ਨਵੀਂ ਦਿੱਲੀ, 9 ਅਕਤੂਬਰ – ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ “ਹੈਰਾਨੀਜਨਕ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਕਰਵਾਈਆਂ ਜਾਣਗੀਆਂ। ਕਾਂਗਰਸੀ ਆਗੂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸੂਬੇ ’ਚ ਭਾਰਤ ਦੀ ਜਿੱਤ ਨੂੰ ਸੰਵਿਧਾਨ ਅਤੇ ਲੋਕਤੰਤਰੀ ਸਵੈ-ਮਾਣ ਦੀ ਜਿੱਤ ਦੱਸਿਆ। ਰਾਹੁਲ ਗਾਂਧੀ ਨੇ ‘ਐਕਸ’ ਤੇ ਲਿਖਿਆ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਰਾਜ ਵਿੱਚ ਭਾਰਤ ਦੀ ਜਿੱਤ ਸੰਵਿਧਾਨ ਦੀ ਜਿੱਤ ਹੈ, ਲੋਕਤੰਤਰੀ ਸਵੈ-ਮਾਣ ਦੀ ਜਿੱਤ ਹੈ। ਹਰਿਆਣਾ ਦੇ ਚੋਣ ਨਤੀਜਿਆਂ ਸਬੰਧੀ ਉਨ੍ਹਾਂ ਲਿਖਿਆ ਕਿ ਅਸੀਂ ਅਣਕਿਆਸੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਆ ਰਹੀਆਂ ਸ਼ਿਕਾਇਤਾਂ ਬਾਰੇ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰਾਂਗੇ।