ਭਾਰਤੀ ਹਾਕਮ ਲਗਾਤਾਰ ਦਾਅਵੇ ਕਰ ਰਹੇ ਹਨ ਕਿ ਦੇਸ਼ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਬਣਨ ਜਾ ਰਿਹਾ ਹੈ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਭਾਰਤ ਮੈਨੂਫੈਕਚਰਿੰਗ ਦੀ ਹੱਬ ਬਣ ਚੁੱਕਾ ਹੈ ਤੇ ਦੁਨੀਆ ਉਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਭਾਰਤ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਕਦੋਂ ਬਣੇਗਾ, ਇਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ, ਪਰ ਭਾਰਤ ਤੀਜਾ ਬਦਕਿਸਮਤ ਦੇਸ਼ ਜ਼ਰੂਰ ਬਣ ਗਿਆ ਹੈ, ਜਿਸ ਦੇ ਲੋਕ ਆਪਣੀ ਮਾਤ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਨੇ ਸੰਸਦ ਵਿੱਚ ਦੱਸਿਆ ਸੀ ਕਿ 2015 ਤੋਂ 2021 ਦੌਰਾਨ ਦੇਸ਼ ਦੇ ਕਰੀਬ 8 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਨਾਗਰਿਕਤਾ ਲੈ ਲਈ ਸੀ। ਇਸ ਵਾਰ ਮੋਦੀ ਦੇ ਤੀਜੇ ਕਾਰਜਕਾਲ ਦੇ ਸ਼ੁਰੂ ਵਿੱਚ ਹੀ ਮੌਜੂਦਾ ਗ੍ਰਹਿ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿੱਚ ਨਵਾਂ ਅੰਕੜਾ ਪੇਸ਼ ਕਰਦਿਆਂ ਕਿਹਾ ਕਿ 2015 ਤੋਂ 2023 ਦੇ 9 ਸਾਲਾਂ ਦੌਰਾਨ ਕੁਲ 12 ਲੱਖ 39 ਹਜ਼ਾਰ 111 ਲੋਕ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਹਨ। ਇਸ ਦਾ ਮਤਲਬ ਹੈ ਕਿ ਹਰ ਦਿਨ 377 ਭਾਰਤੀ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵਸ ਰਹੇ ਹਨ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਨਹੀਂ, ਜਿਹੜੇ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਰਹਿ ਕੇ ਉੱਥੋਂ ਦੀ ਨਾਗਰਿਕਤਾ ਲੈਣ ਲਈ ਯਤਨਸ਼ੀਲ ਹਨ।
ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਭਾਰਤ ਛੱਡਣ ਵਾਲੇ ਲੋਕ ਸਿਰਫ਼ ਕੰਮ ਦੀ ਭਾਲ ਵਿੱਚ ਹੀ ਵਿਦੇਸ਼ਾਂ ਵਿੱਚ ਨਹੀਂ ਜਾਂਦੇ, ਇਨ੍ਹਾਂ ਵਿੱਚ ਉਹ ਲੋਕ ਵੀ ਹਨ, ਜਿਹੜੇ ਹੁਨਰਮੰਦ ਤਕਨੀਕਾਂ ਨਾਲ ਲੈਸ ਹੁੰਦੇ ਹਨ। ਇਨ੍ਹਾਂ ਲੋਕਾਂ ਵੱਲੋਂ ਦੇਸ਼ ਛੱਡਣਾ ਦੇਸ਼ ਲਈ ਭਾਰੀ ਨੁਕਸਾਨਦੇਹ ਹੁੰਦਾ ਹੈ, ਕਿਉਂਕਿ ਦੇਸ਼ ਨੇ ਇਨ੍ਹਾਂ ਲੋਕਾਂ ਦੀ ਸਿਖਲਾਈ ਉੱਤੇ ਵੱਡਾ ਖਰਚਾ ਕੀਤਾ ਹੁੰਦਾ ਹੈ। ਇਸ ਖਰਚ ਦਾ ਫਾਇਦਾ ਦੇਸ਼ ਨੂੰ ਮਿਲਣ ਦੀ ਥਾਂ ਦੂਜਾ ਦੇਸ਼ ਉਠਾਉਂਦਾ ਹੈ। ਇਹੋ ਨਹੀਂ, ਵੱਡੀ ਗਿਣਤੀ ਵਿੱਚ ਕਰੋੜਪਤੀ ਲੋਕ ਵੀ ਭਾਰਤ ਨੂੰ ਅਲਵਿਦਾ ਕਹਿ ਰਹੇ ਹਨ। ‘ਨਿਊਜ਼ ਵਰਲਡ ਹੈੱਲਥ’ ਦੀ ਰਿਪੋਰਟ ਅਨੁਸਾਰ 2000 ਤੋਂ 2014 ਤੱਕ ਦੇ 14 ਸਾਲਾਂ ਦੌਰਾਨ 61 ਹਜ਼ਾਰ ਕਰੋੜਪਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ ਸੀ। ਇਸ ਤੋਂ ਬਾਅਦ 2015 ਤੋਂ 2019 ਤੱਕ ਹੋਰ 29 ਹਜ਼ਾਰ ਕਰੋੜਪਤੀ ਭਾਰਤ ਛੱਡ ਗਏ ਸਨ। ਅਮੀਰ ਲੋਕਾਂ ਦੇ ਦੇਸ਼ ਛੱਡਣ ਦੇ ਕਈ ਕਾਰਨ ਹਨ। ਸਭ ਤੋਂ ਮੁੱਖ ਕਾਰਨ ਆਪਣੀ ਤੇ ਪਰਵਾਰ ਦੀ ਸੁਰੱਖਿਆ ਦੀ ਚਿੰਤਾ ਹੁੰਦੀ ਹੈ।
ਇਹ ਲੋਕ ਕਾਰੋਬਾਰੀ ਭਵਿੱਖ ਦੇ ਨਾਲ-ਨਾਲ ਸਕੂਨ ਭਰੀ ਜ਼ਿੰਦਗੀ ਦੀ ਗਰੰਟੀ ਚਾਹੁੰਦੇ ਹਨ। ਸਮਾਜਿਕ ਬੇਚੈਨੀ, ਫਿਰਕੂ ਪਾੜਾ, ਨਸਲਵਾਦ, ਦੰਗੇ ਤੇ ਲੁੱਟਮਾਰ ਉਹ ਕਾਰਨ ਹਨ, ਜੋ ਲੋਕਾਂ ਨੂੰ ਭੈਅ-ਭੀਤ ਕਰਦੇ ਹਨ। ਕੁਝ ਲੋਕ ਟੈਕਸਾਂ ਤੋਂ ਬਚਣ ਲਈ ਵੀ ਦੇਸ਼ ਛੱਡ ਦਿੰਦੇ ਹਨ। ਰਿਟਾਇਰਮੈਂਟ ਤੋਂ ਬਾਅਦ ਅਰਾਮਦਾਇਕ ਜ਼ਿੰਦਗੀ ਜੀਣ ਦੀ ਇੱਛਾ ਵੀ ਦੇਸ਼ ਛੱਡਣ ਦਾ ਇਕ ਕਾਰਨ ਹੁੰਦੀ ਹੈ। ਜਿਹੜੇ ਲੋਕ ਕਿਸੇ ਕਾਰਨ ਵਿਦੇਸ਼ ਘੁੰਮਣ ਚਲੇ ਜਾਂਦੇ ਹਨ ਤੇ ਉਹ ਤੁਲਨਾਤਮਕ ਤੌਰ ਉੱਤੇ ਉੱਥੇ ਲੋਕਾਂ ਨੂੰ ਵਧੀਆ ਤੇ ਸ਼ਾਂਤਮਈ ਜੀਵਨ ਬਸਰ ਕਰਦਾ ਦੇਖਦੇ ਹਨ ਤਾਂ ਉਹ ਉਸ ਦੇਸ਼ ਵਿੱਚ ਵਸਣ ਦਾ ਸੁਫਨਾ ਸੰਜੋਅ ਲੈਂਦੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸਾਡਾ ਦੇਸ਼ ਵਿਸ਼ਵ ਗੁਰੂ ਬਣ ਰਿਹਾ ਹੈ ਤਾਂ ਬਾਹਰੋਂ ਆ ਕੇ ਸਾਡੇ ਦੇਸ਼ ਵਿੱਚ ਵਸ ਜਾਣ ਵਾਲਿਆਂ ਦੇ ਵੀ ਅੰਕੜੇ ਹੋਣੇ ਚਾਹੀਦੇ ਸਨ। ਭਾਰਤ ਵਿੱਚ ਆ ਕੇ ਵਸਣ ਵਾਲਿਆਂ ਵਿੱਚ ਤਾਂ ਬੰਗਲਾਦੇਸ਼ੀ ਹਨ ਜਾਂ ਨੇਪਾਲ ਵਾਲੇ, ਜਿਹੜੇ ਪੱਛਮੀ ਦੇਸ਼ਾਂ ਵਿੱਚ ਜਾਣ ਦਾ ਖਰਚ ਝਲਣੋਂ ਅਸਮਰੱਥ ਹੁੰਦੇ ਹਨ। ਭਾਰਤੀਆਂ ਦਾ ਵਿਦੇਸ਼ੀਂ ਜਾ ਕੇ ਵਸਣ ਦਾ ਰੁਝਾਨ ਦੇਸ਼ ਦੇ ਵਿਸ਼ਵ ਗੁਰੂ ਬਣਨ ਦੀਆਂ ਸੰਭਾਵਨਾਵਾਂ ਦਾ ਸੱਚ ਉਜਾਗਰ ਕਰਦਾ ਹੈ।