ਨਿੱਕੀ ਉਮਰੇ ਮਾਊਂਟ ਕਿਲੀਮੰਜਾਰੋ ਚੋਟੀ ਸਰ ਕਰਨ ਵਾਲਾ ਤੇਗਬੀਰ

ਪਰਬਤਾਰੋਹੀ ਉਹ ਵਿਅਕਤੀ ਹੁੰਦਾ ਹੈ ਜੋ ਪਹਾੜਾਂ ’ਤੇ ਚੜ੍ਹਦਾ ਹੈ। ਉੱਚੀਆਂ ਅਸਮਾਨ ਨੂੰ ਛੂੰਹਦੀਆਂ ਚੋਟੀਆਂ ਨੂੰ ਸਰ ਕਰਨਾ ਕੋਈ ਅਸਾਨ ਕੰਮ ਨਹੀਂ। ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਖੁਆਸਪੁਰਾ ਨਾਲ ਸਬੰਧਿਤ ਪਿਤਾ ਸੁਖਿੰਦਰ ਦੀਪ ਸਿੰਘ ਅਤੇ ਮਾਤਾ ਡਾ. ਮਨਪ੍ਰੀਤ ਕੌਰ ਦੇ 5 ਸਾਲਾ ਬਹਾਦਰ ਪੁੱਤਰ ਤੇਗਬੀਰ ਸਿੰਘ ਨੇ ਅਫ਼ਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਕੇ ਏਸ਼ੀਆ ਦੇ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਬਣਨ ਦਾ ਕੀਰਤੀਮਾਨ ਆਪਣੇ ਨਾਮ ਕਰਕੇ ਸਾਡੇ ਸਭ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਤੋਂ ਪਹਿਲਾਂ ਇਹ ਕੀਰਤੀਮਾਨ ਸਰਬੀਆ ਦੇ ਰਹਿਣ ਵਾਲੇ 5 ਸਾਲਾਂ ਦੇ ਹੀ ਓਗਜ਼ੇਨ ਜ਼ਿਵਕੋਵਿਕ ਵੀ ਕਰ ਚੁੱਕਾ ਹੈ। ਓਗਜੇ਼ੇਨ ਨੇ ਇਹ ਕਾਰਨਾਮਾ ਬੀਤੇ ਸਾਲ ਕਰ ਵਿਖਾਇਆ ਸੀ। ਦੱਸਣਯੋਗ ਹੈ ਕਿ ਅਫ਼ਰੀਕਾ ਦੇ ਤਨਜ਼ਾਨੀਆ ਵਿਚ ਸਥਿਤ ਮਾਊਂਟ ਕਿਲੀਮੰਜਾਰੋ ਦੀ ਸਮੁੰਦਰ ਤਲ ਤੋਂ ਉੱਚਾਈ 19,341 ਫੁੱਟ ਯਾਨੀ 5,895 ਮੀਟਰ ਹੈ। ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰ ਦੀਪ ਸਿੰਘ ਵੀ ਟ੍ਰੈਕਿੰਗ ਮੌਕੇ ਉਸ ਦੇ ਨਾਲ ਹੀ ਸਨ। ਇਨ੍ਹਾਂ ਦੋਵਾਂ ਪਿਓ-ਪੁੱਤਰ ਦੀ ਅਨੋਖੀ ਜੋੜੀ ਨੇ 18 ਅਗਸਤ, 2024 ਨੂੰ ਆਪਣੇ ਇਸ ਦਲੇਰਾਨਾ ਟਰੈਕਿੰਗ ਸਫ਼ਰ ਦੀ ਸ਼ੁਰੂਆਤ ਕਰ ਕੇ 24 ਅਗਸਤ 2024 ਨੂੰ ਮਾਊਂਟ ਕਿਲੀਮੰਜਾਰੋ ਦੀ ਚੋਟੀ ਦੇ ਸਿਖ਼ਰ ’ਤੇ ਪਹੁੰਚ ਕੇ ਹੈਰਾਨ ਕਰਨ ਵਾਲਾ ਕਾਰਨਾਮਾ ਕਰ ਵਿਖਾਇਆ।

ਸੁਖਿੰਦਰ ਸਿੰਘ ਫਖ਼ਰ ਨਾਲ ਦੱਸਦੇ ਹਨ ਕਿ ਤੇਗਬੀਰ ਸਿੰਘ ਨੇ ਇਸ ਸਾਲ ਅਪ੍ਰੈਲ ਵਿਚ ਮਾਊਂਟ ਐਵਰੈਸਟ ਦਾ ਬੇਸ ਕੈਂਪ ਸਰ ਕਰਕੇ ਆਪਣੇ ਹੌਸਲੇ ਤੇ ਜਜ਼ਬੇ ਦਾ ਪ੍ਰਗਟਾਵਾ ਕਰ ਦਿੱਤਾ ਸੀ। ਉਸ ਸਮੇਂ ਵੀ ਤੇਗਬੀਰ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰਨ ਵਾਲਾ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਬਣਿਆ ਸੀ। ਨਤੀਜੇ ਵਜੋਂ ਅਸੀਂ ਮਾਊਂਟ ਕਿਲੀਮੰਜਾਰੋ ਸਰ ਕਰਨ ਦੀ ਤਿਆਰੀ ਵਿਚ ਜੁੱਟ ਗਏ। ਅਧਿਕਾਰੀ ਟ੍ਰੈਕਿੰਗ ਕਰਨ ਵਾਲੇ ਇਨਸਾਨ ਦੀ ਔਖੇ ਸਮੇਂ ਵਿਚ ਮਾਨਸਿਕ ਸਥਿਤੀ ਦਾ ਵੀ ਜਾਇਜ਼ਾ ਲੈਂਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਹੀ ਟ੍ਰੈਕਿੰਗ ਕਰਨ ਦੀ ਇਜਾਜ਼ਤ ਮਿਲਦੀ ਹੈ। ਪਰਬਤਰੋਹੀ ਚੋਟੀ ਉੱਤੇ ਇਕੱਲਾ ਨਹੀਂ ਹੁੰਦਾ ਬਲਕਿ ਉਸਦੇ ਨਾਲ ਇੱਕ ਪੂਰੀ ਟੀਮ ਹੁੰਦੀ ਹੈ। ਤੇਗਵੀਰ ਤੇ ਉਸ ਦੇ ਪਿਤਾ ਨਾਲ ਵੀ ਸਹਾਇਤਾ ਟੀਮ ਸੀ ਜਿਸ ਵਿਚ 9 ਮੈਂਬਰ ਸਨ, ਜਿਨ੍ਹਾਂ ਵਿਚ ਦੋ ਗਾਈਡ ਵੀ ਸ਼ਾਮਿਲ ਸਨ।

ਮੁੱਖ ਗਾਈਡ ਜੋਇਕੇਨ ਗਬੂਸਾ ਸਨ ਤੇ ਜੂਨੀਅਰ ਗਾਈਡ ਮਿਸਟਰ ਫਜ਼ਿਲੀ ਵੀ ਇਸ ਦਲ ਵਿਚ ਮੌਜੂਦ ਸਨ। ਮਾਊਂਟ ਕਿਲੀਮੰਜਾਰੋ ਚੋਟੀ ਉਪਰ ਜਾਣ ਲਈ ਬੇਸ ਕੈਂਪ ਬਰਾਫੂ ਵਿਖੇ ਬਣਾਇਆਹੈ। ਬਰਾਫੂ ਤੋਂ ਅੱਗੇ ਕਰੰਗਾ ਕੈਂਪ, ਬਰਾਂਕੋ, ਸ਼ਿਰਾ ਕੇਵ, ਮਕੈਮੇ ਕੈਂਪ ਤੋਂ ਹੁੰਦੇ ਹੋਏ ਪਰਬਤਰੋਹੀ ਕਿਲੀਮੰਜਾਰੋ ਉੱਤੇ ਪਹੁੰਚਦੇ ਹਨ। ਤੇਗਬੀਰ ਤੇ ਉਸ ਦੇ ਪਿਤਾ ਸੁਖਿੰਦਰ ਸਿੰਘ ਨੇ ਵੀ ਇੱਕ ਖ਼ਤਰਨਾਕ ਬਰਫ਼ੀਲਾ ਤੂਫ਼ਾਨ ਦਾ ਸਾਹਮਣਾ ਕੀਤਾ। ਸੁਖਇੰਦਰ ਸਿੰਘ ਦੱਸਦੇ ਹਨ ਕਿ ਉਸ ਸਮੇਂ ਆਪਣੀ ਮੰਜ਼ਿਲ ਦੇ ਐਨੇ ਨਜ਼ਦੀਕ ਆ ਕੇ ਅਸਫਲ ਹੋ ਕੇ ਮੁੜ ਨਹੀਂ ਸਕਦੇ ਸੀ, ਇਸ ਲਈ ਗਾਈਡ ਤੇ ਆਪਣੀ ਟੀਮ ਨਾਲ ਸਲਾਹ ਕਰ ਕੇ ਅਸੀਂ ਅੱਗੇ ਵੱਧਦੇ ਗਏ। ਅਖ਼ੀਰ ਅਸੀਂ ਚੋਟੀ ਦੇ ਸਿਖ਼ਰ ਉੱਤੇ ਪਹੁੰਚ ਗਏ। ਯਾਦਗਾਰੀ ਤਸਵੀਰ ਕਰਵਾਉਣ ਤੋਂ ਬਾਅਦ ਅਸੀਂ 20 ਸਕਿੰਟ ਦੇ ਅੰਦਰ ਹੀ ਤੇਗਬੀਰ ਨੂੰ ਚੁੱਕ ਕੇ ਚੋਟੀ ਤੋਂ ਥੱਲੇ ਉੱਤਰ ਆਏ। ਪੂਰੇ ਮਿਸ਼ਨ ’ਤੇ ਪਰਿਵਾਰ ਦਾ ਤਕਰੀਬਨ ਅੱਠ ਲੱਖ ਖ਼ਰਚਾ ਆਇਆ । ਜਿਸ ਵਿਚ ਹਵਾਈ ਸਫ਼ਰ, ਗਾਈਡ ਦਾ ਖ਼ਰਚਾ, ਰਹਿਣ ਅਤੇ ਸੁਰੱਖਿਆ ਕਿੱਟਾਂ ਦਾ ਖ਼ਰਚ ਆਦਿ ਹੋਰ ਖ਼ਰਚ ਸ਼ਾਮਿਲ ਹੈ। ਤੇਗਬੀਰ ਦੀ ਕਾਮਯਾਬੀ ਪਿੱਛੇ ਉਸ ਦੀ ਸਖ਼ਤ ਮਿਹਨਤ, ਪਰਿਵਾਰ ਦੀ ਸਮਰਪਣ ਭਾਵਨਾ ਅਤੇ ਕੋਚਾਂ ਦੀ ਉਸਾਰੂ ਅਗਵਾਈ ਸ਼ਾਮਿਲ ਹੈ। ਤੇਗਬੀਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਸਰਕਾਰੀ ਅਧਿਕਾਰੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਹਨ ਪਰ ਲੋੜ ਹੈ ਇਸ ਤਰ੍ਹਾਂ ਦੇ ਜਜ਼ਬੇ ਰੱਖਣ ਵਾਲੇ ਬੱਚਿਆਂ ਦੀ ਬਾਂਹ ਫੜਨ ਦੀ। ਅਜਿਹੇ ਬੱਚਿਆਂ ਦੇ ਹੁਨਰ ਦੀ ਪਛਾਣ ਕਰਕੇ ਉਨ੍ਹਾਂ ਨੂੰ ਸੰਸਾਰ ਪੱਧਰ ਦੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਹ ਦੇਸ਼ ਦਾ ਮਾਣ ਵਧਾ ਸਕਣ।

ਸਾਂਝਾ ਕਰੋ

ਪੜ੍ਹੋ