ਕਹਾਣੀ ੫ ਅੱਥਰੀ/ਜਨਮੇਜਾ ਸਿੰਘ ਜੌਹਲ

ਅਚਾਨਕ ਹੀ ਸੜਕ ਤੇ ਵਿਪਨ ਸਾਇਕਲ ਮੂਹਰੇ ਆ ਗਿਆ। ਮਸੀਂ ਬਰੇਕ ਲੱਗੀ ।
– ਯਾਰ , ਆਪਾਂ ਸ਼ਮੀਰੋ ਦੇ ਘਰ ਜਾਣਾ , ਉਹਦੇ ਬਾਪੂ ਨੂੰ ਸ਼ਕੈਤ ਕਰਨੀ ਹੈ ।
– ਕਾਹਦੀ ਸ਼ਕੈਤ?
– ਯਾਰ ਆ ਹਾਕੀ ਆਲੀ ਸ਼ਮੀਰੋ ਦੀ , ਇਹ ਤਾਂ ਗਾਹਲਾਂ ਬਹੁਤ ਕੱਢਦੀ ਆ , ਮੈਨੂੰ ਤਾਂ ਇਹਨੇ ਹਾਕੀ ਨਾਲ ਭੰਨ ਦੇਣਾ ਸੀ , ਜੇ ਨਾ ਭੱਜਦਾ ।
– ਤੂੰ ਭਰਿੰਡ ਜਰੂਰ ਛੇੜੀ ਹੋਣੀ ?
– ਲੈ ਇੰਨਾਂ ਕੁ ਤਾਂ ਚੱਲਦਾ, ਕਾਲਜ ਚ।
– ਹੁਣ ਐਂ ਕਰ, ਚੁੱਪ ਕਰਕੇ ਹੋਸਟਲ ਚੱਲੇ ਜਾ, ਅੱਜ ਹੱਡ ਬਚ ਗਏ ਤੇਰੇ ।
ਸ਼ਮੀਰੋ ਨਾਲ ਸਾਲਾਨਾ ਖੇਡ ਮੇਲੇ ਤੇ ਵਾਕਫੀ ਹੋਈ ਸੀ, ਜਦੋਂ ਉਸਦੀ ਇਕ ਜਿੱਤ ਵੇਲੇ ਵਧਾਈ ਦਿੱਤੀ ਸੀ । ਕਦੇ ਕਦੇ ਰਾਹ ਖਣੇ ਮੁਸਕਰਾਹਟ ਸਾਂਝੀ ਹੋ ਜਾਣੀ । ਸ਼ਮੀਰੋ ਸੋਹਣੀ ਹੋਣ ਕਰਕੇ ਕੁੜੀਆਂ ਦੀ ਲੀਡਰ ਸੀ । ਇਕ ਵਾਰ ਉਸਦੀ ਗਰਮ ਚਾਹ ਕੰਨਟੀਨ ਵਿਚ ਡੁੱਲ ਗਈ । ਵਾਲ ਵਾਲ ਬਚੇ। ਉਸ ਦਿਨ ਤੋਂ ਬਾਅਦ ਹਾਏ ਹੈਲੋ ਵੱਧ ਗਈ । ਕਈ ਵਾਰੀ ਇਕੱਠੇ ਚਾਹ ਪੀਣ ਬੈਠ ਜਾਣਾ । ਪੜ੍ਹਾਈ ਦੀਆਂ, ਕੈਰੀਅਰ ਦੇ ਸੁਪਨੇ ਦੀਆਂ , ਫਿਲਮਾਂ ਦੀਆਂ ਤੇ ਕਦੇ ਕਦੇ ਕਾਲਜ ਵਿਚ ਬਣੀਆਂ ਜੋੜੀਆਂ ਦੀਆਂ ਗੱਲਾਂ ਕਰਨੀਆਂ । ਜਿਸਨੇ ਵੀ ਬੈਠੇ ਦੇਖਣਾ ਬੜੇ ਹੈਰਾਨ ਹੋਣਾ , ਕਿਉਂਕੇ ਸ਼ਮੀਰੋ ਦੇ ਅਥਰੇ ਸੁਭਾਅ ਤੋਂ ਸਭ ਵਾਕਫ ਸਨ। ਇਕ ਦੋ ਮੁੰਡਿਆਂ ਦੀ ਤਾਂ ਉਹ ਮੁਰੰਮਤ ਵੀ ਕਰ ਚੁੱਕੀ ਸੀ , ਜਿਸ ਕਰਕੇ ਡੀਨ ਆਫਿਸ ਵਿਚ ਹਾਲੇ ਵੀ ਪੇਸ਼ੀਆਂ ਪੈਂਦੀਆਂ ਸਨ । ਕਾਲਜ ਦੀਆਂ ਬਾਕੀ ਕੁੜੀਆਂ ਵੀ ਹੱਸਣ ਖੇਡਣ ਲੱਗ ਪਈਆਂ । ਕਿਸੇ ਕਿਸੇ ਨੇ ਕਹਿ ਵੀ ਦੇਣਾ ਕਿ ਫਲਾਣੇ ਨਾਲ ਗੱਲ ਕਰਵਾ ਦਿਓ। ਪਰ ਇਹ ਔਖਾ ਕੰਮ ਕਦੇ ਨਾ ਕੀਤਾ ।
ਕਾਲਜ ਦਾ ਆਖਰੀ ਸਾਲ ਸੀ । ਇਕ ਦਿਨ ਸ਼ਮੀਰੋ ਕਹਿੰਦੀ ਕਿ
-ਇਕ ਗੱਲ ਦੱਸਣੀ ਹੈ।
-ਦੱਸ
ਅੰਦਰੋ ਧੂੜਕੇ ਲੱਗਾ ਕੇ ਕਿਤੇ ਓਹੀ ਗੱਲ ਨਾ ਹੋਵੇ ।
– ਤੁਸੀਂ ਦੀਪੀ ਨੂੰ ਜਾਣਦੇ ਹੋ ਨਾ, ਤੁਹਾਡਾ ਅੱਛਾ ਦੋਸਤ ਹੈ ।
– ਹਾਂ ਦੱਸਵੀਂ ਤੋਂ ਜਾਣਦਾਂ। ਕੀ ਹੋਇਆ ਉਹਨੂੰ ?
– ਮੈਨੂੰ ਚੰਗਾ ਲੱਗਦਾ ।
ਦੀਪੀ ਨਾਲ ਜਦੋਂ ਕਿਸੇ ਬਹਾਨੇ ਗੱਲ ਕੀਤੀ ਤਾਂ ਉਸਨੇ ਕਿਸੇ ਹੋਰ ਲਈ ਹੀ ਸਿਫਾਰਸ਼ ਪਾ ਦਿੱਤੀ ।
ਸ਼ਮੀਰੋ ਸ਼ਾਇਦ ਨਿਰਾਸ਼ ਹੋ ਗਈ। ਹੁਣ ਉਹ ਚਾਹ ਪੀਣ ਵੀ ਆਉਣੋ ਹਟ ਗਈ, ਸ਼ਾਇਦ ਉਸਦੀ ਪੌੜ੍ਹੀ ਟੁੱਟ ਗਈ ਸੀ ।
ਸਮੇਂ ਨੇ ਚਾਲ ਚੱਲੀ ਤੇ ਸੁਣਿਆ ਕੇ ਉਹ ਵੱਡੀ ਅਫਸਰ ਬਣ ਗਈ । ਉਸਦਾ ਕਿਸੇ ਵਿਦੇਸ਼ੀ ਨਾਲ ਵਿਆਹ ਹੋ ਗਿਆ ਸੀ। ਨੌਕਰੀ ਕਰਕੇ ਉਹ ਵਿਦੇਸ਼ ਨਹੀਂ ਗਈ , ਘਰਵਾਲਾ ਸਾਲ ਦੋ ਸਾਲ ਬਾਅਦ ਗੇੜਾ ਮਾਰ ਜਾਂਦਾ ਸੀ । ਕਾਫੀ ਸਾਲਾਂ ਬਾਅਦ ਇਕ ਦਿਨ ਉਹ ਵਿਦੇਸ਼ੀ ਬਜ਼ਾਰ ਵਿਚ ਮਿਲ ਗਿਆ।
– ਸਾਸਰੀ ਕਾਲ, ਕਿਵੇਂ ਓ?
-ਠੀਕ ਹਾਂ,
– ਕਦੋਂ ਆਏ ?
– ਹੋ ਗਿਆ ਮਹੀਨਾ ,
– ਅੱਛਾ ਮਿਲੇ ਹੀ ਨਹੀਂ!
– ਬਸ ਕਚਿਹਰੀ ਦੇ ਚੱਕਰ ਨੀ ਮੁੱਕਦੇ
– ਕੀ ਹੋਇਆ ?
– ਸ਼ਮੀਰੋ ਨਾਲ ਤਲਾਕ ਦਾ ਕੇਸ ਚੱਲਦਾ । ਮੇਰੇ ਮਗਰੋਂ ਕਿਸੇ ਹੋਰ ਨਾਲ ਰਹਿਣ ਲੱਗ ਪਈ । ਹੁਣ ਰੱਟਣ ਪਾਈ ਬੈਠੀ ਆ ਕਿ ਉਹ ਤਾਂ ਮੇਰੇ ਪਿਓ ਦੀ ਥਾਂ ਆ। ਬੜੀ ਅੱਥਰੀ ਔਰਤ ਹੈ ।
ਫਤਿਹ ਬੁਲਾ ਕੇ ਮੈਂ ਸਕੂਟਰ ਵਿਪਨ ਦੇ ਘਰ ਵੱਲ ਨੂੰ ਤੋਰ ਲਿਆ।
ਸ਼ਮੀਰੋ ਕਿਤਾਬ ਵਿਚੋਂ

ਸਾਂਝਾ ਕਰੋ