ਤੂੰ ਮਿਲ ਵੀ ਜਾਵੇਂ/ਜਗਦੀਪ ਸਿੱਧੂ

ਉਰਦੂ ਸ਼ੇਅਰ ਹੈ, ਤਰਤੀਬ ਯਾਦ ਨਹੀਂ ਪਰ ਉਸ ਦੇ ਭਾਵ ਅਰਥ ਨੇ: ਤੂੰ ਹੁਣ ਮਿਲ ਵੀ ਜਾਵੇਂ, ਤਾਂ ਤੂੰ ਮਿਲ ਨਹੀਂ ਸਕਣਾ। ਇਸ ਦਾ ਅਰਥ ਇਹ ਹੈ ਕਿ ਜੇ ਕਿਸੇ ਚੀਜ਼ ਨੂੰ ਤੁਸੀਂ ਇਕ ਸਮੇਂ ਬਾਅਦ ਦੁਬਾਰਾ ਹਾਸਲ ਕਰਦੇ ਹੋ, ਉਹ ਉਸੇ ਰੂਪ ਵਿਚ ਨਹੀਂ ਮਿਲਦੀ, ਕੁਝ ਨਾ ਕੁਝ ਛੁੱਟ ਜਾਂਦਾ ਹੈ; ਉਹ ਚਾਹੇ ਪਿਆਰ-ਮੁਹੱਬਤ ਹੋਵੇ ਜਾਂ ਕੁਝ ਹੋਰ। ਇਸੇ ਗੱਲ ਨੂੰ ਲੈ ਕੇ ਮੇਰੇ ਅਨੁਭਵ ’ਚੋਂ, ਮੇਰੇ ਕਹਿਣ-ਢੰਗ ਦਾ ਛੋਟਾ ਜਿਹਾ ਲੇਖ ਹੈ: ਬਹੁਤ ਛੋਟਾ ਹੁੰਦਾ ਸਾਂ। ਪਿੰਡ ਵਿੱਚੋਂ ਆਵਾਜ਼ ਸੁਣਦੀ ਕਿੱਲਿਆਂ ਦੀ, ਬਿੱਘਿਆਂ ਦੀ, ਕਨਾਲਾਂ ਦੀ।

ਫਿਰ ਮਾਨਸਾ ਮੰਡੀ ਵਿਚ ਘਰ ਬਣਾਇਆ ਤਾਂ ਕੰਨਾਂ ਨੂੰ ਬਿਸਵੇ ਸੁਣਨ ਲੱਗੇ। ਫਿਰ ਕਈ ਸ਼ਹਿਰਾਂ ਵਿਚ ਰਹਿਣ ਦਾ ਸਬਬ ਬਣਿਆ; ਉੱਥੇ ਗੱਲਾਂ ’ਚੋਂ ਗੱਲ ਮਰਲਿਆਂ ਬਾਰੇ ਨਿਕਲ ਆਉਂਦੀ। ਚੰਡੀਗੜ੍ਹ ਵਾਲੇ ਪਾਸੇ ਪਹਿਲਾਂ ਫਲੈਟਾਂ ਵਿਚ ਰਹੇ ਤਾਂ ਸਕੁਏਅਰ ਫੁੱਟਾਂ ਨਾਲ ਵਾਹ ਪਿਆ, ਜਦ ਆਪਣਾ ਪਲਾਟ ਲਿਆ ਤਾਂ ਗਜ਼ਾਂ ਨਾਲ; ਇਹ ਸਾਰੇ ਮਾਪਣ-ਜ਼ਰੀਏ ਥਾਵਾਂ ਨੂੰ ਮਾਪਣ ਵਾਸਤੇ ਹਨ। ਮੇਰੇ ਲਈ ਇਹ ਦੁਨੀਆ ਨੂੰ ਮਾਪਣ ਵਾਸਤੇ ਰਹੇ ਹਨ। ਸੰਸਾਰ ਨੂੰ ਇਨ੍ਹਾਂ ਰਾਹੀਂ ਦੇਖਿਆ, ਘੋਖਿਆ।

ਬਚਪਨ ਦੇ ਪਿੰਡੋਂ ਚਾਚਿਆਂ, ਤਾਇਆਂ ਦੀ ਆਵਾਜ਼ ਸੁਣਦੀ: ਕਿੰਨੇ ਕੁ ਕਿੱਲੇ ਰਮ ਗਏ? ਕੱਸੀ ਵਿੱਚ ਕਿੰਨਾ ਕੁ ਪਾਣੀ ਆ ਰਿਹਾ? ਮੱਸੇ ਕਿਆਂ ਨਾਲ ਪਾਣੀ ਲਵਾਂ ਦੀਂ, ਉਨ੍ਹਾਂ ਦਾ ਸੀਰੀ ’ਕੱਲਾ ਈ ਆ ਅੱਜ। ਚਾਰ ਕੁ ਕਨਾਲਾਂ ਹਰੇ ਦੀਆਂ ਪਸ਼ੂਆਂ ਵਾਸਤੇ ਛੱਡ ਲੈਨੇ ਆਂ ਐਤਕੀਂ। ਵਿਹੜੇ ਕੇ ਸੀਤੇ ਨੂੰ ਦੇ ਦਿੰਨੇ ਹਾਂ ਬਿੱਘਾ ਏਸ ਵਾਰੀ… ਚੱਲ ਗ਼ਰੀਬ ਐ, ਮੂੰਗੀ ਬੀਜ ਲੂ। ਬਿੱਲੇ ਕੇ ਕਿਉਂ ਕੰਧ ਉੱਤੋਂ ਦੀ ਕੌਲੀ ਸਬਜ਼ੀ ਦੀ ਫੜ ਲਵੀਂ, ਦੇਖਦੇ ਹਾਂ ਕਾਹਦੀ ਬਣਾਈ ਆ ਅੱਜ।…

ਲੱਗਦਾ ਕਿੰਨਾ ਕੁਝ ਬਾਹਾਂ ਖੋਲ੍ਹ ਕੇ ਮਿਲਿਆ, ਸਿਮਟਿਆ ਵੀ ਤਾਂ ਗਲਵਕੜੀ ਵਿਚ ਲੈ ਲਿਆ। ਫਿਰ ਨੇੜੇ ਹੀ ਦਸ ਕੁ ਕਿਲੋਮੀਟਰ ਦੀ ਵਿੱਥ ’ਤੇ ਮਾਨਸਾ ਪਲਾਟ ਲੈ ਕੇ ਘਰ ਬਣਾਇਆ। ਪੰਜ ਬਿਸਵੇ ਦਾ ਸੀ ਪਲਾਟ। ਘਰਦੇ ਗੱਲਾਂ ਕਰਦੇ ਰਹਿੰਦੇ: ਚਲੋ ਅੱਗੇ ਪਿੱਛੇ ਘਰ ਨੇ। ਗਲੀਆਂ ਖੁੱਲ੍ਹੀਆਂ ਨੇ। ਕੰਧਾਂ ਸਾਂਝੀਆਂ ਨੇ। ਮੁਹੱਲੇਦਾਰੀ ਹੈ। ਲੰਮਾ ਅਰਸਾ ਅਸੀਂ ਉੱਥੇ ਬੱਚਿਆਂ ਆਪਣੀਆਂ ਥਾਵਾਂ ਵਗਲੀਆਂ, ਇਹ ਬਿਸਵਿਆਂ ਮਰਲਿਆਂ ਵਿਚ ਨਹੀਂ ਸਨ; ਅਸੀਂ ਬਾਂਦਰ ਕਿੱਲੇ ਵਾਸਤੇ ਥਾਂ ਵਗਲੀ, ਕੋਟਲਾ ਛਪਾਕੀ ਖੇਡਦੇ ਜਦ ਘੇਰਾ ਬਣਾ ਕੇ ਬੈਠਦੇ, ਥਾਂ ਆਪੇ ਵਗਲੀ ਜਾਂਦੀ। ਪੀਚੋ ਭਾਵੇਂ ਕੁੜੀਆਂ ਦੀ ਖੇਡ ਹੈ ਪਰ ਅਸੀਂ ਖੂਬ ਖੇਡੇ। ਲੁਕਣ-ਮੀਚੀ ਖੇਡਣ ਦੇ ਬਿੰਬ ਕਿ ਥਾਵਾਂ ਉਹੀ ਹੋਣ ਕਾਰਨ ਕਿਵੇਂ ਇਕ-ਦੂਜੇ ਦੀ ਜਗ੍ਹਾ ’ਤੇ ਬਦਲ ਕੇ ਲੁਕਦੇ ਰਹਿੰਦੇ। ਫੜਨ-ਫੜਾਈ ਦਾ ਅਣ-ਵਗਲਿਆ ਘੇਰਾ ਬਚਪਨ ਵਿਚ ਹੀ ਹੋ ਸਕਦਾ ਸੀ।

ਕਿੱਲਿਆਂ, ਬਿੱਘਿਆਂ, ਕਨਾਲਾਂ, ਬਿਸਵਿਆਂ ਤੋਂ ਇਲਾਵਾਂ ਸੜਕਾਂ ਵੀ ਸਨ… ਸਾਨੂੰ ਉਡੀਕਦੀਆਂ। ਇੱਥੇ ਵੀ ਕਿਲੋਮੀਟਰ, ਮੀਲਾਂ, ਕੋਹਾਂ ਨੂੰ ਬਹੁਤ ਪਿੱਛੇ ਛੱਡ ਆਏ ਸਨ। ਪੜ੍ਹਨ-ਖੇਡਣ ਦੇ ਸਮੇਂ ਦੌਰਾਨ ਕੁਝ ਹੋਰ ਸ਼ਹਿਰਾਂ ਵਿਚ ਰਿਹਾ, ਜਿਵੇਂ ਪਟਿਆਲਾ ਜਲੰਧਰ। ਉੱਥੇ ਮਰਲਿਆਂ ਦੀਆਂ ਗੱਲਾਂ ਚੱਲਦੀਆਂ… ਅੱਗੇ ਸੜਕ ਕਿੰਨੀ ਚੌੜੀ ਹੈ, ਪੱਕੀ ਵੀ ਹੈ ਜਾਂ ਨਹੀਂ। ਖਾਮੋਸ਼ ਜਿਹਾ ਰੌਲ਼ਾ ਵੀ ਸੀ। ਕਿਤੇ ਮਰਲਾ ਛੋਟਾ ਕਿਤੇ ਵੱਡਾ; ਕਰਮਵਾਰ 25,30 ਗਜ਼ ਦਾ।

ਹੋਰ ਚੌੜੀਆਂ ਸੜਕਾਂ ਵੀ ਸਨ… ਉੱਥੋਂ ਵੀ ਲੰਘਣਾ ਸੀ। ਚੰਡੀਗੜ੍ਹ ਪਾਸੇ ਆਸਮਾਨ ਛੂੰਹਦੇ ਫਲੈਟ ਸਨ। ਉੱਥੇ ਗੁਆਂਢੀ ਉੱਪਰ-ਥੱਲੇ ਰਹਿੰਦੇ ਸਨ (ਹਨ)। ਸਾਰਾ ਹੀ ਕੁਝ ਸਕੁਏਅਰ ਫੁੱਟਾਂ ਵਿਚ ਫੈਲਿਆ ਹੋਇਆ ਸੀ। ਕਈ ਵਰ੍ਹੇ ਤੇਰਾਂ ਬਾਈ ਤੇਰਾਂ ਬਾਈ ਵਿਚ ਰਹਿਣ ਤੋਂ ਬਾਅਦ ਜ਼ਮੀਨ ’ਤੇ ਆਏ ਪਰ ਹੁਣ ਕੀਮਤਾਂ ਉੱਪਰ ਜਾ ਬੈਠੀਆਂ ਸਨ… ਗਜ਼ਾਂ ਦੇ ਰੇਟ ਬੇਹਿਸਾਬ ਸਨ। ਹੁਣ ਇਹ ਨਜ਼ਰ ਹੇਠ ਸਨ: ਕਿੰਨਾ ਬਰਮ, ਮੇਨ ਰੋਡ ਅਪਰੋਚ, ਗੇਟਿਡ ਸੁਸਾਇਟੀ, ਪਾਣੀ ਪ੍ਰਬੰਧ।

ਅੱਗੇ ਜਾ ਸ਼ਹਿਰ ਵਿਚ ‘ਸਲਿਪ’ ਰੋਡ ਵੀ ਸਨ।… ਅਮੂਰਤਨ ਜਿਹਾ ਬਿੰਬ ਬਣਦਾ ਹੈ। ਹੁਣ ਭਾਵੇਂ ਮੈਂ ਸਕੁਏਅਰ ਫੁੱਟਾਂ ਨੂੰ, ਗਜ਼ਾਂ ਨੂੰ, ਬਿਸਵਿਆਂ ਵਿਚ ਬੋਲੀ ਜਾਵਾਂ ਪਰ ਉਹ ਗੱਲ ਨਹੀਂ ਬਣਦੀ; ਜਾਂ ਇਹ ਕਹਿ ਲਵਾਂ: ‘ਕਿੱਲੇ’ ਦਾ ਇੰਨਵਾਂ ਹਿੱਸਾ ਹੈ। ਹੁਣ ਸਭ ਕੁਝ ਛੁੱਟ ਗਿਆ ਹੈ। ਸਮੇਂ ਦੀ ਧੂੜ ਵਿਚ ਗੁਆਚ ਗਿਆ ਹੈ। ਗੱਲ ਤਾਂ ਉਨ੍ਹਾਂ ‘ਕਿੱਲਿਆਂ’ ਕਨਾਲਾਂ ਦੇ ਵਾਪਸ ਆਉਣ ਨਾਲ ਵੀ ਨਹੀਂ ਬਣੀ। ਚੰਡੀਗੜ੍ਹ ਦੇ ਨੇੜੇ-ਤੇੜੇ ਅਸੀਂ ਲੋਕਾਂ ਨੇ ‘ਫਾਰਮ’ ਬਣਾਏ ਨੇ, ਕਈਆਂ ਨੇ ‘ਫਾਰਮ ਹਾਊਸ’ ਬਣਾਏ ਨੇ। ਸਭ ‘ਆਪਣੇ ਆਪ’ ’ਚ ਰਹਿੰਦੇ ਨੇ। ਸਾਂਝ ਕਿਤੇ ਘੱਟ ਹੀ ਹੈ। ਸਭ ਕੁਝ ਜ਼ਿਆਦਾਤਰ ਤਫਰੀਹ ਦਾ ਹਿੱਸਾ ਬਣ ਗਿਆ ਹੈ।

ਸਾਂਝਾ ਕਰੋ

ਪੜ੍ਹੋ