ਸ਼ੇਅਰ/ਰੱਖੜੀ/ਨਛੱਤਰ ਸਿੰਘ ਭੋਗਲ “ਭਾਖੜੀਆਣਾ”

ਵੇ ਵੀਰਾ ਤੂੰ ਜੁਗ ਜੁਗ ਜੀਵੇ, ਤੇਰਾ ਵਸਦਾ ਰਹੇ ਗਰਾਂ,
ਮੈਂ ਬਾਬਲ ਦੇ ਵਿਹੜੇ ਮਾਣੀ, ਸਵਰਗਾਂ ਵਰਗੀ ਛਾਂ,
ਮਾਂ ਦੀਆਂ ਲੋਰੀਆਂ ਚੇਤੇ ਆਵਣ, ਜਦੋਂ ਰੱਬ ਦੇ ਭਜਨ ਸੁਣਾਂ,
ਸੌ ਜਨਮ ਮਾਪਿਆਂ ਨੂੰ ਅਰਪਣ, ਲੱਖ ਵਾਰੀ, ਵਾਰੇ ਜਾਂ।
– – – – –
ਰੱਖੜੀ ਦਾ ਦਿਨ ਆਵੇ, ਭੈਣਾਂ ਤੇ ਭਰਾਵਾਂ ਲਈ,
ਮਣਾਂ-ਮੂੰਹੀਂ ਮੋਹ ਹੁੰਦਾ, ਸੁਖਾਂ ਲੱਦੇ ਚਾਵਾਂ ਲਈ।

ਰੱਖੜੀ ਭੁਲਾਵੇ ਰੋਸੇ, ਦੁੱਖ-ਸੁੱਖ ਸਾਂਝੇ ਕਰੇ,
ਅੰਮਾਂ ਜਾਏ ਵੀਰਾਂ ਦੀ ਉਹ ਆਰਤੀ ਉਤਾਰ ਧਰੇ।

ਰੱਖੜੀ ਬੰਨ੍ਹਾਅ ਲੈ ਸੋਹਣੇ ਗੁੱਟ ਤੇ ਤੂੰ ਵੀਰਿਆ,
ਬਚਪਨ ਦਾ ਮੋਹ ਨਾ ਭੁਲਾਈਂ ਦਿਲੋਂ ਵੀਰਿਆ।

ਰੱਖੜੀ ਨੂੰ ਬਾਬਲ ਦਾ ਵਿਹੜਾ ਚੰਗਾ ਲੱਗਦਾ,
ਭਤੀਜੇ ਤੇ ਭਤੀਜੀਆਂ ਦੇ ਨਾਲ ਵਾਹਵਾ ਫੱਬਦਾ।

ਰੱਖੜੀ ‘ਚ ਬਚਪਨ ਦੀਆਂ ਯਾਦਾਂ ਮੇਰੇ ਵੀਰਨਾਂ,
ਸ਼ਹਿਦ ਨਾਲ਼ੋਂ ਮਿੱਠੀਆਂ ਮੁਰਾਦਾਂ ਮੇਰੇ ਵੀਰਨਾਂ।

ਰੱਖੜੀ ਨੂੰ ਬੰਨ੍ਹ ਭੈਣਾਂ, ਲੈਂਣ ਵੀਰਾਂ ਤੋਂ ਵਧਾਈ,
ਮਾਤਾ ਕੋਲੋਂ ਮਮਤਾ, ਅਸੀਸ ਬਾਪ ਕੋਲੋਂ ਪਾਈ।

ਰੱਖੜੀ ਦੇ ਤੰਦਾਂ ‘ਚ ਪਿਆਰ ਤੇਰੀ ਭੈਣ ਦਾ,
ਇਹਦੇ ਵਿੱਚ ਚਾਅ ਤੇ ਮਲ੍ਹਾਰ ਤੇਰੀ ਭੈਣ ਦਾ।

ਰੱਖੜੀ ਦੀ ਖ਼ੁਸ਼ੀ ਭਾਗਾਂ ਵਾਲ਼ਿਆਂ ਨੂੰ ਮਿਲਦੀ,
ਦੁੱਖ-ਸੁੱਖ ਫੋਲੇ ਭੈਣ, ਦੱਸੇ ਗੱਲ ਦਿਲ ਦੀ।

ਰੱਖੜੀ ਇਹ ਚਾਹੁੰਦੀ, ਟਲ਼ਣ ਬੁਰੀਆਂ ਬਲਾਵਾਂ,
ਪੇਕਿਆਂ ਦੇ ਘਰੋਂ ਆਉਣ ਠੰਡੀਆਂ ਹਵਾਵਾਂ ।

ਰੱਖੜੀ ਇਹ ਚਾਹੇ, ਰਾਖੀ ਕਰੀਂ ਵੇ ਭਰਾਵਾ,
ਭੈਣ ਲਈ ਤੂੰ ਕੰਧ ਬਣ ਖੜ੍ਹੀਂ ਵੇ ਭਰਾਵਾ।

ਰੱਖੜੀ ਵਾਲ਼ੇ ਦਿਨ ਆਉਣ, ਭੈਣ ਤੇ ਪਰਾਹੁਣਾ,
ਸ਼ਗਨਾਂ ਦਾ ਲੈਣ ਦੇਣ, ਸਾਰੇ ਫ਼ਰਜ਼ ਨਿਭਾਉਣਾ।

ਰੱਖੜੀ ਇਕੱਠੇ ਕਰੇ, ਭੈਣਾਂ, ਵੀਰ ਅੰਮਾਂ ਜਾਏ,
ਭੋਗਲ ਜਿਹੇ ਵੀਰਾਂ,ਲੇਖ ਚੰਗੇ ਲਿਖਵਾਏ।

 ਨਛੱਤਰ ਸਿੰਘ ਭੋਗਲ “ਭਾਖੜੀਆਣਾ”

ਸਾਂਝਾ ਕਰੋ

ਪੜ੍ਹੋ