ਆਓ ਹਰਫ਼ਾਂ ਦੀਆਂ ਮਤਾਬੀਆਂ ਬਾਲੀਏ

ਮਨੁੱਖਤਾ ਉੱਤੇ ਹੋਏ ਤਸ਼ੱਦਦ ਦੀਆਂ ਕਹਾਣੀਆਂ ਵਿੱਚੋਂ ਇਕ ਦਰਦਨਾਕ ਕਹਾਣੀ ਹੈ ਉੱਨੀ ਸੌ ਸੰਤਾਲੀ ਦੀ ਦੇਸ਼ ਵੰਡ। ਪੰਦਰਾਂ ਅਗਸਤ 1947 ਨੂੰ ਸਾਡਾ ਮੁਲਕ ਆਜ਼ਾਦ ਹੋਇਆ ਸੀ। ਜੇ ਉੱਨੀ ਸੌ ਸੰਤਾਲੀ ਵਿਚ ਮਿਲੀ ਆਜ਼ਾਦੀ ਸਾਡੀ ਵੱਡੀ ਪ੍ਰਾਪਤੀ ਹੈ ਤਾਂ ਅਗਸਤ ਮਹੀਨੇ ਵਿਚ ਹੋਈ ਦੇਸ਼ ਵੰਡ ਉਸ ਪ੍ਰਾਪਤੀ ਦਾ ਕਦੇ ਨਾ ਭਰਿਆ ਜਾ ਸਕਣ ਵਾਲਾ ਸਥਾਈ ਜ਼ਖ਼ਮ ਹੈ। ਇਹ ਅਸਹਿ ਤੇ ਅਕਹਿ ਦੁੱਖਾਂ ਦਾ ਸੰਤਾਪਿਆ ਵਰ੍ਹਾ ਹੈ। ਲੱਖਾਂ ਲੋਕਾਂ ਦੇ ਉਜਾੜੇ, ਕਤਲੇਆਮ, ਧੀਆਂ, ਭੈਣਾਂ ਦੀ ਬੇਹੁਰਮਤੀ ਅਤੇ ਸ਼ਰਨਾਰਥੀ ਕੈਂਪਾਂ ਵਿਚ ਰੁਲਣ ਦਾ ਵਰ੍ਹਾ ਵੀ ਹੈ। ਦਰਿੰਦਗੀ ਦਾ ਇਹ ਵਰ੍ਹਾ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਚੇਤਿਆ’ਚੋਂ ਖ਼ਾਰਜ ਨਹੀਂ ਹੁੰਦਾ। ਜ਼ਮੀਨ ’ਤੇ ਲਕੀਰ ਵਿਦੇਸ਼ੀਆਂ ਨੇ ਖਿੱਚੀ ਪਰ ਆਪਣਿਆਂ ਨੇ ਕਤਲੋਗਾਰਤ ਕਰ ਕੇ ਇਸ ਲਕੀਰ ਨੂੰ ਹੋਰ ਗੂੜ੍ਹਾ ਕਰ ਦਿੱਤਾ। ਮੁਲਕ ਦੀ ਵੰਡ ਮਗਰੋਂ ਲਹਿੰਦੇ ਪੰਜਾਬ ਤੋਂ ਆਏ ਲੋਕਾਂ ਦੀ ਅਗਲੀ ਪੀੜ੍ਹੀ ਵੀ ਹੁਣ ਅੱਧਖੜ ਉਮਰ ਵਿਚ ਪਹੁੰਚ ਚੁੱਕੀ ਹੈ ਪਰ ਰਫਿਊਜੀ ਵਾਲਾ ਠੱਪਾ ਅੱਜ ਵੀ ਬਰਕਰਾਰ ਹੈ। ਬੇਵਤਨੇ ਹੋਣ ਦੀ ਪੀੜ ਇਨ੍ਹਾਂ ਰਫਿਊਜੀਆਂ ਨੂੰ ਪੁੱਛੋ ਜੋ ਸਤੱਤਰ ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਇਸ ਖ਼ਿਤਾਬ ਨਾਲ ਨਿਵਾਜੇ ਜਾਂਦੇ ਹਨ।

ਜਿਨ੍ਹਾਂ ਟੱਬਰਾਂ ਨੇ ਇਹ ਦੁਖਾਂਤ ਹੰਢਾਇਆ, ਉਨ੍ਹਾਂ ਦੁਖਿਆਰਿਆਂ ਦੀਆਂ ਹੁਣ ਤੱਕ ਦੀਆਂ ਪੀੜ੍ਹੀਆਂ ’ਤੇ ਵੀ ਇਹ ਦਰਦ ਭਾਰੂ ਹੈ। ਉਸ ਘੜੀ ਅਣਜੰਮੇ ਬੱਚੇ ਵੀ ਇਸ ਦਰਦ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਉਸ ਕਾਲੇ-ਬੋਲੇ ਦੌਰ ਵਿਚ ਦਸ ਲੱਖ ਪੰਜਾਬੀ ਮਾਰੇ ਗਏ ਤੇ ਲੱਖਾਂ ਲੋਕ ਬੇਘਰ ਹੋਏ। ਅਤੀਤ ਦੀ ਕੁੱਖ ਵਿੱਚੋਂ ਹੀ ਵਰਤਮਾਨ ਹੋਂਦ ਧਾਰਦਾ ਹੈ। ਇਸ ਦਰਦ ਦਾ ਰਿਸਦੇ ਰਹਿਣਾ ਇਸ ਲਈ ਵੀ ਲਾਜ਼ਮ ਹੈ ਕਿਉਂਕਿ ਅੱਜ ਫਿਰ ਕੁੱਲ ਆਲਮ ਜੰਗ ਦੀ ਭੱਠੀ ਬਣਿਆ ਹੋਇਆ ਹੈ ਤੇ ਅਸੀਂ ਆਪਣੀ ਖ਼ੂਬਸੂਰਤ ਧਰਤੀ ਨੂੰ ਫ਼ਿਰਕੂ, ਫਾਸ਼ੀਵਾਦੀ ਤਾਕਤਾਂ ਤੋਂ ਬਚਾ ਕੇ ਰੱਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮਨੁੱਖ ਨੂੰ ਫਿਰ ਕਦੇ ਅਜਿਹਾ ਜਨੂੰਨ ਨਾ ਕੁੱਦੇ ਜਿਸ ਕਰ ਕੇ ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪਵੇ। ਅੱਜ ਦੇਖਣ ਵਾਲੀ ਗੱਲ ਇਹ ਹੈ ਕਿ ਸੋਹਣੇ-ਸੁਨੱਖੇ ਸਮਾਜ ਦਾ ਜੋ ਕੈਨਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਹੋਰ ਅਜ਼ੀਮ ਦੇਸ਼ ਭਗਤਾਂ ਨੇ ਚਿਤਰਿਆ ਸੀ, ਆਜ਼ਾਦ ਭਾਰਤ ਦਾ ਜੋ ਸੁਪਨਾ ਸਾਡੇ ਸੂਰਵੀਰਾਂ ਨੇ ਸਿਰਜਿਆ ਸੀ, ਕੀ ਅਸੀਂ ਉਸ ਆਜ਼ਾਦੀ ਤੱਕ ਪਹੁੰਚ ਸਕੇ ਹਾਂ?

ਇਹ ਨਕਲੀ ਆਜ਼ਾਦੀ ਸ਼ਹੀਦਾਂ ਦੀ ਚਾਹਤ ਤੋਂ ਕੋਹਾਂ ਦੂਰ ਹੈ। ਆਜ਼ਾਦ ਭਾਰਤ ਵਿਚ ਸਿਆਸਤਦਾਨਾਂ ਦਾ ਰੰਗ ਬਦਲਿਆ ਹੈ ਪਰ ਫ਼ਿਰਕੂ ਸੋਚ ਉਹੀ ਹੈ। ਫਿਰੰਗੀਆਂ ਦੀ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਅੱਜ ਦੇ ਹੁਕਮਰਾਨ ਵੀ ਅਪਣਾਈ ਬੈਠੇ ਹਨ। ਅੱਜ ਜਦੋਂ ਫਾਸ਼ਿਆਨਾ ਧਾਰਮਿਕ ਅਸਹਿਣਸ਼ੀਲਤਾ ਤੇ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਦੀਆਂ ਖ਼ਬਰਾਂ ਪੜ੍ਹਦੇ ਤੇ ਸੁਣਦੇ ਹਾਂ ਤਾਂ ਰੂਹ ਕੰਬ ਜਾਂਦੀ ਹੈ। ਇੰਜ ਲੱਗਦਾ ਹੈ ਜਿਵੇਂ ਅਸੀਂ ਫਿਰ ਪਿੱਛੇ ਨੂੰ ਮੁੜ ਰਹੇ ਹਾਂ। ਕਈ ਵਾਰ ਇੰਜ ਲੱਗਦਾ ਹੈ ਕਿ ਜਿਵੇਂ ਸਾਡੀਆਂ ਬਾਅਦ ਵਾਲੀਆਂ ਨਸਲਾਂ ਨੇ ਸੰਤਾਲੀ ਦੇ ਹੱਲਿਆਂ ਦੀ ਹਫੜਾ-ਦਫੜੀ ਅਤੇ ਤ੍ਰਾਸਦੀ ਤੋਂ ਕੋਈ ਸਬਕ ਨਹੀਂ ਸਿੱਖਿਆ। ਜੇ ਸਿੱਖਿਆ ਹੁੰਦਾ ਤਾਂ ਕਿਉਂ ਵਾਪਰਦਾ ਉੱਨੀ ਸੌ ਚੁਰਾਸੀ ਦਾ ਦੁਖਾਂਤ, ਦਿੱਲੀ, ਕਾਨਪੁਰ, ਬੋਕਾਰੋ, ਗੁਜਰਾਤ, ਕਸ਼ਮੀਰ, ਭਾਗਲਪੁਰ, ਕਾਸਗੰਜ, ਮਨੀਪੁਰ ਦੇ ਦੰਗੇ। ਵੈਸੇ ਅਸਲ ਵਿਚ ਇਨ੍ਹਾਂ ਨੂੰ ਦੰਗੇ ਨਹੀਂ ਕਿਹਾ ਜਾ ਸਕਦਾ। ਨਸਲਕੁਸ਼ੀ ਹੀ ਕਹਿਣਾ ਚਾਹੀਦਾ ਹੈ। ਦੰਗੇ ਤਾਂ ਕਹੀਏ ਜੇ ਦੋ ਵਿਰੋਧੀ ਧਿਰਾਂ ਵਿਚ ਹਿੰਸਕ ਟਕਰਾਅ ਹੋਇਆ ਹੋਵੇ। ਇਹ ਤਾਂ ਰਾਜਸੱਤਾ ’ਤੇ ਕਾਬਜ਼ ਹਮਲਾਵਰਾਂ ਵੱਲੋਂ ਮਜ਼ਲੂਮ ਤੇ ਨਿਤਾਣੇ ਲੋਕਾਂ ਦੀ ਕੀਤੀ ਵੱਢ-ਟੁੱਕ ਤੇ ਵਿਆਪਕ ਕਤਲੇਆਮ ਸੀ।

ਸਵਾਰਥ ਦੇ ਪੁਤਲੇ ਸਿਆਸਤਦਾਨਾਂ ਨੇ ਸਾਨੂੰ ਇਨਸਾਨ ਤਾਂ ਰਹਿਣ ਹੀ ਨਹੀਂ ਦਿੱਤਾ। ਅਸੀਂ ਤਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਹੋ ਗਏ ਹਾਂ। ਜ਼ੁਬਾਨਾਂ ਦਾ ਵੀ ਮਜ਼ਹਬੀਕਰਨ ਹੋ ਗਿਆ ਹੈ। ਦੇਸ਼ ਭਗਤੀ ਤੋਂ ਸਾਡਾ ਭਾਵ ਹਰੇਕ ਨਾਗਰਿਕ ਦੀ ਬਰਾਬਰੀ ਦੇ ਸਿਧਾਂਤ ਨੂੰ ਮੰਨਣਾ, ਸਭ ਦੇ ਅਧਿਕਾਰਾਂ ਦੀ ਰਾਖੀ ਕਰਨਾ, ਸਮਾਜਿਕ ਨਿਯਮਾਂ ਦਾ ਪਾਲਣ ਕਰਨਾ, ਕਾਨੂੰਨ ਦੇ ਅੰਤਰਗਤ ਰਹਿਣਾ ਹੁੰਦਾ ਹੈ। ਮੁੱਕਦੀ ਗੱਲ ਇਹ ਕਿ ਸੰਵਿਧਾਨ ਦਾ ਆਦਰ ਕਰਨਾ ਜਿਸ ਦੇ ਤਹਿਤ ਸਭ ਕੁਝ ਆ ਜਾਂਦਾ ਹੈ। ਸੰਵਿਧਾਨ ਅਨੁਸਾਰ ਲੋਕਤੰਤਰ ਦੇ ਵਧਣ-ਫੁੱਲਣ ਤੇ ਮੌਲਣ ਦਾ ਮਾਹੌਲ ਪੈਦਾ ਕਰਨਾ ਅਸਲੀ ਦੇਸ਼ ਭਗਤੀ ਹੈ। ਦੇਸ਼ ਵਿਚ ਫੈਲਿਆ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਨਪੜ੍ਹਤਾ, ਗ਼ਰੀਬੀ, ਨਸ਼ਾਖੋਰੀ, ਗੰਧਲੇ ਹੁੰਦੇ ਪਾਣੀ, ਪਲੀਤ ਹੁੰਦੀ ਮਿੱਟੀ ਤੇ ਵਾਤਾਵਰਨ ਵਿਚਲੇ ਵਿਗਾੜ ਜਿਹੇ ਗੰਭੀਰ ਅੰਤਹੀਣ ਮਸਲੇ ਅਖੌਤੀ ਆਜ਼ਾਦੀ ਦਾ ਮੂੰਹ ਚਿੜਾ ਰਹੇ ਹਨ। ਅੱਜ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਾ ਇਹ ਹਾਲ ਹੈ ਕਿ ਜੇ ਭਰਤੀ ਹੁੰਦੀ ਵੀ ਹੈ ਤਾਂ ਉਹ ਵੀ ਠੇਕੇ ’ਤੇ ਅਤੇ ਨਿਗੂਣੀਆ ਤਨਖ਼ਾਹਾਂ ’ਤੇ। ਇੱਥੇ ਹੀ ਬਸ ਨਹੀਂ, ਛੇ-ਛੇ ਮਹੀਨੇ ਤਨਖ਼ਾਹਾਂ ਨਹੀਂ ਮਿਲਦੀਆਂ।

ਕਦੇ ਵਕਤ ਸੀ ਜਦੋਂ ਸਾਡੇ ਪ੍ਰੇਰਨਾ ਸਰੋਤ, ਨੌਜਵਾਨ ਦਿਲਾਂ ਦੀ ਧੜਕਨ, ਸਾਡੇ ਬਹਾਦਰ ਸੂਰਮਿਆਂ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਇਕ ਅੰਦੋਲਨ ਚਲਾਇਆ ਸੀ। ਅੱਜ ਇਕ ਨਵੀਂ ਤਰ੍ਹਾਂ ਦਾ ਅੰਦੋਲਨ ਚੱਲ ਪਿਆ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਅੰਗਰੇਜ਼ਾਂ ਕੋਲ ਕਿਸੇ ਵੀ ਹੀਲੇ ਪਹੁੰਚਣ ਲਈ ਤਰਲੋਮੱਛੀ ਹੋ ਰਹੀ ਹੈ ਤੇ ਇਸ ਅੰਦੋਲਨ ਦਾ ਸਿਹਰਾ ਸਾਡੇ ਹੁਕਮਰਾਨਾਂ ਦੀਆਂ ਮਾੜੀਆਂ ਨੀਤੀਆਂ ਨੂੰ ਜਾਂਦਾ ਹੈ ਜੋ ਦੇਸ਼ ਦੀ ਅਰਥ-ਵਿਵਸਥਾ ਨੂੰ ਸਾਮਰਾਜੀ ਹੱਥਾਂ ਵਿਚ ਸੌਂਪ ਕੇ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਨੌਜਵਾਨ ਭਾਰਤ ਸਭਾ ਦੀ 1925 ਵਿਚ ਹੋਈ ਕਾਨਫਰੰਸ ਵਿਚ ਸ਼ਹੀਦ ਉੂਧਮ ਸਿੰਘ ਨੇ ਕਿਹਾ ਸੀ: “ਵੱਡੇ ਜ਼ਿਮੀਂਦਾਰਾਂ ਤੇ ਪੂੰਜੀਪਤੀਆਂ ਦਾ ਮੇਰੇ ਦੇਸ਼ ਦੀ ਜ਼ਮੀਨ ਤੇ ਸਨਅਤ ਉੱਪਰ ਕਬਜ਼ਾ ਹੈ। ਉਹ ਕਾਮਿਆਂ ਨੂੰ ਜ਼ਮੀਨ ਦੇ ਹੱਕ ਤੋਂ ਵਾਂਝਿਆਂ ਕਰ ਕੇ ਸਾਡੀਆਂ ਜ਼ਮੀਨਾਂ-ਜਾਇਦਾਦਾਂ ਦੇ ਸਿਰ ’ਤੇ ਆਨੰਦ ਮਾਣਦੇ ਹਨ।

ਲੁੱਟ-ਖਸੁੱਟ ਦੇ ਜਿਸ ਨਿਜ਼ਾਮ ਤੋਂ ਅਸੀਂ ਸਤੱਤਰ ਵਰ੍ਹੇ ਪਹਿਲਾਂ ਛੁਟਕਾਰਾ ਪਾਇਆ ਸੀ, ਅੱਜ ਉਹੀ ਲੋਟੂ ਨਿਜ਼ਾਮ ਸਾਡੇ ’ਤੇ ਫਿਰ ਭਾਰੂ ਹੋ ਰਿਹਾ ਹੈ। ਫ਼ਿਰਕੂ ਹਨੇਰੀ ਅਤੇ ਧਾਰਮਿਕ ਅਸਹਿਣਸ਼ੀਲਤਾ ਦਾ ਝੱਖੜ ਧਾਰਮਿਕ ਸਦਭਾਵਨਾ ਨੂੰ ਹੂੰਝ ਕੇ ਲਈ ਜਾ ਰਿਹਾ ਹੈ। ਅੱਜ ਫਿਰ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਹੈ, ਮੁਕਾਬਲੇ ਦੇ ਇਮਤਿਹਾਨਾਂ ਦੇ ਪੇਪਰ ਲੀਕ ਹੋ ਰਹੇ ਹਨ। ਆਪਸੀ ਮਿਲਵਰਤਨ ਤੇ ਪਿਆਰ ਨਾਲ ਰਹਿੰਦੀ ਲੋਕਾਈ ਨੂੰ ਦੋਫਾੜ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ, ਦੋਨਾਂ ਦੀ ਕਹਾਣੀ ਲਗਪਗ ਇੱਕੋ ਜਿਹੀ ਹੈ। ਦੋਨਾਂ ਦੇ ਦੁੱਖ-ਸੁੱਖ, ਸਾਂਝ ਤੇ ਮੁਹੱਬਤਾਂ ਪੀਡੀਆਂ ਹਨ। ਦੋਨੋਂ ਪਾਸੇ ਦੇ ਪੰਜਾਬੀ ਆਪਸ ਵਿਚ ਮਿਲਣਾ ਚਾਹੁੰਦੇ ਹਨ ਪਰ ਸਵਾਰਥ ਦੇ ਪੁਤਲੇ ਸਿਆਸਤਦਾਨਾਂ ਦੀਆਂ ਵਿਛਾਈਆਂ ਜ਼ਹਿਰੀਲੀਆਂ ਤਾਰਾਂ ਸਾਨੂੰ ਮਿਲਣ ਨਹੀਂ ਦਿੰਦੀਆਂ। ਅੱਜ ਸਾਡੇ ਨੌਜਵਾਨ ਵਰਗ ਨੂੰ ਸਿੱਖਿਅਕ, ਚੇਤੰਨ ਤੇ ਜਾਗਰੂਕ ਹੋਣ ਦੀ ਲੋੜ ਹੈ।

ਅੰਨ੍ਹੀ ਤਕਨੀਕ ਦੇ ਯੁੱਗ ਵਿਚ ਫਸੀ ਇਹ ਪੀੜ੍ਹੀ ਦਲੀਲ ਤੋਂ ਡਰਦੀ ਹੈ, ਚਿੰਤਨ ਤੋਂ ਦੂਰ ਹੁੰਦੀ ਜਾ ਰਹੀ ਹੈ। ਅਸੀਂ ਸਿਰਫ਼ ਕੁਰਬਾਨੀਆਂ ਦਾ ਬਦਲਾ ਲੈਣ ਵਾਲੀਆਂ ਸੂਰਮ ਗਤੀ ਦੀਆਂ ਵਾਰਾਂ ਚੀਕ-ਚੀਕ ਕੇ ਗਾ ਕੇ ਤਸੱਲੀ ਨਹੀਂ ਕਰ ਲੈਣੀ। ਨਾ ਹੀ ਅਸੀਂ ਸਿਰ ਝੁਕਾ ਕੇ ਜ਼ਬਰ-ਜ਼ੁਲਮ ਸਹੀ ਜਾਣਾ ਹੈ। ਸੂਝ-ਸਿਆਣਪ ਨਾਲ ਆਪਣੇ ਸੂਝਵਾਨ ਤੇ ਦੂਰ ਅੰਦੇਸ਼ ਇਨਕਲਾਬੀ ਨਾਇਕਾਂ ਦੇ ਸੁਪਨਿਆਂ ਵਿਚ ਗੂੜ੍ਹੇ ਰੰਗ ਭਰਨੇ ਹਨ। ਆਜ਼ਾਦੀ ਦੀ ਸ਼ਮਾ ਜੋ ਸਾਡੇ ਸੂਰਮੇ ਸਾਨੂੰ ਸੌਂਪ ਕੇ ਗਏ ਨੇ, ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਨੂੰ ਰੌਸ਼ਨ ਰੱਖਣ ਦਾ ਹਲਫ਼ ਲੈਣਾ ਹੈ। ਦਹਿਸ਼ਤਗਰਦੀ ਨੂੰ ਕਿਸੇ ਵੀ ਧਰਮ ਨਾਲ ਨੱਥੀ ਕਰਨ ਦੇ ਕੋਈ ਮਾਅਨੇ ਨਹੀਂ। ਅਸੀਂ ਇਸ ਖ਼ਤਰੇ ਤੋਂ ਬਾਖ਼ੂਬੀ ਵਾਕਫ਼ ਹੀ ਨਹੀਂ ਸਗੋਂ ਇਸ ਨੂੰ ਕਈ ਵਾਰ ਹੱਡੀਂ ਹੰਢਾਅ ਵੀ ਚੁੱਕੇ ਹਾਂ।

ਇਸ ਯੁੱਧ ਵਿਚ ਲੱਖਾਂ ਲੋਕਾਂ ਦੀ ਆਹੂਤੀ ਦੇ ਚੁੱਕੇ ਹਾਂ। ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲੇ ਹਥਿਆਰਾਂ ਦੇ ਤਾਜਰਾਂ ਤੋਂ ਅੱਜ ਸੁਚੇਤ ਰਹਿਣ ਦੀ ਲੋੜ ਹੈ। ਪੰਦਰਾਂ ਅਗਸਤ ਨੂੰ ਲਾਲ ਕਿਲ੍ਹੇ ’ਤੇ ਝੰਡਾ ਲਹਿਰਾ ਕੇ ਉੱਚੀ ਆਵਾਜ਼ ਵਿਚ ਰਾਸ਼ਟਰੀ ਗੀਤ ਗਾ ਦੇਣਾ ਹੀ ਕਾਫ਼ੀ ਨਹੀਂ। ਆਓ! ਪ੍ਰਣ ਕਰੀਏ ਕਿ ਜੋ ਦਰਦ ਸਾਡੇ ਵਡੇਰਿਆਂ ਨੇ ਹੰਢਾਏ, ਅਸੀਂ ਹੰਢਾਏ, ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਸਬਕ ਸਿੱਖਣ ਅਤੇ ਇਤਿਹਾਸ ਫਿਰ ਨਾ ਦੁਹਰਾਇਆ ਜਾਵੇ। ਆਓ! ਹਿੰਸਾ ਦੇ ਇਸ ਪਨਪਦੇ ਸੱਭਿਆਚਾਰ ਵਿਚ ਸਾਂਝਾਂ ਦਾ ਪਰਚਮ ਲਹਿਰਾਈਏ, ਮੁਹੱਬਤਾਂ ਦੇ ਨਗਮੇ ਗਾਈਏ, ਫੁੱਲਾਂ ਦੀ ਬਾਤ ਪਾਈਏ, ਰੰਗ-ਬਰੰਗੇ ਫੁੱਲ ਉਗਾਈਏ, ਕਿਤਾਬਾਂ ਨਾਲ ਦੋਸਤੀ ਨਿਭਾਈਏ, ਹਰ ਘਰ ਵਿਚ ਲਾਇਬ੍ਰੇਰੀ ਬਣਾਈਏ। ਆਪਣੇ ਸ਼ਹੀਦਾਂ ਦੇ ਫ਼ਿਕਰ ਨੂੰ ਸਮਝੀਏ, ਨਫ਼ਰਤਾਂ, ਸਾੜਿਆਂ ਤੇ ਧਾਰਮਿਕ ਅਸਹਿਣਸ਼ੀਲਤਾ ਖਿਲਾਫ਼ ਅਮਨ ਦੀ ਲਹਿਰ ਉਸਾਰੀਏ। ਹਰਫ਼ਾਂ ਦੀਆਂ ਮਤਾਬੀਆਂ ਬਾਲ ਕੇ ਹਨੇਰੇ ਸਰ ਕਰਨ ਦਾ ਅਹਿਦ ਲਈਏ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਸਾਹਿਤ ਅਕੈਡਮੀ ਦੀ ਪੱਤ੍ਰਿਕਾ ‘ਹਰੀਗੰਧਾ’ ਰਿਲੀਜ਼

ਜੀਂਦ, 24 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਲੋਕਾਂ...