ਲੋਕ ਸਭਾ ਚੋਣਾਂ ਵਿਚ ਲਾਹਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੇ ਅਧੂਰੇ ਰਾਮ ਮੰਦਰ ਵਿਚ ਹੀ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕਰ ਦਿੱਤੀ ਸੀ | ਰਾਮ ਮੰਦਰ ਦੁਆਲੇ ਦੇਸ਼-ਦੁਨੀਆ ਵਿਚ ਬਣਾਏ ਗਏ ਮਾਹੌਲ ਦਰਮਿਆਨ ਏਅਰਲਾਈਨਜ਼ ਨੂੰ ਵੀ ਅਯੁੱਧਿਆ ਲਈ ਉਡਾਣਾਂ ਸ਼ੁਰੂ ਕਰਨ ਦਾ ਕਾਫੀ ਚਾਅ ਚੜਿ੍ਹਆ ਪਿਆ ਸੀ | ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਮਹਾਰਿਸ਼ੀ ਵਾਲਮੀਕ ਇੰਟਰਨੈਸ਼ਨਲ ਏਅਰਪੋਰਟ ਤੋਂ ਪ੍ਰਮੁੱਖ ਸ਼ਹਿਰਾਂ ਨੂੰ ਕਰੀਬ 20 ਰੋਜ਼ਾਨਾ ਉਡਾਣਾਂ ਸ਼ੁਰੂ ਵੀ ਹੋ ਗਈਆਂ ਸਨ ਤੇ ਕੌਮਾਂਤਰੀ ਉਡਾਣਾਂ ਵੀ ਅਯੁੱਧਿਆ ਆਉਣ ਦੀਆਂ ਗੱਲਾਂ ਹੋ ਰਹੀਆਂ ਸਨ | ਅਜੇ ਸੱਤ ਮਹੀਨੇ ਨਹੀਂ ਬੀਤੇ ਕਿ 13 ਰੋਜ਼ਾਨਾ ਉਡਾਣਾਂ ਬੰਦ ਹੋ ਗਈਆਂ ਹਨ | ਬਚੀਆਂ ਦੇ ਏਅਰਲਾਈਨਜ਼ ਨੇ ਹਫਤੇ ਵਿਚ ਦੋ ਗੇੜੇ ਕਰ ਦਿੱਤੇ ਹਨ | ਇਸ ਵੇਲੇ ਅਹਿਮਦਾਬਾਦ, ਦਿੱਲੀ, ਮੁੰਬਈ ਤੇ ਬੇਂਗਲੁਰੂ ਤੋਂ ਹੀ ਸਿੱਧੀਆਂ ਉਡਾਣਾਂ ਹਨ ਜਦਕਿ ਹੈਦਰਾਬਾਦ, ਪਟਨਾ, ਦਰਭੰਗਾ ਤੇ ਕੋਲਕਾਤਾ ਤੋਂ ਬੰਦ ਹੋ ਗਈਆਂ ਹਨ | ਜਹਾਜ਼ਰਾਨੀ ਅਧਿਕਾਰੀ ਉਡਾਣਾਂ ਘਟਣ ਦਾ ਕਾਰਨ ਮੌਨਸੂਨ ਦੇ ਮੌਸਮ ਨੂੰ ਦੱਸ ਰਹੇ ਹਨ ਜਦਕਿ ਹਕੀਕਤ ਇਹ ਹੈ ਕਿ ਸ਼ਰਧਾਲੂ ਇਹ ਸਮਝ ਗਏ ਹਨ ਕਿ ਰਾਮ ਸਿਰਫ ਅਯੁੱਧਿਆ ਵਿਚ ਨਹੀਂ, ਹਰ ਥਾਂ ਮੌਜੂਦ ਹਨ | ਲੋਕ ਸਭਾ ਚੋਣਾਂ ਦੌਰਾਨ ਰਾਮ ਦੇ ਨਾਂ ‘ਤੇ ਵੋਟਾਂ ਬਟੋਰਨ ਦੀ ਤਰਕੀਬ ਤਹਿਤ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 30 ਦਸੰਬਰ ਨੂੰ ਏਅਰਪੋਰਟ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਹਿਰ ਤੱਕ ਰੋਡ ਸ਼ੋਅ ਵੀ ਕੀਤਾ ਸੀ |
ਲਗਪਗ ਸਾਰੀਆਂ ਏਅਰਲਾਈਨਜ਼ ਨੇ ਅਯੁੱਧਿਆ ਵੱਲ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ | ਵੇਲੇ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਨੇ ਐਲਾਨਿਆ ਸੀ ਕਿ ਜਦਕਿ ਵਰਤਮਾਨ ਪੱਟੀ ਘਰੇਲੂ ਉਡਾਣਾਂ ਲਈ ਹੈ, ਛੇਤੀ ਹੀ ਕੌਮਾਂਤਰੀ ਉਡਾਣਾਂ ਲਈ ਵੱਖਰੀ ਪੱਟੀ ਬਣਾਈ ਜਾਵੇਗੀ | ਉਸ ਲਈ ਜ਼ਮੀਨ ਹਾਸਲ ਕਰ ਲਈ ਗਈ ਹੈ | ਮੰਤਰੀ ਨੇ ਐਲਾਨ ਤਾਂ ਕਰ ਦਿੱਤਾ ਸੀ ਪਰ ਕਿਸੇ ਕੌਮਾਂਤਰੀ ਏਅਰਲਾਈਨਜ਼ ਨੇ ਇੱਥੇ ਜਹਾਜ਼ ਉਤਾਰਨ ਵਿਚ ਦਿਲਚਸਪੀ ਨਹੀਂ ਦਿਖਾਈ | ਹੁਣ ਹਾਲਤ ਇਹ ਹੈ ਕਿ ਸ਼ਰਧਾਲੂਆਂ ਦੀ ਗਿਣਤੀ ਏਨੀ ਘਟ ਗਈ ਹੈ ਕਿ ਏਅਰਪੋਰਟ ਦੇ ਚਾਲੂ ਰਹਿਣ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ | ਹਵਾਈ ਯਾਤਰੀਆਂ ਵਿਚ ਕਮੀ ਉਨ੍ਹਾਂ ਲਈ ਵੀ ਮੁਸ਼ਕਲਾਂ ਪੈਦਾ ਕਰੇਗੀ, ਜਿਨ੍ਹਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਅਯੁੱਧਿਆ ਵਿਚ ਇਸ ਆਸ ਨਾਲ ਵੱਡੇ-ਵੱਡੇ ਹੋਟਲ ਬਣਾਏ ਕਿ ਮੋਟੀ ਕਮਾਈ ਕਰਨਗੇ |