19 ਨਵੰਬਰ – ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਜੇ.ਈ. ਮੇਨਜ਼ ਤੇ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਕੱਲ ਤੋਂ ਸਕੂਲਾਂ ਵਿਚ ਨੀਟ ਪ੍ਰੀਖਿਆ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫ਼ਤੇ ਤੋਂ ਜੇ.ਈ. ਮੇਨਜ਼ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਆਈ.ਆਈ.ਟੀ. ਕਾਨਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (Al) ਬੇਸਡ ਸਾਫ਼ਟਵੇਅਰ ਤਿਆਰ ਕੀਤਾ ਹੈ। ਇਹ ਯੋਜਨਾ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਤੇ ਸਾਖਰਤਾ ਦੀ ਸਾਥੀ ਐਪ ਨਾਲ ਸਬੰਧਤ ਹੈ। ਨੀਟ ਪ੍ਰੀਖਿਆ ਲਈ 20 ਨਵੰਬਰ ਤੋਂ 4.30 ਵਜੇ ਤੋਂ 6.30 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ।
ਦੱਸ ਦਈਏ ਕਿ ਜੇ.ਈ. ਮੇਨ ਲਈ 11 ਨਵੰਬਰ ਤੋਂ ਹੀ ਸਕੂਲ ਦੇ ਸਮੇਂ ਦੌਰਾਨ 1.15 ਤੋਂ 3.20 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦਾ ਪੀਰੀਅਡ ਲਗਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਜੇ.ਈ. ਤੇ ਨੀਟ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ। ਇਹ ਕੋਰਸ ਡੇਢ ਤੋਂ 4 ਮਹੀਨਿਆਂ ਦਾ ਹੋਵੇਗਾ। ਇਸ ਵਿਚ ਬੱਚਿਆਂ ਨੂੰ ਫਿਜ਼ਿਕਸ, ਕੈਮਿਸਟਰੀ ਤੇ ਮੈਥਸ ਸਮੇਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ। ਕੋਚਿੰਗ ਲਈ ਸਰਕਾਰੀ ਸਕੂਲਾਂ ਵਿਚ ਡਿਜੀਟਲ ਕਲਾਸ ਰੂਮ ਤਿਆਰ ਕੀਤੇ ਗਏ ਹਨ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਖ਼ੁਦ ਇਸ ਯੋਜਨਾ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਅਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲੈਣ।