ਨੈਸ਼ਨਲ ਬੈਂਕਾਂ ‘ਚ ਕਲਰਕ ਦੀਆਂ 6,000 ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ

ਬੈਂਕਾਂ ‘ਚ ਸਰਕਾਰੀ ਨੌਕਰੀ ਦੀ ਮੰਗ ਕਰਨ ਵਾਲੇ ਤੇ ਬੈਂਕ ਕਲਰਕ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਲੱਖਾਂ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਵੱਲੋਂ ਦੇਸ਼ ਭਰ ਦੇ ਵੱਖ-ਵੱਖ ਰਾਸ਼ਟਰੀਕ੍ਰਿਤ ਬੈਂਕਾਂ ‘ਚ ਕਲਰਕ ਕਾਡਰ ਦੀਆਂ ਖਾਲੀ ਅਸਾਮੀਆਂ ਲਈ ਸਿੱਧੀ ਭਰਤੀ ਲਈ ਹਰ ਸਾਲ ਕਰਵਾਈ ਜਾਂਦੀ ਕਲਰਕ ਪ੍ਰੀਖਿਆ ਦੇ ਇਸ ਸਾਲ ਦੇ ਐਡੀਸ਼ਨ (CRP Clerks XIV) ਲਈ ਨੋਟੀਫਿਕੇਸ਼ਨ (IBPS Clerk Notification 2024) ਅੱਜ ਭਾਵ ਸੋਮਵਾਰ, 1 ਜੁਲਾਈ ਨੂੰ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਅਨੁਸਾਰ ਇਸ ਵਾਰ ਦੀ ਪ੍ਰੀਖਿਆ ਜ਼ਰੀਏ ਨੈਸ਼ਨਲ ਬੈਂਕਾਂ ‘ਚ 6 ਹਜ਼ਾਰ ਤੋਂ ਜ਼ਿਆਦਾ ਕਲਰਕਾਂ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ।

ਇੰਸਟੀਚਿਊਟ ਵੱਲੋਂ ਜਾਰੀ ਕੀਤੇ ਗਏ ਸੰਕੇਤਕ ਇਸ਼ਤਿਹਾਰ ਅਨੁਸਾਰ, IBPS Clerk Exam 2024 (CRP Clerks XIV) ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਅਰਜ਼ੀ ਪ੍ਰਕਿਰਿਆ (IBPS Clerk Application 2024) ਵੀ ਅੱਜ ਤੋਂ ਹੀ ਸ਼ੁਰੂ ਹੋ ਜਾਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਕਲਰਕ ਭਰਤੀ ਲਈ ਯੋਗ ਹਨ, 21 ਜੁਲਾਈ ਦੀ ਆਖਰੀ ਮਿਤੀ ਤਕ ਆਨਲਾਈਨ ਮੋਡ ਰਾਹੀਂ ਅਰਜ਼ੀ ਦੇ ਸਕਦੇ ਹਨ।ਇਸ ਤੋਂ ਬਾਅਦ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਪ੍ਰੀ-ਪ੍ਰੀਖਿਆ ਟ੍ਰੇਨਿੰਗ 12 ਤੋਂ 17 ਅਗਸਤ ਤਕ ਕਰਵਾਈ ਜਾਣੀ ਹੈ।

ਫਿਰ ਮੁਢਲੀ ਪ੍ਰੀਖਿਆ ਅਗਸਤ ‘ਚ ਹੋਵੇਗੀ ਤੇ ਨਤੀਜੇ ਸਤੰਬਰ ‘ਚ ਐਲਾਨੇ ਜਾਣਗੇ। ਅਕਤੂਬਰ ਮਹੀਨੇ ਦੌਰਾਨ ਇਸ ਵਿਚ ਸਫਲ ਐਲਾਨੇ ਗਏ ਉਮੀਦਵਾਰਾਂ ਲਈ ਮੁੱਖ ਪ੍ਰੀਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਭਰਤੀ ਪ੍ਰਕਿਰਿਆ ਵਿੱਚ ਕੋਈ ਇੰਟਰਵਿਊ/ਸ਼ਖਸੀਅਤ ਟੈਸਟ ਨਹੀਂ ਹੁੰਦਾ। IBPS ਵੱਲੋਂ ਜਾਰੀ ਕੀਤੇ ਪਿਛਲੇ ਨੋਟੀਫਿਕੇਸ਼ਨਾਂ ਅਨੁਸਾਰ, ਕਲਰਕ ਪ੍ਰੀਖਿਆ 2024 (CRP Clerks XIV) ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ‘ਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ ਨਿਰਧਾਰਿਤ ਕੱਟ-ਆਫ ਮਿਤੀ ‘ਤੇ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਆਂ ਸ਼੍ਰੇਣੀਆਂ (SC, ST, OBC, ਆਦਿ) ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਹੱਦ ‘ਚ ਛੋਟ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ IBPS ਨੇ ਹਾਲ ਹੀ ‘ਚ 7 ​​ਤੋਂ 30 ਜੂਨ ਤਕ ਦੇਸ਼ ਭਰ ਦੇ ਖੇਤਰੀ ਗ੍ਰਾਮੀਣ ਬੈਂਕਾਂ (RRBs) ‘ਚ ਆਫਿਸ ਅਸਿਸਟੈਂਟ ਅਤੇ ਅਫਸਰ (ਸਕੇਲ 1, 2 ਅਤੇ 3) ਦੀਆਂ 9500 ਤੋਂ ਵੱਧ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਦਾ ਆਯੋਜਨ ਕੀਤਾ ਸੀ। ਇਹ ਭਰਤੀ ਹਰ ਸਾਲ IBPS ਵੱਲੋਂ ਕੀਤੀ ਜਾਂਦੀ ਹੈ। ਇਸ ਸਾਲ ਇਹ ਭਰਤੀ 6 ਹਜ਼ਾਰ ਤੋਂ ਵੱਧ ਅਸਾਮੀਆਂ ਨੂੰ ਭਰਨ ਲਈ ਕੀਤੀ ਗਈ ਹੈ। ਸਾਲ 2019 ਤੋਂ 2024 ਲਈ ਭਰਤੀ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ-

ਸਾਲ 2024: 6128 ਪੋਸਟਾਂ

ਸਾਲ 2023: 4545 ਪੋਸਟਾਂ

ਸਾਲ 2022: 6035 ਪੋਸਟਾਂ

ਸਾਲ 2021: 7855 ਪੋਸਟਾਂ

ਸਾਲ 2020: 2557 ਅਸਾਮੀਆਂ

ਸਾਲ 2019: 12075 ਅਸਾਮੀਆਂ

ਸਾਂਝਾ ਕਰੋ