
ਮੁਫ਼ਤ-ਖੋਰੀ ਦੇ ਰੋਗ ਅਵੱਲੇ ਲਾਉਂਦੇ ਨੇ,
ਬਿਨਾਂ ਝਾਂਸਿਓ ਕੁਝ ਨਾ ਪੱਲੇ ਪਾਉਂਦੇ ਨੇ।
ਆਟਾ ਦਾਲ ਸਕੀਮਾਂ ਹੋਰ ਵੀ ਦਿੱਤੀਆਂ ਨੇ,
ਵੋਟਾਂ ਖ਼ਾਤਰ ਡਫਲੀ ਨਵੀਂ ਵਜਾਉਂਦੇ ਨੇ।
ਚੜ੍ਹ ਜੋ ਬੀਬੀ ਬੱਸੇ ਕੋਈ ਕਿਰਾਇਆ ਨਹੀਂ,
ਪਾਣੀ ਦੇ ਨਾਲ ਬੱਸਾਂ ਸ਼ਾਇਦ ਘੁਮਾਉਂਦੇ ਨੇ।
ਇਲਾਜ ਤੇ ਸਿੱਖਿਆ ਮੁਫ਼ਤ ਜੋ ਮਿਲ਼ਨੀ ਚਾਹੀਦੀ,
ਕਿੰਜ ਹੈ ਖੋਹਣੀ ਮਤੇ ਇਹ ਨਿੱਤ ਪੁਗਾਉਂਦੇ ਨੇ।
ਨੋਟ ਹਜ਼ਾਰ ਦਾ ਆਊ ਖਾਤੇ ਬੀਬੀਆਂ ਦੇ,
ਵੋਟਾਂ ਖਾਤਰ ਕਰਜ਼ੇ ਨਿੱਤ ਵਧਾਉਂਦੇ ਨੇ।
ਸਮਾਰਟ ਫੋਨ ਤੇ ਫੋਰ ਜੀ ਡਾਟਾ ਮੁਫ਼ਤ ਯਾਰੋ,
ਬਿਨਾਂ ਮਾਸਟਰੋੰ ਪੜ੍ਹਾਈ ਦਾ ਡੰਗ ਟਪਾਉਂਦੇ ਨੇ।
ਅੱਧੇ ਬਿੱਲ ਤੇ ਕਈ ਕਈ ਯੂਨਿਟ ਮਾਫ ਕਰਨ,
ਲੱਗਦਾ ਬਿਜਲੀ ਆਪਣੇ ਘਰੀਂ ਬਣਾਉਂਦੇ ਨੇ।
ਬਿਨਾਂ ਕਮਾਈ ਘਰ ਕਿੰਜ ਚੱਲੂ ਆਪਣਾ ਜੀ,
ਵੇਚ ਸਾਮਾਨ ‘ਸੁੱਖ’ ਜੀ ਦੇਸ਼ ਚਲਾਉਂਦੇ ਨੇ।
ਪਤਾ ਨ੍ਹੀਂ ਲੀਡਰ ਸਾਡੇ ਤੋਂ ਕੀ ਚਾਹੁੰਦੇ ਨੇ,
ਚੁੱਕ ਚੁੱਕ ਕਰਜ਼ੇ ਸਾਡਾ ਦੇਸ਼ ਚਲਾਉਂਦੇ ਨੇ।