ਕੇਂਦਰ ਸਰਕਾਰ ਨੇ ਆਨਲਾਈਨ ਧੋਖਾਧੜੀ ਤੇ ਘੁਟਾਲਿਆਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਵੱਲੋਂ 15 ਦਿਨਾਂ ਦਾ ਐਕਸ਼ਨ ਪਲਾਨ ਬਣਾਇਆ ਗਿਆ ਹੈ ਜਿਸ ਦੇ ਆਧਾਰ ‘ਤੇ ਲੱਖਾਂ ਸਿਮ ਕਾਰਡ ਬੰਦ ਕੀਤੇ ਜਾਣਗੇ। ਜਿਨ੍ਹਾਂ ਸਿਮ ਕਾਰਡਾਂ ‘ਤੇ ਕਾਰਵਾਈ ਕੀਤੀ ਜਾਵੇਗੀ, ਉਹ ਜ਼ਿਆਦਾਤਰ ਸਿਮ ਕਾਰਡ ਯੂਜ਼ਰਜ਼ ਆਉਣਗੇ ਜਿਨ੍ਹਾਂ ਦੇ ਸਿਮ ‘ਤੇ ਕਿਸੇ ਗਲਤ ਗਤੀਵਿਧੀ ਜਾਂ ਕਿਸੇ ਧੋਖਾਧੜੀ ਆਦਿ ਦਾ ਸ਼ੱਕ ਹੈ।ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਇੱਕੋ ਸਮੇਂ ਇੰਨੇ ਸਿਮ ਤੇ ਮੋਬਾਈਲ ਕੁਨੈਕਸ਼ਨ ਬੰਦ ਕਰ ਰਹੀ ਹੈ। ਜੇਕਰ ਤੁਸੀਂ ਵੀ ਕੁਝ ਗਲਤੀਆਂ ਕਰ ਰਹੇ ਹੋ ਤਾਂ ਤੁਹਾਡਾ ਸਿਮ ਕਾਰਡ ਵੀ ਬੰਦ ਹੋ ਸਕਦਾ ਹੈ। ਰਿਪੋਰਟ ਮੁਤਾਬਕ ਇਸ ਐਕਸ਼ਨ ਪਲਾਨ ਤਹਿਤ ਤਕਰੀਬਨ 18 ਲੱਖ ਮੋਬਾਈਲ ਕੁਨੈਕਸ਼ਨ ਅਤੇ ਸਿਮ ਕਾਰਡ ਬੰਦ ਕੀਤੇ ਜਾਣਗੇ। ਕੁਝ ਦਿਨ ਪਹਿਲਾਂ, ਸਰਕਾਰ ਨੇ ਪ੍ਰਮੁੱਖ ਦੂਰਸੰਚਾਰ ਕੰਪਨੀਆਂ Jio, Airtel ਤੇ Vi ਨੂੰ 28,000 ਤੋਂ ਵੱਧ ਮੋਬਾਈਲ ਬੈਂਡ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸੀ।
ਇਸ ਐਕਸ਼ਨ ਪਲਾਨ ਰਾਹੀਂ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਧੋਖਾਧੜੀ ਅਤੇ ਘੁਟਾਲਿਆਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਲੱਖਾਂ ਸਿਮ ਕਾਰਡਾਂ ਦੀ ਮੁੜ ਤਸਦੀਕ ਕਰਨ ਦੇ ਹੁਕਮ ਵੀ ਦਿੱਤੇ ਹਨ। ਅਜਿਹਾ ਕਰਨ ਨਾਲ ਗਲਤ ਕੰਮਾਂ ‘ਚ ਵਰਤੇ ਜਾ ਰਹੇ ਸਿਮ ਕਾਰਡਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਸਿਮ ਕਾਰਡ ਅਗਲੇ 15 ਦਿਨਾਂ ਤਕ ਬਲਾਕ ਕੀਤੇ ਜਾਣ ਦੀ ਖ਼ਬਰ ਹੈ। ਸਰਕਾਰ ਦੇ ਇਸ ਐਕਸ਼ਨ ਪਲਾਨ ਕਾਰਨ ਆਮ ਸਿਮ ਕਾਰਡ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਜਿਹੜੇ ਲੋਕ ਗਲਤ ਕੰਮਾਂ ਲਈ ਸਿਮ ਕਾਰਡਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਕੁਝ ਨਿਯਮਾਂ ਦੇ ਖਿਲਾਫ ਪਾਇਆ ਗਿਆ ਤਾਂ ਉਨ੍ਹਾਂ ਨੂੰ ਵੀ ਬਲਾਕ ਕਰ ਦਿੱਤਾ ਜਾਵੇਗਾ।