ਨਜ਼ਮ/ਸੁਰਜੀਤ ਪਾਤਰ

ਸੁਰਜੀਤ ਪਾਤਰ
ਨਜ਼ਮ/ਸੁਰਜੀਤ ਪਾਤਰ

ਨਿੱਤ ਸੂਰਜਾਂ ਨੇ ਚੜ੍ਹਨਾ, ਨਿਤ ਸੂਰਜਾਂ ਨੇ ਲਹਿਣਾ।
ਪਰਬਤ ਤੋਂ ਸਾਗਰਾਂ ਵੱਲ, ਨਦੀਆਂ ਨੇ ਰੋਜ਼ ਵਹਿਣਾ।

ਇੱਕ ਦੂਜੇ ਮਗਰ ਘੁੰਮਣਾ, ਰੁੱਤਾਂ ਤੇ ਮੌਸਮਾਂ ਨੇ।
ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ।

ਰੁਕਣੀ ਨਹੀਂ ਕਹਾਣੀ,ਬੱਝੇ ਨਾ ਰਹਿਣੇ ਪਾਣੀ।
ਰੂਹੋਂ ਬਗ਼ੈਰ ਸੱਖਣੇ,ਬੁੱਤ ਨਾ ਬਣਾ ਕੇ ਰੱਖਣੇ।

ਪਾਣੀ ਨੇ ਰੋਜ਼ ਤੁਰਨਾ, ਕੰਢਿਆਂ ਨੇ ਰੋਜ਼ ਖੁਰਨਾ।
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ਼ ਰਹਿਣਾਕ

ਚੰਨ ਤਾਰਿਆਂ ਦੀ ਲੋਏ,ਇਕਰਾਰ ਜਿਹੜੇ ਹੋਏ।
ਤਾਰੇ ਉਨ੍ਹਾਂ ‘ਤੇ ਹੱਸੇ, ਦੀਵੇ ਉਨ੍ਹਾਂ ‘ਤੇ ਰੋਏ।

ਟੁੱਟਦੇ ਕਰਾਰ ਦੇਖੇ,ਅਸਾਂ ਬੇਸ਼ੁਮਾਰ ਦੇਖੇ।
ਲਫ਼ਜ਼ਾਂ ਦਾ ਬਣਿਆ ਦੇਖੀਂ,ਕੱਲ ਇਹ ਮਹਿਲ ਵੀ ਢਹਿਣਾ।

ਇਨ੍ਹਾਂ ਦੀਵਿਆਂ ਨੂੰ ਦੱਸ ਦੇ,ਇਨ੍ਹਾਂ ਤਾਰਿਆਂ ਨੂੰ ਕਹਿ ਦੇ।
ਇਨ੍ਹਾਂ ਹੱਸਦੇ ਰੋਂਦਿਆਂ ਨੂੰ,ਤੂੰ ਸਾਰਿਆਂ ਨੂੰ ਕਹਿ ਦੇ।

ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ।
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ।

ਸੁਣ ਹੇ ਝਨਾਂ ਦੇ ਪਾਣੀ,ਤੂੰ ਡੁੱਬ ਗਏ ਨ ਜਾਣੀਂ।
ਤੇਰੇ ਪਾਣੀਆਂ ‘ਤੇ ਤਰਨੀ, ਇਸ ਪਿਆਰ ਦੀ ਕਹਾਣੀ।

ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ।
ਨਿੱਤ ਲਹਿਰਾਂ ਤੇਰੀਆਂ ਨੇ, ਪਾ ਪਾ ਕੇ ਸ਼ੋਰ ਕਹਿਣਾ।

ਸਾਂਝਾ ਕਰੋ

ਪੜ੍ਹੋ