
ਕਹਿਣੀ ਤੇ ਕਰਨੀ ਦਾ,
ਫ਼ਰਕ ਮਿਟਾਓ!
ਕਹਿਣ ਨਾਲ਼ ਕਦੇ,
ਇਨਕਲਾਬ ਨਹੀਂ ਆਉਂਦਾ।
ਤਿਆਗਣਾ ਪੈਂਦਾ,
ਭੈਅ,ਅਰਾਮ ਤੇ ਆਲਸ।
ਬੈਠੇ-ਬਿਠਾਏ ਕਦੇ,
ਕ੍ਰਾਂਤੀਆਂ ਦਾ ਸੈਲਾਬ ਨਹੀਂ ਆਉਂਦਾ।
ਲਾਸ਼ ਨੂੰ ਮੋਢਾ ਦੇ ਦੇਵੇ ਦੁਨੀਆ,
ਜਿਉਂਦਿਆਂ ਲਈ ਲੈ ਕੋਈ,
ਮਾਲ-ਅਸਬਾਬ ਨਹੀਂ ਆਉਂਦਾ।
ਪੁੱਟਣਾ ਪੈਂਦਾ ਹਰੇਕ ਨੂੰ,
ਆਪਣੇ ਹਿੱਸੇ ਦਾ ਖੂਹ,
ਪਿਆਸਿਆਂ ਨੂੰ ਕੋਈ,
ਜ਼ਮਜ਼ਮੇ-ਆਬ ਨਹੀਂ ਪਿਆਉਂਦਾ।
ਨਿਕਲਣਾ ਪੈਂਦਾ,
ਦਾਅ ਤੇ ਲਾ ਕੇ ਸਭ ਕੁਝ ਘਰਾਂ ‘ ਚੋਂ,
ਉਡੀਕ ਕੀਤਿਆਂ ਕਦੇ,
ਹਾਕਮ ਦਾ ਜਵਾਬ ਨਹੀਂ ਆਉਂਦਾ।
ਸੰਗਰਾਮ -ਸੁਨੇਹੇ ਅਗਾਂਹ ਤੋਰ ਕੇ,
ਸੁਰਖ਼ਰੂ ਹੋਣ ਵਾਲਿਓ!!!
ਇੰਝ ਇਨਕਲਾਬ ਤਾਂ ਬਹੁਤ ਦੂਰ,
ਇਨਕਲਾਬ ਦਾ ਖ਼ਵਾਬ ਵੀ ਨਹੀਂ ਆਉਂਦਾ।