ਜਿੱਤ ਨਾਲ ਕੁਆਰਟਰ ਫਾਈਨਲ ’ਚ ਪੁੱਜਾ ਅਰਜਨਟੀਨਾ

ਲਾਓਤਾਰੋ ਮਾਰਟੀਨੇਜ ਨੇ 88ਵੇਂ ਮਿੰਟ ’ਚ ਰੀਬਾਊਂਡ ’ਤੇ ਗੋਲ ਕੀਤਾ, ਜਿਸ ਨਾਲ ਸਾਬਕਾ ਚੈਂਪੀਅਨ ਅਰਜਨਟੀਨਾ ਨੇ ਚਿਲੀ ’ਤੇ 1-0 ਨਾਲ ਜਿੱਤ ਨਾਲ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਆਪਣੀ ਥਾਂ ਪੱਕੀ ਕੀਤੀ। ਦਿੱਗਜ ਖਿਡਾਰੀ ਲਿਓਨ ਮੇਸੀ ਦੀ ਕਾਰਨਰ ਕਿੱਕ ’ਤੇ ਲਗਾਏ ਸ਼ਾਟ ਨੂੰ ਚਿਲੀ ਦੇ ਗੋਲਕੀਪਰ ਕਲਾਡੀਓ ਬ੍ਰਾਵੋ ਨੇ ਰੋਕ ਦਿੱਤਾ ਪਰ ਰੀਬਾਊਂਡ ਹੋ ਕੇ ਆਈ ਗੇਂਦ ਨੂੰ ਮਾਰਟੀਨੇਜ ਨੇ ਗੋਲ ’ਚ ਪਹੁੰਚ ਕੇ ਟੂਰਨਾਮੈਂਟ ਦਾ ਆਪਣਾ ਦੂਜਾ ਗੋਲ ਕੀਤਾ।ਖਿਡਾਰੀ ਖੜ੍ਹੇ ਹੋ ਕੇ ਤਿੰਨ ਮਿੰਟ ਤੱਕ ਉਡੀਕ ਕਰਦੇ ਰਹੇ, ਜਿਸ ਤੋਂ ਬਾਅਦ ਵੀਡੀਓ ਸਮੀਖਿਆ ’ਚ ਗੋਲ ਦੀ ਪੁਸ਼ਟੀ ਹੋਈ। ਮਾਰਟੀਨੇਜ ਦਾ ਰਾਸ਼ਟਰੀ ਟੀਮ ਲਈ ਇਹ 26ਵਾਂ ਗੋਲ ਹੈ। ਅਰਜਨਟੀਨਾ ਛੇ ਅੰਕਾਂ ਨਾਲ ਗਰੁੱਪ ਏ ’ਚ ਸਭ ਤੋਂ ਅੱਗੇ ਹੈ। ਕੈਨੇਡਾ ਤਿੰਨ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਚਿਲੀ ਤੇ ਪੇਰੂ ਦੇ ਇਕ-ਇਕ ਅੰਕ ਹਨ। ਅਰਜਨਟੀਨਾ ਦੀ ਟੀਮ ਸ਼ਨਿੱਚਰਵਾਰ ਨੂੰ ਫਲੋਰੀਡਾ ਦੇ ਮਿਆਮੀ ਗਾਰਡੈਂਸ ’ਚ ਪੇਰੂ ਵਿਰੁੱਧ ਆਪਣਾ ਆਖਰੀ ਗਰੁੱਪ ਮੈਚ ਖੇਡੇਗੀ।

ਜੋਨਾਥਨ ਡੇਵਿਡ ਦੇ 47ਵੇਂ ਮਿੰਟ ’ਚ ਕੀਤੇ ਗਏ ਗੋਲ ਦੀ ਮਦਦ ਨਾਲ ਕੈਨੇਡਾ ਨੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ’ਚ ਪੇਰੂ ਨੂੰ 1-0 ਨਾਲ ਹਰਾ ਦਿੱਤਾ। ਕੈਨੇਡਾ ਦੀ 24 ਸਾਲਾਂ ’ਚ ਆਪਣੇ ਦੱਖਣੀ ਅਮਰੀਕੀ ਮੁਕਾਬਲੇਬਾਜ਼ ਵਿਰੁੱਧ ਇਹ ਪਹਿਲੀ ਜਿੱਤ ਹੈ। ਜੈਕਬ ਸ਼ੈਫੇਲਬਰਗ ਵਿਰੁੱਧ ਟੈਕਲ ਲਈ ਮਿਗੁਏਲ ਅਰਾਊਜ਼ੋ ਨੂੰ ਲਾਲ ਕਾਰਡ ਦਿਖਾਏ ਜਾਣ ਕਾਰਨ ਪੇਰੂ ਨੂੰ 59ਵੇਂ ਮਿੰਟ ਤੋਂ ਬਾਅਦ ਇਕ ਖਿਡਾਰੀ ਦੇ ਬਿਨਾਂ ਖੇਡਣਾ ਪਿਆ। ਇਹ ਫੈਸਲਾ ਵੀਡੀਓ ਸਮੀਖਿਆ ਤੋਂ ਬਾਅਦ ਲਿਆ ਗਿਆ। ਕੈਨੇਡਾ ਨੇ ਪਿਛਲੇ ਮਹੀਨੇ ਕੋਚ ਵਜੋਂ ਨਿਯੁਕਤ ਅਮਰੀਕੀ ਜੇਸੀ ਮਾਰਸ਼ ਦੀ ਅਗਵਾਈ ’ਚ ਚਾਰ ਮੈਚਾਂ ’ਚ ਪਹਿਲੀ ਜਿੱਤ ਦਰਜ ਕੀਤੀ। ਡੇਵਿਡ ਦਾ ਇਹ ਕੈਨੇਡਾ ਲਈ 27ਵਾਂ ਗੋਲ ਹੈ। ਇਸ ਗੋਲ ਨਾਲ ਰਾਸ਼ਟਰੀ ਟੀਮ ਨੇ 391 ਮਿੰਟ ਦੇ ਗੋਲ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ। ਖੇਡ ਨੂੰ ਪਹਿਲੇ ਅੱਧ ਦੇ ਇੰਜਰੀ ਟਾਈਮ ’ਚ ਰੋਕਣਾ ਪਿਆ ਜਦੋਂ ਸਟੇਡੀਅਮ ਦੇ ਗੈਰਢੱਕੇ ਹਿੱਸੇ ’ਤੇ ਦੌੜ ਰਹੇ ਇਕ ਸਹਾਇਕ ਰੈਫਰੀ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਸਟ੍ਰੈਚਰ ’ਤੇ ਮੈਦਾਨ ਤੋਂ ਬਾਹਰ ਲਿਜਾਣਾ ਪਿਆ।

ਵੈਨੇਜ਼ੁਏਲਾ ਬਨਾਮ ਮੈਕਸੀਕੋ

ਸਮਾਂ : ਸਵੇਰੇ 6.30 ਵਜੇ

ਸਥਾਨ : ਕੈਲੀਫੋਰਨੀਆ

ਪਨਾਮਾ ਬਨਾਮ ਅਮਰੀਕਾ

ਸਮਾਂ : ਰਾਤ 3.30 ਵਜੇ

ਸਥਾਨ : ਜਾਰਜੀਆ

ਸਾਂਝਾ ਕਰੋ