206, ਇਲਜ਼ਾਮ/ਨਛੱਤਰ ਸਿੰਘ ਭੋਗਲ

ਚਿੱਟੇ-ਚਾਨਣ ਬਣੇ ਵਿਚਾਰੇ
ਲੁਕ-ਲੁਕ ਸਮਾਂ ਬਿਤਾਉਂਦੇ ਨੇ,
ਰਲ਼-ਮਿਲ਼ ‘ਨ੍ਹੇਰੇ ਕਿਰਨਾ ਉੱਤੇ
ਨਿੱਤ ਇਲਜ਼ਾਮ ਲਗਾਉਂਦੇ ਨੇ।

ਚੜ੍ਹਦੇ ਸੂਰਜ ਦੀ ਲਾਲੀ ਵੀ
ਅੱਜ-ਕੱਲ ਖ਼ਤਰਿਉਂ ਖਾਲੀ ਨਹੀਂ,
ਕਿੰਝ ਚੜ੍ਹਦੇ ਨਾਲ ਮੱਥਾ ਲਾਉਣਾ
ਦੀਵੇ ਬਣਤ ਬਣਾਉਂਦੇ ਨੇ।

ਝੂਠ-ਫ਼ਰੇਬ ਦੀਆਂ ਕਰਤੂਤਾਂ
ਬੈਠੀਆਂ ਉੱਚੇ ਰੁਤਬਿਆਂ ‘ਤੇ,
ਸੱਚ ਦੇ ਕਰਤੱਵ ਹਰ ਯੁੱਗ ਅੰਦਰ
ਮੌਤ ਸਜ਼ਾਵਾਂ ਪਾਉਂਦੇ ਨੇ।

ਜਹਾਨੋ ਤੁਰ ਗਏ ਕਈ ਸਿਕੰਦਰ
ਜੋ ਸੀ ਦੁਨੀਆ ਜਿੱਤਣ ਆਏ,
ਅੰਤ ਸਮੇਂ ਵੀ ਕੁੱਝ ਨਾ ਪੱਲੇ
ਖਾਲੀ ਹੱਥ ਲਮਕਾਉਂਦੇ ਨੇ।

ਮਾਣ-ਮਤੀ ਜੋ ਸਿਰ ਤੇ ਬੱਝੀ,
ਸਾਂਭਣ ਦੇ ਸਮਰੱਥ ਨਹੀਂ ਖੁਦ,
ਇੱਜ਼ਤ ਮੰਦਾ ਦੇ ਸਿਰ ਸਜੀਆਂ
ਲੋਕ ਕਮੀਨੇ ਢਾਹੁੰਦੇ ਨੇ।

ਭਲੇ ਲੋਕਾਂ ਦੀ ਸੇਵਾ-ਸ਼ਰਧਾ
ਬਣੇ ਮੁਨਾਫਾ ਕਈਆਂ ਲਈ,
ਦੋਹੀਂ ਹੱਥੀਂ ਲੁੱਟ-ਖੋਹ ਕਰਕੇ
ਅੱਖੀਂ ਘੱਟਾ ਪਾਉਂਦੇ ਨੇ।

ਰਾਜਨੀਤੀ ਬਣਦੀ ਹੱਥ-ਠੋਕਾ
ਜਨਤਾ ਦੇ ਹੱਕ ਲੁੱਟਣ ਲਈ,
‘ਰਾਜ ਨਹੀਂ ਹੈ ਸੇਵਾ ਕਰਨੀ’
ਇਹ ਢਕਵੰਜ ਰਚਾਉਂਦੇ ਨੇ।

ਹਉਮੈ ਦੇ ਦਰਿਆਵਾਂ ਅੰਦਰ
ਟੁੱਭੀਆਂ-ਤਾਰੀਆਂ ਲਾਈ ਜਾਵਣ,
ਬਗਲੇ-ਭਗਤ ਮਖੌਟੇ ਪਾਕੇ,
ਨਕਲੀ ਭੇਸ ਵਟਾਉਂਦੇ ਨੇ।

ਹੱਕ ਪਰਾਇਆ ਛਕੀ ਜਾਣ ਨੂੰ
ਰਹਿਣ ਉਤਾਵਲੇ ਖੋਟੇ ਦਿਲ ਦੇ,
ਮਜ਼੍ਹਬੀ ਈਰਖਾ ਦਾ ਵੱਖਰੇਵਾਂ
ਲੋਕ-ਦਿਲਾਂ ਵਿੱਚ ਪਾਉਂਦੇ ਨੇ।

ਪਿੱਠ ਵਿੱਚ ਛੁਰਾ ਚੋਭਦੀ ਵੇਖੀ
ਟੋਲੀ ਧੋਖੇਬਾਜ਼ਾਂ ਦੀ,
ਜੱਗੋਂ ਬਾਹਰੀਆਂ ਨਿੱਤ ਹੀ ਕਰਕੇ
ਅੰਬਰ ਟਾਕੀ ਲਾਉਂਦੇ ਨੇ।

ਹੋਰਾਂ ਦੇ ਨਿੱਤ ਐਬ ਚਿਤਾਰਨ
ਖੁਦ ਬਣ ਬਹਿੰਦੇ ਬੀਬੇ-ਰਾਣੇ,
ਪੱਤ ਰੋਲ਼ਦੇ ਪੈਰਾਂ ਥੱਲੇ
ਉਂਜ ਹਮਦਰਦ ਕਹਾਉਂਦੇ ਨੇ।

ਦਲ ਬਦਲਦੇ, ਰੰਗ ਬਦਲਦੇ
ਬੇਵਫ਼ਾਈ ਦੇ ਬਣ ਪਾਤਰ
‘ਭੋਗਲ’ ਵਾਂਗੂ ਬਣ ਖੁਦਗਰਜ਼ੇ
ਅਸਲੀ ਰੰਗ ਵਿਖਾਉਂਦੇ ਨੇ।

ਲੇਖਕ :- ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)

ਸਾਂਝਾ ਕਰੋ

ਪੜ੍ਹੋ