
ਗੱਲ ਗੱਲ ਤੇ ਡਰਨਾ ਠੀਕ ਨਹੀਂ,
ਹਰ ਵਾਰੀ ਜਰਨਾ ਠੀਕ ਨਹੀਂ।
ਜੇ ਮਰਿਆ ਨਹੀਂ ਤੇ ਜੀਅ ਝੱਲਿਆ,
ਮਰ-ਮਰ ਕੇ ਮਰਨਾ ਠੀਕ ਨਹੀਂ।
ਤੀਰਾਂ ਨੇ ਸ਼ੋਰ ਮਚਾਇਆ ਏ,
ਜ਼ਖ਼ਮਾਂ ਦਾ ਭਰਨਾ ਠੀਕ ਨਹੀਂ।
ਮੌਜਾਂ ਦਰਿਆ ਨੂੰ ਦੱਸਿਆ ਏ,
ਤੀਲੇ ਦਾ ਤਰਨਾ ਠੀਕ ਨਹੀਂ।
ਨੀਅਤ ਜੇ ਸਾਫ਼ ਨਾ ਹੋਵੇ ਤੇ,
ਰੱਬ-ਰੱਬ ਵੀ ਕਰਨਾ ਠੀਕ ਨਹੀਂ।
ਅੱਜ ਖੂਹ ਵਿੱਚ ਪਾਣੀ ਥੋੜ੍ਹਾ ਏ,
ਅੱਜ ਮਸ਼ਕਾਂ ਭਰਨਾ ਠੀਕ ਨਹੀਂ।
ਤੂੰ ਜੰਗ ਨੂੰ ਖੇਡ ਬਣਾਇਆ ਏ,
ਤੇਰੇ ਤੋਂ ਹਰਨਾ ਠੀਕ ਨਹੀਂ।
ਉੱਜੜੇ ਰਸਤੇ ਤੋਂ ਯਾਰ “ਜ਼ਫ਼ਰ,”
ਹਰ ਵਾਰ ਗੁਜ਼ਰਨਾ ਠੀਕ ਨਹੀਂ।