‘ਪਠਾਨਕੋਟ ਪਹੁੰਚਿਆ ਗ੍ਰਾਮ ਸਭਾ ਚੇਤਨਾ ਕਾਫ਼ਲਾ’


21 ਸਤੰਬਰ 2024
‘ਪਿੰਡ ਦੀ ਸਰਕਾਰ ਗ੍ਰਾਮ ਸਭਾ ਹੈ’
‘ਗ੍ਰਾਮ ਸਭਾ ਹੀ ਪੰਚਾਇਤ ਦੀ ਅਸਲੀ ਤਾਕਤ ਹੈ’

‘ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ 2 ਸਤੰਬਰ ਤੋਂ 30 ਸਤੰਬਰ 2024 ਤੱਕ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਕੱਢਿਆ ਜਾ ਰਿਹਾ ਹੈ।
ਇਹ ਕਾਫ਼ਲਾ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਲੈ ਕੇ ਅੱਜ ਮਿਤੀ 20 ਸਤੰਬਰ ਨੂੰ ਪਠਾਨਕੋਟ ਦੇ ਪਿੰਡਾਂ ਵਿੱਚ ਪਹੁੰਚਿਆ ਜਿੱਥੇ ਆਮ ਲੋਕਾਂ ਵੱਲੋਂ ਕਾਫ਼ਲੇ ਨੂੰ ਭਰਵਾਂ ਹੁੰਗਾਰਾ ਮਿਲਿਆ। ਪਿੰਡ ਫ਼ਿਰੋਜ਼ਪੁਰ ਕਲਾਂ ਵਿੱਚ ਕਾਫ਼ਲੇ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਲੈ ਕੇ ਲੋਕਾਂ ਵਿੱਚ ਆਪਣੀ ਗੱਲ ਰੱਖੀ ਗਈ।
ਬੁਲਾਰਿਆਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਸਥਾਈ ਮੈਂਬਰ ਹੈ ਅਤੇ ਗ੍ਰਾਮ ਸਭਾ ਕਦੇ ਭੰਗ ਨਹੀਂ ਹੁੰਦੀ।
ਕਾਫ਼ਲੇ ਦੇ ਬੁਲਾਰੇ ਸ. ਹਮੀਰ ਸਿੰਘ ਨੇ ਉਦਾਹਰਣਾਂ ਦਿੰਦੇ ਹੋਏ ਗ੍ਰਾਮ ਸਭਾ ਤੇ ਲੋਕਾਂ ਦੇ ਏਕੇ ਦੀ ਗੱਲ ਕੀਤੀ। “ਅਸੀਂ ਇਕੱਠੇ ਬੈਠਣਾ ਭੁੱਲ ਗਏ ਹਾਂ। ਪਿੰਡਾਂ ਦੇ ਫ਼ੈਸਲੇ ਏਕੇ ਨਾਲ ਨਹੀਂ ਹੁੰਦੇ। ਸਾਨੂੰ ਇਹ ਮਾਹੌਲ ਬਣਾਉਣਾ ਪਵੇਗਾ।”

ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਲੀਡਰਾਂ ਦੀਆਂ ਤਸਵੀਰਾਂ ਲਾਉਣ ਵਾਲੀ ਪਿਰਤ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਅਜਿਹੇ ਉਮੀਦਵਾਰਾਂ ਦਾ ਬਾਈਕਾਟ ਕਰਨ ਲਈ ਕਿਹਾ ਜੋ ਕਿਸੇ ਵੀ ਸਿਆਸੀ ਲੀਡਰ ਦੀ ਤਸਵੀਰ ਲਾਉਣਗੇ।
ਗਿਆਨੀ ਕੇਵਲ ਸਿੰਘ ਨੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਅਪੀਲ ਕੀਤੀ ਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ ਜੋ ਨਸ਼ਾ ਜਾਂ ਪੈਸਾ ਵੰਡਣਗੇ। ਉਹਨਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਵੇ ਨਾ ਕਿ ਕਿਸੇ ਪਾਰਟੀ ਦਾ। ਜੇ ਸਰਪੰਚ ਪਿੰਡ ਦਾ ਹੋਵੇਗਾ ਤਾਂ ਹੀ ਪਿੰਡ ਲਈ ਕੰਮ ਕਰੇਗਾ। ਜੇ ਸਰਪੰਚ ਕਿਸੇ ਪਾਰਟੀ ਦਾ ਹੋਵੇਗਾ ਤਾਂ ਉਹ ਪਾਰਟੀ ਲਈ ਹੀ ਕੰਮ ਕਰੇਗਾ।
ਬੁਲਾਰਿਆਂ ਵਿੱਚ ਸ. ਕਰਨੈਲ ਸਿੰਘ ਜਖੇਪਲ, ਸ. ਦਰਸ਼ਨ ਸਿੰਘ ਧਨੇਠੇ, ਸ. ਪ੍ਰੀਤਮ ਸਿੰਘ, ਸ. ਤਰਲੋਚਨ ਸਿੰਘ ਸ਼ਾਮਲ ਸਨ। 30 ਸਤੰਬਰ ਨੂੰ ਇਸ ਕਾਫ਼ਲੇ ਦੀ ਸਮਾਪਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਧਰਤੀ ਪਿੰਡ ਸਰਾਭਾ ਵਿਖੇ ਹੋਵੇਗੀ।

ਸਾਂਝਾ ਕਰੋ

ਪੜ੍ਹੋ

ਪ੍ਰਸਿੱਧ ਗਾਇਕ ਰਾਜੇਸ਼ ਪੰਵਾਰ ਵੱਲੋਂ ਮੁਹੰਮਦ ਰਫੀ

ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ -2024 ਫਰੀਦਕੋਟ 21 ਸਤੰਬਰ (ਗਿਆਨ...