ਪੰਜਾਬ ਦੇਸ਼ ਦੇ ਉਨ੍ਹਾਂ ਨੌਂ ਰਾਜਾਂ ਸ਼ਾਮਿਲ ਹੈ ਜਿਨ੍ਹਾਂ ਵਿੱਚ ਐਤਕੀਂ ਮੌਨਸੂਨ ਦੇ ਮੀਂਹ ਬਹੁਤ ਘੱਟ ਪਏ ਹਨ। ਸੂਬੇ ਵਿੱਚ ਜੂਨ ਮਹੀਨੇ ਦੌਰਾਨ ਮੀਂਹ ਦੀ ਕਮੀ 77 ਫ਼ੀਸਦੀ ਦਰਜ ਕੀਤੀ ਗਈ ਸੀ; ਜੁਲਾਈ ਵਿੱਚ ਇਸ ਸਥਿਤੀ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆ ਸਕਿਆ। ਰਿਪੋਰਟਾਂ ਆਈਆਂ ਹਨ ਕਿ ਗਹਿਰੇ ਸਮੁੰਦਰ ਵਿੱਚ ‘ਲਾ ਨੀਨਾ’ ਵਰਤਾਰੇ ਦੀ ਪੂਰਨਤਾ ਵਿੱਚ ਦੇਰੀ ਹੋਣ ਕਰ ਕੇ ਮੌਨਸੂਨ ਦਾ ਮਿਜ਼ਾਜ ਵਿਗੜ ਗਿਆ ਹੈ ਅਤੇ ਟੁੱਟਵੇਂ ਰੂਪ ਵਿੱਚ ਹੀ ਮੀਂਹ ਪੈ ਰਹੇ ਹਨ। ਸਿਰਫ ਛੇ ਰਾਜਾਂ ਵਿੱਚ ਹੀ ਅਜੇ ਤੱਕ ਔਸਤ ਨਾਲੋਂ ਜਿ਼ਆਦਾ ਮੀਂਹ ਪਏ ਹਨ। ਮਾਹਿਰਾਂ ਦਾ ਖਿਆਲ ਹੈ ਕਿ ‘ਲਾ ਨੀਨਾ’ ਵਰਤਾਰਾ ਬਣਨ ਨਾਲ ਆਉਣ ਵਾਲੇ ਦਿਨਾਂ ਵਿੱਚ ਮੀਂਹਾਂ ਦਾ ਦੌਰ ਤੇਜ਼ ਹੋਣ ਦੀ ਸੰਭਾਵਨਾ ਹੈ।
ਦੇਸ਼ ਦੀ ਖ਼ੁਰਾਕ ਵਿਵਸਥਾ ਮੁੱਖ ਤੌਰ ’ਤੇ ਪੰਜਾਬ ਦੀ ਖੇਤੀਬਾੜੀ ’ਤੇ ਟਿਕੀ ਹੋਈ ਹੈ ਪਰ ਇਸ ਨੂੰ ਦੇਸ਼ ਦਾ ਢਿੱਡ ਭਰਨ ਦੀ ਬਹੁਤ ਵੱਡੀ ਕੀਮਤ ਤਾਰਨੀ ਪੈ ਰਹੀ ਹੈ। ਝੋਨੇ ਦੀ ਫ਼ਸਲ ਨੂੰ ਪਾਲਣ ਲਈ ਬਹੁਤ ਜਿ਼ਆਦਾ ਪਾਣੀ ਦੀ ਲੋੜ ਪੈਂਦੀ ਹੈ ਅਤੇ ਤ੍ਰਾਸਦੀ ਇਹ ਹੈ ਕਿ ਇਸ ਦੀ ਪੂਰਤੀ ਪੰਜਾਬ ਨੂੰ ਜ਼ਮੀਨ ਹੇਠਲਾ ਪਾਣੀ ਕੱਢ ਕੇ ਕਰਨੀ ਪੈ ਰਹੀ ਹੈ। ਨਾਸਾ ਦੀ ਸੰਸਥਾ ‘ਗ੍ਰੈਵਿਟੀ ਰਿਕਵਰੀ ਐਂਡ ਕਲਾਈਮੇਟ ਐਕਸਪੈਰੀਮੈਂਟ’ (ਗਰੇਸ) ਨੇ 2009 ਵਿੱਚ ਪਤਾ ਲਗਾਇਆ ਸੀ ਕਿ ਉੱਤਰੀ ਭਾਰਤ ਵਿੱਚ ਪਿਛਲੇ ਇੱਕ ਦਹਾਕੇ ਤੋਂ ਜ਼ਮੀਨ ਹੇਠਲੇ ਪਾਣੀ ਦੀ ਸਤਹ ਵਿੱਚ ਹਰ ਸਾਲ ਇੱਕ ਫੁੱਟ ਦੀ ਕਮੀ ਆ ਰਹੀ ਹੈ। ਇਸ ਚਿਤਾਵਨੀ ਤੋਂ ਐਨੇ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਸਰਕਾਰ ਵੱਲੋਂ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਨੂੰ ਸੰਭਾਲਣ ਲਈ ਕੋਈ ਠੋਸ ਹੰਭਲਾ ਨਹੀਂ ਮਾਰਿਆ ਗਿਆ ਸਗੋਂ ਇਸ ਅਰਸੇ ਦੌਰਾਨ ਪਾਣੀ ਦੀ ਖ਼ਪਤ ਅਤੇ ਬਰਬਾਦੀ ਵਿੱਚ ਹੋਰ ਤੇਜ਼ੀ ਆਈ ਹੈ।
ਇਸੇ ਦੌਰਾਨ ਇੱਕ ਕੇਂਦਰੀ ਰਿਪੋਰਟ ਮੁਤਾਬਿਕ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਜ਼ਹਿਰੀਲੇ ਅੰਸ਼ ਦੀ ਮਾਤਰਾ ਖ਼ਤਰਨਾਕ ਹੱਦ ਤੱਕ ਹੈ। ਪੰਜਾਬ ਦੇ ਕਈ ਜਿ਼ਲ੍ਹਿਆਂ ਵਿੱਚ ਜ਼ਮੀਨ ਹੇਠਲੇ ਨਾਈਟ੍ਰੇਟ, ਸੰਖੀਆ, ਸਿਲੇਨੀਅਮ, ਕ੍ਰੋਮੀਅਮ, ਮੈਂਗਨੀਜ਼, ਨਿਕਲ, ਕੈਡਮੀਅਮ, ਸ਼ੀਸ਼ਾ ਅਤੇ ਯੂਰੇਨੀਅਮ ਜਿਹੇ ਖ਼ਤਰਨਾਕ ਤੱਤ ਮਿਲੇ ਹਨ। ਇਸ ਕਰ ਕੇ ਅੱਜ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਕੈਂਸਰ, ਪੀਲੀਆ, ਦਮਾ ਅਤੇ ਚਮੜੀ ਦੇ ਰੋਗਾਂ ਦੀ ਲਪੇਟ ਵਿੱਚ ਆ ਗਿਆ ਹੈ। ਕੁਝ ਮਾਹਿਰਾਂ ਦਾ ਖਿਆਲ ਹੈ ਕਿ ਖੇਤੀਬਾੜੀ ਲਈ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਜ਼ਮੀਨ ਹੇਠਲੇ ਪਾਣੀ ਵਿੱਚ ਇਨ੍ਹਾਂ ਜ਼ਹਿਰੀਲੇ ਤੱਤਾਂ ਦੀ ਮਾਤਰਾ ਵਧ ਰਹੀ ਹੈ। ਇਸ ਪੱਖੋਂ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕਰ ਰਹੀਆਂ ਸਨਅਤੀ ਇਕਾਈਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੀਆਂ ਸਨਅਤਾਂ ਜ਼ਹਿਰੀਲਾ ਅਤੇ ਗੰਦਾ ਪਾਣੀ ਰਿਵਰਸ ਬੋਰਿੰਗ ਰਾਹੀਂ ਜ਼ਮੀਨ ਵਿੱਚ ਪਾ ਰਹੀਆਂ ਹਨ ਜਾਂ ਫਿਰ ਲਾਗਿਓਂ ਲੰਘਦੇ ਨਦੀਆਂ ਨਾਲਿਆਂ ਦੇ ਪਾਣੀ ਵਿੱਚ ਸੁੱਟ ਦਿੰਦੀਆਂ ਹਨ। ਜ਼ੀਰਾ ਖੇਤਰ ਦੇ ਪਿੰਡਾਂ ਵਿੱਚ ਜਦੋਂ ਗੰਦਾ ਅਤੇ ਕਾਲਾ ਪਾਣੀ ਬੋਰਾਂ ’ਚੋਂ ਆਉਣ ਲੱਗਿਆ ਸੀ ਤਦ ਪਤਾ ਲੱਗਿਆ ਸੀ ਕਿ ਇਹ ਸਭ ਮਨਸੂਰਵਾਲ ਵਿੱਚ ਲੱਗੀ ਐਥਾਨੋਲ ਫੈਕਟਰੀ ਦਾ ਕੀਤਾ ਕਰਾਇਆ ਸੀ ਜਿਸ ਦੇ ਖਿ਼ਲਾਫ਼ ਲੋਕਾਂ ਨੂੰ ਵੱਡਾ ਸੰਘਰਸ਼ ਲੜਨਾ ਪਿਆ ਸੀ। ਲੁਧਿਆਣਾ ’ਚ ਕਈ ਤਰ੍ਹਾਂ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਅਤੇ ਰਹਿੰਦ-ਖੂੰਹਦ ਨੇ ਬੁੱਢੇ ਦਰਿਆ ਦੇ ਪਾਣੀ ਦਾ ਰੰਗ ਬਦਲ ਦਿੱਤਾ ਹੈ ਅਤੇ ਹੁਣ ਉਸ ਦਾ ਅਸਰ ਦੂਰ ਤੱਕ ਹੋਣ ਲੱਗਾ ਹੈ। ਪੰਜਾਬ ਹੁਣ ਇਸ ਮਾਮਲੇ ਨੂੰ ਹੋਰ ਅੱਖੋਂ-ਪਰੋਖੇ ਨਹੀਂ ਕਰ ਸਕਦਾ ਸਗੋਂ ਇਸ ਦਾ ਢੁਕਵਾਂ ਹੱਲ ਲੱਭਣਾ ਹੀ ਪੈਣਾ ਹੈ।