30 ਜੁਲਾਈ ਨੂੰ ਲੋਕ ਸਭਾ ਵਿਚ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨੁਰਾਗ ਠਾਕੁਰ ਦੇ ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦਿਆਂ ਇਹ ਕਹਿਣ ਕਿ ‘ਜਿਨ੍ਹਾ ਨੂੰ ਆਪਣੀ ਜਾਤ ਦਾ ਪਤਾ ਨਹੀਂ, ਉਹ ਜਾਤੀ ਜਨਗਣਨਾ ਦੀ ਮੰਗ ਕਰ ਰਹੇ ਹਨ’ ਨੇ ਦੇਸ਼ ’ਚ ਜਾਤ ਅਧਾਰਤ ਜਨਗਣਨਾ ਕਰਾਉਣ ਦੀ ਬਹਿਸ ਨੂੰ ਹੋਰ ਭਖਾ ਦਿੱਤਾ ਹੈ। ਠਾਕੁਰ ਦੇ ਸਾਮੰਤੀ ਰੁਖ ਵਿਚ ਹਜ਼ਾਰਾਂ ਸਾਲਾਂ ਤੋਂ ਜੜ੍ਹ ਜਮਾਈ ਬੈਠੇ ਮਨੂੰਵਾਦ ਦੇ ਕ੍ਰੋਧ ਦੀ ਅੱਗ ਝਲਕ ਰਹੀ ਸੀ, ਜਿਹੜੀ ਦੇਸ਼ ਦੇ ਵਸੀਲਿਆਂ ’ਤੇ ਕਬਜ਼ਾ ਜਮਾਈ ਰੱਖਣ ਵਾਲਿਆਂ ਦੇ ਸੋਸ਼ਲ ਆਡਿਟ ਦਾ ਸਵਾਲ ਉਠਾਉਣ ਵਾਲੇ ਰਾਹੁਲ ਗਾਂਧੀ ਨੂੰ ਭਸਮ ਕਰ ਦੇਣਾ ਚਾਹੁੰਦੀ ਹੈ, ਪਰ ਇਸ ਰੁਖ ਨੇ ਦੇਸ਼ ਦੇ ਉਨ੍ਹਾਂ ਕਰੋੜਾਂ ਦਲਿਤਾਂ, ਪਛੜਿਆਂ ਤੇ ਆਦਿਵਾਸੀਆਂ ਨੂੰ ਝੰਜੋੜ ਦਿੱਤਾ ਹੈ, ਜਿਹੜੇ ਸਦੀਆਂ ਤੋਂ ਜਾਤੀ ਅਪਮਾਨ ਝੱਲ ਰਹੇ ਹਨ। ਮਹਾਤਮਾ ਗਾਂਧੀ ਨੇ ਹਾਸ਼ੀਏ ’ਤੇ ਸੁੱਟੇ ਲੋਕਾਂ ਨੂੰ ਇਕੱਠਾ ਕਰਕੇ ਜਿਸ ਤਰ੍ਹਾਂ ਅੰਗਰੇਜ਼ੀ ਸਾਮਰਾਜ ਦਾ ਸੂਰਜ ਡੁਬੋਇਆ ਸੀ, ਉਸੇ ਤਰ੍ਹਾਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ (ਸੰਸਦ) ਵਿਚ ਰਾਹੁਲ ਦੇ ਅਪਮਾਨ ਦੀ ਇਸ ਘਟਨਾ ਵਿਚ ਵੀ ਅਜਿਹੀ ਅੱਗ ਲੁਕੀ ਹੋਈ ਹੈ, ਜਿਹੜੀ ਭਾਜਪਾ ਦੇ ਚੱਕਰਵਿਊ ਨੂੰ ਭਸਮ ਕਰ ਸਕਦੀ ਹੈ। ਰਾਹੁਲ ’ਤੇ ਇਹ ਹਮਲਾ ਇਕੱਲੇ ਅਨੁਰਾਗ ਠਾਕੁਰ ਦੇ ਦਿਮਾਗ ਦੀ ਉਪਜ ਨਹੀਂ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਠਾਕੁਰ ਦੇ ਭਾਸ਼ਣ ਦੀ ਪ੍ਰਸੰਸਾ ਕਰਨ ਤੋਂ ਸਾਫ ਹੈ ਕਿ ਰਾਹੁਲ ਨੂੰ ਫਸਾਉਣ ਲਈ ਪੂਰਾ ਚੱਕਰਵਿਊ ਰਚਿਆ ਗਿਆ ਹੈ।
ਰਾਹੁਲ ਕੌਣ ਹੈ? ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉਹ ਉਸ ਪਰਵਾਰ ਵਿੱਚੋਂ ਹੈ, ਜਿਸ ਦੇ ਸਾਰੇ ਮੈਂਬਰ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹਾਂ ਵਿਚ ਰਹੇ ਅਤੇ ਆਜ਼ਾਦੀ ਦੇ ਬਾਅਦ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਕੁਰਬਾਨੀਆਂ ਦਿੱਤੀਆਂ। ਰਾਹੁਲ ਦਾ ਗੁਨਾਹ ਇਹ ਹੈ ਕਿ ਉਹ ਦੇਸ਼ ਵਿਚ ਕਾਰਪੋਰੇਟ ਇਜਾਰੇਦਾਰੀ ਦੇ ਨਾਲ-ਨਾਲ ਸਵਰਨਾਂ ਦੀ ਇਜਾਰੇਦਾਰੀ ਨੂੰ ਵੀ ਚੁਣੌਤੀ ਦੇ ਰਹੇ ਹਨ। ਸਿਆਸੀ ਭਾਈਵਾਲੀ ਦੇ ਨਾਲ-ਨਾਲ ਆਰਥਕ ਤੇ ਸਮਾਜੀ ਨਿਆਂ ’ਤੇ ਜ਼ੋਰ ਦੇ ਰਹੇ ਹਨ। ਭਾਜਪਾ ਦਾ ਦੋਸ਼ ਹੈ ਕਿ ਜਾਤੀ ਜਨਗਣਨਾ ਸਮਾਜ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ, ਜਦਕਿ ਦੇਸ਼ ਦੇ ਦਲਿਤ, ਪਛੜੇ ਤੇ ਆਦਿਵਾਸੀ ਸਮਾਜ ਨੂੰ ਕੋਈ ਸ਼ੱਕ ਨਹੀਂ ਕਿ ਇਸ ਦਾ ਮਕਸਦ ਭਾਰਤ ਦਾ ਸੋਸ਼ਲ ਆਡਿਟ ਕਰਨਾ ਹੈ। ਇਹ ਪਤਾ ਲਾਉਣਾ ਹੈ ਕਿ ਦੇਸ਼ ਦੇ ਵਸੀਲਿਆਂ ’ਤੇ ਕਿਹੜੀਆਂ ਸਮਾਜੀ ਤਾਕਤਾਂ ਕਾਬਜ਼ ਹਨ। ਰਾਹੁਲ ਗਾਂਧੀ ਦੀ ਮੁਹਿੰਮ ਨੇ ਸਵਰਨਾਂ ਦੇ ਦਾਬੇ ਦੇ ਵਰਕ ਵਿਚ ਲਿਪਟੇ ਵਿਰਾਟ ਹਿੰਦੂ ਏਕਤਾ ਦੇ ਆਰ ਐੱਸ ਐੱਸ-ਭਾਜਪਾ ਦੇ ਖਵਾਬ ਵਿਚ ਖਲਲ ਪਾ ਦਿੱਤਾ ਹੈ। ਅਜਿਹੇ ਵਿਚ ਮੋਦੀ ਨੇ ਤੈਅ ਕੀਤਾ ਹੈ ਕਿ ਰਾਹੁਲ ਦੀ ਜਾਤ ਦਾ ਸਵਾਲ ਉਠਾ ਕੇ ਨਹਿਰੂ-ਗਾਂਧੀ ਪਰਵਾਰ ਨੂੰ ਨਿਸ਼ਾਨਾ ਬਣਾ ਕੇ ਪੂਰੀ ਬਹਿਸ ਨੂੰ ਪਟੜੀ ਤੋਂ ਉਤਾਰ ਦਿੱਤਾ ਜਾਵੇ। ਆਖਰ ਪਛੜੀ ਜਾਤ ਦਾ ਹੋਣ ਦੀ ਦੁਹਾਈ ਦੇਣ ਵਾਲੇ ਮੋਦੀ ਜਾਤੀ ਜਨਗਣਨਾ ਦੇ ਸਵਾਲ ’ਤੇ ਭੜਕਦੇ ਕਿਉ ਹਨ? ਰਾਹੁਲ ਦਾ ਮੋਚੀ ਨਾਲ ਬੈਠ ਕੇ ਚੱਪਲ ਸਿਊਣਾ, ਕਿਸੇ ਤਰਖਾਣ ਕੋਲੋਂ ਫਰਨੀਚਰ ਬਣਾਉਣਾ ਸਿੱਖਣਾ, ਕੁਲੀਆਂ ਵਿਚ ਬੈਠ ਕੇ ਉਨ੍ਹਾਂ ਦਾ ਦੁੱਖ-ਦਰਦ ਸਾਂਝਾ ਕਰਨਾ, ਖੇਤ ਵਿਚ ਜਾ ਕੇ ਝੋਨਾ ਲਾਉਣਾ ਤੇ ਕਿਸੇ ਮਕੈਨਿਕ ਨਾਲ ਮੋਟਰਸਾਈਕਲ ਦੀ ਮੁਰੰਮਤ ਕਰਨਾ ਦੱਸਦਾ ਹੈ ਕਿ ਉਨ੍ਹਾ ਲਈ ਜਾਤੀ ਜਨਗਣਨਾ ਜੁਮਲਾ ਨਹੀਂ। ਉਨ੍ਹਾ ਦੀ ਪ੍ਰਤੀਬੱਧਤਾ ਸਮਾਜੀ ਨਿਆਂ ਦੀ ਲੜਾਈ ਨੂੰ ਨਵੇਂ ਧਰਾਤਲ ’ਤੇ ਲਿਜਾ ਸਕਦੀ ਹੈ, ਜਿਹੜੀ ਭਾਰਤੀ ਆਜ਼ਾਦੀ ਸੰਗਰਾਮ ਦਾ ਇਕ ਅਧੂਰਾ ਸੁਫਨਾ ਹੈ।