ਕਵਿਤਾ/ ਜਿਧਰ ਜਾਈਏ/ਗੁਰਮੁੱਖ ਲੋਕਪ੍ਰੇਮੀ

ਗੁਰਮੁੱਖ ਲੋਕਪ੍ਰੇਮੀ

ਜਿਧਰ ਜਿਧਰ ਜਾਈਏ ਪੰਗਾ ਲੱਗਦਾ ਏ,
ਸਾਰਾ ਢਾਂਚਾ ਹੀ ਬੇਢੰਗਾ ਲੱਗਦਾ ਏ ।


ਜ਼ਾਹਿਰ ਹੋ ਗਿਆ ਐਨਾ ਉਹ ਕਰਤੂਤਾਂ ਤੋਂ,
ਪਹਿਨ ਪੱਚਰ ਕੇ ਵੀ ਹੁਣ ਨੰਗਾ ਲੱਗਦਾ ਏ।


ਸ਼ਾਂਤ ਰਹਿਣ ਦਾ ਦੇਣ ਸੁਨੇਹਾ ਨੇਤਾ ਜੀ,
ਸ਼ਹਿਰ ਅੰਦਰ ਹੋਵੇਗਾ ਦੰਗਾ ਲੱਗਦਾ ਏ।


ਬਾਲ ਵਰੇਸ ਜਿਸ ਵਿਚ ਨ੍ਹਾਤੇ ਰੱਜ ਰੱਜ ਕੇ,
ਸਾਨੂੰ ਪਿੰਡ ਦਾ ਛੱਪੜ ਗੰਗਾ ਲੱਗਦਾ ਏ।


ਓਹ ਮੇਰਾ ਕੁਝ ਵੀ ਨਈਂ ਤੇ ਨਾ ਹੋ ਸਕਦੈ,
ਫਿਰ ਵੀ ਕਾਹਤੋਂ ਚੰਗਾ ਚੰਗਾ ਲੱਗਦਾ ਏ।


‘ਲੋਕਪ੍ਰੇਮੀ’ ਯਾਰ ਜਦੋਂ ਦੇ ਤੁਰ ਗਏ ਨੇ,
ਦੁਨੀਆ ਦਾ ਹਰ ਰੰਗ ਬੇਰੰਗਾ ਲੱਗਦਾ ਏ।


ਸ਼ਾਨਾਂ ਮੱਤੀਆਂ ਸਖ਼ਸ਼ੀਅਤਾਂ ਤੋਂ ਸ਼ਰਮਾ ਕੇ,
ਮੈਨੂੰ ਝੁਕਿਆ ਰੋਜ਼ ਤਿਰੰਗਾ ਲੱਗਦਾ ਏ।

 

ਸਾਂਝਾ ਕਰੋ

ਪੜ੍ਹੋ