ਜੰਮੂ ਕਸ਼ਮੀਰ 77 ਦੀਆਂ ਚੋਣਾਂ ਅਤੇ ਨਵਾਂ ਮੋੜ/ਵਜਾਹਤ ਹਬੀਬੁੱਲ੍ਹਾ

ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਚੋਣਾਂ ਹਾਲਾਂਕਿ ਲੰਗੜੀ ਜਿਹੀ ਵਿਧਾਨ ਸਭਾ ਦੀ ਬਹਾਲੀ ਲਈ ਹੋ ਰਹੀਆਂ ਹਨ, ਫਿਰ ਵੀ ਇਨ੍ਹਾਂ ਨੇ 1977 ਦੀਆਂ ਵਿਧਾਨ ਸਭਾਂ ਚੋਣਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਹ ਚੋਣਾਂ ਰਾਜਪਾਲ ਦੇ ਸ਼ਾਸਨ ਹੇਠ ਕਰਵਾਈਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਅਕਸਰ ਲੀਹ ਪਾੜੂ ਕਰਾਰ ਦਿੱਤਾ ਜਾਂਦਾ ਹੈ। ਕਸ਼ਮੀਰ ਦੇ ਸਿਆਸੀ ਤਾਣੇ-ਬਾਣੇ ਦੇ ਸਾਰੇ ਰੰਗ ਚੋਣ ਮੈਦਾਨ ਵਿੱਚ ਨਿੱਤਰਨ ਦੀ ਉਡੀਕ ਕਰ ਰਹੇ ਸਨ। ਆਜ਼ਾਦੀ ਪੱਖੀ ਮੀਰਵਾਇਜ਼ ਫਾਰੂਕ ਦੀ ਅਵਾਮੀ ਐਕਸ਼ਨ ਕਮੇਟੀ ਨੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਆਪਣੀ ਪਾਰਟੀ ਦੇ ਨਾਂ ’ਤੇ ਨਹੀਂ ਜਿਵੇਂ ਹੁਣ ਜਮਾਤ-ਏ-ਇਸਲਾਮੀ ਕਰ ਰਹੀ ਹੈ। ਉਸ ਵੇਲੇ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਹੇਠ ਪਾਕਿਸਤਾਨ ਪੱਖੀ ਜਮਾਤ-ਏ-ਇਸਲਾਮੀ ਮੁੱਖ ਦਾਅਵੇਦਾਰ ਸੀ। ਇਸ ਨੇ 1972 ਦੀਆਂ ਚੋਣਾਂ ਵਿੱਚ ਪੰਜ ਸੀਟਾਂ ਜਿੱਤੀਆਂ ਸਨ ਅਤੇ ਅੱਜ ਫਿਰ ਇਹ ਬਾਰੀਕ ਜਿਹੇ ਪਰਦੇ ਹੇਠ ਚੋਣਾਂ ਲੜ ਰਹੀ ਹੈ। ਸ਼ੇਖ ਅਬਦੁੱਲ੍ਹਾ ਦੇ ਸਾਬਕਾ ਹਮਾਇਤੀਆਂ ਨੇ ਵੱਖ ਹੋ ਕੇ ਉਸ ਵੇਲੇ ਕੇਂਦਰ ਦੀ ਸੱਤਾ ਵਿੱਚ ਬੈਠੀ ਜਨਤਾ ਪਾਰਟੀ ਦੀ ਇੱਕ ਸ਼ਾਖਾ ਕਾਇਮ ਕਰ ਲਈ ਸੀ। ਇਸ ਦੇ ਆਗੂਆਂ ਵਿੱਚ ਹਮੀਦ ਕੈਰਾ ਵੀ ਸੀ ਜਿਸ ਦਾ ਨਾਂ 1940ਵਿਆਂ ਅਤੇ 50ਵਿਆਂ ਵਿੱਚ ਸ਼ੇਖ ਅਬਦੁੱਲ੍ਹਾ ਦੇ ਲਫਟੈਣਾਂ ਵਿੱਚ ਸ਼ੁਮਾਰ ਸੀ। ਉਹ ਮੋਹੀਊਦੀਨ ਕੈਰਾ ਦਾ ਭਤੀਜਾ ਸੀ। ਇਸ ਤੋਂ ਇਲਾਵਾ ਜਨਤਾ ਪਾਰਟੀ ਦਾ ਸਾਥ ਦੇਣ ਵਾਲਿਆਂ ਵਿੱਚ ਸ਼ੇਖ ਅਬਦੁੱਲ੍ਹਾ ਦਾ ਇੱਕ ਹੋਰ ਕਰੀਬੀ ਸਾਥੀ ਮੌਲਾਨਾ ਮਸੂਦੀ ਸੀ ਜੋ 1953 ਵਿੱਚ ਵਿਧਾਨ ਸਭਾ ਦਾ ਸਪੀਕਰ ਰਿਹਾ ਸੀ। ਗੁੱਜਰ ਭਾਈਚਾਰੇ ਅੰਦਰ ਉਸ ਦਾ ਚੋਖਾ ਅਸਰ ਸੀ। ਸ਼ੀਆ ਮੌਲਵੀ ਮੌਲਾਨਾ ਇਫ਼ਤਿਖਾਰ ਅੰਸਾਰੀ ਮਜ਼ਬੂਤ ਆਗੂ ਮੰਨੇ ਜਾਂਦੇ ਸਨ। ਸ਼ੇਖ ਅਬਦੁੱਲ੍ਹਾ ਦੀ ਪਾਰਟੀ ਇਕੱਲੀ ਚੋਣ ਲੜ ਰਹੀ ਸੀ, ਫਿਰ ਵੀ ਲੋਕਾਂ ਦਾ ਸਨਮਾਨ ਬਹਾਲ ਕਰਾਉਣ ਦੇ ਵਾਅਦੇ ਦਾ ਅਸਰ ਸੀ। ਉਨ੍ਹਾਂ ਦਾ ਪੁੱਤਰ ਫ਼ਾਰੂਕ ਉਸ ਵਾਅਦੇ ਦਾ ਵਾਰਸ ਬਣਿਆ।

ਜਨਤਾ ਪਾਰਟੀ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਾ ਛੱਡੀ। ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ, ਸਨਅਤ ਮੰਤਰੀ ਜੌਰਜ ਫਰਨਾਂਡੇਜ਼, ਲੋਕ ਨਿਰਮਾਣ ਤੇ ਮਕਾਨ ਉਸਾਰੀ ਮੰਤਰੀ ਸਿਕੰਦਰ ਬਖ਼ਤ ਅਤੇ ਰੱਖਿਆ ਮੰਤਰੀ ਬਾਬੂ ਜਗਜੀਵਨ ਰਾਮ ਜੋ ਕਾਂਗਰਸ ਦੇ ਸਿਰਕੱਢ ਆਗੂ ਰਹੇ ਸਨ, ਨੇ ਕਸ਼ਮੀਰ ਆ ਕੇ ਪ੍ਰਚਾਰ ਕੀਤਾ। ਚੋਣਾਂ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਪੁੱਜੇ। ਸੂਬਾਈ ਪ੍ਰਸ਼ਾਸਨ ਦਾ ਸ਼ੁਰੂਆਤੀ ਉੱਦਮ ਰਵਾਇਤੀ ਚੋਣਾਂ ਦਾ ‘ਇੰਤਜ਼ਾਮ’ ਕਰਨਾ ਸੀ। ਡਿਪਟੀ ਕਮਿਸ਼ਨਰ ਦੀ ਹੈਸੀਅਤ ਵਿੱਚ ਮੈਂ ਸ੍ਰੀਨਗਰ ਜਿ਼ਲ੍ਹੇ ਦਾ ਰਿਟਰਨਿੰਗ ਅਫਸਰ ਸਾਂ। ਥੋੜ੍ਹੀ ਦੇਰ ਬਾਅਦ ਹਮੀਦ ਕੈਰਾ ਆ ਕੇ ਕਹਿਣ ਲੱਗੇ ਕਿ ਮੈਂ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰ ਕੇ ਚੋਣ ਅਮਲੇ ਦੀਆਂ ਨਿਯੁਕਤੀਆਂ ਕਰਾਂ। ਉਦੋਂ ਉਹ ਜਨਤਾ ਪਾਰਟੀ ਦੀ ਸੂਬਾਈ ਇਕਾਈ ਦੇ ਸਕੱਤਰ ਸਨ। ਜਦੋਂ ਮੈਂ ਉਨ੍ਹਾਂ ਨੂੰ ਸਾਫ਼ ਲਫਜ਼ਾਂ ਵਿੱਚ ਦੱਸਿਆ ਕਿ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੋਵੇਗਾ ਤਾਂ ਉਹ ਹੈਰਾਨ ਰਹਿ ਗਏ। ਮੈਂ ਹੋਣਹਾਰ ਮੁਸਲਿਮ ਅਫਸਰ ਸਨ ਅਤੇ ਉਨ੍ਹਾਂ ਆਖਿਆ ਕਿ ਮੇਰਾ ਕਰੀਅਰ ਤਬਾਹ ਕਰਨ ਨਾਲ ਉਨ੍ਹਾਂ ਦਾ ਦਿਲ ਟੁੱਟ ਜਾਵੇਗਾ। ਕੈਰਾ ਨਾਲ ਮੇਰੀ ਮੁਲਾਕਾਤ ਤੋਂ ਅਗਲੀ ਸਵੇਰ ਮੇਰੇ ਬੌਸ ਕਸ਼ਮੀਰ ਦੇ ਕਮਿਸ਼ਨਰ ਨੇ ਮੈਨੂੰ ਆਪਣੇ ਦਫ਼ਤਰ ਤਲਬ ਕੀਤਾ। ਉਨ੍ਹਾਂ ਦੇ ਚੈਂਬਰ ਵਿੱਚ ਦਾਖ਼ਲ ਹੋਣ ਸਮੇਂ ਮੈਂ ਕੀ ਦੇਖਦਾ ਹਾਂ ਕਿ ਅੱਗੇ ਕੈਰਾ ਹੁਰੀਂ ਬੈਠੇ ਹੋਏ ਸਨ। ਕਮਿਸ਼ਨਰ ਗੁਲਾਮ ਮੁਸਤਫ਼ਾ ਖ਼ਾਨ ਨੇ ਮੈਨੂੰ ਮੁਖ਼ਾਤਿਬ ਹੁੰਦਿਆਂ ਪੁੱਛਿਆ, “ਕੈਰਾ ਸਾਹਿਬ ਨੂੰ ਕੀ ਤਕਲੀਫ਼ ਆ ਰਹੀ ਹੈ?” ਮੈਂ ਉਨ੍ਹਾਂ ਨੂੰ ਕੈਰਾ ਦੀ ਮੰਗ ਬਾਬਤ ਦੱਸਿਆ ਪਰ ਉਨ੍ਹਾਂ ਦਾ ਪ੍ਰਤੀਕਰਮ ਅਜੀਬ ਸੀ ਕਿ ਮੈਂ ਭੋਲਾ ਹਾਂ ਜਿਸ ਨੂੰ ਇਹ ਨਹੀਂ ਪਤਾ ਕਿ ਪੁਣਛ ਦਾ ਮਾਮਲਾ ਵੱਖਰਾ ਹੈ ਜਿੱਥੇ ਥੋੜ੍ਹਾ ਸਮਾਂ ਪਹਿਲਾਂ ਹੀ ਮੈਂ ਪਾਰਲੀਮਾਨੀ ਚੋਣਾਂ ਕਰਵਾਈਆਂ ਸਨ; ਸ੍ਰੀਨਗਰ ਦੀਆਂ ਲੋੜਾਂ ਵੱਖਰੀਆਂ ਹਨ।

ਜਿਵੇਂ-ਜਿਵੇਂ ਚੋਣਾਂ ਦੀ ਤਾਰੀਕ ਨੇੜੇ ਆਉਣ ਲੱਗੀ, ਸ਼ੇਖ ਅਬਦੁੱਲ੍ਹਾ ਦੀ ਨੈਸ਼ਨਲ ਕਾਨਫਰੰਸ ਦਾ ਜ਼ੋਰ ਨਜ਼ਰ ਆਉਣ ਲੱਗ ਪਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰ ਕੇ ਘਰ ਵਿੱਚ ਹੀ ਰਹਿ ਕੇ ਆਰਾਮ ਕਰਨਾ ਪਿਆ ਪਰ ਇਸ ਨਾਲ ਉਨ੍ਹਾਂ ਦੇ ਹੱਕ ਵਿੱਚ ਹਮਾਇਤ ਜੁਟਣ ਲੱਗ ਪਈ। ਉਨ੍ਹਾਂ ਦੇ ਵਿਰੋਧੀਆਂ ਨੂੰ ਇਹ ਕਹਿਣਾ ਪਿਆ ਕਿ ਸ਼ੇਖ ਦੀ ਸਿਹਤ ਬਾਰੇ ਖ਼ਬਰਾਂ ਝੂਠੀਆਂ ਹਨ। ਪ੍ਰਸ਼ਾਸਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਠੁੱਸ ਕਰਨ ਦਾ ਫ਼ੈਸਲਾ ਕਰ ਲਿਆ। ਕਸ਼ਮੀਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਹੋ ਗਏ ਕਿ ਨੈਸ਼ਨਲ ਕਾਨਫਰੰਸ ਦੇ ਸਾਰੇ ਵਾਲੰਟੀਅਰਾਂ ਨੂੰ ਬਿਨਾਂ ਮੁਕੱਦਮਾ ਇਹਤਿਆਤੀ ਹਿਰਾਸਤ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਜਾਵੇ। ਸਾਰੀ ਰਾਤ ਮੈਂ ਸਿਰਫ਼ ਨੌਂ ਗ੍ਰਿਫ਼ਤਾਰੀਆਂ ਦੀ ਪ੍ਰਵਾਨਗੀ ਦਿੱਤੀ ਜਿਸ ਕਰ ਕੇ ਅਗਲੀ ਸਵੇਰ ਮੈਨੂੰ ਚੀਫ ਸੈਕਟਰੀ ਪੁਸ਼ਕਰ ਨਾਥ ਕੌਲ ਦਾ ਫੋਨ ਆ ਗਿਆ ਕਿ ਮੇਰੀ ਕਾਰਗੁਜ਼ਾਰੀ ਐਨੀ ਢਿੱਲੀ ਕਿਉਂ ਹੈ। ਉਸ ਨੇ ਮੈਨੂੰ ਦੱਸਿਆ ਕਿ ਹੋਰਨਾਂ ਜਿ਼ਲ੍ਹਿਆਂ ਦੇ ਡੀਸੀਜ਼ ਨੇ ਇੱਕ ਰਾਤ ਵਿੱਚ 30 ਤੋਂ 80 ਵਾਰੰਟ ਜਾਰੀ ਕੀਤੇ ਸਨ। ਜਦੋਂ ਮੈਂ ਉਜ਼ਰ ਕੀਤਾ ਕਿ ਡਿਪਟੀ ਕਮਿਸ਼ਨਰ ਨੂੰ ਆਪਣੀ ਤਸੱਲੀ ਕਰਨੀ ਪੈਂਦੀ ਹੈ ਕਿ ਜਨਤਕ ਸੁਰੱਖਿਆ ਦੇ ਆਧਾਰ ’ਤੇ ਹਿਰਾਸਤ ਦਾ ਪੁਖ਼ਤਾ ਕੇਸ ਬਣਦਾ ਹੈ ਕਿ ਨਹੀਂ ਤਾਂ ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਪੁਣ-ਛਾਣ ਵਿੱਚ ਵਕਤ ਜ਼ਾਇਆ ਕਰਨ ਦੀ ਕੋਈ ਲੋੜ ਨਹੀਂ। ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ 25 ਜੂਨ 1977 ਨੂੰ ਦੌਰਾ ਕੀਤਾ ਸੀ। ਜਦੋਂ ਅਸੀਂ ਉਨ੍ਹਾਂ ਨਾਲ ਹੋਣ ਵਾਲੀ ਮੀਟਿੰਗ ਦੀ ਤਿਆਰੀ ਕਰ ਰਹੇ ਸਾਂ ਤਾਂ ਮੈਨੂੰ ਸੂਬਾਈ ਪੁਲੀਸ ਦੇ ਆਈਜੀ ਪੀਰ ਗੁਲਾਮ ਹਸਨ ਸ਼ਾਹ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਾਥੋਂ ਉਨ੍ਹਾਂ ਦੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਬਾਰੇ ਪੁੱਛਣਗੇ ਤਾਂ ਸਾਨੂੰ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਆਖਿਆ ਕਿ ਜੇ ਇੰਝ ਹੋਇਆ ਤਾਂ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਇਸ ਕਲਾ ਵਿੱਚ ਨਾ-ਤਜਰਬੇਕਾਰ ਹੋਣ ਕਰ ਕੇ ਮੇਰਾ ਤਬਾਦਲਾ ਕਰ ਦਿੱਤਾ ਜਾਵੇ। ਖ਼ੈਰ, ਪ੍ਰਧਾਨ ਮੰਤਰੀ ਨਾਲ ਸਾਡੀ ਮੀਟਿੰਗ ਖੁਸ਼ਗਵਾਰ ਰਹੀ। ਜਦੋਂ ਚੀਫ ਸੈਕਟਰੀ ਨੇ ਪੁੱਛਿਆ ਕਿ ਚੋਣਾਂ ਬਾਰੇ ਸੂਬਾਈ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਕੋਈ ਸਲਾਹ ਹੈ ਤਾਂ ਉਨ੍ਹਾਂ ਦੀ ਸਾਦਾ ਜਿਹੀ ਟਿੱਪਣੀ ਸੀ: “ਕੋਈ ਨਹੀਂ ਜਾਣਦਾ ਕਿ ਕਸ਼ਮੀਰ ਵਿਚ ਕੀਹਦੇ ’ਤੇ ਭਰੋਸਾ ਕੀਤਾ ਜਾਵੇ।”

ਕਾਨੂੰਨ ਪ੍ਰਤੀ ਵਫ਼ਾਦਾਰੀ ਰੱਖਣ ’ਤੇ ਮੇਰੇ ਪਾਏ ਜ਼ੋਰ ਤੋਂ ਤੰਗ ਆ ਕੇ ਪੁਲੀਸ ਨੇ ਨੈਸ਼ਨਲ ਕਾਨਫਰੰਸ ਦੇ ਕਾਰਕੁਨਾਂ, ਵਿਸ਼ੇਸ਼ ਤੌਰ ’ਤੇ ਇਸ ਦੇ ਯੂਥ ਵਿੰਗ ਦੇ ਕਈ ਕਾਰਕੁਨਾਂ ਨੂੰ ਸੀਆਰਪੀਸੀ ਦੀ ਧਾਰਾ 107 ਤਹਿਤ ਗ੍ਰਿਫ਼ਤਾਰ ਕੀਤਾ। ਪਾਰਟੀ ਦੇ ਤਤਕਾਲੀ ਪ੍ਰਧਾਨ ਗ਼ੁਲਾਮ ਮੋਹੀਊਦੀਨ ਸ਼ਾਹ ਜੋ ਸ਼ੇਖ ਦੇ ਜਵਾਈ ਦੇ ਭਰਾ ਸਨ, ਇਸ ਜਬਰ ’ਤੇ ਰਸਮੀ ਤੌਰ ’ਤੇ ਇਤਰਾਜ਼ ਜਤਾਉਣ ਮੇਰੇ ਦਫ਼ਤਰ ਆਏ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਪੁਲੀਸ ਇਸ ਤਰੀਕੇ ਨਾਲ ਆਪਣੀ ਰਾਸ਼ਟਰੀ ਵਚਨਬੱਧਤਾ ਦਾ ਮੁਜ਼ਾਹਰਾ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਮੈਂ ਪੁੱਛਿਆ: ਕੀ ਇਸ ਨਾਲ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿੱਚ ਅਡਿ਼ੱਕਾ ਪਵੇਗਾ ਜਾਂ ਇਸ ਨਾਲ ਪਾਰਟੀ ਨੂੰ ਮਜ਼ਬੂਤ ਮਿਲੇਗੀ; ਇਸ ’ਤੇ ਸ਼ਾਹ ਮੁਸਕਰਾਏ। ਚੋਣਾਂ ਵਾਲੇ ਦਿਨ ਜਦ ਮੈਂ ਭੱਜ-ਦੌੜ ਕਰਦਿਆਂ ਫੋਨ ਕਾਲਾਂ, ਇਲਜ਼ਾਮਾਂ, ਧਮਕੀਆਂ ਆਦਿ ਦਾ ਜਵਾਬ ਦੇ ਰਿਹਾ ਸੀ, ਫਾਰੂਕ ਅਬਦੁੱਲ੍ਹਾ ਪੁਲੀਸ ਕੰਟਰੋਲ ਰੂਮ ’ਚ ਆਈਜੀ ਨਾਲ ਬੈਠੇ ਸਨ ਅਤੇ ਸ਼ਿਕਾਇਤ ਕਰ ਰਹੇ ਸਨ ਕਿ ਚੋਣਾਂ ਦਾ ਤਾਂ ਤਮਾਸ਼ਾ ਬਣਾ ਦਿੱਤਾ ਗਿਆ ਹੈ। ਜਦ ਨਤੀਜੇ ਆਉਣੇ ਸ਼ੁਰੂ ਹੋ ਗਏ ਅਤੇ ਸਪੱਸ਼ਟ ਹੋ ਗਿਆ ਕਿ ਨੈਸ਼ਨਲ ਕਾਨਫਰੰਸ ਹੀ ਜਿੱਤੇਗੀ, ਮੈਂ ਆਈਜੀ ਨਾਲ ਸ੍ਰੀਨਗਰ ਦਾ ਗੇੜਾ ਲਾਇਆ। ਸ਼ਹਿਰ ਵਾਸੀ ਖ਼ੁਸ਼ੀ ਮਨਾ ਰਹੇ ਸਨ। ਸਾਡੀ ਕਾਰ ਕਈ ਵਾਰ ਰੋਕੀ ਗਈ, ਸਾਡੇ ਹੱਥ ਚੁੰਮੇ ਗਏ, ਦੁਆਵਾਂ ਦਿੱਤੀਆਂ ਗਈਆਂ, ਉਨ੍ਹਾਂ ਵੇਲਿਆਂ ’ਚ ਕਸ਼ਮੀਰੀ ਇਸ ਤਰ੍ਹਾਂ ਨਹੀਂ ਕਰਦੇ ਸਨ। ਜੂਨ 1977 ਦੀਆਂ ਚੋਣਾਂ ਰਾਜ ’ਚ ਰਾਜਨੀਤਕ ਤਬਦੀਲੀ ਦੀ ਮਿਸਾਲ ਸਨ। ਲੋਕਾਂ ਦੀ ਬੇਮਿਸਾਲ ਹਿੱਸੇਦਾਰੀ ਅਤੇ ਸੂਬੇ ਦੀ ਪੂਰੀ ਸਿਆਸੀ ਲੀਡਰਸ਼ਿਪ ’ਚ ਉਮੀਦਵਾਰਾਂ ਦੀ ਸਾਫ਼-ਸੁਥਰੀ ਸਾਖ਼ ਕਾਰਨ ਕੁਝ ਦਾ ਮੰਨਣਾ ਹੈ ਕਿ ਇਹ ਉੱਥੇ ਹੋਈਆਂ ਸਭ ਤੋਂ ਨਿਰਪੱਖ ਚੋਣਾਂ ਵਿੱਚੋਂ ਇੱਕ ਸਨ। ਕੁਝ ਹੋਰ ਇਸ ਨੂੰ ਜੰਮੂ ਕਸ਼ਮੀਰ ਵਿਚ ਹੋਈ ਇੱਕੋ-ਇੱਕ ਅਸਲੀ ਚੋਣ ਕਰਾਰ ਦਿੰਦੇ ਹਨ। ਕੀ 2024 ਦੀਆਂ ਚੋਣਾਂ ’ਚ ਉਸ ਜਿਹੀ ਗੂੰਜ ਹੈ?

1982 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਫਾਰੂਕ ਮੁੱਖ ਮੰਤਰੀ ਬਣੇ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਨ੍ਹਾਂ ਨਾਲ ਸਿਆਸੀ ਗੱਠਜੋੜ ਦੀ ਉਮੀਦ ਅਤੇ ਰਾਜ ਵਿੱਚ ਕਾਂਗਰਸ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਇੱਛਾ ਰੱਖਦੀ ਸੀ ਪਰ ਉਨ੍ਹਾਂ ਬੁਰੀ ਤਰ੍ਹਾਂ ਮਾਯੂਸ ਹੀ ਹੋਣਾ ਸੀ; ਇਸ ਲਈ 1983 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਕੇਂਦਰ ’ਚ ਸੱਤਾਧਾਰੀ ਧਿਰ ਕਾਂਗਰਸ ਅਤੇ ਰਾਜ ਦੀ ਸੱਤਾਧਾਰੀ ਨੈਸ਼ਨਲ ਕਾਨਫਰੰਸ ਦਰਮਿਆਨ ਟਕਰਾਅ ਦੇਖਣ ਨੂੰ ਮਿਲਿਆ। ਸਾਬਕਾ ਪ੍ਰਧਾਨ ਮੰਤਰੀਆਂ ਨੇ ਭਾਵੇਂ ਆਪੋ-ਆਪਣੀਆਂ ਪਾਰਟੀਆਂ ਦੀਆਂ ਚੁਣਾਵੀ ਸੰਭਾਵਨਾਵਾਂ ਮਜ਼ਬੂਤ ਕਰਨ ਲਈ ਰਿਆਸਤ ਦਾ ਦੌਰਾ ਕੀਤਾ ਸੀ ਪਰ ਕਿਸੇ ਸੂਬੇ ਦੀ ਚੋਣ ਲਈ ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਮੁਕੰਮਲ ਚੋਣ ਮੁਹਿੰਮ ਚਲਾਉਣਾ ਅਨੂਠੀ ਗੱਲ ਸੀ। ਇੰਦਰਾ ਗਾਂਧੀ ਨੇ 1983 ਵਿੱਚ ਸਮਰਥਨ ਜੁਟਾਉਣ ਲਈ ਹਰ ਹਲਕੇ ਦਾ ਦੌਰਾ ਕੀਤਾ ਪਰ ਕਾਂਗਰਸ ਜ਼ਬਰਦਸਤ ਤਰੀਕੇ ਨਾਲ ਹਾਰ ਗਈ ਤੇ ਵਾਦੀ ਵਿੱਚ ਸਿਰਫ਼ ਇੱਕ ਸੀਟ, ਜੰਮੂ ਖੇਤਰ ਵਿੱਚ 23 ਤੇ ਲੱਦਾਖ ਵਿੱਚ ਇੱਕ ਸੀਟ ਹੀ ਜਿੱਤ ਸਕੀ। ਨੈਸ਼ਨਲ ਕਾਨਫਰੰਸ ਕਸ਼ਮੀਰ ਡਿਵੀਜ਼ਨ ਦੀਆਂ 42 ਸੀਟਾਂ ਵਿੱਚੋਂ 38 ਲੈ ਗਈ, ਜੰਮੂ ਵਿੱਚ 8 ਤੇ ਲੱਦਾਖ ਦੇ ਕਾਰਗਿਲ ਵਿੱਚ ਇਕ ਸੀਟ ਜਿੱਤੀ। ਇੱਕ ਵਾਰ ਫੇਰ ਜੰਮੂ ਕਸ਼ਮੀਰ ਨੂੰ ਜਮਹੂਰੀਅਤ ਦਾ ਰੰਗ ਚੜ੍ਹ ਰਿਹਾ ਹੈ ਹਾਲਾਂਕਿ ਇਸ ਦਾ ਸਾਰ-ਤੱਤ ਨਿਕਲਣਾ ਬਾਕੀ ਹੈ।

ਸਾਂਝਾ ਕਰੋ

ਪੜ੍ਹੋ