। ਇਥੇ ਦੱਸਣਯੋਗ ਹੈ ਕਿ ਅਮਰੀਕਾ ਵਿਚ ਹਰ ਸ਼ਹਿਰ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਹਨ। ਤੁਸੀਂ 72 ਕਿਤਾਬਾਂ ਇੱਕ ਸਮੇਂ ਕਢਵਾ ਸਕਦੇ ਹੋ, ਹਰੇਕ ਕਿਤਾਬ 23 ਦਿਨਾਂ ਲਈ ਜਾਰੀ ਕੀਤੀ ਜਾਂਦੀ ਹੈ ਤੇ ਇਸ ਨੂੰ ਮੁੜ ਜਾਰੀ ਕਰਵਾਇਆ ਜਾ ਸਕਦਾ ਹੈ। ਘਰ ਬੈਠੇ ਇੰਟਰਨੈੱਟ ‘ਤੇ ਲਾਇਬ੍ਰੇਰੀ ਦੀ ਵੈੱਬਸਾਈਟ ਖੋਲ੍ਹ ਕੇ ਆਪਣਾ ਲਾਇਬ੍ਰੇਰੀ ਕਾਰਡ ਨੰਬਰ ਭਰ ਕੇ ਜਿਸ ਵਿਸ਼ੇ ਜਾਂ ਜਿਸ ਲੇਖਕ ਦੀ ਕਿਤਾਬ ਚਾਹੀਦੀ ਹੋਵੇ, ਉਸ ਨੂੰ ਲਾਇਬ੍ਰੇਰੀ ਦੀ ਵੈੱਬਸਾਈਟ ਉਪਰ ਲੱਭਣ (ਸਰਚ)’ਤੇ ਪਤਾ ਲੱਗਾ ਜਾਂਦਾ ਹੈ ਕਿ ਉਹ ਪੁਸਤਕਾਂ ਕਿੱਥੇ ਹਨ। ਤੁਸੀਂ ਉਨ੍ਹਾਂ ਨੂੰ ਚੁਣ ਲਉ ਤੇ ਕੁਝ ਦਿਨਾਂ ਪਿੱਛੋਂ ਕਿਤਾਬ ਤੁਹਾਡੀ ਮੈਂਬਰਸ਼ਿਪ ਵਾਲੀ ਲਾਇਬ੍ਰੇਰੀ ਵਿਚ ਪੁੱਜਣ ‘ਤੇ ਤੁਹਾਨੂੰ ਈ-ਮੇਲ ਰਾਹੀਂ ਇਸ ਬਾਰੇ ਪਤਾ ਲੱਗ ਜਾਵੇਗਾ। ਲਾਇਬ੍ਰੇਰੀ ਵਿਚ ਬਹੁਤ ਹੀ ਜ਼ਰੂਰੀ ਕਿਤਾਬਾਂ ਹੁੰਦੀਆਂ ਹਨ।
ਜ਼ਿਆਦਾਤਰ ਰਸਾਲੇ, ਅਖਬਾਰਾਂ, ਵੀਡੀਓ ਆਦਿ ਹੁੰਦੀਆਂ ਹਨ। ਉਹ ਕਿਤਾਬਾਂ ਕਾਲਜਾਂ ਤੋਂ ਮੰਗਵਾ ਕੇ ਦਿੰਦੇ ਹਨ। ਸੂਬੇ ਦੇ ਜਿੰਨੇ ਵੀ ਕਾਲਜ ਹਨ, ਉਹ ਸਭ ਲਾਇਬ੍ਰੇਰੀਆਂ ਨਾਲ ਇੰਟਰਨੈੱਟ ਰਾਹੀਂ ਜੁੜੇ ਹੋਏ ਹਨ। ਜਦੋਂ ਤੁਸੀਂ ਆਪਣੇ ਲੈਪਟਾਪ ‘ਤੇ ਕਿਸੇ ਕਿਤਾਬ ਦਾ ਵੇਰਵਾ ਲਿਖਦੇ ਹੋ ਤਾਂ ਕਿਤਾਬ ਦਾ ਨਾਂਅ, ਲੇਖਕ, ਪ੍ਰਕਾਸ਼ਕ, ਛਪਣ ਦਾ ਵਰ੍ਹਾ ਤੇ ਕਾਲਜ ਦਾ ਨਾਂਅ ਆ ਜਾਵੇਗਾ। ਤੁਸੀਂ ਬੱਸ ਵੈੱਬਸਾਇਟ ‘ਤੇ ਕਲਿਕ ਕਰੋ, ਕਿਤਾਬ ਤੁਹਾਡੇ ਖ਼ਾਤੇ ਵਿਚ ਆ ਜਾਂਦੀ ਹੈ। ਲਾਇਬ੍ਰੇਰੀ ਕਾਰਡ ਦੀ ਕੋਈ ਫ਼ੀਸ ਨਹੀਂ ਹੈ ਤੇ ਨਾ ਹੀ ਲਾਇਬ੍ਰੇਰੀ ਵਾਲੇ ਸਕਿਊਰਟੀ ਵਜੋਂ ਕੋਈ ਪੈਸਾ ਲੈਂਦੇ ਹਨ। ਪੁਰਾਣੇ ਰਸਾਲੇ ਤੇ ਅਖ਼ਬਾਰਾਂ ਹਨ ਭਾਵੇਂ ਕਿੰਨੇ ਵੀ ਪੁਰਾਣੇ ਹੋਣ, ਤੁਸੀਂ ਘਰ ਬੈਠੇ ਇੰਟਰਨੈੱਟ ‘ਤੇ ਆਪਣੀ ਲਾਇਬ੍ਰੇਰੀ ਦੀ ਵੈੱਬਸਾਈਟ ਰਾਹੀਂ ਪੜ੍ਹ ਸਕਦੇ ਹੋ। ਜੇ ਕੋਈ ਲੇਖ ਜਾਂ ਖ਼ਬਰ ਡਾਊਨਲੋਡ ਕਰਨੀ ਹੋਵੇ ਤਾਂ ਤੁਸੀਂ ਆਪਣੇ ਲੈਪਟਾਪ ‘ਤੇ ਕਰ ਸਕਦੇ ਹੋ। ਲੇਖਕ ਨੇ ਜਦੋਂ ਅਮਰੀਕਾ ਦੇ ਸਭ ਤੋਂ ਪੁਰਾਣੇ ਰਸਾਲੇ ‘ਟਾਇਮ’ ਤੋਂ 1984 ਸਾਲ ਦੇ ਅੰਕ ਵੇਖਣੇ ਚਾਹੇ ਤਾਂ ਲਾਇਬ੍ਰੇਰੀਅਨ ਨੇ ਉਸੇ ਸਮੇਂ ਲਾਇਬ੍ਰੇਰੀ ਦੇ ਕੰਪਿਊਟਰ ‘ਤੇ ਜਾ ਕੇ ਲਾਇਬ੍ਰੇਰੀ ਦੀ ਵੈੱਬਸਾਈਟ ਖੋਲ੍ਹ ਤੇ ਉਸ ਦਾ ਲਾਇਬ੍ਰੇਰੀ ਦਾ ਕਾਰਡ ਨੰਬਰ ਭਰਿਆ ਤੇ ਰਸਾਲੇ ਨੂੰ ਇੰਟਰਨੈੱਟ ਰਾਹੀਂ ਲੱਭ ਕੇ ਕਿਹਾ ਕਿ ਤੁਸੀਂ ਜਿਹੜਾ ਮਰਜ਼ੀ ਅੰਕ ਕੱਢੋ ਤੇ ਜਿਹੜੇ ਸਫ਼ੇ ਚਾਹੀਦੇ ਹਨ, ਉਹ ਡਾਊਨਲੋਡ ਕਰ ਲਵੋ। ਲੇਖਕ ਨੇ ਘਰ ਆ ਕੇ 1984 ਦੇ ਸਾਰੇ ਸਾਲ ਦੇ ‘ਟਾਇਮ’ ਮੈਗ਼ਜੀਨ ਦੇ ਲੋੜੀਂਦੇ ਪੰਨੇ ਡਾਊਨਲੋਡ ਕਰ ਲਏ।
ਦੁਨੀਆਂ ਦੀਆਂ ਪ੍ਰਮੁੱਖ ਘਟਨਾਵਾਂ ਨਾਲ ਸੰਬੰਧਿਤ ਕਿਤਾਬਾਂ ਇਨ੍ਹਾਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ। ਜਿਵੇਂ 1919 ਨੂੰ ਵਾਪਰੇ ਜਲਿਆਂਵਾਲੇ ਬਾਗ਼ ਦੇ ਦੁਖਾਂਤ ਸੰਬੰਧੀ ਭਾਰਤ ਸਮੇਤ ਜਿਹੜੀਆਂ ਵੀ ਕਿਤਾਬਾਂ ਕਿਸੇ ਵੀ ਦੇਸ਼ ਵਿਚ ਛਪੀਆਂ ਹਨ, ਉਹ ਇੱਥੇ ਉਪਲਬਧ ਹਨ। ਲੇਖਕ ਕੋਲ ਦੋ ਦਰਜਨ ਕਿਤਾਬਾਂ ਪੀ.ਡੀ.ਐਫ਼. ਦੇ ਰੂਪ ਵਿਚ ਮੌਜੂਦ ਹਨ, ਕੋਈ ਵੀ ਪਾਠਕ ਵਟਸਐਪ ‘ਤੇ ਇਹ ਪੁਸਤਕਾਂ ਉਨ੍ਹਾਂ ਕੋਲੋਂ ਪ੍ਰਾਪਤ ਕਰ ਸਕਦਾ ਹੈ। ਜਿਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਸਮੇਤ ਵੱਖ ਵੱਖ ਧਰਮਾਂ ਤੇ ਸਿੱਖ ਧਰਮ ਬਾਰੇ ਪੁਸਤਕਾਂ ਸ਼ਾਮਿਲ ਹਨ। ਅਮਰੀਕਾ ਦੇ ਪ੍ਰਾਇਮਰੀ ਤੋਂ ਲੈ ਕੇ ਹਰ ਸਕੂਲ ਵਿਚ ਲਾਇਬ੍ਰੇਰੀ ਹੈ। ਜਿਥੇ ਹਫ਼ਤੇ ਵਿਚ ਇਕ ਲਾਇਬ੍ਰੇਰੀ ਦਾ ਪੀਰੀਅਡ ਹੁੰਦਾ ਹੈ, ਜਿਸ ਦੌਰਾਨ ਵਿਦਿਆਰਥੀ ਨਵੀਂ ਕਿਤਾਬ ਲੈਂਦੇ ਹਨ ਤੇ ਪਹਿਲੀ ਕਿਤਾਬ ਵਾਪਸ ਕਰਦੇ ਹਨ। ਹਰੇਕ ਅਮਰੀਕੀ ਵਿਦਿਆਰਥੀ ਭਾਵੇਂ ਉਹ ਪ੍ਰਾਇਮਰੀ ਸਕੂਲ ਦਾ ਹੀ ਹੋਵੇ, ਉਸ ਦੀ ਘਰ ਵਿਚ ਆਪਣੀ ਲਾਇਬ੍ਰੇਰੀ ਹੈ। ਲਾਇਬ੍ਰੇਰੀਆਂ ਦਾ ਬਹੁਤ ਮਹੱਤਵ ਹੈ, ਜਿਨ੍ਹਾਂ ਦਾ ਅਸੀਂ ਸੰਖੇਪ ਵਿਚ ਇਸ ਤਰ੍ਹਾਂ ਵਰਣਨ ਕਰ ਸਕਦੇ ਹਾਂ :-
1. ਸੂਚਨਾ ਤੀਕ ਪਹੁੰਚ :- ਲਾਇਬ੍ਰੇਰੀਆਂ ਮੁਫ਼ਤ ਵਿਚ ਕਈ ਸਾਧਨਾਂ ਤੋਂ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ ਜਿਵੇਂ ਕਿਤਾਬਾਂ, ਅਖ਼ਬਾਰਾਂ, ਰਸਾਲੇ, ਵੀਡੀਓ ਆਦਿ। ਜਿਨ੍ਹਾਂ ਵਿਅਕਤੀਆਂ ਕੋਲ ਇੰਟਰਨੈੱਟ ਨਹੀਂ, ਕਿਤਾਬਾਂ, ਅਖਬਾਰਾਂ, ਰਸਾਲੇ ਖਰੀਦਣ ਲਈ ਪੈਸੇ ਨਹੀਂ, ਉਹ ਲਾਇਬ੍ਰੇਰੀਆਂ ਤੋਂ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ।
2. ਕੰਮ ਕਰਨ ਦੀ ਸਮਰੱਥਾ :- ਲਾਇਬ੍ਰੇਰੀਆਂ ਪੜ੍ਹਨ ਦੀ ਰੁਚੀ ਪੈਦਾ ਕਰਦੀਆਂ ਹਨ, ਜਿਸ ਨਾਲ ਸਾਖ਼ਰਤਾ ਭਾਵ ਪੜਾਕੂਆਂ ਦੀ ਗਿਣਤੀ ਵੱਧਦੀ ਹੈ। ਸਮਾਜ ਜਿੰਨਾ ਪੜ੍ਹਿਆਂ ਲਿਖਿਆ ਹੋਵੇਗਾ, ਉਨ੍ਹਾਂ ਹੀ ਵਿਕਸਿਤ ਹੋਵੇਗਾ। ਕਿਤਾਬਾਂ, ਰਸਾਲੇ ਅਖਬਾਰਾਂ ਪੜ੍ਹਨ ਨਾਲ ਉਨ੍ਹਾਂ ਵਿਚ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ। 3. ਸਮਾਜਿਕ ਸਰਗਰਮੀਆਂ ਦਾ ਕੇਂਦਰ :- ਲਾਇਬ੍ਰੇਰੀਆਂ ਵਿਚ ਪਾਠਕ ਬਹੁਤ ਸਾਰੀਆਂ ਸਰਗਰਮੀਆਂ ਇਕੱਠੇ ਹੋ ਕੇ ਕਰਦੇ ਹਨ, ‘ਬੁੱਕ ਕਲੱਬ’ ਬਣੇ ਹੋਏ ਹਨ। ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ। ਲੈਕਚਰ ਕਰਵਾਏ ਜਾਂਦੇ ਹਨ, ਕਵੀ ਦਰਬਾਰ ਤੇ ਇਸੇ ਤਰ੍ਹਾਂ ਦੇ ਕਈ ਹੋਰ ਪ੍ਰੋਗਰਾਮ ਕਰਵਾਏ ਜਾਂਦੇ ਹਨ। ਗਰਮੀਆਂ ਤੇ ਸਰਦੀਆਂ ਦੀਆ ਛੁੱਟੀਆਂ ਦੌਰਾਨ ਵਿਦਿਆਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਪਹਿਲਾਂ ਹੀ ਉਲੀਕ ਕੇ ਰੱਖੇ ਜਾਂਦੇ ਹਨ।
4. ਡਿਜੀਟਲ ਤਕਨੀਕ ਦੀ ਸਹੂਲਤ ਹੈ :- ਇਹ ਲਾਇਬ੍ਰੇਰੀਆਂ ਜਿਨ੍ਹਾਂ ਕੋਲ ਇੰਟਰਨੈੱਟ ਹੈ ਤੇ ਜਿਨ੍ਹਾਂ ਕੋਲ ਨਹੀਂ ਹੈ, ਉਨ੍ਹਾਂ ਵਿਚਕਾਰ ਅੰਤਰ ਖ਼ਤਮ ਕਰਦੀਆਂ ਹਨ। 2021 ਵਿਚ ਯੂ.ਐਨ.ਓ. ਦੇ ਡਿਪਟੀ ਸਕੱਤਰ ਜਨਰਲ ਨੇ ਜਨਰਲ ਅਸੈਂਬਲੀ ਵਿਚ ਕਿਹਾ ਸੀ ਕਿ ਦੁਨੀਆ ਦੀ ਅੱਧੀ ਆਬਾਦੀ ਜ਼ਿਆਦਾਤਰ ਔਰਤਾਂ ਇੰਟਰਨੈੱਟ ਤੋਂ ਦੂਰ ਹਨ।
5. ਸੱਭਿਆਚਾਰ ਤੇ ਇਤਿਹਾਸ ਨੂੰ ਸੰਭਾਲਣਾ :- ਲਾਇਬ੍ਰੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੱਭਿਆਚਾਰਕ ਵਿਰਾਸਤ ਤੇ ਇਤਿਹਾਸਕ ਸਮੱਗਰੀ ਸੰਭਾਲ ਕੇ ਰੱਖਦੀਆਂ ਹਨ। ਉਹ ਜਿੱਥੇ ਮੌਜੂਦਾ ਸਮੱਗਰੀ ਸੰਭਾਲਦੀਆਂ ਹਨ, ਉੱਥੇ ਹੱਥ-ਲਿਖਤਾਂ, ਦੁਰਲੱਭ ਪੁਸਤਕਾਂ ਲੱਭ ਕੇ ਸੰਭਾਲਦੀਆਂ ਹਨ। ਇਹ ਅਲੋਪ ਹੋ ਚੁੱਕੀਆਂ ਜਾਂ ਅਲੋਪ ਹੋ ਰਹੀਆਂ ਭਾਸ਼ਾਵਾਂ ਤੇ ਲਿੱਪੀਆਂ ਨੂੰ ਸਾਂਭ ਕੇ ਦੇਸੀ ਭਾਸ਼ਾਵਾਂ ਨੂੰ ਸੰਭਾਲਣ ਤੇ ਉਨ੍ਹਾਂ ਦੀ ਤਰੱਕੀ ਲਈ ਕੰਮ ਕਰਦੀਆਂ ਹਨ।
6. ਆਮ ਵਿੱਦਿਆ ਵਿਚ ਸਹਾਇਕ:- ਲਾਇਬ੍ਰੇਰੀਆਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਦੀ ਪੜ੍ਹਾਈ ਤੇ ਖੋਜ ਆਦਿ ਵਿਚ ਸਹਾਇਤਾ ਕਰਦੀਆਂ ਹਨ।
7. ਚਿੰਤਾ ਦੂਰ ਕਰਨ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ :- ਕਈ ਲਾਇਬ੍ਰੇਰੀਆਂ ਵਿਚ ਵਿਦਿਆਰਥੀਆਂ ਲਈ ਵਿਸ਼ੇਸ਼ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਉਹ ਕੁਝ ਸਮਾਂ ਰਵਾਇਤੀ ਪੜ੍ਹਾਈ ਛੱਡ ਕੇ ਸਕੂਨ ਨਾਲ ਆਰਾਮ ਕਰ ਸਕਣ।
8 ਸੂਚਨਾ ਤੇ ਮੀਡੀਆ ਬਾਰੇ ਜਾਣਕਾਰੀ ਵਧਾਉਣਾ :- ਲਾਇਬ੍ਰੇਰੀਆਂ ਬੱਚਿਆਂ ਤੇ ਬਾਲਗਾਂ ਨੂੰ ਸੂਚਨਾ ਆਦਾਨ-ਪ੍ਰਦਾਨ ਕਰਨ ਸਮੇਂ ਚੇਤੰਨ ਰਹਿਣ ਦੀ ਜਾਣਕਾਰੀ ਵੀ ਮੁਹੱਈਆ ਕਰਵਾਉਂਦੀਆਂ ਹਨ। ਅੱਜਕਲ੍ਹ ਹੋ ਰਹੇ ਫਰਜ਼ੀ ਘਪਲਿਆਂ ਦੌਰਾਨ ਝੂਠੀਆਂ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ। ਬੈਂਕ ਖਾਤਿਆਂ ਵਿਚੋਂ ਧੋਖੇ ਨਾਲ ਪੈਸੇ ਕਢਵਾਏ ਜਾਂਦੇ ਹਨ, ਲਾਇਬ੍ਰੇਰੀਆਂ ਇਨ੍ਹਾਂ ਤੋਂ ਸੁਚੇਤ ਕਰ ਕੇ ਮਦਦ ਕਰਦੀਆਂ ਹਨ।
ਅਮਰੀਕੀ ਲਾਇਬ੍ਰੇਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਬਹੁਤ ਸਾਰੇ ਕੰਪਿਊਟਰ ਪਾਠਕਾਂ ਦੇ ਕੰਮ ਲਈ ਰੱਖੇ ਹੋਏ ਹਨ। ਬੈਠਣ ਤੇ ਪੜ੍ਹਨ ਲਈ ਫ਼ਰਨੀਚਰ ਬੜਾ ਸੁਵਿਧਾਜਨਕ ਹੈ। ਬੱਚਿਆਂ ਲਈ ਵੱਖਰੇ ਕਮਰੇ ਹਨ, ਜਿੱਥੇ ਉਨ੍ਹਾਂ ਦੀ ਦਿਲਚਸਪੀ ਲਈ ਪੁਸਤਕਾਂ ਤੇ ਵੀਡੀਓ ਉਪਲਬਧ ਹਨ। ਪਾਠਕਾਂ ਦੇ ਕਿਤਾਬਾਂ, ਰਸਾਲਿਆਂ ਤੇ ਅਖ਼ਬਾਰਾਂ ਦੀਆਂ ਫੋਟੋ ਕਾਪੀਆਂ ਪ੍ਰਾਪਤ ਕਰਨ ਲਈ ਸਕੈਨਰ ਤੇ ਪ੍ਰਿੰਟਰ ਮੌਜੂਦ ਹਨ। ਪੀਣ ਵਾਲੇ ਪਾਣੀ ਤੇ ਪਖ਼ਾਨਿਆਂ ਦੀ ਬਹੁਤ ਵਧੀਆ ਸਹੂਲਤ ਵੀ ਹੈ। ਜਿੱਥੋਂ ਤੀਕ ਸਾਂਝੇ ਪੰਜਾਬ ਦਾ ਸੰਬੰਧ ਹੈ ਤਾਂ 1878 ਨੂੰ ਪਹਿਲੀ ਮਿਊਂਸੀਪਲ ਲਾਇਬ੍ਰੇਰੀ ਲੁਧਿਆਣਾ ਵਿਚ ਕਾਇਮ ਹੋਈ, ਇਸ ਤੋਂ ਬਾਅਦ 1884 ਨੂੰ ਲਾਹੌਰ, ਪਟਿਆਲਾ 1897 ਵਿਚ, ਅੰਮ੍ਰਿਤਸਰ 1900 ਵਿਚ, ਕਪੂਰਥਲਾ 1904 ਵਿਚ, ਸੰਗਰੂਰ 1912 ਵਿਚ ਮਿਊਂਸੀਪਲ ਲਾਇਬ੍ਰੇਰੀਆਂ ਕਾਇਮ ਹੋਈਆਂ ਹਨ। ਜਿੱਥੋਂ ਤੱਕ ਪਿੰਡਾਂ ਦਾ ਸੰਬੰਧ ਹੈ, 1920-30 ਦੇ ਦਰਮਿਆਨ ਸਿੱਖਿਆ ਤੇ ਸਹਿਕਾਰਤਾ ਵਿਭਾਗ ਵਲੋਂ ਮਿਡਲ ਤੇ ਆਮ ਸਕੂਲਾਂ ‘ਚ ਤਕਰੀਬਨ 1500 ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ। ਇਥੋਂ ਦੀਆਂ ਲਾਇਬ੍ਰੇਰੀਆਂ ਦੀ ਹਾਲਤ ਬਹੁਤ ਮਾੜੀ ਹੈ। ਪੰਜਾਬ ਦੇ ਸਿਆਸਤਦਾਨਾਂ ਦੀ ਇਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ। ਵਿਦੇਸ਼ਾਂ ਵਾਂਗ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣ ਲਈ ਪੰਜਾਬ ਨੂੰ ਛੱਡ ਕੇ ਬਾਕੀ ਸਾਰਿਆਂ ਸੂਬਿਆਂ ਨੇ ਲਾਇਬ੍ਰੇਰੀ ਐਕਟ ਪਾਸ ਕਰ ਦਿੱਤੇ ਹਨ। ਜਦੋਂ ਸ. ਸੇਵਾ ਸਿੰਘ ਸੇਖਵਾਂ ਪੰਜਾਬ ਦੇ ਸਿੱਖਿਆ ਮੰਤਰੀ ਸਨ ਤਾਂ ਉਨ੍ਹਾਂ ਨੇ ਸਿੱਖਿਆ ਸ਼ਾਸਤਰੀਆਂ ਤੇ ਪੱਤਰਕਾਰਾਂ ਦੀ ਇੱਕ ਕਮੇਟੀ ਬਣਾਈ ਸੀ, ਜਿਸ ਨੇ 2011 ਵਿਚ ”ਸ਼ਬਦ ਪ੍ਰਕਾਸ਼ ਪੰਜਾਬੀ ਪਬਲਿਕ ਲਾਇਬ੍ਰੇਰੀ ਐਂਡ ਇਨਫਾਰਮੇਸ਼ਨ ਸਰਵਿਸਿਜ਼ ਬਿੱਲ 2011” ਦਾ ਖਰੜਾ ਤਿਆਰ ਕਰਵਾਇਆ ਸੀ। ਚੋਣਾਂ ਦਾ ਐਲਾਨ ਹੋ ਜਾਣ ਕਰਕੇ ਇਹ ਖਰੜਾ ਕਾਨੂੰਨ ਦੀ ਸ਼ਕਲ ਧਾਰਨ ਨਾ ਕਰ ਸਕਿਆ। 14 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਇਸ ਖਰੜੇ ਨੂੰ ਹਾਲਾਂ ਤੱਕ ਹਵਾ ਨਹੀਂ ਲਗਾਈ, ਭਾਵੇਂ ਕਿ ਇਸ ਲੇਖਕ ਤੇ ਡਾ. ਬਿਕਰਮ ਸਿੰਘ ਘੁੰਮਣ ਵਲੋਂ ਇਸ ਸੰਬੰਧੀ ਮੁੱਖ ਮੰਤਰੀਆਂ ਨੂੰ ਲਗਾਤਾਰ ਪੱਤਰ ਵੀ ਲਿਖੇ ਜਾ ਰਹੇ ਹਨ। ਪਰ ਨਾ ਤਾਂ ਸਰਕਾਰ ਵਲੋਂ ਇਨ੍ਹਾਂ ਪੱਤਰਾਂ ਦਾ ਜਵਾਬ ਆਉਂਦਾ ਹੈ ਤੇ ਨਾ ਕਾਨੂੰਨ ਬਣਾਇਆ ਜਾ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਵਟਸਐਪ ‘ਤੇ ਲੇਖਕਾਂ ਦੇ ਕਈ ਗਰੁੱਪ ਹਨ। ਲੇਖਕ ਤੇ ਹੋਰ ਸਮਾਜਕ ਜਥੇਬੰਦੀਆਂ ਨੂੰ ਮਿਲ ਕੇ ਸਾਂਝੀ ਮੁਹਿੰਮ ਚਲਾ ਕੇ ਇਸ ਕਾਨੂੰਨ ਨੂੰ ਪਾਸ ਕਰਵਾਉਣਾ ਚਾਹੀਦਾ ਹੈ ਤਾਂ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਲਾਇਬ੍ਰੇਰੀਆਂ ਦਾ ਜਾਲ ਵਿਛਾਇਆ ਜਾ ਸਕੇ ਤੇ ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਪੁਸਤਕ ਸੱਭਿਆਚਾਰ ਪ੍ਰਫ਼ੁੱਲਤ ਹੋ ਸਕੇ।
ਡਾ. ਚਰਨਜੀਤ ਸਿੰਘ ਗੁਮਟਾਲਾ
-0019375739812,
ਵਟਸ ਐਪ-919417533060