
ਹਰਿਆਣਾ ਦੀਆਂ ਚੋਣਾਂ ‘ਚ ਐਤਕੀ ‘ਜਲੇਬੀ’ ‘ਬਾਈ’ ਤੋਂ ‘ਰਾਣੀ’ ਬਣ ਗਈ! ਤੁਸੀਂ ਸਭ ਨੇ ਸੁਣਿਆਂ ਹੀ ਹੋਣੈ 2011 ਦੀ ਹਿੰਦੀ ਫਿਲਮ ‘ਡਬਲ ਧਮਾਲ’ ਦਾ ਉਹ ਆਈਟਮ ਗੀਤ ਜੋ ਮਲਿਕਾ ਸ਼ੇਰਾਵਤ ਦੇ ਡਾਂਸ ਉਪਰ ਫਿਲਮਾਇਆ ਗਿਆ,”…ਸਭ ਮੁਝ ਸੇ ਪੂਛਤੇ ਹੈਂ ਤੂ ਕੌਨ ਦੇਸ਼ ਸੇ ਆਈ,ਨਾਮ ਜਲੇਬੀ ਬਾਈ,ਜਲੇਬੀ ਬਾਈ…”। ਆਪਨੂੰ ਇਹ ਵੀ ਦਸਾਂਗੇ ਕਿ ਜਲੇਬੀ ਰਾਣੀ ‘ਕੌਨ ਦੇਸ’ ਤੋਂ ਆਈ ਪਰ ਪਹਿਲਾਂ ਜ਼ਰਾ ਹਰਿਆਣੇ ਦੀ ਗਲ ਕਰ ਲਈਏ। ਹਰਿਆਣੇ ‘ਚ ਐਤਕੀਂ ਜਲੇਬੀ ਇੱਕ ਸਿਆਸੀ ਮੈਟਾਫਰ ਬਣ ਗਈ।‘ਜਲੇਬੀ ਰਾਣੀ’ ਨੇ ਇੱਕ ਹੀ ਝਟਕੇ ਨਾਲ ‘ਲੱਡੂ ਰਾਜੇ’ ਨੂੰ ਚਿੱਤ ਕਰ ਦਿਤਾ!’ਤੇ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਐਨ.ਡੀ.ਏ. ਦੇ ਪੂਰੇ ਲਾਮ-ਲਸ਼ਕਰ ਨਾਲ ਨਾਇਬ ਸਿੰਘ ਸੈਣੀ ਦੇ ਸਿਰ ਉਪਰ ਦੁਬਾਰਾ ਮੁੱਖ ਮੰਤਰੀ ਦਾ ਸਿਹਰਾ ਸਜਾ ਦਿਤਾ!
ਓਧਰ ਜਦੋਂ 8 ਅਕਤੂਬਰ ਨੂੰ ਪਹਿਲੇ ਡੇੜ ਕੁ ਘੰਟੇ ਦੇ ਚੋਣ-ਨਤੀਜਿਆਂ ਦੇ ਰੁਝਾਨਾਂ ਵਿਚ ਕਾਂਗਰਸ ਅਗੇ ਸੀ ਤਾਂ ਕਾਂਗਰਸੀ ਨੇਤਾ ਅਤੇ ਵਰਕਰ ਚਟਖਾਰੇ ਲੈ ਲੈ ਜਲੇਬੀਆਂ ਛਕ ਰਹੇ ਸਨ।ਪਰ ਦੁਪਹਿਰ ਕੁ ਵੇਲੇ ਜਦ ਪਾਸਾ ਪੁੱਠਾ ਪੈ ਗਿਆ ਅਤੇ ਭਾਜਪਾ ਹੂੰਝਾ ਫੇਰਨ ਲਗੀ ਤਾਂ ਫਿਰ ਉਸ ਦੇ ਆਗੂ ਤੇ ਵਰਕਰ ਜਲੇਬੀਆਂ ਦਾ ਸੁਆਦ ਮਾਨਣ ਲਗ ਪਏ।ਜਦ ਭਾਜਪਾ ਨੇ 48 ਸੀਟਾਂ ਜਿੱਤ ਕੇ ਸਰਕਾਰ ਬਨਾਉਣ ਦਾ ਹੈਟ-ਟ੍ਰਿਕ ਕਰ ਮਾਰਿਆ ਤਾਂ ਫਿਰ ਤਾਂ ਜਲੇਬੀ-ਸਿਆਸਤ ਐਨੀ ਗਰਮਾ ਗਈ ਕਿ ਗਰਮਾ-ਗਰਮ ਜਲੇਬੀ ਵੀ ਹੈਰਾਨ ਸੀ ਕਿ ਉਸ ਦੀ ਗਰਮਾਹਟ ਭਲਾ ਹੁਣ ਕੀਹਦੀ ਪਾਣੀਹਾਰ ਹੋਊ।
ਭਾਜਪਾ ਦੇ ਨੇਤਾ ਨਿੱਜੀ ਟੀਵੀ ਚੈਨਲਾਂ ਉਪਰ ਤਿਮੰਜ਼ਿਲਾ ਜਲੇਬੀਆਂ ਦਿਖਾ ਰਹੇ ਸਨ ਅਤੇ ਉਪਰਲੀ ਜਲੇਬੀ-ਮੰਜ਼ਿਲ ਪੱਚਾਕੇ ਮਾਰ ਮਾਰ ਖਾ ਰਹੇ ਸਨ।ਹੋਰ ਤਾਂ ਹੋਰ,ਇੱਕ ਥਾਂ ਭਾਜਪਾਵਾਲੇ ਭੱਠੀ ਤਾਅ ਕੇ ਕੜਾਹੀ ‘ਚ ਰਵਾਇਤੀ ਢੰਗ ਨਾਲ ਤਾਜ਼ਾ ਤਾਜ਼ਾ ਜਲੇਬੀਆਂ ਤਲਦੇ ਵੀ ਦਿਖਾਏ ਗਏ। ਇਥੋਂ ਤਕ ਵੀ ਹੋਇਆ ਕਿ ਸ਼ਾਮ ਜਿੱਤ ਉਪਰੰਤ ਜਲੇਬੀਆਂ ਦੇ ਡੱਬੇ ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਭੇਜੇ ਗਏ!ਹੋਰ ਤਾਂ ਹੋਰ,ਜਲੇਬੀ ਬੁਖਾਰ ਆਸਾਮ,ਛਤੀਸਗੜ੍ਹ, ਪੰਜਾਬ ਸਮੇਤ ਹੋਰ ਰਾਜਾਂ ਦੇ ਭਾਜਪਾਈਆਂ ਨੂੰ ਵੀ ਚੜ੍ਹ ਗਿਆ।ਆਸਾਮ ਦੇ ਇਕ ਮੰਤਰੀ ਨੂੰ ਜਲੇਬੀ ਖਾਂਦਿਆਂ ਦਿਖਾਇਆ ਗਿਆ।ਨਾਲ ਹੀ ਉਹਨਾਂ ਟਵੀਟ ਕੀਤਾ,”ਮਿੱਤਰੋਂ ਖਾ ਲੋ ਜਲੇਬੀ,ਆਜ ਪਾਰਟੀ ਹੋਗੀ ਹੈਵੀ’।
ਜਿੱਤ ਦੇ ਜਸ਼ਨਾਂ ‘ਚ ਮਣਾਂ ਮੂੰਹੀ ਜਲੇਬੀਆਂ ਲਗੀਆਂ।ਇਹ ਦੇਖ ਲੱਡੂ ਵੀ ਲਾਲਾਂ ਸੁਟਣ ਲਗ ਪਏ!
ਇਸ ਦਾ ਕਾਰਨ ਪਹਿਲੀ ਅਕਤੂਬਰ ਨੂੰ ਗੋਹਾਨਾ (ਸੋਨੀਪਤ) ਵਿਚ ਹੋਈ ਚੋਣ ਰੈਲੀ ਵਿਚ ਰਾਹੁਲ ਗਾਂਧੀ ਵਲੋਂ ਮਾਤੂ ਰਾਮ ਹਲਵਾਈ ਗੋਹਾਨਾਵਾਲੇ ਦੇ ਮਸ਼ਹੂਰ ਜਲੇਬ (ਵਢੀ ਜਲੇਬੀ) ਦੀ ਜਨਤਕ ਤੌਰ ਤੇ ਪ੍ਰਸ਼ੰਸਾ ਦੇ ਪੁਲ ਬੰਨ੍ਹਣਾ ਸੀ।ਪ੍ਰਸ਼ੰਸਾ ਉਦੋਂ ਕੀਤੀ ਜਦ ਮੰਚ ਤੇ ਸੰਸਦ ਮੈਂਬਰ ਦੇਪਿੰਦਰ ਸਿੰਘ ਹੁਡਾ ਨੇ ਰਾਹੁਲ ਨੂੰ ਇਹ ਜਲੇਬ ਭੇਟ ਕੀਤੇ।ਜਲੇਬ ਵਾਲਾ ਡੱਬਾ ਲਹਿਰਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਇਹ ਮਸ਼ਹੂਰ ਜਲੇਬੀਆਂ ਦੀ ‘ਫੈਕਟਰੀ’ ‘ਚ ਬਨਣ ਵਾਲੀਆਂ ਜਲੇਬੀਆਂ ਦੇਸ਼ ਦੇ ਵਖ ਵਖ ਹਿੱਸਿਆਂ ਵਿਚ ਭੇਜੀਆਂ ਜਾਣ ਅਤੇ ਇਹਨਾਂ ਦੀ ਅਮਰੀਕਾ,ਜਾਪਾਨ ਸਮੇਤ ਹੋਰਨਾ ਮੁਲਕਾਂ ਨੂੰ ਬਰਾਮਦ ਕੀਤੀ ਜਾਵੇ ਤਾਂ ਵਿਕਰੀ ਵਧਣ ਕਾਰਨ 10-20-30-50,000 ਕਾਮਿਆਂ ਨੂੰ ਰੁਜ਼ਗਾਰ ਮਿਲ ਸਕਦਾ ਹੈ।ਉਹਨਾਂ ਕਿਹਾ ਕਿ ‘ਮੋਦੀ ਜੀ ਨੇ ਮਾਤੂ ਰਾਮ ਨੂੰ ਚੱਕਰਵਿਯੂ ‘ਚ ਫਸਾ ਦਿਤਾ,ਜਿਵੇਂ ਅਭੀਮਨਯੂ ਫਸਾਇਆ ਗਿਆ ਸੀ।ਇਹ ਚੱਕਰਵਿਯੂ ਨੋਟਬੰਦੀ ਅਤੇ ਗਲਤ ਜੀ.ਐਸ.ਟੀ. ਕਾਰਨ ਬਣਿਆਂ।ਹੁਣ ਮਾਤੂ ਰਾਮ ਹਲਵਾਈ ਨੂੰ ਬੈਂਕਾਂ ਤੋਂ ਕਰਜ਼ਾ ਵੀ ਨਹੀਂ ਮਿਲਣਾ’।ਬਾਅਦ ਵਿਚ ਸੋਸ਼ਲ ਹੈਂਡਲ ‘ਐਕਸ’ ਰਾਹੀਂ ਮੈਸੇਜ ਕਰ ਕੇ ਰਾਹੁਲ ਨੇ ਆਪਣੀ ਭੈਣ ਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਦਸਿਆ ਕਿ ਉਹਨਾਂ ਨੇ ‘ਅੱਜ ਆਪਣੀ ਜ਼ਿੰਦਗੀ ਦੀ ਸਭ ਤੋਂ ਅਛੀ ਜਲੇਬੀ ਖਾਧੀ ਹੈ ਅਤੇ ਉਹ ਉਸ ਲਈ ਵੀ ਇੱਕ ਡੱਬਾ ਲੈ ਕੇ ਆਏ ਹਨ’।
ਬਸ ਸ਼ਬਦ ‘ਫੈਕਟਰੀ’ ਵਰਤਣ ਦੀ ਦੇਰ ਸੀ ਕਿ ਭਾਜਪਾ ਵਾਲਿਆਂ ਤੰਨਜ਼ਾਂ ਦੇ ਤੀਰ-ਤਲਵਾਰ-ਤੁਫੰਗ ਚਲਾਉਣੇ ਸ਼ੁਰੂ ਕਰ ਦਿਤੇ।ਟਰੋਲ ਬ੍ਰਿਗੇਡ ਵੀ ਐਕਟਿਵ ਹੋ ਗਿਆ।ਮਖੌਲ ਉਡਾਇਆ ਜਾਣ ਲਗ ਪਿਆ ਕਿ ਰਾਹੁਲ ਗਾਂਧੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਲੇਬੀ ਫੈਕਟਰੀ ਵਿੱਚ ਨਹੀਂ,ਦੇਸੀ ਢੰਗ ਰਾਹੀਂ ਦੁਕਾਨਾਂ/ਘਰਾਂ ਵਿਚ ਬਣਦੀ ਹੈ।ਮਜ਼ਾਕ ਕਰਨ ਵਾਲਿਆਂ ਨੇ ‘ਮੀਮਾਂ’ ਬਨਾਉਣੀਆਂ ਸ਼ੁਰੂ ਕਰ ਦਿਤੀਆਂ ਜਿਹਨਾ ‘ਚ ਇਹ ਕਹਿ ਕੇ ਮੌਜੂ ਉਡਾਇਆ ਗਿਆ ਕਿ ‘ਜਲੇਬੀ ਫੈਕਟੇਰੀ ’ਚ ਨਹੀਂ,ਖੇਤਾਂ ‘ਚ ਉਗਦੀ ਹੈ ਜਾਂ ਬੀਜੀ ਜਾਂਦੀ ਹੈ’!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਵਿਰੋਧੀਆਂ ਦਾ ਪੀ.ਐਮ. ਦਾ ਫਾਰਮੂਲਾ ਪੰਜ ਸਾਲਾਂ ‘ਚ ਪੰਜ ਪੀ.ਐਮ. ਹੈ ਅਤੇ ਪੁਛਿਆ ਕਿ “ਪੀ.ਐਮ. ਕੀ ਪੋਸਟ ਮਾਤੂ ਰਾਮ ਕੀ ਜਲੇਬੀ ਹੈ”?ਉਹਨਾਂ ਅਗੋਂ ਹੋਰ ਕਿਹਾ ਕਿ ਕਾਂਗਰਸ ਦਾ ਹਰਿਆਣਾ ਦੀਆਂ ਚੋਣਾ ‘ਚ ‘ਜਲੇਬੀ ਕਾ ਝੂਠ ਨਹੀਂ ਚਲੇਗਾ’। ਮਾਤੂ ਰਾਮ,ਜਿਸ ਨੇ 1958 ਵਿਚ ਗੋਹਾਨਾ ‘ਚ ਜਲੇਬ ਦੀ ਦੁਕਾਨ ਖੋਹਲੀ ਸੀ,ਆਪ ਤਾਂ ਹੁਣ ਗੁਜ਼ਰ ਚੁਕੈ ਪਰ ਹੁਣ ਉਸ ਦੀ ਸੰਤਾਨ/ਅਗਲੀ ਪੀੜ੍ਹੀ ਇਹ ਮਸ਼ਹੂਰ ਜਲੇਬ ਬਣਾਉਂਦੀ ਹੈ।ਕਿਹਾ ਜਾਂਦੈ ਕਿ ਇੱਕ ਜਲੇਬ ਦਾ ਭਾਰ ਹੀ ਪਾਈਆ ਪਕਾ ਹੁੰਦੈ!
ਅਸਲ ਵਿੱਚ ਕਾਂਗਰਸ ਨੂੰ ਉਸ ਦਾ ਹੰਕਾਰ ਲੈ ਬੈਠਾ।ਭੁਪਿੰਦਰ ਸਿੰਘ ਹੁਡਾ ਤਾਂ ਐਗ਼ਜ਼ਿਟ ਪੋਲਾਂ ਵਿਚ ਦਰਸਾਈ ਗਈ ਕਾਂਗਰਸ ਦੀ ‘ਜਿੱਤ’ ਤੋਂ ਪਹਿਲਾਂ ਹੀ ‘ਮੁੱਖ ਮੰਤਰੀ’ ਵਾਂਗ ਵਿਚਰਨ ਲਗ ਪਏ ਸਨ।ਉਹਨਾ ਦੇ ਸਪੁੱਤਰ ਦੇਪਿੰਦਰ ਹੁਡਾ ਨੇ ਤਾਂ ਮੁੱਖ ਮੰਤਰੀ ਨਾਇਬ ਸੈਣੀ ਨੂੰ ਇਥੋਂ ਤਕ ਕਹਿ ਦਿਤਾ ਕਿ”ਨਾਇਬ ਜੀ,ਆਪ ਚਿੰਤਾ ਨਾ ਕਰੇਂ ਰਾਹੁਲ ਗਾਂਧੀ ਕੇ ਨੇਤ੍ਰਤਵ ਮੇਂ ਹਰਿਆਨਾ ਮੇਂ ਕਾਂਗਰਸ ਸਰਕਾਰ ਬਨਾ ਕਰ ਉਸੀ ਗੋਹਾਨਾ ਕੇ ਜਲੇਬ ਕਾ ਡਿੱਬਾ ਆਪ ਕੇ ਪਾਸ ਭੀ ਹਮ ਯਾਦ ਸੇ 8 ਕੀ ਸ਼ਾਮ ਕੋ ਜ਼ਰੂਰ ਭੇਜੇਂਗੇ”।ਇਸ ਤੋਂ ਪਹਿਲਾਂ ਇਹ ਕਹਿ ਕੇ ਵੀ ਛੇੜਿਆ ਗਿਆ,” ਰਾਮ ਰਾਮ!ਹਰਿਆਣਾ, ‘ਹੈਪੀ ਜਲੇਬੀ ਡੇ’”( ਜਲੇਬੀ ਦਿਵਸ ਦੀਆਂ ਮੁਬਾਰਕਾਂ)।‘ਤੇ ਜਦ ਕਾਂਗਰਸ ਦੀ ਭਿਅੰਕਰ ਹਾਰ ਹੋਈ ਤਾਂ ਭਾਜਪਾ ਵਾਲੇ ਚੁਟਕੀਆਂ ਲੈਣ ਲਗੇ ਕਿ”ਦਿਪੇਂਦਰ ਭਾਈ! ਜਲੇਬੀ ਕਾ ਡਿੱਬਾ ਨਹੀਂ ਆਇਆ”!ਇੱਕ ਜਣੇ ਨੇ ਹੋਰ ਲਿਖਿਆ ਕਿ ‘ਜਲੇਬੀ ਕੋਈ ਵੀ ਬਣਾਏ ਖਾਊ ਮੋਦੀ ਹੀ”!”ਮਾਤੂ ਰਾਮ ਜੀ,ਆਪ ਕੀ ਜਲੇਬੀ,ਕੜਾਹੀ,ਦੁਕਾਨ,ਘੀ ਔਰ ਗੱਲਾ ਸਭ ਸੁਰਖਿਅਤ ਹਨ ਕਿਉਂਕਿ ਭਾਜਪਾ ਤੀਸਰੀ ਵਾਰ ਆ ਗਈ ਹੈ”,ਇਕ ਜਣੇ ਹੋਰ ਨੇ ਲਿਖਿਆ। ਹਰਿਆਣਾ ਚੋਣਾਂ ਦੇ ਨਤੀਜੇ ‘ਜਲੇਬੀ’ ਵਾਂਗ ਹੀ ਟੇਢੇ ਅਤੇ ਵਲਾਂਵੇਦਾਰ ਸਾਬਤ ਹੋਏ!
ਹੁਣ ਜ਼ਰਾ ਜਲੇਬੀ ਦੇ ਪਿਛੋਕੜ ਦੀ ਗਲ ਕਰਦੇ ਹਾਂ। ਭਾਰਤੀ ਸ਼ਬਦਾਂ ‘ਤੇ ਵਾਕ-ਅੰਸ਼ਾਂ ਵਾਲੀ ‘ਹੌਬਸਨ-ਜੌਬਸਨ ਗਲੌਸਰੀ’(ਸ਼ਬਦਾਵਲੀ) ਅਤੇ ਵਿੱਕੀਪੀਡੀਆ ਅਨੁਸਾਰ ਜਲੇਬੀ ਸ਼ਬਦ ਅਰਬੀ ਦੇ ‘ਜ਼ੁਲਾਬੀਆ’ ਅਤੇ ਫਾਰਸੀ ਦੇ ‘ਜ਼ਾਲਬੀਆ’ ਸ਼ਬਦਾਂ ਦਾ ਭਾਰਤੀਕ੍ਰਿਤ ਵਿਉਤਪੰਨ(ਸ਼ਬਦ) ਜਾਂ ਵਿਗੜਿਆ ਰੂਪ ਹੈ।ਇਸ ਦੇ ਹੋਰਨਾਂ ਨਾਵਾਂ ਵਿਚ ਜਿਲਾਪੀ,ਜ਼ੁਲਬਾ,ਮੁਸ਼ਬਕ ਸ਼ਾਮਲ ਹਨ। ਇਹ ਮਿੱਠਾਈ ਦੱਖਣੀ ਏਸ਼ੀਆ,ਮੱਧ ਪੂਰਬੀ ਦੇਸ਼ਾਂ ਅਤੇ ਉੱਤਰੀ ਅਫਰੀਕਾ ਦੇ ਕੁਝ ਦੇਸ਼ਾਂ ਵਿਚ ਮਸ਼ਹੂਰ ਹੈ।ਵੈਸੇ ਹੁਣ ਜਲੇਬੀ ਹਰ ਉਸ ਥਾਂ ਮਿਲਦੀ ਹੈ ਜਿਥੇ ਜਿਥੇ ਭਾਰਤੀ ਉੱਪ ਮਹਾਂਦੀਪ ਦੇ ਲੋਕ ਵਸੇ ਹਨ ਤੇ ਜੋ ਲਗਭਗ ਪੂਰੇ ਵਿਸ਼ਵ ਵਿਚ ਹੀ ਵਸੇ ਹਨ!ਦੀਵਾਲੀ ਅਤੇ ਰਮਜ਼ਾਨ ਸਮੇਂ ਇਸ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਕੁਝ ਸਰੋਤਾਂ ਅਨੁਸਾਰ ਮੱਧਕਾਲੀ ਯੁਗ ਵਿਚ ਜਲੇਬੀ ਨੂੰ ‘ਜਲਾਵਾਲਿੱਕਾ’ ਅਤੇ ‘ਕੁੰਡਾਲਿਕਾ’ ਕਹਿੰਦੇ ਸਨ।ਇਹ ਵੀ ਪੜ੍ਹਨ ਨੂੰ ਮਿਲਿਆ ਕਿ ਇਸ ਮਿੱਠੀ/ਰਸੀਲੀ ਤੇ ਮੂੰਹ ‘ਚ ਪਾਣੀ ਲਿਆ ਦੇਣ ਵਾਲੀ ਜਲੇਬੀ ਦਾ ਜ਼ਿਕਰ ਸੰਸਕ੍ਰਿਤ ਅਤੇ ਜੈਨ ਟੈਕਸਟਾਂ ਵਿਚ ਵੀ ਮਿਲਦੈ। ਤੇਰਵੀਂ ਸਦੀ ਵਿਚ ਜਲੇਬੀ ਬਨਾਉਣ ਦੇ ਕਈ ਤਰੀਕੇ ਦਸੇ ਗਏ ਹਨ ਜਿਹਨਾ ਵਿਚ ਸਭ ਤੋਂ ਮਸ਼ਹੂਰ ਮੁਹੰਮਦ ਬਿਨ ਹਸਨ ਅਲ-ਬਗਦਾਦੀ ਦੀ ਕੁੱਕਬੁੱਕ ਵਿਚ ਹੈ। ਇਮਰਤੀ ਅਤੇ ਛੇਨਾ ਜਲੇਬੀ ਇਸ ਨਾਲ ਮਿਲਦੀਆਂ ਜੁਲਦੀਆਂ ਪਰ ਵਖਰੀਆਂ ਮਿਠਾਈਆਂ ਹਨ। ਜਲੇਬੀ ਰਬੜੀ,ਦੁੱਧ,ਦਹੀਂ,ਕੇਵੜਾ ‘ਚ ਮਿਲਾ ਕੇ ਵੀ ਖਾਧੀ ਜਾਂਦੀ ਹੈ।
ਜਲੇਬੀ ਹਰ ਜਣੇ ‘ਤੇ ਹਰ ਘਰ ਦੀ ਪਸੰਦ ਹੈ।ਸਾਡੇ ਪਿੰਡ ਗੰਢਵਾਂ(ਫਗਵਾੜਾ)ਦੇ ਮਸ਼ਹੂਰ ਜਲੇਬੀਆਂ ਬਨਾਉਣ ਵਾਲੇ(ਹੁਣ ਸਵਰਗਵਾਸੀ) ਚਾਚਾ ਅਵਤਾਰ ਸਿੰਘ ਤਾਂ ਇੰਗਲੈਂਡ ਜਾ ਕੇ ਵੀ ਓਥੇ ਵਸਦੇ ਪਿੰਡ ਵਾਲਿਆਂ ਨੂੰ ਜਲੇਬੀਆਂ ਤਲ ਕੇ ਖਲਾਉਂਦੇ ਰਹੇ ਹਨ।ਕਈ ਦਹਾਕਿਆਂ ਤਕ ਜਲੇਬੀਆਂ ਦੀ ਇਹ ਪ੍ਰਸਿੱਧ ਦੁਕਾਨ ਹੁਣ ਭਾਵੇਂ ਬੰਦ ਹੋ ਗਈ ਹੈ ਪਰ ਅਵਤਾਰ ਸਿੰਘ ਦਾ ਬੇਟਾ ਬਲਬੀਰ ਸਿੰਘ (ਘੀਰਾ)) ਦਸਦੈ ਕਿ ਉਹ ਵੀ ਆਪਣੇ ਪਿਤਾ ਨਾਲ ਜਲੇਬੀਆਂ ਤਲਦਾ ਰਿਹੈ।ਦੇਸੀ ਢੰਗ ਨਾਲ ਬਨਣ ਵਾਲੀਆਂ ਜਲੇਬੀਆਂ ਦੇਸੀ ਘਿਉ ਵਿਚ ਹੀ ਬਣਦੀਆਂ ਸਨ(ਬੇਸ਼ਕ ਹੁਣ ਬਨਾਸਪਤੀ ਘਿਉ/ਰਿਫਾਈਨਡ ਵੀ ਵਰਤਣ ਲਗ ਪਏ ਹਨ)।ਜ
ਲੇਬੀਆਂ ਦੀ ਚਾਸ਼ਨੀ ਗਰਮ ਹੁੰਦੀ ਹੈ।ਮੈਦਾ ਜਾਂ ਮਹਾਂ ਦੀ ਦਾਲ ਨਾਲ ਘੋਲ ਤਿਆਰ ਕਰਦੇ ਹਨ।ਮੋਟੇ ਕੱਪੜੇ/ਜੀਨ,ਜਿਸ ਨੂੰ ਜਲੇਬੀ ਮੁਹਾਵਰੇ ‘ਚ ‘ਰਤਨਾ’ ਕਹਿੰਦੇ ਹਨ,ਵਿਚਾਲੇ ਇਕ ਛੇਕ ਕਰਕੇ ਉਸ ਦੇ ਇਰਦ ਗਿਰਦ ‘ਚਾਕ’ ਕਰਦੇ ਹਨ ਤਾਂ ਕਿ ਦੱਬਣ/ਘੁਟਣ ਨਾਲ ਉਹ ਵਧੇਰੇ ਮੋਕਲਾ ਨਾ ਹੋਵੇ ਅਤੇ ਜਲੇਬੀ ਬਰੀਕ ਤੇ ਕਰਿਸਪੀ ਬਣੇ।ਬਲਬੀਰ ਅਨੁਸਾਰ ‘ਰਤਨਾ’ ਵਿਚ ਸਾਰਾ ਸਾਮਾਨ ਪਾ ਕੇ ਉਪਰੋਂ ਕੱਪੜਾ ਘੁਟੀਦਾ ਹੈ ਤੇ ਫਿਰ ਦੇਸੀ ਘਿਉ ਵਾਲੀ ਕੜਾਹੀ ‘ਤੇ ਖੰਡ ਨਾਲ ਬਣਾਈ ਚਾਸ਼ਨੀ ਵਿਚ ਜਲੇਬੀ ਤਲੀਦੀ ਹੈ।ਕੜਾਹੀ ਹੇਠ ਲੱਕੜੀਆਂ ਦੀ ਅੱਗ ਲਗਾਤਾਰ ਬਲਦੀ ਰਹਿੰਦੀ ਹੈ(ਹੁਣ ਗੈਸ ਆ ਗਏ ਹਨ)।ਪਹਿਲਾਂ ਰਤਨਾ ਦੀ ਬਜਾਏ ਗੜਵੀਆਂ ਵੀ ਵਰਤੀਆਂ ਜਾਂਦੀਆਂ ਸਨ,ਭਾਵ ਗੜਵੀ ਹੇਠਾਂ ਗਲੀ ਕਰ ਲਈ ਜਾਂਦੀ ਸੀ ਪਰ ਉਸ ਨਾਲ ਜਲੇਬੀ ਇਕ ਆਕਾਰ ਦੀ ਤੇ ਮੋਟੀ ਬਣਦੀ ਸੀ।ਬਲਬੀਰ ਅਨੁਸਾਰ ‘ਰਤਨਾ’ ਨਾਲ ਜਲੇਬੀ ਦਾ ਆਕਾਰ ਪਤਲਾ ਅਤੇ ਲੋੜ ਅਨੁਸਾਰ ਘਟ ਵਧ ਕੀਤਾ ਜਾ ਸਕਦੈ।
ਜਲੇਬੀ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ।ਦਿਨ-ਦਿਹਾਰ ਅਤੇ ਤਿਉਹਾਰਾਂ ਵੇਲੇ ਮਿੱਠੇ ‘ਚ ਲੱਡੂ-ਜਲੇਬੀ-ਬਰਫੀ ਦੀ ਚੜ੍ਹ ਅਤੇ ਚੌਧਰ ਹੁੰਦੀ ਹੈ।ਗਾਣੇ ਤਾਂ ਗਾਣੇ,ਸਾਡੇ ਤਾਂ ਇਧਰ 2018 ਦੀ ਇਕ ਫਿਲ਼ਮ ਦਾ ਨਾਮ ਵੀ ‘ਜਲੇਬੀ’ ਸੀ। ਮੁਹਾਵਰਾ ਵੀ ਹੈ-ਜਲੇਬੀ ਵਰਗਾ ਸਿੱਧਾ!ਭਾਵ ਜਦ ਕੋਈ ਚਾਲੂ-ਚਲਾਕ ਆਪਣੇ ਆਪ ਨੂੰ ‘ਸਿਧਾ-ਸਾਦਾ’ ਕਹੇ ਤਾਂ ਵਿਅੰਗ ਵਜੋਂ ਵਰਤਿਆ ਜਾਂਦੈ। ਕਾਂਗਰਸ ਵੀ ਹਰਿਆਣਾ ਚੋਣਾ ਨੂੰ ਸਪੱਸ਼ਟ ਤੇ ਸਿੱਧੀਆਂ ਸਮਝਦੀ ਸੀ,ਪਰ ਇਹ ਨਿਕਲੀਆਂ ਜਲੇਬੀ ਵਾਂਗ ਟੇਢੀ ਖੀਰ!
-ਪ੍ਰੋ. ਜਸਵੰਤ ਸਿੰਘ ਗੰਡਮ
ਫਗਵਾੜਾ,
98766-55055