ਠੱਗਾਂ ਦੇ ਕਿਹੜਾ ਹਲ ਚੱਲਦੇ ਨੇ/ਰਵਨੀਤ ਕੌਰ

ਇਹ ਤਕਨਾਲੋਜੀ ਦਾ ਯੁੱਗ ਹੈ। ਨਵੀਆਂ ਤਕਨੀਕੀ ਖੋਜਾਂ ਸਦਕਾ ਸਾਡਾ ਮੁਲਕ ‘ਡਿਜੀਟਲ ਇੰਡੀਆ’ ਬਣ ਗਿਆ ਹੈ। ਇਸ ਲਈ ਠੱਗ ਵੀ ਡਿਜੀਟਲ ਹੋ ਗਏ ਹਨ। ਹੁਣ ਉਹ ਰਾਹ ਖਹਿੜੇ ਟੱਕਰ ਕੇ ਠੱਗੀਆਂ ਨਹੀਂ ਮਾਰਦੇ ਸਗੋਂ ਤਕਨੀਕ ਦੀ ਵਰਤੋਂ ਕਰਦੇ ਹਨ। ਕਦੇ ਵੱਖੋ-ਵੱਖਰੀ ਕਿਸਮ ਦੇ ਬਹਾਨੇ ਬਣਾ ਕੇ ਫੋਨ ਕਰਦੇ ਹਨ ਅਤੇ ਕਦੇ ਕਿਸੇ ਔਨਲਾਈਨ ਲਿੰਕ ਰਾਹੀਂ ਲੋਕਾਂ ਦੇ ਖਾਤੇ ਸਾਫ਼ ਕਰ ਦਿੰਦੇ ਹਨ। ਅਜਿਹੀ ਹੀ ਇੱਕ ਘਟਨਾ ਮੇਰੇ ਨਾਲ ਵਾਪਰੀ। ਮੈਂ ਸਵੇਰ ਵੇਲੇ ਪਤੀ ਨੂੰ ਦਫ਼ਤਰ ਤੋਰ ਕੇ ਅਤੇ ਘਰ ਦੇ ਕੰਮ ਮੁਕਾ ਕੇ ਅਜੇ ਬੈਠੀ ਹੀ ਸੀ ਕਿ ਮੇਰੇ ਮੋਬਾਈਲ ’ਤੇ ਵਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਰੋਅਬਦਾਰ ਆਵਾਜ਼ ’ਚ ਪੁੱਛਿਆ, ‘‘ਮੈਡਮ, ਤੁਹਾਡੇ ਹਸਬੈਂਡ ਕਿੱਥੇ ਨੇ?’’ ਕਿਸੇ ਅਣਹੋਣੀ ਦੇ ਡਰ ਤੋਂ ਮੈਂ ਪੁੱਛਿਆ, ‘‘ਕੀ ਕਿਹਾ?’’ ਅੱਗੋਂ ਆਵਾਜ਼ ਆਈ, ‘‘ਮੈਂ ਥਾਣੇਦਾਰ ਬੋਲਦਾਂ, ਤੁਹਾਡੇ ਹਸਬੈਂਡ ਕਿੱਥੇ ਨੇ?’’ ਮੈਂ ਪੁੱਛਿਆ, ‘‘ਕਿੱਥੋਂ ਬੋਲਦੇ ਹੋ?’’ ਉਸ ਨੇ ਕਿਹਾ, ‘‘ਥਾਣੇ ’ਚੋਂ ਬੋਲ ਰਿਹਾ ਹਾਂ।’’ ਮੈਂ ਸਵਾਲ ਕੀਤਾ, ‘‘ਕਿਹੜੇ ਥਾਣੇ ’ਚੋਂ?’’ ਜਵਾਬ ਮਿਲਿਆ, ‘‘ਪੰਜਾਬ ਦੇ ਥਾਣੇ ’ਚੋਂ।’’

ਸਾਹਮਣੇ ਵਾਲੇ ‘ਥਾਣੇਦਾਰ’ ਨੂੰ ਸ਼ਾਇਦ ਮੇਰੇ ਸਵਾਲ ਪਸੰਦ ਨਹੀਂ ਆਏ ਤੇ ਉਸ ਨੇ ਫੋਨ ਕੱਟ ਦਿੱਤਾ। ਮੈਨੂੰ ਸ਼ੱਕ ਹੋਇਆ ਕਿ ਕੋਈ ਠੱਗੀ ਮਾਰਨਾ ਚਾਹੁੰਦਾ ਸੀ। ਇਸ ਲਈ ਮੈਂ ਆਪਣੇ ਪਤੀ ਨੂੰ ਫੋਨ ਕਰਕੇ ਉਨ੍ਹਾਂ ਦੀ ਸਲਾਮਤੀ ਦੀ ਤਸਦੀਕ ਕੀਤੀ। ਉਨ੍ਹਾਂ ਕਿਹਾ ਕਿ ਦਫ਼ਤਰ ਹੀ ਹਾਂ। ਮੈਨੂੰ ਸਮਝ ਲੱਗ ਗਈ ਕਿ ਮੇਰਾ ਸ਼ੱਕ ਸਹੀ ਹੈ। ਫਿਰ ਕੁਝ ਦਿਨਾਂ ਬਾਅਦ ਅਜਿਹਾ ਹੀ ਫੋਨ ਮੇਰੇ ਪਿਤਾ ਨੂੰ ਆਇਆ। ਫੋਨ ਕਰਨ ਵਾਲੇ ਨੇ ਮੇਰੇ ਭਰਾ ਬਾਬਤ ਡੈਡੀ ਨੂੰ ਪੁੱਛਿਆ, ‘‘ਤੁਹਾਡਾ ਬੇਟਾ ਕਿੱਥੇ ਹੈ?’’ ਉਨ੍ਹਾਂ ਦੱਸਿਆ, ‘‘ਕਾਲਜ ਗਿਐ।’’ ਰੋਅਬਦਾਰ ਆਵਾਜ਼ ਵਾਲੇ ਸ਼ਖ਼ਸ ਨੇ ਕਿਹਾ, ‘‘ਉਹ ਕਾਲਜ ਨਹੀਂ ਗਿਆ, ਸਾਡੇ ਕੋਲ ਹੈ। ਮੈਂ ਥਾਣੇਦਾਰ ਬੋਲਦਾਂ।’’

ਡੈਡੀ ਦਾ ਘਬਰਾਉਣਾ ਸੁਭਾਵਿਕ ਸੀ। ਫਿਰ ਵੀ ਆਪਣੇ ਆਪ ’ਤੇ ਕਾਬੂ ਰੱਖਦਿਆਂ ਉਨ੍ਹਾਂ ਪੁੱਛਿਆ, ‘‘ਕਿਹੜੇ ਥਾਣੇ ਤੋਂ ਬੋਲਦੇ ਹੋ?’’ ਅੱਗੋਂ ਆਵਾਜ਼ ਆਈ, ‘‘ਜਿੱਥੇ ਭੇਜਿਐ, ਉੱਥੋਂ ਦੇ ਥਾਣੇ ਤੋਂ। ਅਸੀਂ ਫੜਿਐ ਇਸ ਨੂੰ।’’ ਡੈਡੀ ਨੇ ਪੁੱਛਿਆ, ‘‘ਕਿਉਂ ਫੜਿਐ? ਕੀ ਗੱਲ ਹੋਈ ਹੈ?’’ ਉਸ ਨੇ ਕਿਹਾ, ‘‘ਇਹ ਤਾਂ ਬਾਅਦ ’ਚ ਦੱਸਾਂਗਾ, ਪਹਿਲਾਂ ਆਪਣੇ ਮੁੰਡੇ ਦਾ ਨਾਂ ਦੱਸੋ।’’ ਉਸ ਦੇ ਅਜਿਹਾ ਕਹਿਣ ’ਤੇ ਉਨ੍ਹਾਂ ਨੂੰ ਵੀ ਸ਼ੱਕ ਹੋਇਆ ਤਾਂ ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ।’’ ਉਸ ਨੇ ਕਿਹਾ, ‘‘ਆਪਣੇ ਮੁੰਡੇ ਦਾ ਨਾਂ ਨ੍ਹੀਂ ਜਾਣਦੇ?’’ ਡੈਡੀ ਨੇ ਕਿਹਾ, ‘‘ਤੁਸੀਂ ਫੜਿਐ, ਤੁਹਾਨੂੰ ਪਤਾ ਹੋਊਗਾ।’’ ਇੰਨਾ ਸੁਣ ਕੇ ਉਸ ਨੇ ਫੋਨ ਕੱਟ ਦਿੱਤਾ। ਘਬਰਾਏ ਡੈਡੀ ਨੇ ਮੇਰੇ ਚਾਚਾ ਜੀ ਨੂੰ ਨੰਬਰ ਭੇਜ ਕੇ ਇਸ ਬਾਰੇ ਪਤਾ ਕਰਨ ਲਈ ਕਿਹਾ ਕਿਉਂਕਿ ਉਹ ਪੁਲੀਸ ਵਿਭਾਗ ’ਚੋਂ ਸੇਵਾਮੁਕਤ ਮੁਲਾਜ਼ਮ ਹਨ। ਉਨ੍ਹਾਂ ਨੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਵੀ ਕਿਸੇ ਠੱਗ ਦੀ ਚਾਲ ਸੀ। ਖ਼ੈਰ, ਵਾਲ-ਵਾਲ ਬਚ ਗਏ।

ਕਈ ਲੋਕਾਂ ਨੂੰ ਵਿਦੇਸ਼ ਵੱਸਦੇ ਰਿਸ਼ਤੇਦਾਰਾਂ ਜਾਂ ਜਾਣੂਆਂ ਦੇ ਨਾਂ ’ਤੇ ਫੋਨ ਕਰਕੇ ਵੀ ਠੱਗਿਆ ਜਾ ਚੁੱਕਾ ਹੈ। ਵਿਦੇਸ਼ ਵੱਸਦੇ ਸਾਡੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਅੱਗੋਂ ਉਨ੍ਹਾਂ ਦੇ ਰਿਸ਼ਤੇਦਾਰ ਦਾ ਨੇੜਲਾ ਦੱਸਦਿਆਂ ਇੱਕ ਵਿਅਕਤੀ ਨੇ ਫੋਨ ਕੀਤਾ। ਤਰਲੇ ਕਰਦਿਆਂ ਕਹਿਣ ਲੱਗਾ ਕਿ ਮੈਂ ਇੱਥੇ ਪੁਲੀਸ ਦੇ ਚੱਕਰ ਵਿੱਚ ਫਸ ਗਿਆ ਹਾਂ, ਕਿਰਪਾ ਕਰਕੇ ਆਰਥਿਕ ਮਦਦ ਕਰ ਦਿਉ। ਦਰਅਸਲ, ਉਸ ਵਿਅਕਤੀ ਦੀ ਆਵਾਜ਼ ਉਨ੍ਹਾਂ ਦੇ ਇੱਕ ਜਾਣੂ ਨਾਲ ਮਿਲਦੀ ਸੀ। ਆਪਣੇ ਕੰਮ ’ਤੇ ਗਏ ਸਾਡੇ ਨਜ਼ਦੀਕੀ ਸੋਚੀਂ ਪੈ ਗਏ ਕਿ ਉਹ ਵਿਅਕਤੀ ਆਪਣੇ ਰਿਸ਼ਤੇਦਾਰਾਂ ਦੀ ਬਜਾਏ ਮੈਥੋਂ ਮਦਦ ਕਿਉਂ ਮੰਗ ਰਿਹਾ ਹੈ। ਇੱਕ ਘੜੀ ਉਨ੍ਹਾਂ ਨੇ ਪੈਸੇ ਦੇਣ ਬਾਰੇ ਸੋਚ ਵੀ ਲਿਆ ਪਰ ਫਿਰ ਘਰ ਫੋਨ ਕਰਕੇ ਇਹ ਗੱਲ ਸਾਂਝੀ ਕੀਤੀ। ਪਰਿਵਾਰ ਨੇ ਗੱਲਬਾਤ ਕਰਕੇ ਇਹ ਸਿੱਟਾ ਕੱਢਿਆ ਕਿ ਅਜਿਹਾ ਫਿਲਹਾਲ ਨਾ ਕੀਤਾ ਜਾਵੇ।

ਟੈਕਸੀ ਰਾਹੀਂ ਕਿਸੇ ਜ਼ਰੂਰੀ ਕੰਮ ਜਾਂਦੇ ਸਮੇਂ ਮੈਂ ਇਹ ਗੱਲਾਂ ਫੋਨ ਰਾਹੀਂ ਸਾਂਝੀਆਂ ਕਰ ਰਹੀ ਸੀ। ਗੱਲਬਾਤ ਮੁੱਕਣ ’ਤੇ ਟੈਕਸੀ ਚਾਲਕ ਮੈਨੂੰ ਕਹਿਣ ਲੱਗਾ, ‘‘ਜੀ, ਮੇਰੇ ਸਹੁਰਾ ਸਾਹਿਬ ਨਾਲ ਇਉਂ ਹੀ ਠੱਗੀ ਹੋਈ ਐ। ਉਹ ਤਾਂ ਪੰਝੀ-ਤੀਹ ਲੱਖ ਰੁਪਏ ਗੁਆ ਬੈਠੇ। ਕਿਸੇ ਵਿਦੇਸ਼ੀ ਜਾਣੂ ਨੂੰ ਪੈਸੇ ਦੇਣ ਦਾ ਭੇਤ ਉਨ੍ਹਾਂ ਸਾਡੇ ਅੱਗੇ ਉਦੋਂ ਖੋਲ੍ਹਿਆ ਜਦੋਂ ਚਿੜੀਆਂ ਖੇਤ ਚੁਗ ਗਈਆਂ ਸਨ। ਸਰਕਾਰੀ ਵਿਭਾਗ ਤੋਂ ਸੇਵਾਮੁਕਤੀ ’ਤੇ ਮਿਲਿਆ ਪੈਸਾ ਕਿਸੇ ਠੱਗ ਨੂੰ ਦੇ ਬੈਠੇ।’’

ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਸੋਚਦਿਆਂ ਮੈਨੂੰ ਮੇਰੇ ਚਾਚਾ ਜੀ ਨਾਲ ਕਈ ਸਾਲ ਪਹਿਲਾਂ ਵਾਪਰੀ ਘਟਨਾ ਚੇਤੇ ਆ ਗਈ। ਉਦੋਂ ਮੇਰੀ ਚਚੇਰੀ ਭੈਣ ਸਕੂਲ ਪੜ੍ਹਦੀ ਸੀ। ਉਸ ਦੇ ਸਾਲਾਨਾ ਇਮਤਿਹਾਨ ਦਾ ਨਤੀਜਾ ਆ ਚੁੱਕਿਆ ਸੀ। ਉਸ ਲਈ ਅਗਲੀ ਜਮਾਤ ਦੀਆਂ ਕਿਤਾਬਾਂ ਲੈਣ ਵਾਸਤੇ ਚਾਚਾ ਜੀ ਦੁਕਾਨ ’ਤੇ ਜਾ ਪਹੁੰਚੇ। ਉਨ੍ਹਾਂ ਬਟੂਆ ਕੁੜਤੇ ਦੇ ਗੀਝੇ ’ਚ ਪਾਇਆ ਹੋਇਆ ਸੀ। ਉੱਥੇ ਉਨ੍ਹਾਂ ਦੇ ਕੋਲ ਹੀ ਅੱਠ-ਦਸ ਸਾਲ ਦਾ ਬੱਚਾ ਖੜ੍ਹਾ ਸੀ। ਕਿਤਾਬਾਂ ਬਾਰੇ ਦੱਸਣ ’ਚ ਰੁੱਝੇ ਹੋਣ ਕਾਰਨ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਬਟੂਏ ’ਤੇ ਹੱਥ ਸਾਫ਼ ਕਰ ਗਿਆ। ਪੈਸੇ ਦੇਣ ਲਈ ਉਨ੍ਹਾਂ ਬਟੂਆ ਕੱਢਣਾ ਚਾਹਿਆ ਤਾਂ ਗੀਝਾ ਖਾਲੀ।

ਦੁਕਾਨਦਾਰ ਨੇ ਉਸ ਬੱਚੇ ’ਤੇ ਸ਼ੱਕ ਜ਼ਾਹਰ ਕੀਤਾ। ਦੁਕਾਨਦਾਰ ਨੂੰ ਨਾਲ ਲੈ ਕੇ ਉਨ੍ਹਾਂ ਨੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿੱਥੋਂ ਹੱਥ ਆਉਣਾ ਸੀ। ਇਸ ਘਟਨਾ ਨੂੰ ਦੋ ਕੁ ਮਹੀਨੇ ਲੰਘ ਗਏ। ਇੱਕ ਦਿਨ ਚਾਚਾ ਜੀ ਦੇ ਘਰ ਦੇ ਪਤੇ ’ਤੇ ਇੱਕ ਪਾਰਸਲ ਆਇਆ। ਖੋਲ੍ਹ ਕੇ ਦੇਖਿਆ ਤਾਂ ਚੋਰੀ ਹੋਇਆ ਬਟੂਆ ਸੀ। ਸਭ ਤੋਂ ਵੱਡੀ ਗੱਲ ਕਿ ਭੇਜਣ ਵਾਲੇ ਨੇ ਉਨ੍ਹਾਂ ਦਾ ਨਾਂ ਪਤਾ ਟਾਈਪ ਕਰਕੇ ਪਾਰਸਲ ’ਤੇ ਚਿਪਕਾਇਆ ਸੀ। ਬਟੂਏ ਵਿੱਚੋਂ ਪੈਸੇ ਤਾਂ ਭਾਵੇਂ ਕੱਢ ਲਏ ਸਨ ਪਰ ਨਿੱਕੇ ਤੋਂ ਨਿੱਕਾ ਕਾਗਜ਼ ਵੀ ਐਨ ਸਲੀਕੇ ਨਾਲ ਲਿਫ਼ਾਫ਼ੇ ’ਚ ਪਾਇਆ ਹੋਇਆ ਸੀ। ਚਾਚਾ ਜੀ ਸਾਰੇ ਕਾਗਜ਼ ਮਿਲਣ ’ਤੇ ਸ਼ੁਕਰ ਮਨਾਉਂਦਿਆਂ ਇਹ ਕਹਿ ਰਹੇ ਸਨ, ‘‘ਹੋਰ ਭਾਈ ਠੱਗਾਂ ਚੋਰਾਂ ਦੇ ਕਿਹੜਾ ਹਲ ਚੱਲਦੇ ਨੇ।

ਸਾਂਝਾ ਕਰੋ

ਪੜ੍ਹੋ