ਲੰਬੇ ਸਮੇਂ ਬਾਅਦ ਹੁਣ ਜਦੋਂ ਬਾਰਿਸ਼ ਸ਼ੁਰੂ ਹੋਈ ਤਾਂ ਪ੍ਰਸ਼ਾਸਨ ਦੀ ਪੋਲ ਖੁੱਲ੍ਹਣ ਲੱਗੀ ਹੈ। ਇਸ ਵਾਰ ਭਿਅੰਕਰ ਗਰਮੀ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਕਿਸਾਨਾਂ ਨੂੰ ਵੀ ਝੋਨੇ ਦੀ ਲੁਆਈ ਵੇਲੇ ਮੁਸ਼ਕਲਾਂ ਪੇਸ਼ ਆਈਆਂ। ਹਾਲਾਂਕਿ ਸਰਕਾਰ ਵੱਲੋਂ ਝੋਨੇ ਦੀ ਲੁਆਈ ਲਈ ਸਿੰਚਾਈ ਵਾਸਤੇ ਬਿਜਲੀ ਦੇ ਕਾਫ਼ੀ ਪ੍ਰਬੰਧ ਕੀਤੇ ਗਏ ਸਨ ਪਰ ਬਾਰਿਸ਼ ਨਾ ਹੋਣ ਕਾਰਨ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਰਿਕਾਰਡ ਤੋੜ ਹੋ ਗਈ। ਪ੍ਰੀ-ਮੌਨਸੂਨ ਦੀ ਬਾਰਿਸ਼ ਨੇ ਹੀ ਸਾਬਿਤ ਕਰ ਦਿੱਤਾ ਕਿ ਪ੍ਰਸ਼ਾਸਨ ਇਸ ਦੇ ਲਈ ਤਿਆਰ ਨਹੀਂ ਹੈ।
ਥਾਂ-ਥਾਂ ਪਾਣੀ ਇਕੱਠਾ ਹੋ ਗਿਆ। ਸਭ ਤੋਂ ਜ਼ਿਆਦਾ ਮਾੜੀ ਹਾਲਤ ਤਾਂ ਲੁਧਿਆਣਾ ਦੀ ਰਹੀ ਜਿੱਥੇ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਆਸਪਾਸ ਦੇ ਘਰਾਂ ’ਚ ਵੜ ਗਿਆ। ਇਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਵੀ ਹੋ ਗਈ। ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਵੀ ਸੀ ਕਿ ਆਉਣ ਵਾਲੇ ਦਿਨਾਂ ’ਚ ਬਾਰਿਸ਼ ਆਉਣ ਵਾਲੀ ਹੈ ਪਰ ਇਸ ਦੇ ਲਈ ਇੰਤਜ਼ਾਮ ਨਹੀਂ ਕੀਤੇ ਗਏ। ਪਹਿਲਾਂ ਵੀ ਜਦੋਂ ਮੌਨਸੂਨ ਨਜ਼ਦੀਕ ਆਉਂਦਾ ਹੈ ਤਾਂ ਪ੍ਰਸ਼ਾਸਨ ਇੰਤਜ਼ਾਮ ਕਰਨੇ ਸ਼ੁਰੂ ਕਰਦਾ ਹੈ ਭਾਵੇਂ ਨਗਰ ਨਿਗਮ ਹੋਵੇ ਜਾਂ ਸੀਵਰੇਜ ਬੋਰਡ ਜਾਂ ਫਿਰ ਕੋਈ ਹੋਰ ਵਿਭਾਗ ਪਰ ਉਦੋਂ ਤੱਕ ਸਥਿਤੀ ਖ਼ਰਾਬ ਹੋ ਚੁੱਕੀ ਹੁੰਦੀ ਹੈ ਤੇ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ। ਜਲੰਧਰ ਵਿਚ ਤਾਂ ਸੀਵਰੇਜ ਬੋਰਡ ਨੇ ਹੁਣ ਸੜਕਾਂ ਦੀ ਖੁਦਾਈ ਕਰ ਕੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਹੈ।
ਅਜਿਹੇ ਸਮੇਂ ਖੁਦਾਈ ਦਾ ਕੰਮ ਇੰਨਾ ਖ਼ਤਰਨਾਕ ਹੈ ਕਿ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ ਕਿਉਂਕਿ ਜਦੋਂ ਕੋਈ ਬਾਹਰਲਾ ਵਿਅਕਤੀ ਆਏਗਾ ਤਾਂ ਉਸ ਨੂੰ ਪਾਣੀ ’ਚ ਪਏ ਟੋਏ ਦਾ ਪਤਾ ਨਹੀਂ ਲੱਗੇਗਾ ਤੇ ਵੱਡਾ ਹਾਦਸਾ ਵਾਪਰ ਸਕਦਾ ਹੈ। ਅਗਲੇ ਦਿਨਾਂ ’ਚ ਸਕੂਲ ਖੁੱਲ੍ਹ ਜਾਣਗੇ ਤੇ ਵੈਸੇ ਵੀ ਸੜਕਾਂ ’ਤੇ ਭੀੜ ਵਧ ਜਾਏਗੀ। ਇਸ ਹਾਲਤ ’ਚ ਜਾਮ ਲੱਗਣ ਦਾ ਵੀ ਖ਼ਦਸ਼ਾ ਰਹੇਗਾ। ਜਦੋਂ ਬਾਰਿਸ਼ ਦਾ ਪਾਣੀ ਸੜਕਾਂ ’ਤੇ ਇਕੱਠਾ ਹੁੰਦਾ ਹੈ ਤਾਂ ਸੜਕਾਂ ਟੁੱਟਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਪੰਜਾਬ ਦੀ ਖੇਤੀ ਮੁੱਖ ਤੌਰ ’ਤੇ ਬਾਰਿਸ਼ ’ਤੇ ਨਿਰਭਰ ਕਰਦੀ ਹੈ। ਜੇਕਰ ਚੰਗੀ ਬਾਰਿਸ਼ ਹੋਏ ਤਾਂ ਪੈਦਾਵਾਰ ਚੰਗੀ ਹੋ ਜਾਂਦੀ ਹੈ ਪਰ ਜੇਕਰ ਘੱਟ ਬਾਰਿਸ਼ ਹੋਵੇ ਤਾਂ ਕਿਸਾਨਾਂ ਨੂੰ ਸੋਕੇ ਦੀ ਮਾਰ ਝੱਲਣੀ ਪੈਂਦੀ ਹੈ। ਮੌਨਸੂਨ ਦਾ ਸੀਜ਼ਨ ਪ੍ਰਸ਼ਾਸਨ ਲਈ ਪ੍ਰੀਖਿਆ ਦੀ ਘੜੀ ਹੁੰਦਾ ਹੈ ਕਿਉਂਕਿ ਇਸ ਦੌਰਾਨ ਇਕ ਪਾਸੇ ਸੜਕਾਂ ’ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਹੁੰਦੀ ਹੈ, ਦੂਜੇ ਪਾਸੇ ਹੜ੍ਹਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਤੀਜਾ, ਇਸ ਦੌਰਾਨ ਇਮਾਰਤਾਂ ਦੇ ਵੀ ਡਿੱਗਣ ਦਾ ਖ਼ਤਰਾ ਹੁੰਦਾ ਹੈ। ਇਨ੍ਹਾਂ ਸਾਰੀਆਂ ਚੁਣੌਤੀਆਂ ਨਾਲ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਦੀ ਲੋੜ ਹੁੰਦੀ ਹੈ।
ਇਕ ਪਾਸੇ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਉੱਥੇ ਪ੍ਰਸ਼ਾਸਨ ਇਸ ਮੌਕੇ ਦਾ ਪੂਰਾ ਫ਼ਾਇਦਾ ਵੀ ਚੁੱਕ ਸਕਦਾ ਹੈ ਕਿਉਂਕਿ ਪੰਜਾਬ ’ਚ ਹਾਲੇ ਤੱਕ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਗੂ ਨਹੀਂ ਹੈ। ਜੇਕਰ ਸੜਕਾਂ ’ਤੇ ਇਕੱਠਾ ਹੋਇਆ ਪਾਣੀ ਜ਼ਮੀਨ ਹੇਠਾਂ ਛੱਡ ਦਿੱਤਾ ਜਾਵੇ ਤਾਂ ਇਸ ਦਾ ਅਸੀਂ ਪੂਰਾ ਫ਼ਾਇਦਾ ਉਠਾ ਸਕਦੇ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਫ਼ਾਇਦਾ ਕਰ ਸਕਦੇ ਹਾਂ। ਇਸ ਨਾਲ ਜਿੱਥੇ ਸੜਕਾਂ ’ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਉੱਥੇ ਇਸ ਦੀ ਸਹੀ ਵਰਤੋਂ ਵੀ ਹੋ ਸਕੇਗੀ। ਫ਼ਿਲਹਾਲ ਜਿਹੜਾ ਵੀ ਸਮਾਂ ਬਚਿਆ ਹੈ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਦੌਰਾਨ ਪਾਣੀ ਦੀ ਨਿਕਾਸੀ ਦੇ ਪੂਰੇ ਪ੍ਰਬੰਧ ਕਰ ਲਵੇ ਤਾਂ ਜੋ ਪਾਣੀ ਇਕੱਠਾ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕੇ।