
ਇਸ ਸਮੇਂ ਦੇਸ਼ ਤਾਂ ਕੀ ਪੂਰੇ ਸੰਸਾਰ ਵਿੱਚ ਹੀ ਬੇਰੁਜ਼ਗਾਰੀ ਚਰਮ ਸੀਮਾ ਤੇ ਹੈ।ਚੋਣਾਂ ਦੌਰਾਨ ਵੱਖ ਵੱਖ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਭਰਮਾਉਣ ਲਈ ਵੱਡੀ ਪੱਧਰ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਲਾਰੇ ਲਾਉਂਦੀਆਂ ਹਨ।ਪਰ ਜਦੋਂ ਚੋਣਾਂ ਜਿੱਤ ਕੇ ਸੱਤਾ ਤੇ ਕਾਬਜ਼ ਹੋ ਜਾਂਦੀਆਂ ਹਨ ਤਾਂ ਗਧੇ ਦੇ ਸਿਰ ਤੋਂ ਸਿੰਗਾਂ ਦੇ ਗ਼ਾਇਬ ਹੋ ਜਾਣ ਵਾਂਗ ਸਭ ਵਾਅਦੇ ਉੱਡ ਪੁੱਡ ਜਾਂਦੇ ਹਨ।ਬਾਕੀ ਵਾਅਦਿਆਂ ਵਿੱਚ ਰੋਜ਼ਗਾਰ ਦਾ ਵਾਅਦਾ ਵੀ ਹਵਾ ਹੋ ਜਾਂਦਾ ਹੈ।ਫੇਰ ਜੇ ਲੋਕ ਹੱਕ ਮੰਗਣ ਲਈ ਧਰਨੇ ਲਾਉਂਦੇ ਹਨ,ਰੈਲੀਆਂ ਕੱਢਦੇ ਹਨ ਤਾਂ ਪੁਲਿਸ ਦੀਆਂ ਡਾਂਗਾਂ ਖਾਣੀਆਂ ਪੈਂਦੀਆਂ ਹਨ।ਜੇ ਰਾਜਨੀਤਕ ਪਾਰਟੀਆਂ ਰੈਲੀਆਂ ਕਰਨ,ਰੋਡ ਸ਼ੋਅ ਕੱਢਣ ਤਾਂ ਉਹਨਾਂ ਦਾ ਸੰਵਿਧਾਨਕ ਹੱਕ ਮੰਨਿਆ ਜਾਂਦਾ ਹੈ।ਪਰ ਜੇ ਕੁਝ ਬੇਰੁਜ਼ਗਾਰ ਜਾਂ ਫਿਰ ਕਿਸੇ ਵਿਭਾਗ ਦੇ ਕਰਮਚਾਰੀ ਹੱਕੀ ਮੰਗਾਂ ਲਈ ਅਵਾਜ਼ ਉਠਾ ਦੇਣ ਤਾਂ ਉਹ ਸ਼ਾਂਤੀ ਲਈ ਖ਼ਤਰਾ ਕਹਿ ਕੇ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ।ਉਂਜ ਸੰਵਿਧਾਨ ਤਾਂ ਲੋਕਤੰਤਰ ਵਿੱਚ ਸਾਰੇ ਨਾਗਰਿਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀ ਅਵਾਜ਼ ਪ੍ਰਸ਼ਾਸਨ ਤੱਕ ਪਚਾਉਣ ਦੀ ਆਗਿਆ ਦਿੰਦਾ ਹੈ।ਅਜਿਹੇ ਦੋਹਰੇ ਮਾਪਦੰਡ ਅਕਸਰ ਲੋਕਰਾਜ ਲਈ ਅਸਲੀ ਖ਼ਤਰਾ ਹੁੰਦੇ ਹਨ।ਰਾਜਨੀਤਕ ਲੋਕ ਤਾਂ ਲੱਖਾਂ ਦੀ ਗਿਣਤੀ ਵਿੱਚ ਭੀੜਾਂ ਜਮ੍ਹਾਂ ਕਰ ਲੈਂਦੇ ਹਨ ਪਰ ਆਮ ਲੋਕ ਤਾਂ ਮਸਾਂ ਕੁਝ ਕੁ ਸੌ ਤੱਕ ਹੀ ਮੁਸ਼ਕਲ ਨਾਲ ਇਕੱਠੇ ਹੁੰਦੇ ਹਨ।ਪਰ ਉਹ ਬਰਦਾਸ਼ਤ ਕਰਨੇ ਔਖੇ ਹੋ ਜਾਂਦੇ ਹਨ। ਧਾਰਮਿਕ ਸੁਭਾਅ ਤੇ ਅਮੀਰ ਸੰਸਕ੍ਰਿਤੀ ਵਾਲੇ ਸਾਡੇ ਦੇਸ਼ ਦੇ ਰਾਜਨੀਤਕ ਨੇਤਾਵਾਂ ਨੂੰ ਸਮਾਜ ਦੀਆਂ ਲੋੜਾਂ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਨੈਤਿਕ ਤੌਰ ਤੇ,ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਿਨਾਂ ਮੰਗਣ ਦੇ ਪੂਰੇ ਕਰਨੇ ਚਾਹੀਦੇ ਹਨ।ਆਪਣੇ ਹੀ ਦੇਸ਼ ਵਿਚ ਆਪਣੇ ਹੀ ਚੁਣੇ ਹੋਏ ਪ੍ਰਤੀਨਿਧਾਂ ਕੋਲੋਂ ਕਿਸੇ ਵੀ ਮੰਗ ਲਈ ਮੰਗਣ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ? ” ਪਰ ਉਹ ਵਾਅਦਾ ਹੀ ਕਿਆ ਜੋ ਵਫ਼ਾ ਹੋ ਗਿਆ”।ਜੇ ਲੋਕ ਰਾਜ ਵਿੱਚ ਵੀ ਮੰਗਤੇ ਬਣ ਕੇ ਮੰਗਣਾ ਪਿਆ ਤਾਂ ਰਾਜਾ ਸ਼ਾਹੀ ਤਾਨਾਸ਼ਾਹੀ ਤੇ ਲੋਕਰਾਜ ਵਿੱਚ ਕੀ ਫ਼ਰਕ ਰਿਹਾ? ਸਾਡੀ ਸੰਸਕ੍ਰਿਤੀ ਤਾਂ ਕਹਿੰਦੀ ਹੈ ਕਿ ,” ਮੰਗਣ ਗਿਆ ਸੋ ਮਰ ਗਿਆ,ਮੰਗਣ ਮੂਲ ਨਾ ਜਾਹ”।ਪਰ ਲੋਕਰਾਜ ਵਿੱਚ ਵੀ ਸਰਕਾਰਾਂ ਇੰਜ ਘੇਸਲ ਮਾਰ ਲੈਂਦੀਆਂ ਹਨ ਕਿ ਜਿੰਨਾ ਚਿਰ ਤੱਕ ਲੋਕ ਮੰਗ ਮੰਗ ਕੇ ਦੁਹਾਈ ਨਾ ਦੇਣ ਲੱਗ ਜਾਣ,ਸਰਕਾਰਾਂ ਦੇ ਕੰਨਾਂ ਤੇ ਜੂੰ ਹੀ ਨਹੀਂ ਸਰਕਦੀ?ਸਰਕਾਰਾਂ ਅਜੀਬ ਹੀ ਰਵੱਈਆ ਅਪਣਾ ਲੈਂਦੀਆਂ ਹਨ।ਚਾਰ ਸਾਲ ਤੱਕ ਤਾਂ ਲੋਕਾਂ ਨੂੰ ਰੌਲਾ ਪਾਉਣ ਦੇਂਦੀਆਂ ਹਨ।ਪੰਜਵੇਂ ਸਾਲ ਜਾ ਕੇ ਥੋੜ੍ਹੀ ਬਹੁਤੀ ਭਰਤੀ ਕਰਕੇ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਰਕਾਰ ਲੋਕਾਂ ਦੀਆਂ ਮੰਗਾਂ ਪ੍ਰਤੀ ਸੁਚੇਤ ਹੈ।ਵੈਸੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਪਹਿਲੇ ਸਾਲ ਤੋਂ ਹੀ ਰੋਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਸੀ,ਪਰ ਬੇਰੁਜ਼ਗਾਰੀ ਦਾ ਵੱਡਾ ਪਸਾਰਾ ਹੋਣ ਕਾਰਨ ਲੋਕ ਜ਼ਿਆਦਾ ਸੰਤੁਸ਼ਟ ਨਹੀਂ ਹੋਏ।
ਬਜਟ ਤੇ ਹੋਰ ਵਿੱਤੀ ਪਾਬੰਦੀਆਂ ਭਾਵੇਂ ਸਰਕਾਰ ਲਈ ਕਈ ਮੁਸ਼ਕਲਾਂ ਵੀ ਖੜੀਆਂ ਕਰ ਦੇਂਦੀਆਂ ਹਨ।ਪਰ ਜੇ ਸਰਕਾਰ ਦਾ ਇਰਾਦਾ ਦ੍ਰਿੜ੍ਹ ਹੋਵੇ ਤੇ ਸਾਜ਼ਗਾਰ ਕੰਮ ਕਰਨ ਦੀ ਪ੍ਰਬਲ ਇੱਛਾ ਸ਼ਕਤੀ ਹੋਵੇ ਤਾਂ ਸਭ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ।ਰੋਜ਼ਗਾਰ ਨੌਜਵਾਨ ਵਰਗ ਦੀ ਲੋੜ ਹੁੰਦੀ ਹੈ।ਇਹ ਉਹਨਾਂ ਦੇ ਘਰ ਪਰਿਵਾਰ ਦੇ ਸੁਪਨੇ ਸਾਕਾਰ ਕਰਦਾ ਹੈ ਤੇ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਅੱਗੇ ਤੋਰਦਾ ਹੈ।ਨਾਲ ਦੀ ਨਾਲ ਰੋਜ਼ਗਾਰ ਗ੍ਰਸਤ ਨੌਜਵਾਨ ਭੈੜੀਆਂ ਆਦਤਾਂ ਵਿੱਚ ਫਸਣ ਤੋਂ ਵੀ ਬਚ ਜਾਂਦੇ ਹਨ। “ਵਿਹਲਾ ਮਨ ਤਾਂ ਉਂਜ ਹੀ ਸ਼ੈਤਾਨ ਦਾ ਘਰ” ਹੁੰਦਾ ਹੈ।ਨਸ਼ਿਆਂ ਦੀ ਭੈੜੀ ਆਦਤ ਦੇ ਫੈਲਣ ਦਾ ਇੱਕ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ।ਨੌਕਰੀ ਤੇ ਤਾਇਨਾਤ ਕਰਮਚਾਰੀ ਤਾਂ ਅਨੁਸ਼ਾਸਨ ਦਾ ਪੁੰਜ ਬਣ ਕੇ ਜ਼ਿੰਦਗੀ ਜਿਊਂਦਾ ਹੈ।ਦੂਜੇ ਪਾਸੇ ਵਿਹਲੜ ਲੋਕ ਅਵਾਰਾਗਰਦੀ ਕਰਦੇ ਕਰਦੇ ਭੈੜੀ ਸੰਗਤ ਵਿੱਚ ਮਿਲ ਕੇ ਨਸ਼ੇ,ਜੂਏ ਤੇ ਹੋਰ ਵੀ ਬਦਨਾਮ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹੇ ਲੋਕ ਆਪਣਾ ਅਮਨ ਚੈਨ ਤਾਂ ਭੰਗ ਕਰਦੇ ਹੀ ਹਨ ਸਮਾਜ ਸਿਰ ਵੀ ਬਦਨਾਮੀ ਮੜ੍ਹ ਦੇਂਦੇ ਹਨ।ਭੈੜੀਆਂ ਆਦਤਾਂ ਸਹਿਜੇ ਕੀਤੇ ਸੁਧਰਦੀਆਂ ਨਹੀਂ ਤੇ ਫਿਰ ਬਦ ਨਾਲੋਂ ਬਦਨਾਮ ਬੁਰਾ ,ਵਾਲੀ ਹਾਲਤ ਹਾਨੀਕਾਰਕ ਹੋ ਨਿੱਬੜਦੀ ਹੈ।ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆ ਪੋਰੀਆ ਜੀ। ਸਰਕਾਰ ਨੇ ਹਰ ਸਰਕਾਰੀ ਕਰਮਚਾਰੀ ਲਈ ਰਿਟਾਇਰਮੈਂਟ ਦੀ ਉਮਰ ਹੱਦ ਤਹਿ ਕੀਤੀ ਹੁੰਦੀ ਹੈ। ਕੁਝ ਅਸਾਮੀਆਂ ਲਈ ਇਹ ਹੱਦ 58 ਸਾਲ ਤੇ ਕੁਝ ਲਈ ਸੱਠ ਕੁ ਸਾਲ ਹੈ।ਨਿਆਂਪਾਲਿਕਾ ਵਿੱਚ ਇਹ ਉਮਰ ਹੱਦ 65 ਕੁ ਸਾਲ ਤੱਕ ਵੀ ਜਾ ਪਹੁੰਚਦੀ ਹੈ।
ਪਿਛਲੇ ਅਰਸੇ ਦੌਰਾਨ ਸਰਕਾਰ ਨੇ ਕੁਝ ਕੁ ਵਿਭਾਗਾਂ ਵਿੱਚ ਸੇਵਾ ਨਿਵਿਰਤ ਅਧਿਕਾਰੀਆਂ ਨੂੰ ਮੁੜ ਰੋਜ਼ਗਾਰ ਦੇਣ ਦਾ ਕੰਮ ਸ਼ੁਰੂ ਕੀਤਾ ਸੀ। ਸ਼ੁਰੂ ਵਿੱਚ ਭਾਵੇਂ ਤਜਰਬੇ ਕਾਰ ਸਟਾਫ਼ ਦੀ ਅਣਹੋਂਦ ਜਾਂ ਕੁਝ ਹੋਰ ਪ੍ਰਬੰਧਕੀ ਕਾਰਨਾਂ ਕਰਕੇ ਅਜਿਹਾ ਅਮਲ ਸ਼ੁਰੂ ਕੀਤਾ ਗਿਆ ਹੋਵੇ ਪਰ ਜਿਵੇਂ ਜਿਵੇਂ ਹੁਣ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ,ਸਰਕਾਰ ਨੂੰ ਆਪਣੇ ਮੁੜ ਰੋਜ਼ਗਾਰ ਵਾਲੇ ਫ਼ੈਸਲੇ ਤੇ ਮੁੜ ਗ਼ੌਰ ਕਰਨੀ ਚਾਹੀਦੀ ਹੈ।ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਵਾਲੇ ਫੋਰਮ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਸੁਸ਼ੋਭਿਤ ਹਨ।ਪਰ ਉਹਨਾਂ ਵਿੱਚ ਅਧਿਕਾਰੀਆਂ ਨੂੰ ਸੇਵਾ ਨਵਿਰਤੀ ਤੋਂ ਬਾਦ ਮੁੜ ਰੋਜ਼ਗਾਰ ਦਿੱਤਾ ਜਾਂਦਾ ਹੈ।ਇਹ ਬੇਰੁਜ਼ਗਾਰ ਨੌਜਵਾਨਾਂ ਨਾਲ ਵੱਡਾ ਧੱਕਾ ਹੈ।ਦੇਸ਼ ਭਰ ਵਿੱਚ ਕਿੰਨੇ ਜ਼ਿਲ੍ਹੇ ਹਨ? ਹਰ ਜ਼ਿਲ੍ਹੇ ਦੇ ਉਪਭੋਗਤਾ ਫੋਰਮ ਵਿੱਚ ਜੇ ਦੋ ਦੋ ਅਧਿਕਾਰੀ ਸੇਵਾ ਨਵਿਰਤੀ ਤੋਂ ਬਾਦ ਤਾਇਨਾਤ ਹਨ, ਤਾਂ ਵੱਡੀ ਗਿਣਤੀ ਬਣ ਜਾਂਦੀ ਹੈ ।ਏਥੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ।ਜੋ ਲੋਕ 60 ਸਾਲ ਦੀ ਲੰਬੀ ਸੇਵਾ ਕਰਕੇ ਸੰਤੁਸ਼ਟ ਨਹੀਂ ਹੋਏ ਹੋਰ ਦੋ ਚਾਰ ਸਾਲ ਨਾਲ ਕਿੰਨਾ ਕੁ ਸੰਤੁਸ਼ਟ ਹੋ ਜਾਣਗੇ?ਨਿਆਂਪਾਲਿਕਾ ਵਿੱਚੋਂ ਸੀਨੀਅਰ ਅਧਿਕਾਰੀ ਅਜਿਹੀਆਂ ਅਸਾਮੀਆਂ ਤੇ ਤਾਇਨਾਤ ਕਰਨ ਨਾਲ ਹੇਠਲਿਆਂ ਨੂੰ ਪਦ ਉੱਨਤ ਕਰਕੇ ਨਵੇਂ ਲੋਕਾਂ ਦੀ ਵਾਰੀ ਵੀ ਆ ਸਕਦੀ ਹੈ। ਹੋਰ ਵੀ ਬਹੁਤ ਸਾਰੇ ਅਜਿਹੇ ਵਿਭਾਗਾਂ ਵਿੱਚ ਜਿਵੇਂ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਵੀ ਅਕਸਰ ਸਰਕਾਰਾਂ ਆਪਣੇ ਪਸੰਦੀ ਦੇ ਅਧਿਕਾਰੀਆਂ ਨੂੰ ਸੇਵਾ ਨਵਿਰਤੀ ਤੋਂ ਬਾਦ ਇਨਾਮ ਵਜੋਂ ਉਤਸ਼ਾਹਿਤ ਕਰਨ ਲਈ ਕਰਦੀਆਂ ਹਨ।ਇੱਕ ਪਾਸੇ ਤਾਂ ਸੰਵਿਧਾਨ ਦੀ ਸਹੁੰ ਚੁੱਕ ਕੇ ਸਭ ਅਫ਼ਸਰ ਤੇ ਨੇਤਾ ਭੇਦ-ਭਾਵ ਨਾ ਕਰਨ ਦਾ ਅਹਿਦ ਲੈਂਦੇ ਹਨ।ਦੂਜੇ ਪਾਸੇ ਇੰਜ ਭਾਈ-ਭਤੀਜਾ ਵਾਦ ਜਾਂ ਯਾਰੀਆਂ ਦੋਸਤੀਆਂ ਨਿਭਾ ਕੇ ਬੇਰੁਜ਼ਗਾਰ ਲੋਕਾਂ ਦਾ ਹੱਕ ਮਾਰਿਆ ਜਾਂਦਾ ਹੈ।ਰਿਟਾਇਰਮੈਂਟ ਭਾਵ ਸੇਵਾ ਨਵਿਰਤੀ ਦੀ ਉਮਰ ਹੱਦ ਏਸੇ ਲਈ ਤਹਿ ਕੀਤੀ ਜਾਂਦੀ ਹੈ ਕਿ ਨਿਸ਼ਚਤ ਉਮਰ ਤੇ ਪਹੁੰਚ ਕੇ ਕਰਮਚਾਰੀ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਤੇ ਥੱਕ ਜਾਂਦਾ ਹੈ। ਥੱਕੇ ਹੋਏ ਨੂੰ ਹੀ ਸੇਵਾ ਤੋਂ ਨਵਿਰਤ ਕੀਤਾ ਜਾਂਦਾ ਹੈ।ਫਿਰ ਅਜਿਹੀਆਂ ਅਸਾਮੀਆਂ ਤੇ ਥੱਕੇ ਹੋਏ ਅਧਿਕਾਰੀ ਕਿਉਂ ਤਾਇਨਾਤ ਕੀਤੇ ਜਾਂਦੇ ਹਨ?ਕੀ ਅਜਿਹੇ ਥਾਂਵਾਂ ਤੇ ਨਿਯੁਕਤੀ ਉਹਨਾਂ ਦੇ ਸਰੀਰ ਨੂੰ ਓਵਰਹਾਲ ਕਰ ਦਿੰਦੀ ਹੈ?ਜਾਂ ਫਿਰ ਤਾਕਤ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਅਰਾਮ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ।ਇਹ ਵੀ ਤਾਂ ਸਰਕਾਰੀ ਫੰਡਾ ਤੇ ਸਾਧਨਾਂ ਦੀ ਦੁਰਵਰਤੋਂ ਹੀ ਹੈ। ਸੇਵਾ ਨਵਿਰਤੀ ਦਾ ਭਾਵ ਕਿਸੇ ਇੱਕ ਲਈ ਨਹੀਂ, ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ।ਨਿਯਮਾਂ ਨਾਲ ਛੇੜਛਾੜ ਵੀ ਤਾਂ ਭ੍ਰਿਸ਼ਟਾਚਾਰ ਹੀ ਹੈ।ਸਮਾਜ ਨੂੰ ਸੁਰਖ਼ਰੂ ਅਤੇ ਨਰੋਇਆ ਰੱਖਣ ਲਈ ਅਜਿਹੇ ਮੌਲਿਕ ਨੁਕਤੇ ਨੈਤਿਕ ਅਧਾਰ ਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ।ਸੇਵਾ ਨਵਿਰਤੀ ਤੋਂ ਬਾਦ ਅਧਿਕਾਰੀ ਜਾਂ ਕਰਮਚਾਰੀ ਆਪਣੀ ਪੈਨਸ਼ਨ ਦਾ ਅਨੰਦ ਲੈਣ,ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਦੂਜਿਆਂ ਨੂੰ ਨਸੀਹਤ ਦੇਣ ਦਾ ਕੰਮ ਕਰਨ।ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਅੱਜਕੱਲ੍ਹ ਅਫ਼ਸਰ ਸ਼ਾਹੀ ਅਮਲੇ ਵਿੱਚੋਂ ਕਾਫ਼ੀ ਲੋਕ ਰਾਜਨੀਤੀ ਵਿੱਚ ਛਲਾਂਗਾਂ ਮਾਰਨ ਲੱਗ ਪਏ ਹਨ।ਇਹ ਵੀ ਤਾਂ ਭ੍ਰਿਸ਼ਟਾਚਾਰ ਦੀ ਹੀ ਵੰਨਗੀ ਹੈ।ਇਹ ਰਵਾਇਤ ਵੀ ਰੋਕਣੀ ਚਾਹੀਦੀ ਹੈ।ਨਾਲ ਹੀ ਰਾਜਨੀਤਕ ਲੋਕਾਂ ਲਈ ਵੀ ਰਿਟਾਇਰਮੈਂਟ ਦੀ ਸਮਾਂ ਸੀਮਾ ਜ਼ਰੂਰ ਤਹਿ ਹੋਣੀ ਚਾਹੀਦੀ ਹੈ।ਜੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨਿਸ਼ਚਤ ਉਮਰ ਤੇ ਪਹੁੰਚ ਕੇ ਥੱਕ ਜਾਂਦੇ ਹਨ ਤੇ ਸੇਵਾ ਨਵਿਰਤ ਕਰ ਦਿੱਤੇ ਜਾਂਦੇ ਹਨ ਤਾਂ ਰਾਜਨੇਤਾ ਕਿਉਂ ਨਹੀਂ ਥੱਕਦੇ?ਇਹ ਵੀ ਤਾਂ ਹੱਡ-ਮਾਸ ਦੇ ਬਣੇ ਹੋਏ ਵਿਅਕਤੀ ਹੀ ਹੁੰਦੇ ਹਨ।ਇਹਨਾਂ ਲਈ ਵੀ ਸੇਵਾ ਨਵਿਰਤੀ ਦੀ ਸਮਾਂ ਸੀਮਾ ਜ਼ਰੂਰੀ ਹੋਣੀ ਚਾਹੀਦੀ ਹੈ।ਸੱਤਾ ਦਾ ਸੁੱਖ ਹੰਢਾਉਣ ਵਾਲੇ ਸਾਰੀ ਉਮਰ ਹੀ ਰਿਟਾਇਰ ਨਹੀਂ ਹੋਣਾ ਚਾਹੁੰਦੇ? ਸਰਕਾਰੀ ਸੇਵਾ ਵਿੱਚ ਆਉਣ ਵਾਲੇ ਖ਼ੁਦ ਵੀ ਪ੍ਰਣ ਕਰਨ ਕਿ ਉਹ ਮੁੜ ਰੋਜ਼ਗਾਰ ਵਾਲੇ ਲਾਲਚ ਵਿੱਚ ਨਹੀਂ ਪੈਣਗੇ।ਸਵਾਰਥ ਦੇ ਲਾਲਚ ਵਾਲਿਆਂ ਨੂੰ ਪਹਿਲਾਂ ਹੀ ਨਿੱਜੀ ਵਪਾਰ ਦਾ ਰਾਹ ਫੜ੍ਹ ਲੈਣਾ ਚਾਹੀਦਾ ਹੈ।ਦੇਸ਼ ਦੀਆਂ ਅਦਾਲਤਾਂ ਵਿੱਚ ਮੁਕੱਦਮਿਆਂ ਦੀ ਭਰਮਾਰ ਹੈ।ਲੱਖਾਂ ਦੀ ਗਿਣਤੀ ਵਿੱਚ ਕੇਸ ਲਮਕਦੇ ਰਹਿੰਦੇ ਹਨ।ਪ੍ਰਾਰਥੀ ਉਮਰ ਵਿਹਾ ਜਾਂਦੇ ਹਨ ਪਰ ਇਨਸਾਫ਼ ਦਾ ਇੰਤਜ਼ਾਰ ਖ਼ਤਮ ਨਹੀਂ ਹੁੰਦਾ।ਪਰ ਸਰਕਾਰੀ ਸੇਵਾ ਨਿਭਾ ਚੁੱਕੇ ਸਰਕਾਰੀ ਵਕੀਲ ਅਤੇ ਅਧਿਕਾਰੀ ਵੀ ਵਕਾਲਤ ਕਰਦੇ ਅਕਸਰ ਨਜ਼ਰ ਆਉਂਦੇ ਹਨ।ਕੀ ਇਹ ਬੇਇਨਸਾਫ਼ੀ ਨਹੀਂ?ਮਨੁੱਖ ਨੂੰ ਸਬਰ, ਸੰਤੋਖ ਤੇ ਸੰਤੁਸ਼ਟੀ ਦੀ ਭਾਵਨਾ ਦੀ ਪਾਲਣਾ ਕਰਨੀ ਚਾਹੀਦੀ ਹੈ।ਉਮਰ ਭਰ ਵੀ ਸੰਤੁਸ਼ਟ ਨਾਂ ਹੋਣ ਵਾਲਿਆਂ ਦੀ ਭਟਕਣਾ ਖ਼ਤਮ ਨਹੀਂ ਹੁੰਦੀ।ਮਨ ਨੂੰ ਤਾਂ ਸੰਤ ਮਹਾਤਮਾ “ਜੋਤਿ ਸਰੂਪ “ਕਹਿੰਦੇ ਹਨ।ਜੇ ਮਨ ਹੀ ਕਾਬੂ ਵਿੱਚ ਨਾ ਆਇਆ,ਵਾਸਨਾ ਖ਼ਤਮ ਹੀ ਨਾ ਹੋਈ ਤਾਂ ਫਿਰ ਜ਼ਿੰਦਗੀ ਜਿਊਣ ਦਾ ਕੀ ਲਾਭ? ਇਸੇ ਲਈ ਤਾਂ ਕਿਹਾ ਜਾਂਦਾ ਹੈ:- ਮਨ ਜੀਤੈ ਜੱਗ ਜੀਤ! ਆਮੀਨ!
ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ: 9316311677