
ਮੈਂ’ਪੰਜਾਬੀ,’ਮਹਿਫਲ ਵਿੱਚ,ਨਗ਼ਮੇ ਨਾਲ ਲੈ ਆਇਆ ਹਾਂ।
ਗਿੱਧੇ ਭੰਗੜੇ ਤੀਆਂ ਤ੍ਰਿੰਝਣ,ਖੁਸ਼ਬੂ ਨਾਲ ਲੈ ਆਇਆ ਹਾਂ।
ਸੰਤਵਾਣੀ,ਗੁਰ ਸ਼ਬਦ ਅੰਮ੍ਰਿਤ,ਸਿਰ ਤੋਂ ਉੱਪਰ ਚੁੱਕਿਆ ਹੈ,
ਗੁਰ ਪੀਰਾਂ ਦੇ ਦਰ ਘਰ ਤੋਂ ਅਸੀਸਾਂ ਨਾਲ ਲੈ ਆਇਆ ਹਾਂ।
ਮੇਰੇ ਛਿੱਕੂ ਨਗਮੇ ਸੱਤ ਰੰਗੇ,ਹਾਸੇ ਠੱਠੇ,ਯੋਧਿਆਂ ਦੀਆਂ ਵਾਰਾਂ,
ਕੁੱਝ ਹੰਝੂ,ਹਾਵੇ,ਪੀੜ ਹਿਜਰ ਦੀ ਵੀ ਨਾਲ ਲੈ ਆਇਆ ਹਾਂ।
ਹੁੱਬ ਆਖਾਂ,ਮਾਂ ਹਾਰ ਹਮੇਲਾ,ਫੁਲਕਾਰੀ ਰੂਪ ਸਜਾਉਂਦੀ ਸੀ।
ਵਿਸਰ ਰਹੇ ਗਹਿਣੇ,ਪਹਿਰਾਵੇ,ਯਾਦਾਂ ਨਾਲ ਲੈ ਆਇਆ ਹਾਂ।
ਜ਼ਬਰ ਜੁਲਮ ਤੇ ਕਹਿਰ ਹਾਕਮ ਦਾ, ਆਖ ਸੁਣਾਉਦਾ ਹਾਂ।
‘ਏਤੀ ਮਾਰ ਪਈ ਕੁਰਲਾਣੈ’ ਮੇਹਣਾ ਨਾਲ ਲੈ ਆਇਆ ਹਾਂ।
ਸਾਡਾ ਵਿਰਸਾ ਸੀ ਸ਼ਾਨਾਮੱਤਾ,ਹੁਣ ਲੋਕੀ ਬੇਗੈਰਤ ਹੋਏ ਨੇ?
ਸਿਰਲੱਥ ਸੂਰਬੀਰਾਂ ਦੇ,ਫਤਿਹਨਾਮੇ ਨਾਲ ਲੈ ਆਇਆ ਹਾਂ।
ਇਥੇ ਰੋਟੀ ਰੋਜੀ ਖਾਤਰ ਗੱਭਰੂ,ਵੱਲ ਵਿਦੇਸ਼ਾਂ ਭੱਜਦੇ ਨੇ।
ਹਾਕਮ ਨੂੰ ਸੁਣਾਵਣ ਖਾਤਰ,ਵੈਣ ਨਾਲ ਲੈ ਆਇਆ ਹਾਂ।
ਬਾਬੇ ਨਾਨਕ ਦਾ ” ਰਾਜੇ ਸ਼ੀਂਹ ਮੁਕਦੱਮ ਕੁੱਤੇ”ਕਹਿਣਾ,
ਹਾਕਮ ਲਈ ਫਿੱਟਕਾਰਾਂ,ਭਰ ਝੋਲੀ ਨਾਲ ਲੈ ਆਇਆ ਹਾਂ।
ਵਿਸਾਰ ਨਾਬਰੀ ਕਿਉਂ,ਮੁਫਲਸੀ ਦੇ ਜਾਲ’ਚ ਫਸਦੇ ਹੋ?
ਅਣੱਖ ਰਹੇ ਸਲਾਮਤ,ਸ਼ਹੀਦ ਗਾਥਾਵਾਂ ਨਾਲ ਲੈ ਆਇਆ ਹਾਂ।
ਹੇ ਪੰਜਾਬ!ਤੱਤੀ ਵਾ ਰਤਾ ਨਾ ਲੱਗੇ’ਸੀਤਲ’ ਬੱਹੁਦੁੱਖੜੇ ਭੋਗੇ ਨੇ।
ਆਓ ਸਮੇਂ ਦਾ ਕਹਿਰ ਭਜਾਈਏ,ਹੋਕਾ ਨਾਲ ਲੈ ਆਇਆਂ ਹਾਂ।
ਮੈਂ’ਪੰਜਾਬੀ’,ਮਹਿਫਲ ਵਿੱਚ,ਨਗ਼ਮੇ ਨਾਲ ਲੈ ਆਇਆ ਹਾਂ।
ਗਿੱਧੇ ਭੰਗੜੇ ਤੀਆਂ,ਤ੍ਰਿੰਝਣ,ਖੁਸ਼ਬੂ ਨਾਲ ਲੈ ਆਇਆ ਹਾਂ।