November 19, 2024

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ

ਨਵੀਂ ਦਿੱਲੀ, 19 ਨਵੰਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ’ਚ ਗ੍ਰਿਫਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੀ ਇਕ ਅਦਾਲਤ ਵਲੋਂ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਐਨ.ਡੀ.ਟੀ.ਵੀ. ਦੀ ਰੀਪੋਰਟ ਮੁਤਾਬਕ 50 ਸਾਲ ਦੇ ਅਨਮੋਲ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ। ਅਨਮੋਲ ਅਪ੍ਰੈਲ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ’ਚ ਸ਼ੱਕੀ ਹੈ। ਉਸ ’ਤੇ 2022 ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਅਹਿਮ ਭੂਮਿਕਾ ਨਿਭਾਉਣ ਦਾ ਵੀ ਦੋਸ਼ ਹੈ। ਅਨਮੋਲ ਨੂੰ ਜੋਧਪੁਰ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਕੀਤੇ ਜਾਣ ਦੇ ਅੱਠ ਮਹੀਨੇ ਬਾਅਦ ਹੀ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ ਸੀ, ਜਿੱਥੇ ਉਹ ਕਈ ਅਪਰਾਧਕ ਮਾਮਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਜਾਂਚ ਏਜੰਸੀਆਂ ਨੇ ਉਸ ਨੂੰ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਵੀ ਜੋੜਿਆ ਹੈ ਅਤੇ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਮਲੇ ਲਈ ਮਾਲ-ਅਸਬਾਬ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਅਧਿਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਅਨਮੋਲ ਵਿਦੇਸ਼ ’ਚ ਹੋਣ ਦੇ ਬਾਵਜੂਦ ਸਨੈਪਚੈਟ ਰਾਹੀਂ ਤਿੰਨ ਸ਼ੂਟਰਾਂ ਦੇ ਸੰਪਰਕ ’ਚ ਸੀ। ਉਹ ਇਸ ਸਮੇਂ ਭਾਰਤ ਵਿਚ 18 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਉਸ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਅਨਮੋਲ ਲਾਪਤਾ ਹੋ ਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਜਾਅਲੀ ਪਾਸਪੋਰਟ ’ਤੇ ਭਾਰਤ ਤੋਂ ਭੱਜ ਗਿਆ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਕਿਸ ਦੇਸ਼ ’ਚ ਪਨਾਹ ਲਈ ਸੀ, ਕੁੱਝ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਉਹ ਕੈਨੇਡਾ ਤੋਂ ਬਿਸ਼ਨੋਈ ਗੈਂਗ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਰਿਹਾ ਸੀ। ਕੁੱਝ ਰੀਪੋਰਟਾਂ ਅਨੁਸਾਰ ਅਨਮੋਲ ਨੂੰ ਪਿਛਲੇ ਸਾਲ ਕੀਨੀਆ ’ਚ ਵੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਨੇ ਕਈ ਵਾਰ ਅਪਣਾ ਟਿਕਾਣਾ ਬਦਲਿਆ ਹੈ।

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ Read More »

300 ਯੂਨਿਟ ਮੁਫ਼ਤ ਬਿਜਲੀ ਵਾਲਿਆਂ ਲਈ ਅਹਿਮ ਖਬਰ, ਸਰਕਾਰ ਕਰੇਗੀ ਮੀਟਰਾਂ ਦੀ ਜਾਂਚ

ਚੰਡੀਗੜ੍ਹ, 19 ਨਵੰਬਰ – ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿੱਚ ਭਾਰੀ ਕਮੀ ਆਈ ਹੈ। ਇਸ ਕਾਰਨ ਵਿਭਾਗੀ ਅਧਿਕਾਰੀ ਨਿਰਵਿਘਨ ਬਿਜਲੀ ਸਪਲਾਈ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਹੋਰ ਕੰਮਾਂ ਵੱਲ ਧਿਆਨ ਦੇ ਰਹੇ ਹਨ। ਇਸੇ ਲੜੀ ਤਹਿਤ ਗਲਤ ਢੰਗ ਨਾਲ ਲਗਾਏ ਗਏ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕੁਨੈਕਸ਼ਨਾਂ ਵਿੱਚ ਭਾਰੀ ਵਾਧਾ ਹੋਇਆ ਹੈ। ਗਲਤ ਤਰੀਕੇ ਨਾਲ ਮੀਟਰ ਲਗਾਉਣ ਲਈ ਹਰ ਖੇਤਰ ਵਿੱਚ ਮੁਕਾਬਲਾ ਸੀ ਅਤੇ ਇੱਕ ਘਰ ਵਿੱਚ 2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਵੇਂ ਮੀਟਰ ਲਗਾਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਅਤੇ ਸਰਕਾਰ ‘ਤੇ ਸਬਸਿਡੀ ਦਾ ਬੋਝ ਵਧ ਗਿਆ। ਨਵੇਂ ਕੁਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਕਿ ਪਾਵਰਕੌਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਪਾਵਰਕੌਮ ਨੇ ਗਲਤ ਢੰਗ ਨਾਲ ਲਗਾਏ ਮੀਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਵਿਭਾਗ ਨੂੰ ਰਾਹਤ ਮਿਲ ਸਕੇ। ਇੱਕ ਪਾਸੇ ਜਿੱਥੇ ਗਲਤ ਤਰੀਕੇ ਨਾਲ ਲਗਾਏ ਗਏ ਮੀਟਰਾਂ ਵਿਰੁੱਧ ਕਾਰਵਾਈ ਕਰਨ ਨਾਲ ਪਾਵਰਕੌਮ ਨੂੰ ਫਾਇਦਾ ਹੋਵੇਗਾ, ਉਥੇ ਹੀ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਇਸ ਕਾਰਨ ਪਾਵਰਕੌਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਗਲਤ ਢੰਗ ਨਾਲ ਮੀਟਰ ਲਗਾਉਣ ਵਾਲਿਆਂ ਦੇ ਮੀਟਰ ਕਢਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਵਿਭਾਗ ਨੇ ਬਿਜਲੀ ਵਿਵਸਥਾ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਤਾਰਾਂ ਬਦਲਣ, ਟਰਾਂਸਫਾਰਮਰਾਂ ਨੂੰ ਅੱਪਡੇਟ ਕਰਨ ਸਮੇਤ ਪੈਂਡਿੰਗ ਕੰਮਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਨਾਲ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਵਿੱਚ ਕਮੀ ਆਵੇਗੀ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਰ ਖੇਤਰ ਵਿੱਚ 1-2 ਕਿਲੋਵਾਟ ਸਟੇਸ਼ਨਰੀ ਲੋਡ ‘ਤੇ 4-5 ਕਿਲੋਵਾਟ ਲੋਡ ਨਾਲ ਚੱਲਣ ਵਾਲੇ ਸੈਂਕੜੇ ਕੁਨੈਕਸ਼ਨ ਚੱਲ ਰਹੇ ਹਨ। ਅਜਿਹੇ ਕੁਨੈਕਸ਼ਨਾਂ ਕਾਰਨ ਵਿਭਾਗ ਨੂੰ ਇਲਾਕੇ ਵਿੱਚ ਵਰਤੇ ਗਏ ਲੋਡ ਦਾ ਸਹੀ ਪਤਾ ਨਹੀਂ ਲੱਗ ਰਿਹਾ ਜਿਸ ਕਾਰਨ ਟਰਾਂਸਫਾਰਮਰ ਓਵਰਲੋਡ ਹੋ ਜਾਂਦੇ ਹਨ। ਸਬੰਧਤ ਖੇਤਰ ਵਿੱਚ ਵਿਭਾਗ ਵੱਲੋਂ ਜਾਰੀ ਕੀਤੇ ਮੀਟਰਾਂ ਦੇ ਲੋਡ ਅਨੁਸਾਰ ਹੀ ਟਰਾਂਸਫਾਰਮਰ ਲਗਾਏ ਜਾਂਦੇ ਹਨ। ਪਰ ਸਬੰਧਤ ਟਰਾਂਸਫਾਰਮਰ ਦੇ ਬਿਜਲੀ ਖਪਤਕਾਰ ਟ੍ਰੈਕਸ਼ਨ ਲੋਡ ਨਾਲੋਂ ਕਈ ਗੁਣਾ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ। ਇਸ ਕਾਰਨ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਂਸਫਾਰਮਰ ਨੇ ਜ਼ਿਆਦਾ ਲੋਡ ਨਹੀਂ ਲਿਆ ਅਤੇ ਫਿਊਜ਼ ਹੋ ਗਿਆ। ਵਿਭਾਗ ਵੱਲੋਂ ਅਜਿਹੇ ਖਪਤਕਾਰਾਂ ‘ਤੇ ਸ਼ਿਕੰਜਾ ਕੱਸਣ ਦੀ ਯੋਜਨਾ ਬਣਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਵਰਤਣ ਵਾਲੇ ਖਪਤਕਾਰ ਆਪਣਾ ਲੋਡ ਵਧਾਉਣ, ਨਹੀਂ ਤਾਂ ਵਿਭਾਗੀ ਜਾਂਚ ਵਿੱਚ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੁਫ਼ਤ ਬਿਜਲੀ ਸਕੀਮ ਦੀ ਆੜ ਵਿੱਚ 300 ਤੋਂ ਵੱਧ ਯੂਨਿਟ ਵਰਤਣ ਵਾਲੇ ਕਈ ਬਿਜਲੀ ਖਪਤਕਾਰ ਆਪਣੇ ਬਿੱਲ ਨਹੀਂ ਭਰ ਰਹੇ, ਜੋ ਪਾਵਰਕੌਮ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਈ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਬਕਾਇਆ ਅਦਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਇਗੀ ਨਾ ਕਰਨ ਵਾਲਿਆਂ ਦੇ ਬਿੱਲ ਲਗਾਤਾਰ ਬਕਾਇਆ ਪਏ ਹਨ ਅਤੇ ਰਕਮ ਵਧ ਰਹੀ ਹੈ, ਇਸ ਦੀ ਜਲਦੀ ਤੋਂ ਜਲਦੀ ਵਸੂਲੀ ਕੀਤੀ ਜਾਵੇਗੀ। ਉੱਤਰੀ ਜ਼ੋਨ ਦੇ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਸ਼ਿਕਾਇਤਾਂ ਘਟੀਆਂ ਹਨ ਜਿਸ ਕਾਰਨ ਵਿਭਾਗ ਪੈਂਡਿੰਗ ਕੰਮਾਂ ਵੱਲ ਧਿਆਨ ਦੇ ਰਿਹਾ ਹੈ। ਨਿਯਮਾਂ ਦੇ ਉਲਟ ਜਾ ਕੇ ਗਲਤ ਕੁਨੈਕਸ਼ਨ ਲੈਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਡਿਫਾਲਟਰਾਂ ਤੋਂ ਵਸੂਲੀ ਅਤੇ ਲੋਡ ਵਧਾਉਣ ‘ਤੇ ਧਿਆਨ ਦਿੱਤਾ ਜਾਵੇਗਾ।

300 ਯੂਨਿਟ ਮੁਫ਼ਤ ਬਿਜਲੀ ਵਾਲਿਆਂ ਲਈ ਅਹਿਮ ਖਬਰ, ਸਰਕਾਰ ਕਰੇਗੀ ਮੀਟਰਾਂ ਦੀ ਜਾਂਚ Read More »

ਚੰਨੀ ਨੇ ਮੰਗੀ ਮੁਆਫ਼ੀ

ਚੰਡੀਗੜ੍ਹ, 19 ਨਵੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਔਰਤਾਂ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਕਾਂਗਰਸ ਆਗੂ ਨੇ ਪੱਤਰਕਾਰਾਂ ਨੂੰ ਕਿਹਾ, ”ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।” ਉਨ੍ਹਾਂ ਕਿਹਾ ਕਿ ਉਹ ਔਰਤਾਂ ਵਿਰੁੱਧ ਕੁਝ ਕਹਿਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਜਲੰਧਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਕਿਸੇ ਦੇ ਖ਼ਿਲਾਫ਼ ਨਹੀਂ ਹਾਂ। ਚੰਨੀ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮਵਾਰ ਨੂੰ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਦੌਰਾਨ ਔਰਤਾਂ ਅਤੇ ਦੋ ਭਾਈਚਾਰਿਆਂ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ’ਚ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਆਪ ਅਤੇ ਭਾਜਪਾ ਅਤੇ ਅਕਾਲੀਦਲ ਨੇ ਚੰਨੀ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਆਸੀ ਵਿਰੋਧੀਆਂ ’ਤੇ ਹਮਲਾ ਕਰਨ ਲਈ ਮੁੱਖ ਮੰਤਰੀ ਦਾ ਅਹੁਦੇ ’ਤੇ ਰਹਿ ਚੁੱਕੇ ਸੰਭਾਲਣ ਵਾਲੇ ਆਗੂ ਵੱਲੋਂ ਅਜਿਹੀ ‘ਅਸ਼ਲੀਲ ਅਤੇ ਫੁੱਟ ਪਾਊ ਭਾਸ਼ਾ’ ਦੀ ਵਰਤੋਂ ਕਰਨਾ ਸਹਿਣਯੋਗ ਨਹੀਂ ਹੈ। ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ਚੰਨੀ ਨੇ ਆਪਣੀਆਂ ਟਿੱਪਣੀਆਂ ਰਾਹੀਂ ਔਰਤਾਂ ਪ੍ਰਤੀ ਆਪਣੀ ‘ਨੀਵੀਂ ਮਾਨਸਿਕਤਾ’ ਦਾ ਪ੍ਰਗਟਾਵਾ ਕੀਤਾ ਹੈ।

ਚੰਨੀ ਨੇ ਮੰਗੀ ਮੁਆਫ਼ੀ Read More »

ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਕੈਬਨਿਟ ਮੰਤਰੀ

ਵਿਕਟੋਰੀਆ, ਬੀ ਸੀ (ਕੈਨੇਡਾ) , 19 ਨਵੰਬਰ – ਬਠਿੰਡੇ ਦੇ ਦਿਉਣ ਪਿੰਡ ਦੇ ਬਰਾੜ ਪਰਿਵਾਰ ਜੰਮਪਲ ਅਤੇ ਛੇਵੀਂ ਵਾਰ ਰਿਟਿਸ਼ ਕੋਲੰਬੀਆ ਸੂਬੇ ਦੇ MLA ਚੁਣੇ ਗਏ ਜਗਰੂਪ ਸਿੰਘ ਬਰਾੜ ਹਨ ਨਵੀਂ NDP ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ . ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਇੱਥੇ ਸਹੁੰ ਚੁੱਕੀ . ਉਨ੍ਹਾਂ ਨੂੰ Mining & Critical Resources ਦਾ ਮਹਿਕਮਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ , ਉਨ੍ਹਾਂ ਦੇ ਪੁੱਤਰ ਅਤੇ ਧੀ ਤੋਂ ਇਲਾਵਾ ਦੋਸਤ ਮਿੱਤਰ ਮੌਜੂਦ ਸਨ . ਬਾਬੂਸ਼ਾਹੀ ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਜਗਰੂਪ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਕੈਨੇਡਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ . ਚੇਤੇ ਰਹੇ ਕਿ ਜਗਰੂਪ ਬਰਾੜ ਅਤੇ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਬਰਾੜ , ਬਲਜੀਤ ਬੱਲੀ ਦੇ ਲੰਬੇ ਸਮੇਂ ਦੇ ਦੋਸਤ ਹਨ ਅਤੇ ਉਨ੍ਹਾਂ ਦੇ ਆਪਸ ਵਿਚ ਪਰਿਵਾਰਕ ਸਬੰਧ ਹਨ। ਜਗਰੂਪ ਬਰਾੜ ਪਿਛਲੇ BC ਕੈਬਨਿਟ ਵਿਚ ਰਾਜ ਮੰਤਰੀ ਸਨ।

ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਕੈਬਨਿਟ ਮੰਤਰੀ Read More »

ਸੁਖਬੀਰ ਬਾਦਲ ਦੇ ਓਐਸਡੀ ਨੇ ਵੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਫਰੀਦਕੋਟ, 19 ਨਵੰਬਰ – ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਅੰਦਰ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਫਰੀਦਕੋਟ ਵਿੱਚ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸੰਦੀਪ ਸਿੰਘ ਸੰਨੀ ਬਰਾੜ ਨੇ ਵੀ ਓਐਸਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਸੁਖਬੀਰ ਬਾਦਲ ਦੇ ਓਐਸਡੀ ਨੇ ਵੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ Read More »

ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ – ਲਾਹੌਰ ’ਚ ਦੂਜੀ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸ਼ੁਰੂ

-ਮਾਤ ਭਾਸ਼ਾ ਪੰਜਾਬੀ ਇਕ ਸਮਰੱਥ ਭਾਸ਼ਾ-ਜ਼ਫਰ -ਪੰਜਾਬੀ ਦਾ ਝੰਡਾ ਬੁਲੰਦ ਰਿਹਾ ਹੈ ਇਸ ਨੂੰ ਹੋਰ ਬੁਲੰਦ ਕਰਾਂਗੇ-ਭੌਰਾ -ਸਾਂਈ ਜ਼ਹੂਰ ਨੇ ਸੂਫੀ ਰੰਗ, ਸੱਤੀ ਪਾਬਲਾ ਤੇ ਫਲਕ ਇਜਾਜ ਨੇ ਪੰਜਾਬੀ ਗੀਤਾਂ ਦਾ ਰੰਗ ਬੰਨਿ੍ਹਆ -ਅਸ਼ੌਕ ਭੌਰਾ ਦਾ ਭੰਗੜੇ ਵਾਲਾ ਗੀਤ ‘ਚੌਲਾਂ ਦੀ ਬੁਰਕੀ’ ਜਾਰੀ ਲਾਹੌਰ, 19 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਮਾਤ ਭਾਸ਼ਾ ‘ਪੰਜਾਬੀ’ ਚਾਹੇ ਉਹ ਚੜ੍ਹਦੇ ਪੰਜਾਬ ਦੀ ਹੋਵੇ ਚਾਹੇ ਉਹ ਲਹਿੰਦੇ ਪੰਜਾਬ ਦੀ ਹੋਵੇ, ਉਸਦੇ ਵਿਚ ਵਿਰਸਾ, ਸਭਿਆਚਾਰ ਅਤੇ ਧਾਰਮਿਕ ਜਥਾਰਥਵਾਦੀ ਖਜ਼ਾਨੇ ਵਾਂਗ ਛੁਪਿਆ ਪਿਆ ਹੈ। ਇਹ ਖਜ਼ਾਨਾ ਪੰਜਾਬੀ ਬੇਲਦੇ ਭਾਈਚਾਰੇ ਲਈ ਕਿੰਨਾ ਕੀਮਤੀ ਹੈ ਅਤੇ ਕਿੰਨਾ ਇਸਨੂੰ ਸੰਭਾਲਣ ਦੀ ਲੋੜ ਹੈ, ਦੇ ਫਿਕਰਮੰਦ ਅਜਿਹੇ ਕਾਰਜ ਕਰਦੇ ਰਹਿੰਦੇ ਹਨ, ਜੋ ਕਿ ਆਉਣ ਵਾਲੀਆਂ ਸਾਡੀਆਂ ਚੁਣੌਤੀਆਂ ਨਾਲ ਦੋ-ਚਾਰ ਹੋਣ ਵਿਚ ਸਹਾਇਤਾ ਕਰਦੇ ਹਨ। ਲਾਹੌਰ ਦੇ ਵਿਚ ਅੱਜ ਇਸੇ ਮਨੋਰਥ ਦੇ ਨਾਲ ‘ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਦਾ ਆਗਾਜ਼ ਜਿੱਥੇ ਸਥਾਨਕ ਵਿਦਵਾਨਾਂ, ਰਾਜਸੀ ਸਖਸ਼ੀਅਤਾਂ, ਕਲਾਕਾਰਾਂ ਦੇ ਕਦਮਾਂ ਨਾਲ ਸ਼ੁਰੂ ਹੋਇਆ ਉਥੇ ਇਨ੍ਹਾਂ ਕਦਮਾਂ ਨੂੰ ਕਾਫਲੇ ਦਾ ਰੂਪ ਦੇਣ ਦੇ ਲਈ ਚੜ੍ਹਦੇ ਪੰਜਾਬ ਤੋਂ ਮਾਣਮੱਤੀਆਂ ਸਖਸ਼ੀਅਤਾਂ ਵੀ ਦੇਸ਼ ਦੀਆਂ ਸਰਹੱਦਾਂ ਪਾਰ ਕਰਕੇ ਪਹੁੰਚੀਆਂ। ਪ੍ਰਸਿੱਧ ਸ਼ਾਇਰ ਅਫ਼ਜਲ ਸਾਹਿਰ ਨੇ ਸਟੇਜ ਸੰਚਾਲਨ ਕਰਦਿਆਂ ਪੰਜਾਬੀ ਭਾਸ਼ਾ ਦੇ ਮੋਤੀਆਂ ਜੜੇ ਸ਼ੇਅਰ ਪੇਸ਼ ਕਰਦਿਆਂ ਪੰਜਾਬੀਆਂ ਦੀ ਗੱਲ ਅੱਗੇ ਤੋਰੀ। ਇਸ ਕਾਨਫਰੰਸ ਦੇ ਕਰਤਾ ਅਹਿਮਦ ਰਜਾ ਨੇ ਸਵਾਗਤੀ ਭਾਸ਼ਣ ਕਰਦਿਆਂ ਕਿਹਾ ਕਿ ‘ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾਂ ਹਾਂ।’’ ਦਾ ਅਹਿਸਾਸ ਤਾਂ ਅੰਦਰ ਵਸਦਾ ਹੈ,ਪਰ ਅਸੀਂ ਪੰਜਾਬੀ ਵਾਸਤੇ ਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਜਿਸ ਕੌਮ ਕੋਲ ਕੋਈ ਸੁਰਤ ਨਾ ਰਹੇ ਤਾਂ ਮਾਤ ਭਾਸ਼ਾ ਅਤੇ ਵਿਰਸਾ ਦਾ ਵਿਸਰ ਹੀ ਜਾਵੇਗਾ। ਉਨ੍ਹਾਂ ਕਿਹਾ ਜੇਕਰ ਅਸੀਂ ਆਪਣੇ ਉਦਮ ਦੀ ਗੱਲ ਕਰੀਏ ਤਾਂ ਅਜਿਹੇ ਕਾਰਜਾਂ ਵਾਸਤੇ ਸਿਰਫ ਪਿਲਾਕ ਹੀ ਹੈ, ਜੋ ਸਾਨੂੰ ਹੱਲਾਸ਼ੇਰੀ ਦੇ ਰਹੀ ਹੈ। ਲੋਕ ਤਾਂ ਅੱਜ ਇਹ ਕਹਿੰਦੇ ਹਨ ਕਿ ‘ਪੰਜਾਬੀ ਦਾ ਕਰਨਾ ਕੀ ਹੈ’, ਇਹ ਅਸੀਂ ਸੋਚਣਾ ਹੈ ਕਿ ਅਸੀਂ ਪੰਜਾਬੀ ਦਾ ਕੀ ਕਰਨਾ ਹੈ, ਪੰਜਾਬੀ ਨੂੰ ਕਿਸ ਕਦਰ ਸਾਂਭਣਾ ਹੈ। ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸ਼ਾਇਰ ਅਫ਼ਜਲ ਸਾਹਿਰ ਸਕੂਲਾਂ ਦੇ ਵਿਚ ਬਾਬਾ ਫਰੀਦ, ਬੁੱਲੇ ਸ਼ਾਹ, ਬਾਬਾ ਨਾਨਕ ਆਦਿ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਸੋਚਣ ਦੀ ਲੋੜ ਹੈ। ਪਿਲਾਕ ਸੰਸਥਾ ਦੀ ਮੁਖੀ ਬਿਨੇਸ਼ ਫਾਤਿਮਾ ਹੋਰਾਂ ਨੇ ਸੰਬੋਧਨ ਹੁੰਦਿਆ ਕਿਹਾ ਕਿ ਆਏ ਸਾਰਿਆਂ ਨੂੰ ਖੁਸ਼ਆਮਦੀਦ ਆਖਿਆ। ਉਨ੍ਹਾਂ ਕਿਹਾ ਜਿਸ ਜਗ੍ਹਾ ਤੁਸੀਂ ਬੈਠੇ ਹੋ, ਉਹ ਪੰਜਾਬੀ ਕੰਪਲੈਕਸ ਹੈ ਉਹ ਪੰਜਾਬੀ ਦਾ ਘਰ ਹੈ। ਇਸ ਤੋਂ ਬਾਅਦ ਅਮਰੀਕਾ ਤੋਂ ਪਹੁੰਚੇ ਸ੍ਰੀ ਅਸ਼ੋਕ ਭੌਰਾ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਦਾ ਝੰਡਾ ਬੁਲੰਦ ਰਹੇਗਾ। ਇਹ ਹਜ਼ਾਰਾਂ ਸਾਲਾਂ ਦੀ ਪੁਰਾਣੀ ਬੋਲੀ ਹੈ। ਭੌਰਾ ਹੋਰਾਂ ਨੇ ਕਿਹਾ ਕਿ ਅੱਜ ਪੰਜਾਬ ਇਨ੍ਹਾਂ ਦੋਹਾਂ ਦੇਸ਼ਾਂ ਦੇ ਵਿਚ ਨਹੀਂ ਅੱਜ ਪੰਜਾਬ ਹਰ ਪ੍ਰਮੁੱਖ ਦੇਸ਼ ਦੇ ਵਿਚ ਵਸਦਾ ਹੈ। ਉਨ੍ਹਾਂ ਚੰਦ ਸ਼ਬਦਾਂ ਦੇ ਨਾਲ ਕੁੱਜੇ ਵਿਚ ਸਮੁੰਦਰ ਭਰਿਆ। ਫਿਲਮੀ ਕਲਾਕਾਰ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਬਹੁਤ ਦੇਰ ਤੋਂ ਅਸੀਂ ਇਕੱਠੇ ਹੋਣੇ ਲੋਚਦੇ ਸੀ, ਅੱਜ ਇਕੱਠੇ ਹੋ ਕੇ ਇੰਝ ਲਗਦਾ ਹੈ ਜਿਵੇਂ ਦਹਾਕਿਆਂ ਪੁਰਾਣੇ ਪੰਜਾਬ ਵਿਚ ਪਹੁੰਚ ਗਏ ਹਾਂ। ਤੁਹਾਡਾ ਮਿਲਿਆ ਸਤਿਕਾਰ ਅਤੇ ਗਲਵੱਕੜੀ ਹਮੇਸ਼ਾਂ ਸਾਡੇ ਨਾਲ ਰਹੇਗੀ। ਪ੍ਰਸਿੱਧ ਸੂਫੀ ਗਾਇਕ ਸਾਂਈ ਜ਼ਹੂਰ ਨੇ ਕਮਾਲ ਦਾ ਸੂਫੀ ਰੰਗ ਬੰਨਿ੍ਹਆ ਉਨ੍ਹਾਂ ਆਪਣੇ ਮਸ਼ੂਹਰ ਗੀਤ ਤੂੰਬੇ ਉਤੇ ਗਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ। ਉਨ੍ਹਾਂ ਦੋਹਾਂ ਮੁਲਕਾਂ ਅਤੇ ਸਭਿਆਚਾਰਕ ਸਾਂਝਾ ਦਾ ਹੋਕਾ ਦਿੱਤਾ। ਪਾਕਿਸਤਾਨੀ ਮੁੰਡਿਆ ਦਾ ਭੰਗੜਾ ਵੀ ਕਮਾਲ ਕਰ ਗਿਆ। ‘ਸਾਂਝਾ ਹੈ ਪੰਜਾਬ ਸਾਡਾ ਸਾਂਝਾ ਹੈ ਪੰਜਾਬ, ਰਹੇ ਵਸਦਾ ਪੰਜਾਬ ਰਹੇ ਵਸਦਾ ਪੰਜਾਬ।’’ ਕੁੜੀਆਂ ਦਾ ਗਿੱਧਾ ਤਾਂ ਅੱਤ ਹੀ ਕਰਾ ਗਿਆ। ‘ਨੀ ਮੈਂ ਨੱਚਾ ਨੱਚਾ’ ਅਤੇ ਹੋਰ ਬੋਲੀਆਂ ਪਾ ਕੇ ਸਟੇਜ ਹਿਲਾ ਕੇ ਰੱਖ ਦਿੱਤੀ। ਚਰਖੇ ਵਾਲੀਆਂ ਬੋਲੀਆਂ ਨੇ ਆਏ ਸਾਰੇ ਮਹਿਮਾਨਾਂ ਦੀ ਤਾੜੀਆਂ ਲੁੱਟ ਲਈਆਂ। ਵਿਚਾਰ ਚਰਚਾਵਾਂ ਦੇ ਵਿਚ ਪਹਿਲਾਂ ‘ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ’ ਦੇ ਵਿਸ਼ੇ ਉਤੇ, ‘ਨਵੀਂ ਟੈਕਨਾਲੋਜੀ ਦਾ ਪਸਾਰ ਤੇ ਪੰਜਾਬੀ ਜ਼ੁਬਾਨ’ ਅਤੇ ਮਾਂ ਬੋਲੀ ਰਾਹੀਂ ਸਿੱਖਿਆ ਦੇ ਵਿਸ਼ੇ ਉਤੇ ਗੱਲਬਾਤ ਹੋਈ। ਮਾਂ ਬੋਲੀ ਦੇ ਵਿਸ਼ੇ ਉਤੇ ਪੰਜਾਬ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜਫਰ ਹੋਰਾਂ ਬਾ ਕਮਾਲ ਉਦਾਹਰਣਾਂ ਦੇ ਕੇ ਸਿੱਧ ਕਰ ਦਿੱਤਾ ਕਿ ਜੇਕਰ ਕੋਈ ਵੱਡੀਆਂ ਖੋਜਾਂ ਹੋਈਆਂ ਹਨ ਤਾਂ ਉਹ ਉਨ੍ਹਾਂ ਖੋਜੀਆਂ ਦੀਆਂ ਮਾਂ ਬੋਲੀ ਦੇ ਵਿਚ ਹੀ ਹੋਈਆਂ ਹਨ। ਖੋਜੀਕਾਰਾਂ ਨੇ ਦੂਸਰੀ ਜ਼ੁਬਾਨ ਪੜ੍ਹ ਕੇ ਪੜ੍ਹਾਈ ਨਹੀਂ ਕੀਤੀ ਸਗੋਂ ਆਪਣੀ ਜ਼ੁਬਾਨ ਵਿਚ ਹੀ ਕੀਤੀ ਹੈ। ਇਸ ਤੋਂ ਬਾਅਦ ‘ਪੰਜਾਬੀ ਸੁਆਣੀ ਅਤੇ ਨਾਬਰੀ ਦੀ ਰੀਤ’ ਵਿਸ਼ੇ ਉਤੇ ਡੂੰਘੀ ਵਿਚਾਰ ਚਰਚਾ ਕੀਤੀ ਜਿਸ ਦੇ ਵਿਚ ਡਾ. ਸ਼ਬਨਮ ਇਸ਼ਾਕ, ਗੁਰਚਰਨ ਕੌਰ, ਸ਼ਮਸ਼ਾ ਹੁਸੈਨ ਅਚੇ ਰੂਬੀਨਾ ਜਾਮੀਲ ਹੋਰਾਂ ਨੇ ਹਿੱਸਾ ਲਿਆ। ਬਹੁਤ ਹੀ ਸੁੰਦਰ ਨਾਟਕ ਜੋ 1947 ਦੀ ਵੰਡ ਨੂੰ ਵਿਖਾ ਗਿਆ, ਖੇਡਿਆ ਗਿਆ। ਪ੍ਰੋਗਰਾਮ ਦੇ ਸਭਿਆਚਾਰਕ ਰੰਗ ਵਿਚ ਐਸ. ਅਸ਼ੋਕ ਭੌਰਾ ਦਾ ਲਿਖਿਆ ਗੀਤ ‘ਚੌਲਾਂ ਦੀ ਬੁਰਕੀ’ ਜੋ ਪਾਕਿਸਤਾਨ ਦੀ ਗਾਇਕਾ ਫਲਕ ਇਜਾਜ ਨੇ ਗਾਇਆ ਹੈ ਰਿਲੀਜ਼ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬੀ ਗਾਇਕ ਸੱਤੀ ਪਾਬਲ ਨੇ ਬਾਬੂ ਰਜਬ ਅਲੀ ਦੀ ਰਚਨਾ, ਬੋਲੀਆਂ ਤੇ ਅਰਜਨ ਵੈਲੀ ਨੇ ਗੀਤ ਗਾ ਕੇ ਖੂਬ ਰੰਗ ਬੰਨਿ੍ਹਆ। ਚੜ੍ਹਦੇ ਪੰਜਾਬ ਤੋਂ ਪਹੁੰਚਣ ਵਾਲਿਆਂ ਵਿਚ ਸ. ਜਸਵੰਤ ਸਿੰਘ ਜਫਰ, ਡਾਇਰੈਕਟਰ ਭਾਸ਼ਾ ਵਿਭਾਗ, ਸ. ਮਲਕੀਤ ਸਿੰਘ ਰੌਣੀ, ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਸ੍ਰੀਮਤੀ ਗੁਰਚਰਨ ਕੌਰ, ਸ. ਸੁਖਵਿੰਦਰ ਸਿੰਘ ਥਿੰਦ, ਸ੍ਰੀ ਅਸ਼ੋਕ ਭੌਰਾ, ਸ. ਹਰਦੇਵ ਸਿੰਘ ਕਾਹਮਾ, ਸ. ਸਤਵੀਰ ਸਿੰਘ ਪੱਲੀਝਿੱਕੀ, ਸ. ਤਰਸੇਮ ਸਿੰਘ ਭਿੰਡਰ, ਸ. ਸਵਰਨ ਸਿੰਘ ਟਹਿਣਾ, ਮੈਡਮ ਹਰਮਨ ਥਿੰਦ, ਗੁਰਪ੍ਰੀਤ ਆਰਟਿਸਟ, ਪੱਤਰਕਾਰ ਗੁਰਪ੍ਰੇਮ ਲਹਿਰੀ, ਸ. ਸੁਖਨੈਬ ਸਿੰਧੂ ਪੱਤਰਕਾਰ, ਸ. ਕਲਿਆਣ ਸਿੰਘ, ਗਾਇਕ ਬੀਰ ਸਿੰਘ, ਅਮਰੀਕਾ ਤੋਂ ਸ਼ਾਇਰਾ ਮਨਜੀਤ ਕੌਰ ਗਿੱਲ, ਸਵ. ਸ. ਜਗਦੇਵ ਸਿੰਘ ਜੱਸੋਵਾਲ ਦੀ ਭਤੀਜੀ ਸ੍ਰੀਮਤੀ ਮਨਜੀਤ ਕੌਰ ਨਾਗਰਾ, ਲੋਕ ਗਾਇਕ ਸੱਤੀ ਪਾਬਲਾ, ਸ੍ਰੀਮਤੀ ਰਾਜਵੰਤ ਕੌਰ, ਸ੍ਰੀਮਤੀ ਕਸ਼ਮੀਰ ਕੌਰ ਭੌਰਾ, ਸ. ਮਨਜੀਤ ਸਿੰਘ ਝਿੱਕਾ-ਸ੍ਰੀਮਤੀ ਹਰਜਿੰਦਰ ਕੌਰ, ਸ. ਜਸਪਾਲ ਸਿੰਘ, ਸ. ਜਰਨੈਲ ਸਿੰਘ ਪੱਲੀ ਝਿੱਕੀ, ਸ. ਜਰਨੈਲ ਸਿੰਘ ਬਣਬੈਤ, ਸ. ਬਲਜਿੰਦਰ ਸਿੰਘ, ਸ੍ਰੀਮਤੀ ਕਸ਼ਮੀਰ ਕੌਰ ਭੌਰਾ ਵੀ ਪਹੁੰਚੇ।

ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ – ਲਾਹੌਰ ’ਚ ਦੂਜੀ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸ਼ੁਰੂ Read More »

ਦਿੱਲੀ ’ਚ ਛਾਈਆਂ ਜ਼ਹਿਰੀਲੀ ਧੁੰਦ ਦੀਆਂ ਮੋਟੀਆਂ ਚਾਦਰਾਂ

ਨਵੀਂ ਦਿੱਲੀ, 19 ਨਵੰਬਰ – ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਨੂੰ ਬਹੁਤ ਖ਼ਰਾਬ ਹੋ ਗਈ ਅਤੇ ਦੁਆਰਕਾ, ਮੁੰਡਕਾ ਅਤੇ ਨਜਫਗੜ੍ਹ ਵਰਗੇ ਇਲਾਕਿਆਂ ’ਚ ਦੁਪਹਿਰ ਨੂੰ ਵੱਧ ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 500 ਦਰਜ ਕੀਤਾ ਗਿਆ। ਕੌਮੀ ਰਾਜਧਾਨੀ ’ਚ ਧੁੰਦ ਦੀ ਮੋਟੀ ਚਾਦਰ ਛਾ ਗਈ ਅਤੇ ਲੋਕਾਂ ਨੇ ਖਾਜ ਤੇ ਅੱਖਾਂ ’ਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ। ਸੋਮਵਾਰ ਸਵੇਰੇ 8 ਵਜੇ ਏ.ਕਿਉ.ਆਈ. 484 ਦਰਜ ਕੀਤਾ ਗਿਆ ਸੀ। ਏ.ਕਿਉ.ਆਈ. ਇਸ ਸੀਜ਼ਨ ’ਚ ਹੁਣ ਤਕ ਦੇ ਸੱਭ ਤੋਂ ਖਰਾਬ ਪੱਧਰ ’ਤੇ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅਨੁਸਾਰ, ਦੁਪਹਿਰ 2 ਵਜੇ ਏ.ਕਿਉ.ਆਈ. 491 ਦਰਜ ਕੀਤਾ ਗਿਆ। ਸਮੀਰ ਐਪ ਅਨੁਸਾਰ, ਦਵਾਰਕਾ ਸੈਕਟਰ-8, ਨਜਫਗੜ੍ਹ, ਨਹਿਰੂ ਨਗਰ ਅਤੇ ਮੁੰਡਕਾ ਦੇ ਚਾਰ ਸਟੇਸ਼ਨਾਂ ਨੇ ਏ.ਕਿਉ.ਆਈ. ਦਾ ਪੱਧਰ ਵੱਧ ਤੋਂ ਵੱਧ 500 ਦਸਿਆ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਨੂੰ ਵੇਖਦੇ ਹੋਏ ਡਾਕਟਰਾਂ ਨੇ ਸਾਰਿਆਂ ਦੀ ਸਿਹਤ ਨੂੰ ਖਤਰੇ ਦੀ ਚਿਤਾਵਨੀ ਦਿਤੀ ਹੈ। ਯੂ.ਸੀ.ਐਮ.ਐਸ. ਅਤੇ ਜੀ.ਟੀ.ਬੀ. ਹਸਪਤਾਲ ’ਚ ਕਮਿਊਨਿਟੀ ਮੈਡੀਸਨ ਦੇ ਰੈਜ਼ੀਡੈਂਟ ਡਾਕਟਰ ਡਾ ਰਜਤ ਸ਼ਰਮਾ ਨੇ ਕਿਹਾ, ‘‘ਪ੍ਰਦੂਸ਼ਣ ਦੇ ਇਸ ਪੱਧਰ ’ਤੇ, ਐਨ-95 ਮਾਸਕ ਪਹਿਨਣਾ ਲਾਜ਼ਮ ਹੋ ਗਿਆ ਹੈ।’’ ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪ੍ਰਦੂਸ਼ਣ ਦੇ ਮੁੱਦੇ ਦਾ ਸਿਆਸੀਕਰਨ ਕਰ ਰਹੀ ਹੈ ਪਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਪਰਾਲੀ ਸਾੜਨ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁਕਿਆ। ਇਨ੍ਹਾਂ ਸਾਰੇ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ।

ਦਿੱਲੀ ’ਚ ਛਾਈਆਂ ਜ਼ਹਿਰੀਲੀ ਧੁੰਦ ਦੀਆਂ ਮੋਟੀਆਂ ਚਾਦਰਾਂ Read More »

ਸੰਪਾਦਕੀ/ਮਨੀਪੁਰ ਦੀ ਨਸਲੀ ਹਿੰਸਾ/ਗੁਰਮੀਤ ਸਿੰਘ ਪਲਾਹੀ

ਭਾਰਤ ਦਾ ਉਤਰ-ਪੂਰਬੀ ਸੂਬਾ ਮਨੀਪੁਰ ਨਸਲੀ ਹਿੰਸਾ ਦਾ ਸ਼ਿਕਾਰ ਹੈ। ਪਿਛਲੇ 18 ਮਹੀਨਿਆਂ ਤੋਂ ਮਨੀਪੁਰ ਦੇ ਮੈਤੇਈ ਅਤੇ ਕੁਕੀ ਭਾਈਚਾਰਿਆਂ ‘ਚ ਆਪਸੀ ਮਤਭੇਦ ਸਿਖਰਾਂ ਉਤੇ ਹਨ। 250 ਤੋਂ ਵੱਧ ਲੋਕ ਹਿੰਸਾ ‘ਚ ਮਾਰੇ ਜਾ ਚੁੱਕੇ ਹਨ। ਮਤਭੇਦ ਇੰਨੇ ਵੱਧ ਚੁੱਕੇ ਹਨ ਕਿ ਮਨੀਪੁਰ ਦੇ ਹਰ ਘਰ ਵਿੱਚ ਆਪਣੀ ਸੁਰੱਖਿਆ ਲਈ ਹਥਿਆਰ ਮੌਜੂਦ ਹਨ। ਬਜ਼ਾਰਾਂ ਵਿੱਚ ਸੁੰਨ ਮਸਾਣ ਹੈ। ਮਨੀਪੁਰ ਦਾ ਸੰਘਰਸ਼ ਮੁੱਖ ਤੌਰ ਤੇ ਸਰਕਾਰ ਦੀ ਨਾਕਾਮੀ ਕਾਰਨ ਵਧਿਆ ਹੈ। ਜੇਕਰ ਸੂਬਾ ਸਰਕਾਰ ਦੋਹਾਂ ਭਾਈਚਾਰਿਆਂ ਦੀ ਆਪਸੀ ਗਲਤਫਹਿਮੀ ਦੂਰ ਕਰਾਉਣ ਦਾ ਯਤਨ ਕਰਦੀ ਤਾਂ ਇਹ ਜਾਤੀ ਨਫਰਤ ਅੱਗ ਵਾਂਗਰ ਨਾ ਫੈਲਦੀ। ਪੁਲਿਸ ਦੀ ਹਾਜ਼ਰੀ ‘ਚ ਔਰਤਾਂ ਨੂੰ ਨਿਰਬਸਤਰ ਕਰਕੇ ਘੁੰਮਾਉਣਾ, ਬਲਾਤਕਾਰ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਦਾ ਇਸ ਖੇਤਰ ਵਿੱਚ ਵਧਣਾ ਧਾਰਮਿਕ ਅਸਥਾਨਾਂ ਦੀ ਭੰਨ-ਤੋੜ, ਕੇਂਦਰ ਤੇ ਸੂਬਾ ਸਰਕਾਰ ਦੀ ਦੁਨੀਆ ਭਰ ਵਿੱਚ ਕਿਰਕਿਰੀ ਕਰਵਾ ਰਹੀ ਹੈ। ਮਨੀਪੁਰ ਕਦੇ ਇਕ ਰਿਆਸਤ ਹੋਇਆ ਕਰਦੀ ਸੀ। ਮਨੀਪੁਰ ਅਜ਼ਾਦੀ ਉਪਰੰਤ 1949 ਵਿੱਚ ਮਨੀਪੁਰ ਭਾਰਤ ਦਾ ਹਿੱਸਾ ਬਣਿਆ। ਅੱਛੀਆਂ ਸਭਿਆਚਾਰਕ ਪਰੰਪਰਾਵਾਂ ਵਾਲਾ ਸੂਬਾ ਮਨੀਪੁਰ ਇਸ ਵੇਲੇ ਬੁਰੀ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੈ। ਦੇਸ਼ ਦੇ ਹਾਕਮ ਇਸ ਸਰਹੱਦੀ ਸੂਬੇ ਵੱਲ ਧਿਆਨ ਨਹੀਂ ਦੇ ਰਹੇ ਅਤੇ ਉਥੋਂ ਦੇ ਲੋਕਾਂ ਨੂੰ ਉਹਨਾਂ ਦੇ ਰਹਿਮੋ ਕਰਮ ਉੱਤੇ ਛੱਡ ਚੁੱਕੇ ਹਨ।ਸਕੂਲ ਕਾਲਜ ਬੰਦ ਹਨ। ਰੋਸ ਪ੍ਰਦਰਸ਼ਨ ਹੋ ਰਹੇ ਹਨ। ਕੁਝ ਜ਼ਿਲਿਆਂ ‘ਚ ਕਰਫੀਊ ਲੱਗ ਚੁੱਕਾ ਹੈ। ਸੱਠ ਹਜ਼ਾਰ ਲੋਕ ਆਪਣਾ ਘਰ ਬਾਰ ਛੱਡਕੇ ਕੈਂਪਾਂ ‘ਚ ਰਹਿਣ ਲਈ ਮਜ਼ਬੂਰ ਹਨ। ਦੇਸ਼ ਦੀ ਸੁਪਰੀਮ ਕੋਰਟ ਵਲੋਂ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ, ਪਰ ਸਾਰਥਿਕ ਸਿੱਟੇ ਨਹੀਂ ਨਿਕਲ ਰਹੇ।ਸਰਕਾਰਾਂ ਕੁੰਭਕਰਨੀ ਨੀਂਦ ‘ਚ ਸੁੱਤੀਆਂ ਹਨ। -9815802070

ਸੰਪਾਦਕੀ/ਮਨੀਪੁਰ ਦੀ ਨਸਲੀ ਹਿੰਸਾ/ਗੁਰਮੀਤ ਸਿੰਘ ਪਲਾਹੀ Read More »

ਪਾਣੀ ਦੀ ਕਿੱਲਤ ਸਬੰਧੀ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

*ਪ੍ਰਸਾਸ਼ਨਿਕ ਅਣਗਿਹਲੀ ਤੇ ਨਿਗਮ ਦੇ ਮਾੜੇ ਪ੍ਰਬੰਧ ਜਿੰਮੇਵਾਰ – ਜਮਹੂਰੀ ਅਧਿਕਾਰ ਸਭਾ ਤੇ ਜਥੇਬੰਦੀਆਂ ਬਠਿੰਡਾ, 19 ਨਵੰਬਰ – ਸਰਹਿੰਦ ਕਨਾਲ ਦੀ ਬਠਿੰਡਾ ਬਰਾਂਚ ਦੇ ਬਿਨਾਂ ਅਗਾਉਂ ਸੂਚਨਾ ਦਿੱਤੇ 28 ਅਕਤੂਬਰ ਤੋਂ ਬੰਦ ਕਰ ਦਿੱਤੇ ਜਾਣ ਕਾਰਨ ਸ਼ਹਿਰ ਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ,ਜਿਸ ਲਈ ਸਰਕਾਰ ਤੇ ਨਗਰ ਨਿਗਮ ਦੋਨੋਂ ਜਿੰਮੇਵਾਰ ਹਨ l ਇਸ ਸਬੰਧੀ ਅੱਜ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੀ ਅਗਵਾਈ ਵਿੱਚ ਜਨਤਕ ਜਥੇਬੰਦੀਆਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਅਤੇ ਸਮੱਸਿਆ ਨੂੰ ਤੁਰੰਤ ਹੱਲ ਕੀਤੇ ਜਾਣ ਦੀ ਮੰਗ ਕੀਤੀ l ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਲਈ 10 ਮਿਲੀਅਨ ਲੀਟਰ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਮੰਗ ਹੈ,ਜਿਸ ਨੂੰ ਪੂਰਾ ਕਰਨ ਲਈ ਸੁਚੱਜੇ ਪ੍ਰਬੰਧ ਕੀਤੇ ਜਾਣੇ ਤਾਂ ਇੱਕ ਪਾਸੇ ਰਹੇ ਉਲਟਾ ਪਾਣੀ ਦੀ ਬੂੰਦ-ਬੂੰਦ ਨੂੰ ਲੋਕ ਤਰਸ ਗਏ ਹਨ। ਅੱਜ ਦੇ ਵਫਦ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸਦੀਪ ਸਿੰਘ,ਵਿੱਤ ਸਕੱਤਰ ਸੰਤੋਖ ਸਿੰਘ ਮੱਲਣ,ਮਹਿੰਦਰ ਸਿੰਘ,ਗੁਰਤੇਜ ਸਿੰਘ,ਕਰਤਾਰ ਸਿੰਘ,ਹਨੀਸ਼ ਬਾਂਸਲ ਤੇ ਅਮਨਪ੍ਰੀਤ ਕੌਰ ਤੋਂ ਇਲਾਵਾ ਮੈਡੀਕਲ ਪੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਐਚਐਸ ਰਾਣੂ,ਤਰਕਸ਼ੀਲ ਸੁਸਾਇਟੀ ਵੱਲੋਂ ਹਾਕਮ ਸਿੰਘ,ਕੇਵਲ ਕ੍ਰਿਸ਼ਨ,ਬਿਕਰਮਜੀਤ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਗੁਰਿੰਦਰ ਪੰਨੂ ਤੇ ਗਗਨਦੀਪ ਸ਼ਾਮਲ ਹੋਏ l ਵਫਦ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਾਇਆ ਕਿ ਮਿਉਂਸਿਪਲ ਕਾਰਪੋਰੇਸ਼ਨ ਨੇ ਸ਼ਹਿਰ ਲਈ ਪਾਣੀ ਦੇ ਸਟੋਰ ਖਾਤਰ ਜੋ ਡਿੱਗੀਆਂ ਤਾਮੀਰ ਕੀਤੀਆਂ ਹਨ ਉਹ ਲੋਕਾਂ ਦੀ ਲੋੜ ਪੂਰੀ ਕਰਨ ਤੋਂ ਅਸਮਰਥ ਹਨ ਅਤੇ ਉਹਨਾਂ ਵਿੱਚ ਜਮਾਂ ਹੋਈ ਗਾਰ ਵੀ ਨਹੀਂ ਕੱਢੀ ਜਾ ਰਹੀ l ਪੀਣ ਵਾਲਾ ਪਾਣੀ ਲੋਕਾਂ ਦੀ ਮੁੱਢਲੀ ਤੇ ਅਣਸਰਦੀ ਦੀ ਲੋੜ ਹੈ,ਜਿਸ ਪ੍ਰਤੀ ਪ੍ਰਸ਼ਾਸਨ ਦਾ ਵਤੀਰਾ ਜਿੰਮੇਵਾਰਾਨਾ ਨਹੀਂ ਹੈ l ਸ਼ਹਿਰ ਦੇ ਲਾਇਨੋ ਪਾਰ ਇਲਾਕਿਆਂ ਜਿਵੇਂ ਲਾਲ ਸਿੰਘ ਬਸਤੀ,ਸੰਗੂਆਣਾ ਬਸਤੀ,ਅਮਰਪੁਰਾ,ਸੰਜੇ ਨਗਰ,ਵਰਧਮਾਨ ਕਲੌਨੀ,ਜਨਤਾ ਨਗਰ,ਪਰਸਰਾਮ ਨਗਰ ਸੁਰਖ਼ਪੀਰ ਰੋਡ,ਮੁਲਤਾਨੀਆ ਰੋਡ ਆਦਿ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚਲਦੀ ਰਹਿੰਦੀ ਹੈ,ਜੋ ਨਹਿਰੀ ਬੰਦੀ ਦੌਰਾਨ ਹੋਰ ਵੱਧ ਗੰਭੀਰ ਹੋ ਜਾਂਦੀ ਹੈ l ਨਹਿਰੀ ਬੰਦੀ ਦੌਰਾਨ ਪਾਣੀ ਸਪਲਾਈ ਦੀ ਕੋਈ ਸਮਾਂਸਾਰਨੀ ਵੀ ਨਿਰਧਾਰਿਤ ਨਹੀਂ ਕੀਤੀ ਜਾਂਦੀ l ਨਹਿਰ ਬੰਦ ਕਰਨ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਜਾਂ ਕਿਸਾਨਾਂ ਤੋਂ ਕੋਈ ਰਾਇ ਨਹੀਂ ਲਈ ਜਾਂਦੀ l ਹੋਰ ਤਾਂ ਹੋਰ ਇਸ ਨਹਿਰਬੰਦੀ ਨੂੰ ਸੰਬੰਧਿਤ ਅਧਿਕਾਰੀ ਹੋਰ ਵਧਾ ਸਕਦੇ ਹਨ l ਥਰਮਲ ਦੀਆਂ ਝੀਲਾਂ ਤੇ ਪਾਣੀ ਨੂੰ ਰੋਜ਼ ਗਾਰਡਨ ਦੀਆਂ ਡਿੱਗੀਆਂ ਨਾਲ ਜੋੜੇ ਜਾਣ ਦਾ ਪ੍ਰੋਜੈਕਟ ਵੀ ਅਜੇ ਅੱਧ ਵਿਚਾਲੇ ਲੜਕਿਆ ਪਿਆ ਹੈ। ਵਫਦ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪਾਣੀ ਦੇ ਟੈਂਕਾਂ ਦੀ ਸਮਰਥਾ ਵਧਾਈ ਜਾਵੇ l ਬੇਤਰਤੀਬੇ ਤੇ ਬੇਢੰਗੇ ਤਰੀਕੇ ਨਾਲ ਕੀਤੀ ਨਹਿਰੀਬੰਦੀ ਜਲਦੀ ਖੁਲ੍ਹਵਾ ਕੇ ਲੋਕਾਂ ਦੇ ਘਰਾਂ ਚ ਪਾਣੀ ਪਹੁੰਚਦਾ ਕੀਤਾ ਜਾਵੇ l

ਪਾਣੀ ਦੀ ਕਿੱਲਤ ਸਬੰਧੀ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ Read More »

ਬੁੱਧ ਬਾਣ/ਬੁੱਧ ਸਿੰਘ ਨੀਲੋਂ/ਪੰਜਾਬ ਦੁਆਲੇ ਪਾਇਆ ਨਾਗਵਲ

ਇਸ ਸਮੇਂ ਪੰਜਾਬ ਨੂੰ ਉਜਾੜਨ ਅਤੇ ਇਸ ਦੀ ਹੋਂਦ ਖ਼ਤਮ ਕਰਨ ਲਈ ਪੰਜਾਬ ਵਿਰੋਧੀ ਸ਼ਕਤੀਆਂ ਨੇ ਨਾਗਵਲ ਪਾ ਲਿਆ ਹੈ। ਸਿਆਸੀ ਪਾਰਟੀਆਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਇਸ ਸਮੇਂ ਪੰਜਾਬ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚੋਂ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਆਪ ਵਿੱਚ ਉਲਝ ਗਈ ਹੈ। ਉਸਨੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਗਾ ਲਿਆ ਹੈ। ਸਿੱਖ ਧਰਮ, ਸ੍ਰੀ ਆਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਜੱਥੇਦਾਰਾਂ ਦਾ ਧਰਮ ਪ੍ਰਤੀ ਸੁਹਿਰਦਤਾ ਦਾਅ ਉੱਤੇ ਲੱਗ ਗਈ ਹੈ। ਸਿੱਖ ਵਿਰੋਧੀ ਤਾਕਤਾਂ ਸਰਗਰਮ ਹੋ ਗਈਆਂ ਹਨ। ਇੱਕ ਦੂਜੇ ਉਪਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ। ਇੱਕ ਦੂਜੇ ਉਪਰ ਚਿੱਕੜ ਸੁੱਟਿਆ ਜਾ ਰਿਹਾ ਹੈ। ਪੰਜਾਬ ਦੀਆਂ ਹੱਕੀ ਮੰਗਾਂ ਉਪਰ ਕਿਸੇ ਵੀ ਸਿਆਸੀ ਪਾਰਟੀ ਦਾ ਧਿਆਨ ਨਹੀਂ। ਪੰਜਾਬ ਨੂੰ ਆਰਥਿਕ ਤੌਰ ਕੰਮਜ਼ੋਰ ਕਰਨ ਲਈ ਮੰਡੀਆਂ ਵਿੱਚ ਕਿਸਾਨ ਰੋਲਿਆ ਜਾ ਰਿਹਾ। ਬੇਰੁਜ਼ਗਾਰ ਨੌਜਵਾਨਾਂ ਨੂੰ ਸੜਕਾਂ ਉੱਤੇ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲਾਂ ਦਲਿਤ ਭਾਈਚਾਰੇ ਨੂੰ ਜੱਟਾਂ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਫ਼ਲ ਨਾ ਹੋਈ ਤਾਂ ਹੁਣ ਭਈਏ ਤੇ ਪੰਜਾਬੀ ਮੁੱਦਾ ਉਭਾਰ ਦਿੱਤਾ ਹੈ। ਪੰਜਾਬ ਵਿਰੋਧੀ ਤਾਕਤਾਂ ਲਈ ਕੋਈ ਮਰੇ ਤੇ ਜੀਵੇ, ਉਹਨਾਂ ਲਈ ਕੋਈ ਫਰਕ ਨਹੀਂ। ਪਹਿਲਾਂ ਵੀ ਪੰਜਾਬ ਵਿਰੋਧੀ ਤਾਕਤਾਂ ਨੇ ਨੌਜਵਾਨਾਂ ਦਾ ਸ਼ਿਕਾਰ ਪੰਜਾਬ ਦੇ ਸਿਆਸੀ ਆਗੂਆਂ ਨਾਲ ਰਲ਼ ਕੇ ਖੇਡਿਆ ਸੀ। ਪੰਜਾਬ ਦੀ ਸਿਹਤ, ਸਿੱਖਿਆ, ਰੁਜ਼ਗਾਰ, ਵਿਦੇਸ਼ਾਂ ਨੂੰ ਜਾਣ ਵਾਲੀ ਬੌਧਿਕ ਸ਼ਕਤੀ ਤੇ ਸਰਮਾਇਆ ਤੇ ਦਿਨੋਂ ਦਿਨ ਖਰਾਬ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ਵੱਲ ਕਿਸੇ ਦਾ ਧਿਆਨ ਨਹੀਂ। ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਜੱਥੇਬੰਦੀਆਂ ਆਪੋ ਆਪਣਾ ਡੋਰੂ ਵਜਾ ਰਹੀਆਂ ਹਨ। ਲੇਖਕ ਤੇ ਬੁਧੀਜੀਵੀ ਲਾਣਾ ਪੁਰਸਕਾਰਾਂ ਦੀ ਭਾਲ ਵਿੱਚ ਨਿਕਲਿਆ ਹੋਇਆ ਹੈ। ਪੰਜਾਬ ਦੀਆਂ ਅਗਾਂਹਵਧੂ ਸੋਚ ਵਾਲੀਆਂ ਜਥੇਬੰਦੀਆਂ ਨੂੰ ਜ਼ਰੂਰ ਸੋਚਣਾ ਪਵੇਗਾ ਕਿ ਉਹਨਾਂ ਨੇ ਲੜਾਈ ਕਿਵੇਂ ਲੜ੍ਹਨੀ ਹੈ।ਇਸ ਸਮੇਂ ਪੰਜਾਬ ਉਜੜ ਗਿਆ ਹੈ। ਪਿੰਡ ਪੰਜਾਬੀਆਂ ਬਿਨਾਂ ਖਾਲੀ ਹੋ ਰਹੇ ਹਨ, ਪੰਜਾਬੀ ਕੌਮ ਕਿਧਰ ਨੂੰ ਜਾ ਰਹੀ ਹੈ ਪਰ ਸੋਚਣਾ ਪਵੇਗਾ। ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ। ਦੋਸਤੋ ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਤੇ ਗਦਰੀ ਬਾਬਿਆਂ ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਪੈਗੰਬਰ , ਨਾਨਕ ਤੇ ਗੋਬਿੰਦ ਸਿੰਘ ਜੀ ਬਨਣਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ। ਪੰਜਾਬ ਵਿਰੋਧੀ ਤਾਕਤਾਂ ਦੇ ਪਾਏ ਨਾਗਵਲ ਨੂੰ ਕਿਵੇਂ ਤੋੜਨਾ ਤੇ ਲੋਕਾਂ ਨੂੰ ਕਿਵੇਂ ਜੋੜਨਾ ਹੈ, ਇਸ ਸਬੰਧੀ ਸੁਚੇਤ ਤੇ ਜਾਗਰੂਕ ਧਿਰਾਂ ਨੂੰ ਅੱਗੇ ਲੱਗਣਾ ਪਵੇਗਾ। ਪੰਜਾਬੀਆਂ ਦੀ ਹੋਂਦ ਤੇ ਧਰਤੀ ਖਤਮ ਕਰਨ ਲਈ ਉਹਨਾਂ ਨੇ ਹਰ ਤਰੀਕਾ ਵਰਤਿਆ ਹੈ। ਅਸੀਂ ਅਤੀਤ ਦੇ ਇਤਿਹਾਸ ਉਪਰ ਮਾਣ ਕਰਦੇ ਹਾਂ ਪਰ ਖੁਦ ਕੀ ਕਰਦੇ ਹਾਂ, ਇਸ ਬਾਰੇ ਕੋਈ ਨਹੀਂ ਸੋਚਦਾ। ਸਾਡੇ ਲਈ ਸੋਸ਼ਲ ਮੀਡੀਆ ਰਾਹੀਂ ਹਰ ਤਰ੍ਹਾਂ ਹਮਲਾ ਕੀਤਾ ਜਾ ਰਿਹਾ ਤੇ ਅਸੀਂ ਆਪਸ ਵਿੱਚ ਉਲਝ ਕੇ ਰਹਿ ਗਏ ਹਾਂ। ਪੰਜਾਬ ਵਿਰੋਧੀ ਤਾਕਤਾਂ ਨੇ ਸੋਸ਼ਲ ਮੀਡੀਏ ਉੱਤੇ ਨਜ਼ਰ ਰੱਖੀ ਹੋਈ ਹੈ, ਉਹ ਨੌਜਵਾਨਾਂ ਨੂੰ ਊਟ ਪਟਾਂਗ ਗੱਲਾਂ ਬਾਤਾਂ ਵਿੱਚ ਉਲਝਾਉਣ ਵਿੱਚ ਲੱਗੇ ਹੋਏ ਹਨ ਅਤੇ ਅਸੀਂ ਉਨ੍ਹਾਂ ਦੇ ਹਰ ਜਾਲ ਵਿੱਚ ਫਸ ਦੇ ਜਾ ਰਹੇ ਹਾਂ। ਉਹਨਾਂ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ। ਓਹਨਾਂ ਸਿਆਸੀ ਆਗੂਆਂ ਦੇ ਹੱਥ ਵਤੀਰਾ ਜਿਹਨਾਂ ਨੇ ਪੰਜਾਬ ਦੀ ਇਹ ਹਾਲਤ ਬਣਾਈ ਐ । ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਅੰਦਰਲੀ ਸ਼ਕਤੀ ਨੂੰ ਨ ਜਗਾਇਆ ਤਾਂ ਆਉਣ ਵਾਲ਼ੀਆਂ ਨਸਲਾਂ ਤੇ ਫਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ਼ ਨੂੰ ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ। ਉਠੋ ਤੁਰੋ ਜੁੜੇ ਤੇ ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨ ਮਰੀਏ। ਗਲਾਂ ਚੋਂ ਫਾਹੇ ਲਾ ਕੇ ਉਹਨਾਂ ਦੇ ਗਲ ਪਾਈਏ ਜਿਹਨਾਂ ਨੇ ਪੰਜਾਬ ਨੂੰ ਬੰਜਰ ਤੇ ਖੰਡਰ ਬਣਾ ਦਿੱਤਾ । ਜਿੱਤ ਤੇ ਜਿਤਾਉਣ ਦੀ ਤਾਕਤ ਲੋਕਾਂ ਦੇ ਸਾਹਮਣੇ ਆ ਰਹੇਗੀ ਹੈ । ਜਾਗੋ ਜਾਗੋ ਜਾਗਣ ਦਾ ਵੇਲਾ ਆ ਗਿਆ ਹੈ । ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ ਗੁਰੂ ਨਾਲ ਜੋੜਨ ਲਈ ਤੇ ਲੜਣ ਲਈ ਤਿਆਰ ਹੋਣ ਦਾ ਹੋਕਾ ਦੇਈਏ ਕਿਉਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ । ਆਓ ਆਪਣੀ ਮਰਨ ਗਈ ਸੰਵੇਦਨਾ ਨੂੰ ਜਗਾਈਏ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰੀਏ। ਮਰਨਾ ਤਾਂ ਹੈ ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼ ਕਰੀਏ । ਹੁਣ ਲੜਣ ਦੇ ਬਿਨਾਂ ਸਰਨਾ ਨਹੀਂ। ਲੜਣ ਦੀ ਲੋੜ ਐ। ਜਾਗੋ, ਉਠੋ ਤੇ ਸੰਘਰਸ਼ ਕਰੋ। ਜਦੋਂ ਤੱਕ ਹਰ ਪੰਜਾਬੀ ਆਪਣੀ ਹਾਊਮੈਂ ਨੂੰ ਤਿਆਗ ਕੇ ਇੱਕ ਮੰਚ ਤੇ ਇਕੱਠਾ ਨਹੀਂ ਹੁੰਦਾ, ਉਦੋਂ ਤੱਕ ਸਾਡੇ ਕੁੱਟ ਪੈਂਦੀ ਰਹੇਗੀ ਤੇ ਅਸੀਂ ਬਿਨਾਂ ਵਜ੍ਹਾ ਮੌਤ ਮਰਦੇ ਰਹਾਂਗੇ। ਪੰਜਾਬ ਦੇ ਲੋਕਾਂ ਨੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਕਿਵੇਂ ਬਚਾਉਣਾ ਹੈ ਇਹ ਤਾਂ ਹੁਣ ਉਹਨਾਂ ਨੂੰ ਜ਼ਰੂਰ ਸੋਚਣਾ ਪਵੇਗਾ। ਪੰਜਾਬ ਇੱਕ ਵਾਰ ਫਿਰ ਅੱਸੀਵਿਆਂ ਦੇ ਦਹਾਕੇ ਵੱਲ ਦੌੜ ਪਿਆ ਹੈ। ਹੁਣ ਇਸ ਕਾਲੇ ਦੌਰ ਵਿਚੋਂ ਕਿਵੇਂ ਬਚਣਾ ਹੈ,ਇਸ ਲਈ ਇੱਕਮੁੱਠ ਜਥੇਬੰਦ ਹੋਣਾ ਪਵੇਗਾ। ਆਪਣੀ ਹੋਂਦ ਦੀ ਲੜਾਈ ਸਾਨੂੰ ਖ਼ੁਦ ਲੜਨੀ ਪਵੇਗੀ। ਕਾਲੀਆਂ ਤਾਕਤਾਂ ਦੇ ਟਾਕਰੇ ਲਈ ਸਾਰਥਿਕ ਪਹੁੰਚ ਅਪਣਾਉਣ ਦੀ ਲੋੜ ਹੈ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਬੁੱਧ ਸਿੰਘ ਨੀਲੋਂ/ਪੰਜਾਬ ਦੁਆਲੇ ਪਾਇਆ ਨਾਗਵਲ Read More »