ਪੈਨਲਟੀ ਸ਼ੂਟਆਊਟ ਤੱਕ ਖਿੱਚੇ ਮੈਚ ’ਚ ਗ੍ਰੇਟ ਬਿ੍ਰਟੇਨ ਨੂੰ ਹਰਾ ਕੇ ਭਾਰਤ ਸੈਮੀਫਾਈਨਲ ’ਚ

ਪੈਰਿਸ 5 ਅਗਸਤ 42 ਮਿੰਟ ਦਸ ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਭਾਰਤੀ ਹਾਕੀ ਟੀਮ ਕਮਾਲ ਦਾ ਮੁਜ਼ਾਹਰਾ ਕਰਦਿਆਂ ਐਤਵਾਰ ਪੈਨਲਟੀ ਸ਼ੂਟਆਊਟ ’ਚ ਗ੍ਰੇਟ ਬਿ੍ਰਟੇਨ ਦੀ ਦੁਨੀਆ ਦੀ ਨੰਬਰ ਦੋ ਟੀਮ ਨੂੰ 4-2 ਨਾਲ ਹਰਾ ਕੇ ਪੈਰਿਸ ਉਲੰਪਿਕ ਦੇ ਸੈਮੀਫਾਈਨਲ ’ਚ ਪੁੱਜ ਗਈ। ਬਿ੍ਰਟੇਨ ਨੇ 28 ਵਾਰ ਭਾਰਤੀ ਗੋਲ ’ਤੇ ਹਮਲਾ ਕੀਤਾ, ਪਰ ਉਸ ਨੂੰ ਸਿਰਫ ਇਕ ਵਾਰ ਸਫਲਤਾ ਮਿਲੀ। ਨਿਰਧਾਰਤ ਸਮੇਂ ਤੱਕ ਮੈਚ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਹੋਇਆ। ਇਸ ’ਚ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਅਤੇ ਰਾਜਕੁਮਾਰ ਪਾਲ ਨੇ ਗੋਲ ਕੀਤੇ, ਜਦਕਿ ਗੋਲਕੀਪਰ ਪੀ ਆਰ ਸ੍ਰੀਜੇਸ਼ ਨੇ ਇਕ ਬਿ੍ਰਟਿਸ਼ ਖਿਡਾਰੀ ਦੀ ਪੈਨਲਟੀ ਬਚਾਅ ਲਈ ਤੇ ਇਕ ਹੋਰ ਬਿ੍ਰਟਿਸ਼ ਖਿਡਾਰੀ ਗੇਂਦ ਬਾਹਰ ਮਾਰ ਗਿਆ।

ਹਾਲਾਂਕਿ ਡਿਫੈਂਡਰ ਅਮਿਤ ਰੋਹੀਦਾਸ ਨੂੰ ਰੈਫਰੀ ਨੇ ਸ਼ੁਰੂਆਤ ਵਿਚ ਹੀ ਰੈੱਡ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ, ਕਪਤਾਨ ਹਰਮਨਪ੍ਰੀਤ ਸਿੰਘ ਨੇ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਭਾਰਤ ਨੂੰ ਲੀਡ ਦਿਵਾਈ। ਰੋਹੀਦਾਸ ਦੇ ਬਾਹਰ ਹੋਣ ਦਾ ਫਾਇਦਾ ਉਠਾਉਦਿਆਂ ਬਿ੍ਰਟਿਸ਼ ਖਿਡਾਰੀਆਂ ਨੇ ਤਾਬੜਤੋੜ ਹਮਲੇ ਕੀਤੇ ਅਤੇ ਲੀ ਮਾਰਟਨ ਨੇ ਹਾਫ ਟਾਈਮ ਤੋਂ ਕੁਝ ਪਹਿਲਾਂ ਗੋਲ ਉਤਾਰ ਦਿੱਤਾ। ਇਸ ਤੋਂ ਬਾਅਦ ਬਿ੍ਰਟੇਨ ਨੇ ਕਈ ਮੌਕੇ ਬਣਾਏ, ਪਰ ਉਨ੍ਹਾਂ ਨੂੰ ਗੋਲਾਂ ਵਿਚ ਨਹੀਂ ਬਦਲ ਸਕਿਆ। ਆਪਣਾ ਆਖਰੀ ਕੌਮਾਂਤਰੀ ਟੂਰਨਾਮੈਂਟ ਖੇਡ ਰਿਹਾ ਸ੍ਰੀਜੇਸ਼ ਗੋਲਾਂ ਵਿਚ ਚੱਟਾਨ ਬਣ ਖਲੋਤਾ ਰਿਹਾ। 1972 ਦੀਆਂ ਮਿਊਨਿਖ ਉਲੰਪਿਕ ਤੋਂ ਬਾਅਦ ਭਾਰਤ ਨੇ ਪਿਛਲੀਆਂ ਟੋਕੀਓ ਉਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ ਤੇ ਹੁਣ ਪੈਰਿਸ ਵਿਚ ਲਗਾਤਾਰ ਦੂਜੀ ਵਾਰ ਸੈਮੀਫਾਈਨਲ ’ਚ ਪੁੱਜਾ ਹੈ। ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।  ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਹਾਕੀ ਟੀਮ ਸੋਨ ਤਮਗਾ ਜਿੱਤ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੇਗੀ। ਮਾਨ ਨੇ ਦੁਹਰਾਇਆ ਕਿ ਸਮੁੱਚਾ ਦੇਸ਼ ਇਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਜਦੋਂ ਕੌਮੀ ਖੇਡ ਦੀ ਪੁਰਾਤਨ ਸ਼ਾਨ ਬਹਾਲ ਹੋਵੇਗੀ। ਉਨ੍ਹਾ ਕਿਹਾ ਕਿ ਪੂਰਾ ਦੇਸ਼ ਭਾਰਤੀ ਹਾਕੀ ਟੀਮ ਦੇ ਨਾਇਕਾਂ ਦੇ ਤਮਗੇ ਲੈ ਕੇ ਘਰ ਪਰਤਣ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...