ਕਵਿਤਾਵਾਂ

ਵੀਰਾ ਤੇਰੇ ਸੋਹਣੇ ਗੁੱਟ ’ਤੇ

ਵੀਰਾ ਤੇਰੇ ਸੋਹਣੇ ਗੁੱਟ ’ਤੇ

ਆਜਾ ਸੋਹਣਿਆ ਵੇ ਰੱਖੜੀ ਸਜਾਵਾਂ।

ਮਾਂ ਜਾਏ ਪਿਆਰੇ ਵੀਰਿਆ

ਤੈਨੂੰ ਵੇਖ ਵੇਖ ਫੁੱਲੀ ਨਾ ਸਮਾਵਾਂ।

ਨਿੱਘਾ ਪਿਆਰ ਵੀਰ ਭੈਣ ਦਾ

ਇਸ ਰੱਖੜੀ ਦੇ ਵਿੱਚ ਹੈ ਸਮਾਇਆ

ਤਿਉਹਾਰ ਸਾਲ ਬਾਅਦ ਵੀਰਨਾ

ਸੁੱਖਾਂ ਸੁੱਖਦੀ ਨੂੰ ਮਸਾਂ ਅੱਜ ਆਇਆ

ਰੀਝਾਂ ਨਾਲ ਗੁੰਦ ਲੋਗੜੀ

ਵਿੱਚ ਮੋਤੀਆਂ ਦੇ ਮਣਕੇ ਮੜ੍ਹਾਵਾਂ।

ਵੀਰਾ ਤੇਰੇ ਸੋਹਣੇ ਗੁੱਟ ’ਤੇ…

ਤੀਆਂ ਦਾ ਤਿਉਹਾਰ ਲੰਘਿਆ

ਮੇਰਾ ਵੀਰਾ ਤੂੰ ਸੰਧਾਰਾ ਲੈ ਕੇ ਆਇਆ

ਚਾਅ ਨਾ ਮੈਥੋਂ ਗਿਆ ਚੁੱਕਿਆ

ਜਦੋਂ ਭਾਬੀ ਨੂੰ ਤੂੰ ਨਾਲ ਸੀ ਲਿਆਇਆ

ਤੇਰੀਆਂ ਉਡੀਕਾਂ ਕਰਦੀ ਨਿੱਤ

ਕਾਵਾਂ ਨੂੰ ਮੈਂ ਚੂਰੀ ਕੁੱਟ ਪਾਵਾਂ।

ਵੀਰਾ ਤੇਰੇ ਸੋਹਣੇ ਗੁੱਟ ’ਤੇ…

ਮਾਪਿਆਂ ਤੋਂ ਬਾਅਦ ਸੋਹਣਿਆ

ਪੇਕੇ ਭਾਈਆਂ ਭਰਜਾਈਆਂ ਨਾਲ ਸੋਂਹਦੇ

ਜੁਗ ਜੁਗ ਰਹਿਣ ਵੀਰਿਆ ਮੇਰੇ

ਭਤੀਜੇ ਤੇ ਭਤੀਜੀਆਂ ਜਿਉਂਦੇ

ਪੇਕਾ ਪਿੰਡ ਮੇਰਾ ‘ਭੱਠਲਾਂ’

ਤੈਨੂੰ ਕਦੇ ‘ਮਲਕੀਤ’ ਨਾ ਭੁਲਾਵਾਂ।

ਵੀਰਾ ਤੇਰੇ ਸੋਹਣੇ ਗੁੱਟ ’ਤੇ…।

ਸੰਪਰਕ: 94174-90943

* * *

ਗ਼ਜ਼ਲ

ਅੱਗ ਨੇ ਅੱਗ ਬੁਝਾਈ ਕਦ ਹੈ?

ਜਾਂ ਫਿਰ ਠੰਢਕ ਪਾਈ ਕਦ ਹੈ?

ਤੇਰੀ ਝੂਠ ਅਦਾਲਤ ਅੰਦਰ

ਸੱਚ ਦੀ ਦੱਸ ਸੁਣਵਾਈ ਕਦ ਹੈ?

ਲੋਕਾ ਤੰਤਰ ਨਾਂ ਦਾ ਹੀ ਬਸ

ਲੋਕਾ ਮੱਤ ਪੁਗਾਈ ਕਦ ਹੈ?

ਮੂੰਹੋਂ ਤਾਂ ਸਭ ਮੰਨਿਆ ਆਖੇਂ

ਛੱਡੀ ਪਰ ਅੜਵਾਈ ਕਦ ਹੈ?

ਰਾਜ ਤੇਰੇ ਵਿੱਚ ਜਨਤਾ ਰੋਵੇ

ਮੈਨੂੰ ਦੱਸ ਮੁਸਕਾਈ ਕਦ ਹੈ?

ਜੁਮਲੇ ਜਿੰਨੇ ਮਰਜ਼ੀ ਸੁਣ ਲਓ

ਚੱਜ ਦੀ ਬਾਤ ਸੁਣਾਈ ਕਦ ਹੈ?

ਜੋ ਧਰਮਾਂ ਦੇ ਨਾਂ ’ਤੇ ਪੁੱਟੀ

ਭਰਨੀ ਦੱਸ ਦੇ ਖਾਈ ਕਦ ਹੈ?

ਜਿਸਨੂੰ ਪੜ੍ਹਕੇ ਸਭ ਖ਼ੁਸ਼ ਲੱਗਣ

ਤੂੰ ਉਹ ਚਿੱਠੀ ਪਾਈ ਕਦ ਹੈ?

ਸੰਪਰਕ: 90416-00900

* * *

ਰੱਖੜੀ

ਸਾਲ ਪਿੱਛੋਂ ਦਿਨ ਆਇਆ

ਵੀਰ ਭੈਣ ਨੂੰ ਮਿਲਾਇਆ

ਸੋਹਣੇ ਗੁੱਟ ਉੱਤੇ, ਰੱਖੜੀ ਸਜਾਈ ਵੀਰ ਨੇ

ਪਿਆਰ ਦੀਆਂ ਤੰਦਾਂ, ਮਜ਼ਬੂਤ ਹੋ ਗਈਆਂ,

ਜਦੋਂ ਭੈਣ ਕੋਲੋਂ ਰੱਖੜੀ, ਬੰਨ੍ਹਾਈ ਵੀਰ ਨੇ

ਵੀਰ ਭੈਣ ਦਾ ਹੈ ਇਹਦੇ ’ਚ ਪਿਆਰ ਗੁੰਦਿਆ

ਸਾਰੀ ਜ਼ਿੰਦਗੀ ਦਾ ਚਾਅ ਤੇ ਮਲਾਰ ਗੁੰਦਿਆ

ਹੁਣ ਆ ਗਈਆਂ ਬਹਾਰਾਂ

ਖਿੜ ਗਈਆਂ ਗੁਲਜ਼ਾਰਾਂ

ਜਦੋਂ ਭੈਣ ਅੱਗੇ ਕੀਤੀ ਸੀ ਕਲਾਈ ਵੀਰ ਨੇ

ਪਿਆਰ ਦੀਆਂ ਤੰਦਾਂ ਮਜ਼ਬੂਤ ਹੋ ਗਈਆਂ

ਜਦੋਂ ਭੈਣ ਕੋਲੋਂ ਰੱਖੜੀ ਬੰਨ੍ਹਾਈ ਵੀਰ ਨੇ

ਭੈਣ ਦੀ ਝੋਲੀ ਵਿੱਚ ਪੈ ਗਏ ਬੜੇ ਸੁਖ ਨੇ

ਇੰਦਰਪੁਰੀ ਦੇ ਅੱਜ ਦੇਵਤੇ ਵੀ ਖ਼ੁਸ਼ ਨੇ

ਸੋਹਣੀ ਰੱਖੜੀ ਦੀ ਤਾਰ

ਵਿੱਚ ਭੈਣ ਦਾ ਪਿਆਰ

ਚੁੰਮ ਸੌ ਸੌ ਵਾਰੀ ਮੱਥੇ ਨੂੰ ਲਗਾਈ ਵੀਰ ਨੇ

ਪਿਆਰ ਦੀਆਂ ਤੰਦਾਂ ਮਜ਼ਬੂਤ ਹੋ ਗਈਆਂ

ਜਦੋਂ ਭੈਣ ਕੋਲੋਂ ਰੱਖੜੀ ਬੰਨ੍ਹਾਈ ਵੀਰ ਨੇ

ਵੀਰ ਆਪਣੇ ਦੇ ਨਾਲ ਕਦੇ ਵੀ ਨਾ ਰੁੱਸਦੀ

ਹਰ ਵੇਲੇ ਰੱਬ ਕੋਲੋਂ ਸੁੱਖਾਂ ਰਹਿੰਦੀ ਸੁੱਖਦੀ

ਮੰਗੇ ਰੱਬ ਕੋਲੋਂ ਖ਼ੈਰਾਂ

ਰਹਿਣ ਘਰ ਲਹਿਰਾਂ ਬਹਿਰਾਂ

ਭੈਣ ਕਦੇ ਵੀ ਨਾ ਦਿਲ ’ਚੋਂ ਭੁਲਾਈ ਵੀਰ ਨੇ

ਪਿਆਰ ਦੀਆਂ ਤੰਦਾਂ ਮਜ਼ਬੂਤ ਹੋ ਗਈਆਂ

ਜਦੋਂ ਭੈਣ ਕੋਲੋਂ ਰੱਖੜੀ ਬੰਨ੍ਹਾਈ ਵੀਰ ਨੇ

ਸੋਹਣਾ ਵੀਰ ਖ਼ੁਸ਼ੀਆਂ ’ਚ ਫੁੱਲਿਆ ਨਾ ਸਮਾਉਂਦਾ ਏ

ਗੁਲਾਮੀਵਾਲਾ ਬੂਟਾ, ਗੱਲਾਂ ਸੱਚੀਆਂ ਸੁਣਾਉਂਦਾ ਏ

ਦਿੱਤਾ ਭੈਣ ਨੂੰ ਪਿਆਰ

ਕਹਿੰਦਾ ਵੱਸੇ ਸੰਸਾਰ

ਜਦੋਂ ਮੂੰਹ ’ਚ ਪੁਆਈ ਸੀ ਮਠਿਆਈ ਵੀਰ ਨੇ

ਪਿਆਰ ਦੀਆਂ ਤੰਦਾਂ ਮਜ਼ਬੂਤ ਹੋ ਗਈਆਂ

ਜਦੋਂ ਭੈਣ ਕੋਲੋਂ ਰੱਖੜੀ ਬੰਨ੍ਹਾਈ ਵੀਰ ਨੇ

ਸੰਪਰਕ: 94171-97395

* * *

ਪੰਜ ਆਬਾਂ ਦੀ ਧਰਤੀ ਦਾ ਮੌਸਮ

ਰੰਗ ਗੁਲਾਬੀ ਮੱਧਮ ਹੋਇਆ ਫਿੱਕਾ ਪਿਆ ਗੁਲਾਬ ਜੇ

ਪੰਜ ਆਬਾਂ ਦੀ ਧਰਤੀ ਦਾ ਅੱਜ ਮੌਸਮ ਬੜਾ ਖ਼ਰਾਬ ਜੇ

ਪੰਜ ਆਬਾਂ ’ਚੋਂ ਦੋ ਬਚੇ ਹੁਣ ਉਸ ’ਤੇ ਸਭ ਦੀਆਂ ਅੱਖਾਂ ਨੇ

ਮਿਹਰ ਕਰੀਂ ਨੀਲੀ ਛੱਤ ਵਾਲਿਆ ਤੇਰੀਆਂ ਹੀ ਹੁਣ ਰੱਖਾਂ ਨੇ

ਮੁਫ਼ਤ ਖ਼ਜ਼ਾਨੇ ਲੁੱਟੇ ਦਾ ਨਾ ਮਿਲਿਆ ਕੋਈ ਹਿਸਾਬ ਜੇ

ਪੰਜ ਆਬਾਂ ਦੀ ਧਰਤੀ ਦਾ ਅੱਜ ਮੌਸਮ ਬੜਾ ਖ਼ਰਾਬ ਜੇ

ਬੇਰੁਜ਼ਗਾਰੀ ਹੱਥੋਂ ਸਤ ਕੇ ਪੁੱਠੇ ਕਰਦੇ ਕਾਰੇ ਨੇ

ਭਾਗੋ ਤੇ ਨਲੂਏ ਦੇ ਵਾਰਿਸ ਨਸ਼ਿਆਂ ਕੋਲੋਂ ਹਾਰੇ ਨੇ

ਸਿੱਧੀ ਦਿਸ਼ਾ ਵਿਖਾਈ ਜੇ ਨਾ ਛੁਪ ਜਾਣੇ ਮਹਿਤਾਬ ਜੇ

ਪੰਜ ਆਬਾਂ ਦੀ ਧਰਤੀ ਦਾ ਅੱਜ ਮੌਸਮ ਬੜਾ ਖ਼ਰਾਬ ਜੇ

ਪਾਣੀਆਂ ਨੂੰ ਅਸੀਂ ਗੰਧਲਾ ਕੀਤਾ ਅੰਮ੍ਰਿਤ ਜ਼ਹਿਰ ਬਣਾਇਆ ਏ

ਰੁੱਖ ਕੁੱਖ ਦੇ ਕਾਤਲ ਬਣ ਕੁਦਰਤ ਨਾਲ ਵੈਰ ਕਮਾਇਆ ਏ

ਪੀਣ ਵਾਲਾ ਪਾਣੀ ਨਾ ਲੱਭਦਾ ਐਪਰ ਮਿਲੇ ਸ਼ਰਾਬ ਜੇ

ਪੰਜ ਆਬਾਂ ਦੀ ਧਰਤੀ ਦਾ ਅੱਜ ਮੌਸਮ ਬੜਾ ਖ਼ਰਾਬ ਜੇ

ਕੁਝ ਨਸ਼ਿਆਂ ਨੇ ਖਾ ਲਏ ਗੱਭਰੂ ਕੁਝ ਪਰਦੇਸੀਂ ਤੁਰ ਗਏ ਨੇ

ਹੱਥੀਂ ਕੰਮ ਨਾ ਕਰਨਾ ਚਾਹੁੰਦੇ ਵਿਰਸੇ ਨਾਲੋਂ ਖ਼ੁਰ ਗਏ ਨੇ

ਖੇਡਣ ਕੁੱਦਣ ਗਿੱਧੇ ਭੰਗੜੇ ਛੁੱਟੇ ਕਈ ਖ਼ਿਤਾਬ ਜੇ

ਪੰਜ ਆਬਾਂ ਦੀ ਧਰਤੀ ਦਾ ਅੱਜ ਮੌਸਮ ਬੜਾ ਖ਼ਰਾਬ ਜੇ

ਏਧਰ ਜਾਵਾਂ ਓਧਰ ਜਾਵਾਂ ਰਾਵੀ ਹਾਉਕੇ ਭਰਦਾ ਏ

ਜਿਹਲਮ ਅੱਜ ਤੱਕ ਪਿਆ ਉਡੀਕੇ ਸਤਲੁਜ ਚੇਤੇ ਕਰਦਾ ਏ

ਆਓ ਭਰਾਵੋ ’ਕੱਠੇ ਹੋਈਏ ਹੋਕਾ ਦਵੇ ਚਨਾਬ ਜੇ

ਪੰਜ ਆਬਾਂ ਦੀ ਧਰਤੀ ਦਾ ਅੱਜ ਮੌਸਮ ਬੜਾ ਖ਼ਰਾਬ ਜੇ

ਸੰਪਰਕ: 84270-07623

* * *

ਦਿਖਾਉਣਾ ਕੀਹਨੂੰ ਚਾਹੁੰਦਾ ਏਂ?

ਉਸਤਾਦੀ ਤੇ ਗੁਸਤਾਖੀ,

ਦੀ ਇੱਕੋ ਪੇਸ਼ਕਾਰੀ ’ਚ,

ਮਖੌਟਿਆਂ ਦੇ ਰੂਪ

ਦਿਖਾਉਣਾ ਕੀਹਨੂੰ ਚਾਹੁੰਦਾ ਏਂ??

ਅੰਬਰਾਂ ’ਚ ਪੁੱਜ ,

ਟਿੱਚ ਜਾਣਦਾ ਏਂ ਠੋਕਰਾਂ ਨੂੰ,

ਇਨ੍ਹਾਂ ਸੋਚਾਂ ਨਾਲ,

ਸਮਝਾਉਣਾ ਕੀਹਨੂੰ ਚਾਹੁੰਦਾ ਏਂ??

ਹਿਜਰਾਂ ’ਚ ਸੇਕ ਤੇਰੇ,

ਪਹੁੰਚਿਆ ਨ੍ਹੀਂ ਹਾਲੇ ਤੀਕ ,

ਭੁੱਜੇ ਹੋਏ ਹੋਏ ਸਭ,

ਗਮਾਉਣਾ ਕੀਹਨੂੰ ਚਾਹੁੰਦਾ ਏਂ??

ਰੂਹਾਂ ਦਿਆਂ ਸੇਕਾਂ ਦੀਆਂ

ਭੱਠੀਆਂ ’ਚ ਸੜੇਂਗਾ,

ਭਰਮਾਂ ’ਚ ਤੂੰ ਏਂ ,

ਭਰਮਾਉਣਾ ਕੀਹਨੂੰ ਚਾਹੁੰਦਾ ਏਂ??

ਭੁੱਖੀਆਂ ਤੂੰ ਆਂਦਰਾਂ ਨੂੰ ਟੋਹ ਲਿਆ,

ਕਾਗ ਬਣ,

ਮੂਰਤਾਂ ’ਚ ਸੋਨਾ ਲਾ,

ਸਜਾਉਣਾ ਕੀਹਨੂੰ ਚਾਹੁੰਦਾ ਏਂ??

ਬੇਰੁਜ਼ਗਾਰਾਂ ਦੀ ਏ,

ਸੜਕਾਂ ’ਤੇ ਭੀੜ ਪਈ ,

ਸਾਨੂੰ ਕੱਢ ਇੱਥੋਂ ਜੋਧ,

ਵਸਾਉਣਾ ਕੀਹਨੂੰ ਚਾਹੁੰਦਾ ਏਂ ??

* * *

ਪੀਂਘ ਹੁਲਾਰੇ

ਪਿੱਪਲੀਂ ਪੀਂਘਾਂ ਝੂੂਟਣ

ਨੱਢੀਆਂ ਪੰਜਾਬ ਦੀਆਂ।

ਖਿੜਿਆ ਹੁਸਨ ਨਿਆਰਾ

ਚੜ੍ਹੀਆਂ ਲਹਿਰਾਂ ਚਨਾਬ ਦੀਆਂ।

ਹਰੇ, ਪੀਲੇ, ਪਿਆਜ਼ੀ ਡੋਰੀਏ

ਜਿਉਂ ਪੱਤੀਆਂ ਗੁਲਾਬ ਦੀਆਂ।

ਇਲਾਹੀ ਨੂਰ ਪਰੀਆਂ ਤੋਂ ਲੈ ਕੇ

ਘੁੰਮ ਆਈਆਂ ਗਲੀ ਜਨਾਬ ਦੀਆਂ।

ਮਾਖਿਉਂ ਭਿੱਜੇ ਗੀਤਾਂ ਵਿੱਚੋਂ

ਧੁਨੀਆਂ ਗੂੰਜਣ ਰਬਾਬ ਦੀਆਂ।

ਜੋਬਨ ਰੁੱਤੇ ਰੰਗ ਨਸ਼ਿਆਏ

ਮੱਟੀਆਂ ਉੱਛਲ ਸ਼ਰਾਬ ਦੀਆਂ।

ਕਿਣਮਿਣ ਕਣੀਆਂ ਲੀੜੇ ਭਿੱਜੇ

ਯਾਦਾਂ ਰਾਤੀਂ ਡਿੱਠੇ ਖ਼ੁਆਬ ਦੀਆਂ।

ਵੰਨ-ਸੁਵੰਨੇ ਮੁੱਖੜੇ ਲਿਸ਼ਕਣ ਕਿੰਨੇ

ਭੁੱਲੇ ਜ਼ਰਬ-ਤਕਸੀਮ ਹਿਸਾਬ ਦੀਆਂ।

ਆਉਣ ਨਾ ਕਾਬੂ ਇਹ ਭਰਿੰਡਾਂ

ਮੱਛੀਆਂ ਖੁੱਲ੍ਹੇ ਕਿਸੇ ਤਲਾਬ ਦੀਆਂ।

ਹੁਸਨ ਹੁਸੀਨ ਮਹੀਨਾ ਸਾਉਣ

ਪਿਆਰ ਦੀਆਂ ਬਾਤਾਂ ਜਾਗਦੀਆਂ।

ਬਹਾਰਾਂ ਨੂੰ ਮੌਸਮ ਹਾਕਾਂ ਮਾਰੇ

ਪਰਵਾਨਿਆਂ ਲਈ ਲਾਟਾਂ ਚਿਰਾਗ ਦੀਆਂ।

ਪਿਆਰੇ ਇਨ੍ਹਾਂ ਤੋਂ ਕੌਣ ਬਚੇਗਾ?

‘ਆਜ਼ਾਦ’ ਪੈ ਗਈਆਂ ਧੁੰਮਾਂ ਸ਼ਬਾਬ ਦੀਆਂ।

ਸੰਪਰਕ: 94646-97781

* * *

ਮਹੀਨਾ ਸਾਵਣ

ਹਾੜ ਮਹੀਨਾ ਤਪਤ ਤਪਾਈ

ਲੋਕਾਂ ਬੜੀ ਦੁਹਾਈ ਪਾਈ

ਆ ਗਿਆ ਹੁਣ ਮਹੀਨਾ ਸਾਵਣ

ਕਾਲੇ ਕਾਲੇ ਬੱਦਲ ਆਵਣ।

ਮੋਰ ਵੀ ਖ਼ੁਸ਼ੀ ’ਚ ਪੈਲਾਂ ਪਾਵਣ

ਕੁਦਰਤ ਦੇ ਬਲਿਹਾਰੇ ਜਾਵਣ।

ਮੀਂਹ ਨੇ ਆ ਕੇ ਤਪਤ ਬੁਝਾਈ

ਖ਼ੁਸ਼ ਹੋ ਗਈ ਸਾਰੀ ਲੋਕਾਈ।

ਪੰਛੀ ਵੀ ਫਿਰ ਖ਼ੁਸ਼ ਹੋ ਕੇ

ਮੀਹਾਂ ਦੇ ਪਾਣੀ ਵਿੱਚ ਨ੍ਹਾਵਣ।

ਬੱਚਿਆਂ ਨੂੰ ਇਹ ਚੰਗਾ ਲਗਦਾ

ਕਿਸ਼ਤੀਆਂ ਆਪਣੀਆਂ ਵਿੱਚ ਚਲਾਵਣ।

ਰਲਮਿਲ ’ਕੱਠੇ ਸਾਰੇ ਬੱਚੇ

ਕੁਦਰਤ ਦੀਆਂ ਖ਼ੁਸ਼ੀਆਂ ਮਨਾਵਣ।

ਖੀਰ ਪੂੜੇ ਘਰ ਘਰ ਪਕਾਵਣ

ਬੱਚੇ ਬੁੱਢੇ ਰੱਜ ਰੱਜ ਖਾਵਣ

ਕੁਦਰਤ ਦੀ ਇਹ ਖੇਡ ਨਿਰਾਲੀ

ਨਾਲ ਸਮੇਂ ਦੇ ਸਭ ਹੀ ਆਵਣ।

* * *

ਗ਼ਜ਼ਲ

ਜੇ ਸੱਜਣ ਤੂੰ ਮੁੜ ਵਤਨਾਂ ਨੂੰ ਆਇਆ ਹੁੰਦਾ।

ਸਾਵਣ ਰੁੱਤੇ ਮਨ ਇਉਂ ਨਾ ਮੁਰਝਾਇਆ ਹੁੰਦਾ।

ਉਫ਼! ਉਸ ਦਾ ਘਰ ਵੀ ਹੱਸਦਾ ਵੱਸਦਾ ਹੋਣਾ ਸੀ,

ਤੂੰ ਜੇ ਮੱਚਦੀ ਅੱਗ ’ਤੇ ਤੇਲ ਨਾ ਪਾਇਆ ਹੁੰਦਾ।

ਅੱਜ ਹੱਕਾਂ ਖਾਤਰ ਸਾਨੂੰ ਰੁਲਣਾ ਪੈਂਦਾ ਨਾ,

ਜੇਕਰ ਚੰਗਾ ਹਾਕਮ ਤਖ਼ਤ ਬਿਠਾਇਆ ਹੁੰਦਾ।

ਮੈਂ ਮੰਜੇ ਉੱਤੋਂ ਨਈਂ ਉੱਠਣਾ ਸੀ ਜੀਵਨ ਭਰ,

ਤੂੰ ਨਾ ਜੇਕਰ ਮੇਰਾ ਸਾਥ ਨਿਭਾਇਆ ਹੁੰਦਾ।

ਮੈਂ ਸੱਜਣਾ ਫੁੱਲਾਂ ਨਾਲ ਸਜਾਉਂਦਾ ਵਿਹੜੇ ਨੂੰ,

ਜੇ ਕਾਸ਼! ਕਿਤੇ ਤੂੰ ਸਾਡੇ ਘਰ ਆਇਆ ਹੁੰਦਾ।

ਕਾਤਲ ਬੇਦੋਸ਼ਿਆਂ ਦੇ ਵੀ ਹੁੰਦੇ ਜੇਲ੍ਹਾਂ ਵਿੱਚ,

ਜੇ ਸਰਕਾਰਾਂ ਨੇ ਇਨਸਾਫ਼ ਦਿਵਾਇਆ ਹੁੰਦਾ।

ਫਿਰ ਦੁੱਖ ਵੀ ਐਨਾ ਦੁੱਖ ਨਾ ਦਿੰਦਾ ‘ਗੋਸਲ’ ਨੂੰ

ਜੇ ਆਪਣਿਆਂ ਨੇ ਆ ਕੇ ਦੁੱਖ ਵੰਡਾਇਆ ਹੁੰਦਾ।

ਸੰਪਰਕ: 97796-96042

* * *

ਗ਼ਜ਼ਲ

ਧੁਖ਼ਦੇ ਵੇਖੇ ਜਲਦੇ ਵੇਖੇ।

ਖ਼ੁਦ ਦੇ ਅੰਦਰ ਬਲਦੇ ਵੇਖੇ।

ਕੀ ਅਪਣੇ ਤੇ ਕੀ ਬੇਗ਼ਾਨੇ।

ਅੰਦਰੋ ਅੰਦਰੀ ਸੜਦੇ ਵੇਖੇ।

ਜੀਵਨ ਪੈਂਡਾ ਤੈਅ ਕਰਦਿਆਂ।

ਲੋਕੀਂ ਰੰਗ ਬਦਲਦੇ ਵੇਖੇ।

ਲੀਡਰ ਇੱਥੇ ਕੁਰਸੀ ਖ਼ਾਤਰ।

ਦਲ ਬਦਲੀਆਂ ਕਰਦੇ ਵੇਖੇ।

ਰੱਜੇ-ਪੁੱਜੇ ਹੜ੍ਹਦੇ ਵੇਖੇ।

ਭੁੱਖੇ-ਭਾਣੇ ਤਰਦੇ ਵੇਖੇ।

ਹੀਲ ਹੁੱਜਤ ਨਾ ਕਰਦੇ ਵੇਖੇ।

ਡਾਢੇ ਦੇ ਦੁੱਖ ਜਰਦੇ ਵੇਖੇ।

ਅਕਸਰ ਤੀਲ੍ਹੀ ਲਾਵਣ ਵਾਲੇ।

ਖ਼ੁਦ ਹੀ ਅੰਦਰ ਜਲਦੇ ਵੇਖੇ।

ਸਿਖਰ ਦੁਪਹਿਰਾਂ ਵਰਗੇ ਲੋਕ।

ਬਣ ਪ੍ਰਛਾਵੇਂ ਢਲਦੇ ਵੇਖੇ।

ਖ਼ੁਦ ਨੂੰ ਉੱਚਾ ਆਖਣ ਵਾਲੇ।

ਜੀ ਹਜ਼ੂਰੀ ਕਰਦੇ ਵੇਖੇ।

ਖ਼ੁਸ਼ੀਆਂ ਵੰਡਣ ਆਲਿਆਂ ਦੇ।

ਘਰਾਂ ’ਚ ਦੀਵੇ ਬਲਦੇ ਵੇਖੇ।

ਵੱਡੇ ਘਰਾਂ ਦੇ ਅਕਸਰ ਕਾਕੇ।

ਨਸ਼ੇ ਦੀ ਭੇਂਟ ਚੜ੍ਹਦੇ ਵੇਖੇ।

ਜਿਨ੍ਹਾਂ ਪਾਸ ਕਿਤਾਬਾਂ ਨਾ ਸਨ।

ਉਹੀਓ ਬੱਚੇ ਪੜ੍ਹਦੇ ਵੇਖੇ।

ਉਮਰਾਂ ਮੁਫ਼ਤ ਗਵਾਉਣ ਵਾਲੇ।

ਅਖੀਰ ਹੱਥਾਂ ਨੂੰ ਮਲਦੇ ਵੇਖੇ।

ਪੜ੍ਹ ਨਾ ਸਕਦੇ ਜੋ ਕਿਤਾਬਾਂ।

ਉਹ ਚਿਹਰੇ ਨੇ ਪੜ੍ਹਦੇ ਵੇਖੇ।

ਇਨ੍ਹਾਂ ਅੱਖਾਂ ਨੇ ਕਿੰਨੇ ‘ਅੱਬਾਸ’।

ਚੜ੍ਹਦੇ ਸੂਰਜ ਢਲਦੇ ਵੇਖੇ।

ਸੰਪਰਕ: 98552-59650

* * *

ਗ਼ਜ਼ਲ

ਜਰਕਾਂ ਆਏ ਏਸ ਜਿਸਮ ਨੂੰ ਕਾਹਦੀ ਢਾਰਸ ਲਾਵਾਂ।

ਸਾਥ ਵਿਚਾਲੇ ਛੱਡ ਰਿਹਾ ਏ ਆਪਣਾ ਹੀ ਪਰਛਾਵਾਂ।

ਵਿੱਚ ਜਵਾਨੀ ਕਿਹੜੀ ਚੋਟੀ ਜੋ ਤੂੰ ਸਰ ਨਾ ਕੀਤੀ,

ਮੰਜੇ ਤੋਂ ਹੁਣ ਬਾਥਰੂਮ ਤੱਕ ਲੰਮੀਆਂ ਲੱਗਣ ਰਾਹਵਾਂ।

ਭੀੜ ਪਈ ਤੋਂ ਪਿੱਠ ਦੇ ਉੱਤੇ ਖੜ੍ਹ ਜਾਂਦੇ ਨੇ ਬਾਪੂ,

ਹਾਏ! ਕਹੇ ਤੋਂ ਹਾਜ਼ਰ ਹੋਵਣ ਮਾਵਾਂ ਦੇਣ ਦੁਆਵਾਂ।

ਕੰਨੀ ਵੱਟ ਕੇ ਲੰਘ ਜਾਂਦੇ ਨੇ ਅੱਜ ਉਹ ਗੂੜ੍ਹੇ ਰਿਸ਼ਤੇ,

ਜੀਵਨ ਦਾ ਜੋ ਹਾਸਿਲ ਸਮਝੇ ਜਾਣੇ ਸੱਜੀਆਂ ਬਾਹਵਾਂ।

ਇਸ ਪੈਸੇ ਦੀ ਖ਼ਾਤਰ ਬੰਦਾ ਲੰਘਿਆ ਸਾਰੀਆਂ ਹੱਦਾਂ,

ਭੁਗਤ ਰਿਹਾ ਹੈ ਇਸੇ ਕਰਕੇ ਕੀਤੇ ਦੀਆਂ ਸਜ਼ਾਵਾਂ।

ਰੂੰ ਦੇ ਫੰਬਿਆਂ ਵਾਂਗੂੰ ਉੱਡ ਗਏ ਦਿਨ ਉਹ ਮੌਜਾਂ ਵਾਲੇ,

ਵਧਦੀ ਜਾਵੇ ਉਮਰ ਤੇ ਘਟਦਾ ਜਾਂਦਾ ਹੈ ਪਰਛਾਵਾਂ।

ਖਾ ਸਕਦਾ ਸੀ ਮਿਲਿਆ ਹੀ ਨਾ ਕਦੇ ਬਹਾਰੀ ਮੇਵਾ,

ਹੁਣ ਮਿਲਿਐ ਤਾਂ ਵੈਦ ਟੋਕਦੈ ਕੀ ਮੰਗਾਂ ਕੀ ਖਾਵਾਂ।

ਅੱਜ ਮਰਿਆ ਤੇ ਕੱਲ੍ਹ ਭੁਲਾਇਆ ਕਿਹੜਾ ਚੇਤੇ ਰੱਖੇ,

‘ਪਾਰਸ’ ਫੋਟੋ ਕਿੱਲੀ ਟੰਗੀ ਭੁੱਲਿਆ ਸਭ ਨੂੰ ਨਾਵਾਂ।

ਸੰਪਰਕ: 99888-11681

* * *

ਅਸਾਡੇ ਵਿੱਚ…

ਨਾ ਵਸਲ ਹੁਣ ਨਾ ਕੋਈ ਰਾਬਤਾ, ਅਸਾਡੇ ਵਿੱਚ

ਹੁੰਦੀ ਹੈ ਮੁਲਾਕਾਤ, ਜੀਕਣ ਹਾਦਸਾ, ਅਸਾਡੇ ਵਿੱਚ

ਮੁਸਾਫ਼ਿਰ ਬਣ ਚਲੇ ਜਾ ਰਹੇ ਹਾਂ, ਮੰਜ਼ਿਲ ਤੋਂ ਹੀ ਬਿਨਾਂ

ਕੋਈ ਜ਼ਿਕਰ, ਨਾ ਗੁਫ਼ਤਗੂ ਦਾ ਕਾਫ਼ਲਾ, ਅਸਾਡੇ ਵਿੱਚ

ਦਿਲ ਦਾ ਪੰਛੀ ਲੋਚੇ ਅਜੇ ਵੀ ਪਰਵਾਜ਼ ਭਰਨੀ ਪਰ

ਕੋਈ ਪਗਡੰਡੀ, ਨਾ ਰਿਹਾ ਕੋਈ ਰਾਸਤਾ, ਅਸਾਡੇ ਵਿੱਚ

ਸ਼ਬਦਾਂ ਦਾ ਮੇਲ, ਸ਼ਬਦਾਂ ਦੀ ਬਾਣੀ, ਹੋਈ ਇੱਕ ਕਹਾਣੀ

ਕਿ ਕੋਈ ਪਹਿਚਾਣ, ਨਾ ਰਿਹਾ ਵਾਸਤਾ, ਅਸਾਡੇ ਵਿੱਚ

ਕੌਣ ਤੁਰੇ ਹੁਣ ਪੈਰ ਵਿੱਚ ਕੰਡੇ ਦੀ ਪੀੜ ਲੈ, ਦੱਸ ਜ਼ਰਾ

ਹਰ ਗੱਲ, ਹਰ ਸੋਚ ਵਿੱਚ ਹੈ ਫਾਸਲਾ, ਅਸਾਡੇ ਵਿੱਚ

ਦਿਲਾਂ ਦੇ ਆਰ ਪਾਰ ਹੈ, ਪ੍ਰੇਮ ਮਾਰੂਥਲ ਜਿਹੀ ਭਟਕਣ

ਮਨਾਂ ’ਚ ਕੀਕਣ, ਹੁੰਦਾ ਫਿਰ ਰਾਬਤਾ, ਅਸਾਡੇ ਵਿੱਚ

ਸਾਂਝਾ ਕਰੋ

ਪੜ੍ਹੋ