ਓਪਰੇਸ਼ਨ ਲੋਟਸ ਤਹਿਤ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਭਾਜਪਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ‘ਓਪਰੇਸ਼ਨ ਲੋਟਸ’ ਤਹਿਤ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਸ ਮਗਰੋਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਤਾਂ ਅਸੀਂ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਚਲਾ ਲੈਂਦੇ ਹਾਂ। ਮੀਡੀਆ ਨਾਲ ਗੱਲ ਕਰਦਿਆਂ ਸਰਨਾ ਨੇ ਕਿਹਾ ਕਿ, “ਮੈਂ ਇਕ ਲਿਖਤੀ ਬਿਆਨ ਦਿਤਾ ਹੈ। ਭਾਜਪਾ ਮੇਰੇ ਵਿਰੁਧ ਜੋ ਚਾਹੇ ਕਾਰਵਾਈ ਕਰ ਸਕਦੀ ਹੈ… ਜੇਕਰ ਉਸ (ਭਾਜਪਾ) ਨੂੰ ਲੱਗਦਾ ਹੈ ਕਿ ਇਹ ਝੂਠਾ ਇਲਜ਼ਾਮ ਹੈ, ਤਾਂ ਮੈਂ ਸਾਬਤ ਕਰਾਂਗਾ ਕਿ ਇਹ ਆਪਰੇਸ਼ਨ ਲੋਟਸ ਹੈ… ਭਾਜਪਾ ਸਾਰੀਆਂ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਅਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ…”।

ਸਰਨਾ ਦੇ ਇਲਜ਼ਾਮਾਂ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਦਾ ਇਕ ਸੰਸਦ ਮੈਂਬਰ ਹੈ, ਅਸੀਂ ਇਨ੍ਹਾਂ ’ਤੇ ‘ਓਪਰੇਸ਼ਨ ਲੋਟਸ’ ਕਿਉਂ ਚਲਾਵਾਂਗੇ? ਜੇ ਸੁਖਬੀਰ ਬਾਦਲ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਤਾਂ ਮੋਦੀ ਜੀ ਤੇ ਨੱਡਾ ਜੀ ਨਾਲ ਗੱਲ ਕਰ ਲੈਣ, ਅਸੀਂ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਚਲਾ ਲੈਂਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਸੁੱਖ ਵਿਲਾਸ ਵਿਚ ਬੰਟੀ ਰੋਮਾਣਾ ਨੂੰ ਪੱਕੀ ਤਨਖਾਹ ਮਿਲ ਰਹੀ ਹੈ।m ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ ਵਰਗੇ ਸੀਨੀਅਰ ਆਗੂਆਂ ਨੂੰ ਅਪਮਾਨਿਤ ਕੀਤਾ ਗਿਆ। ਇਨ੍ਹਾਂ ਨੇ ਪੰਜਾਬ ਦੀ ਪੰਥਕ ਪਾਰਟੀ ਦਾ ਬੁਰਾ ਹਾਲ ਕਰ ਦਿਤਾ ਹੈ।

ਸਾਂਝਾ ਕਰੋ